ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕੱਲ੍ਹ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਲੈਣ ਦਾ ਸੀਨਾ-ਬਸੀਨਾ ਇਤਿਹਾਸ

Ad Position 21
No active advertisement
ਅਜੀਤ ਡੈਸਕ 29-06-2026

 

431 ਸਾਲ ਪਹਿਲਾਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਨਗਰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 19 ਜੂਨ ਸੰਨ 1595 ਈ: (21 ਹਾੜ ਵਦੀ 7 ਸੰਮਤ 1652) ਨੂੰ ਹੋਇਆ ਸੀ। ਪੰਚਮ ਪਾਤਿਸ਼ਾਹ ਜੀ ਨੇ ਪਿੰਡ ਨੱਤਾਂ ਦੀ ਵਡਾਲੀ ਦੇ ਜ਼ਿੰਮੀਦਾਰ ਭਾਈ ਭਾਗੂ ਜੀ ਕੋਲੋਂ ਉਸ ਦੇ ਵਾੜ੍ਹੇ ਰੂਪੀ ਘਰ ਵਿਚ ਮਾਤਾ ਗੰਗਾ ਜੀ ਦੀ ਕੁੱਖੋਂ ਬਾਲਕ ਹਰਿਗੋਬਿੰਦ ਜੀ ਦੇ ਜਨਮ ਲੈਣ ਦੀ ਖ਼ੁਸ਼ਖਬਰੀ ਸੁਣੀ ਤਾਂ ਉਸੇ ਵੇਲੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹੋਏ ਚਾਰ ਪਦਾਂ ਵਾਲੇ ਸ਼ਬਦ ਦੀ ਰਚਨਾ ਕੀਤੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 396 'ਤੇ ਅੰਕਿਤ ਹੈ:-
ਸਤਿਗੁਰ ਸਾਚੈ ਦੀਆ ਭੇਜਿ॥
(ਆਸਾ, ਮ:5, ਅੰਗ:396)
---
ਗੁਰੁ ਨਾਨਕੁ ਤੁਠਾ ਕੀਨੀ ਦਾਤਿ॥
(ਆਸਾ, ਮ:5, ਅੰਗ:396)
ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਆਪਣੇ ਤਿੰਨ ਪੁੱਤਰਾਂ 'ਚੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਬਖਸ਼ਣ ਕਰਕੇ ਵੱਡਾ ਪੁੱਤਰ ਪ੍ਰਿਥੀ ਚੰਦ ਤੇ ਉਸ ਦੀ ਪਤਨੀ ਬੀਬੀ ਕਰਮੋ ਪੰਚਮ ਪਾਤਿਸ਼ਾਹ ਨਾਲ ਬਹੁਤ ਜ਼ਿਆਦਾ ਈਰਖਾ ਕਰਨ ਲੱਗ ਪਏ ਸਨ। ਇਕ ਦਿਨ ਬੀਬੀ ਕਰਮੋ ਤੇ ਪ੍ਰਿਥੀ ਚੰਦ ਨੇ ਮਾਤਾ ਗੰਗਾ ਜੀ ਨੂੰ ਜਹਾਨ ਤੋਂ ਬੇਔਲਾਦ ਤੇ ਔਂਤਰੀ ਜਾਣ ਦੇ ਮੇਹਣੇ ਮਾਰੇ ਤਾਂ ਮਾਤਾ ਗੰਗਾ ਜੀ ਨੇ ਆਪਣੇ ਪਤੀ ਪੰਚਮ ਪਾਤਿਸ਼ਾਹ ਜੀ ਨੂੰ ਆਪਣੇ ਘਰ ਔਲਾਦ ਬਖਸ਼ਣ ਲਈ ਬੇਨਤੀ ਕੀਤੀ ਤਾਂ ਨਿਮਰਤਾ ਦੇ ਪੁੰਜ ਪੰਚਮ ਪਾਤਿਸ਼ਾਹ ਨੇ ਮਾਤਾ ਗੰਗਾ ਜੀ ਨੂੰ ਅੰਮ੍ਰਿਤਸਰ ਤੋਂ 19-20 ਕਿਲੋਮੀਟਰ ਦੀ ਦੂਰੀ 'ਤੇ ਪਹਿਲੇ, ਦੂਜੇ, ਤੀਜੇ, ਚੌਥੇ ਤੇ ਆਪਣੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਵਿਚ ਸਦਾ ਤਤਪਰ ਰਹਿਣ ਵਾਲੇ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਕੋਲ ਝਬਾਲ ਨੇੜੇ ਬੀੜ ਵਿਖੇ ਆਸ਼ੀਰਵਾਦ ਲੈਣ ਲਈ ਬਚਨ ਕੀਤਾ। ਮਾਤਾ ਗੰਗਾ ਜੀ ਨੇ ਨਿਮਰਤਾ ਨਾਲ ਜਾਣ ਦੀ ਬਿਜਾਏ ਰੱਥ 'ਤੇ ਚੜ੍ਹ ਕੇ ਪੂਰੀ ਸ਼ਾਨ ਨਾਲ ਕਈ ਪ੍ਰਕਾਰ ਦੇ ਪਦਾਰਥ ਤੇ ਸੇਵਕਾਂ ਨੂੰ ਨਾਲ ਲੈ ਕੇ ਜੰਗਲਨੁਮਾ ਬੀੜ ਵਿਚ ਬਾਬਾ ਬੁੱਢਾ ਜੀ ਕੋਲ ਪਹੁੰਚਣਾ ਕੀਤਾ ਪਰ ਮਾਤਾ ਜੀ ਨੂੰ ਬਾਬਾ ਜੀ ਵਲੋਂ 'ਗੁਰੂ ਕੇ ਮਹਿਲਾਂ ਨੂੰ ਕਿੱਥੋਂ ਭਾਜੜਾਂ ਪੈ ਗਈਆਂ' ਵਾਲੇ ਬਚਨਾਂ ਬਾਰੇ ਪਤਾ ਲੱਗਣ ਕਰਕੇ ਮਾਤਾ ਜੀ ਨੇ ਝਕਦੇ ਹੋਏ ਬਾਬਾ ਬੁੱਢਾ ਜੀ ਨੂੰ ਪੁੱਤਰ ਦੀ ਦਾਤ ਹਿੱਤ ਆਸ਼ੀਰਵਾਦ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਤਾਂ ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਹਾਂ, ਔਲਾਦ ਦੀ ਦਾਤ ਤਾਂ ਗੁਰੂ ਜੀ ਹੀ ਬਖਸ਼ ਸਕਦੇ ਹਨ। ਮਾਤਾ ਜੀ ਨੇ ਵਾਪਸ ਸ੍ਰੀ ਅੰਮ੍ਰਿਤਸਰ ਵਿਖੇ ਆ ਕੇ ਪੰਚਮ ਪਾਤਿਸ਼ਾਹ ਨੂੰ ਸਾਰੀ ਵਾਰਤਾ ਦੱਸੀ ਤਾਂ ਦਿਆਲੂ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਜੁਗਤ ਸਮਝਾਈ ਕਿ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ, ਗੰਢੇ, ਲੱਸੀ ਆਦਿ ਲੰਗਰ ਲੈ ਕੇ ਨੰਗੇ ਪੈਰੀਂ ਸੀਮਤ ਸੇਵਾਦਾਰਾਂ ਨਾਲ ਨਿਮਰ ਹੋ ਕੇ ਬਾਬਾ ਜੀ ਕੋਲ ਜਾਓ, ਅਕਾਲ ਪੁਰਖ ਜ਼ਰੂਰ ਮਿਹਰ ਕਰੇਗਾ। ਗੁਰੂ ਜੀ ਦੇ ਬਚਨ ਮੰਨਦੇ ਹੋਏ ਦੂਜੇ ਦਿਨ ਮਾਤਾ ਗੰਗਾ ਜੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਨੰਗੇ ਪੈਰੀਂ ਗੁਰਬਾਣੀ ਪੜ੍ਹਦੇ ਹੋਏ ਆਪਣੇ ਹੱਥੀਂ ਬਣਾਏ ਲੰਗਰ ਲੈ ਕੇ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਦਾ ਆਸ਼ੀਰਵਾਦ ਲੈਣ ਲਈ ਬਾਬੇ ਦੀ ਬੀੜ ਪਹੁੰਚੇ। ਬਾਬਾ ਬੁੱਢਾ ਜੀ ਨੇ ਮਾਤਾ ਜੀ ਵਲੋਂ ਆਪਣੇ ਹੱਥੀਂ ਪਕਾਏ ਮਿੱਸੇ ਪ੍ਰਸ਼ਾਦੇ ਛਕਦੇ ਹੋਏ ਇਕ ਗੰਢੇ 'ਤੇ ਮੁੱਕਾ ਮਾਰਦੇ ਹੋਏ ਸ਼ੁੱਭ ਬਚਨ ਕੀਤਾ ਕਿ ਆਪ ਜੀ ਦੇ ਗ੍ਰਹਿ ਬਹੁਤ ਬਲਵਾਨ ਤੇ ਯੋਧਾ ਪੁੱਤਰ ਪ੍ਰਗਟ ਹੋਵੇਗਾ:-
ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ,
ਜਾ ਕੋ ਬਲ ਗੁਨ ਕਿਨਹੂੰ ਨ ਸੋਧਾ।
ਰੂਪੇ ਛੱਕੇ ਸੁ ਜੈਸ ਮਰੋਰੇ,
ਤੁਰਕ ਸੀਸ ਤੈਸੇ ਬਹੁ ਤੋਰੇ। (ਗੁਰਬਿਲਾਸ ਪਾਤਿਸਾਹੀ ਛੇਵੀਂ)
ਇਸ ਤਰ੍ਹਾਂ ਪੰਚਮ ਪਾਤਿਸ਼ਾਹ ਦੀ ਆਪਣੀ ਵਰਤਾਈ ਲੀਲ੍ਹਾ ਅਨੁਸਾਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਮਿਲੇ ਵਰ ਸਦਕਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਨੱਤਾਂ ਦੀ ਵਡਾਲੀ ਵਿਖੇ ਹੋਇਆ। ਇਸ ਪਿੰਡ ਦਾ ਨਵਾਂ ਨਾਂਅ ਬਾਬਾ ਬੁੱਢਾ ਜੀ ਨੇ ਮੋਹੜਾ ਗੱਡ ਕੇ ਗੁਰੂ ਕੀ ਵਡਾਲੀ ਰੱਖ ਦਿੱਤਾ ਸੀ। ਛੇਵੇਂ ਪਾਤਿਸ਼ਾਹ ਦੇ ਪ੍ਰਕਾਸ਼ ਲੈਣ ਦੀ ਖੁਸ਼ੀ ਵਿਚ ਪੰਜਵੇਂ ਪਾਤਿਸ਼ਾਹ ਨੇ ਨੱਤਾਂ ਦੀ ਵਡਾਲੀ ਦੇ ਜ਼ਿੰਮੀਦਾਰ ਸੇਵਕਾਂ ਭਾਈ ਖ਼ਾਨ, ਭਾਈ ਢੋਲ ਅਤੇ ਭਾਈ ਭਾਗੂ ਵਲੋਂ ਦਾਨ ਵਿਚ ਦਿੱਤੀ ਗਈ ਜ਼ਮੀਨ ਦੀ ਜੂਹ ਵਿਚ ਬਾਬਾ ਬੁੱਢਾ ਜੀ ਦੀ ਅੰਸ-ਬੰਸ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ ਦੇਖ-ਰੇਖ ਵਿਚ ਪੰਜ ਖੂਹ (ਦੋ ਹਰਟਾਂ, ਤਿੰਨ ਹਰਟਾਂ, ਚਾਰ ਹਰਟਾਂ, ਪੰਜ ਹਰਟਾਂ ਅਤੇ ਛੇ ਹਰਟਾਂ) ਲਗਵਾਏ। ਲਗਭਗ 3 ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਰਿਵਾਰ ਸਮੇਤ ਗੁਰੂ ਕੀ ਵਡਾਲੀ ਵਿਖੇ ਨਿਵਾਸ ਕੀਤਾ:-
ਵਡਾਲੀ ਮਹਿ ਸਤਿਗੁਰ ਰਹੇ ਤੀਨ ਬਰਸ ਸੁਖ ਪਾਈ,
ਸੁਧਾ ਸਰੋਵਰ ਪੁਨ ਅਏ ਬਾਜੇ ਅਨਿਕ ਬਜਾਈ। (ਗੁਰਬਿਲਾਸ ਪਾਤਿਸ਼ਾਹੀ ਛੇਵੀਂ)
-(ਲੇਖਕ ਬਾਬਾ ਬੁੱਢਾ ਜੀ ਦੀ ਵੰਸ਼ਜ਼ 'ਚੋਂ ਹਨ।) ਗੁਰੂ ਕੀ ਵਡਾਲੀ।
-ਮੋਬਾਈਲ : 99880-66466

Ad Position 22
No active advertisement
ਪਿਛਲੀ ਖ਼ਬਰ ਕਬੀਰ ਜੈਅੰਤੀ 'ਤੇ ਵਿਸ਼ੇਸ਼ ਅੱਜ ਵੀ ਸਾਰਥਕ ਹੈ ਭਗਤ ਕਬੀਰ ਦੀ ਬਾਣੀ ਅਗਲੀ ਖ਼ਬਰ ਸਿੱਖਿਆ ਤੇ ਸੰਸਕਾਰਾਂ ਦੇ ਸੁਮੇਲ ਹਨ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ
Ad Position 24
No active advertisement