ਇੱਕ ਸੰਵੇਦਨਸ਼ੀਲ, ਦ੍ਰਿੜ੍ਹ ਇਰਾਦੇ ਵਾਲੀ ਅਤੇ ਮਮਤਾ ਦੀ ਮੂਰਤ ਹੈ ਮੀਨਾ ਸ਼ਰਮਾ। ਮੋਗਾ ਦੇ ਦੁਸਾਂਝ ਰੋਡ ਵਿਖੇ ਪਤੀ ਕਮਲਜੀਤ ਸ਼ਰਮਾ ਨਾਲ ਰਹਿ ਰਹੀ ਮੀਨਾ ਸ਼ਰਮਾ ਦੀ 12 ਸਾਲਾ ਧੀ ਨੇ ਦਿਮਾਗੀ ਅਪੰਗਤਾ ਦਾ ਸੰਤਾਪ ਸਹਿੰਦੇ ਹੋਏ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਮੰਜੇ 'ਤੇ ਗੁਜ਼ਾਰਿਆ। ਹਰ ਦਿਨ ਆਪਣੀ ਬੱਚੀ ਨੂੰ ਬੇਬੱਸ ਵੇਖਣਾ ਮੀਨਾ ਦੇ ਅੰਦਰ ਇੱਕ ਅਜਿਹਾ ਤੂਫ਼ਾਨ ਜਗਾ ਗਿਆ, ਜਿਸ ਨੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ। ਉਸ ਦਰਦ ਨੇ ਉਸ ਨੂੰ ਸਿਖਾਇਆ ਕਿ ਦੁਨੀਆ ਵਿਚ ਉਸ ਦੀ ਧੀ ਵਰਗੇ ਅਨੇਕਾਂ ਬੱਚੇ ਹਨ, ਜੋ ਸਿਰਫ਼ ਬਿਮਾਰੀ ਨਾਲ ਨਹੀਂ, ਸਗੋਂ ਸਮਾਜ ਦੀ ਅਣਦੇਖੀ ਨਾਲ ਵੀ ਜੂਝ ਰਹੇ ਹਨ। ਫਿਰ ਉਸ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਬੇਟੀ ਦੀ ਪੀੜ ਨੂੰ ਆਪਣੇ ਤੱਕ ਸੀਮਤ ਨਹੀਂ ਰੱਖੇਗੀ, ਸਗੋਂ ਉਹ ਹਰ ਉਸ ਬੱਚੇ ਦੀ ਮਾਂ ਬਣੇਗੀ ਜੋ ਦਿਮਾਗੀ ਜਾਂ ਸਰੀਰਕ ਅਪੰਗਤਾ ਨਾਲ ਸੰਘਰਸ਼ ਕਰ ਰਿਹਾ ਹੈ। ਸਾਲ 2010 ਤੋਂ ਬਾਅਦ ਉਸ ਨੇ ਵੱਖ-ਵੱਖ ਰਾਸ਼ਟਰੀ ਸੰਸਥਾਵਾਂ ਨਾਲ ਜੁੜ ਕੇ ਅਪਾਹਜ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨਾ ਸ਼ੁਰੂ ਕੀਤਾ। ਉਹ ਨਾ ਸਿਰਫ਼ ਮਾਪਿਆਂ ਨੂੰ ਜਾਗਰੂਕ ਕਰਨ ਲੱਗੀ, ਸਗੋਂ ਸਰਕਾਰੀ ਯੋਜਨਾਵਾਂ ਅਤੇ ਇਲਾਜ ਦੀਆਂ ਉਨ੍ਹਾਂ ਸੰਭਾਵਨਾਵਾਂ ਬਾਰੇ ਵੀ ਜਾਣਕਾਰੀ ਦੇਣ ਲੱਗੀ, ਜੋ ਕਈ ਪਰਿਵਾਰਾਂ ਦੀ ਜ਼ਿੰਦਗੀ ਬਦਲ ਸਕਦੀਆਂ ਸਨ। ਮੀਨਾ ਸ਼ਰਮਾ ਦੀ ਜ਼ਿੰਦਗੀ ਵਿਚ ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ 2016-17 ਦੌਰਾਨ ਉਹ ਸਟੇਟ ਐਵਾਰਡੀ ਅਤੇ ਨੇਤਰਹੀਣ ਸਮਾਜ ਸੇਵੀ ਪ੍ਰੇਮ ਭੂਸ਼ਣ ਗੁਪਤਾ ਨੂੰ ਮਿਲੀ। ਉਸ ਮੁਲਾਕਾਤ ਨੇ ਉਸ ਦੇ ਅੰਦਰ ਸੇਵਾ ਦੀ ਜੋਤ ਹੋਰ ਪ੍ਰਚੰਡ ਕਰ ਦਿੱਤੀ। ਉਸ ਨੇ ਫਿਰ ਆਪਣਾ ਲਗਭਗ ਪੂਰਾ ਸਮਾਂ ਦਿਵਿਆਂਗ ਬੱਚਿਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਸਾਲ 2018 ਵਿਚ ਵਾਪਰੀ ਇੱਕ ਘਟਨਾ ਨੇ ਉਸ ਦੀ ਸ਼ਖ਼ਸੀਅਤ ਦੇ ਮਮਤਾ ਭਰੇ ਪੱਖ ਨੂੰ ਹੋਰ ਡੂੰਘਾ ਕੀਤਾ। ਮੋਗਾ ਦੀ ਇੱਕ ਮਾਨਸਿਕ ਤੌਰ 'ਤੇ ਬਿਮਾਰ 21 ਸਾਲਾ ਲੜਕੀ ਦੇ ਸਿਰ ਤੋਂ ਅਚਾਨਕ ਮਾਪਿਆਂ ਦਾ ਸਾਇਆ ਉੱਠ ਗਿਆ। ਮੀਨਾ ਸ਼ਰਮਾ ਨੇ ਉਸ ਬੱਚੀ ਨੂੰ ਆਪਣੀ ਧੀ ਵਾਂਗ ਸਵੀਕਾਰ ਕੀਤਾ। ਉਸ ਦੇ ਭਵਿੱਖ ਲਈ ਕਾਨੂੰਨੀ ਲੜਾਈ ਵੀ ਲੜੀ ਅਤੇ ਅੰਤ ਵਿਚ ਉਸ ਨੂੰ ਪਿੰਗਲਵਾੜਾ ਵਿਚ ਆਸਰਾ ਦਿਵਾਇਆ। ਉਸ ਨੇ ਪਿੰਗਲਵਾੜਾ ਅਤੇ ਪ੍ਰਭ ਕਾ ਆਸਰਾ ਵਰਗੀਆਂ ਸੰਸਥਾਵਾਂ ਨਾਲ ਤਾਲਮੇਲ ਬਣਾਇਆ ਅਤੇ ਉੱਥੇ ਦਿਮਾਗੀ ਅਪਾਹਜ ਬੱਚਿਆਂ ਦੀ ਦੇਖਭਾਲ ਦੇ ਅਦਭੁੱਤ ਢੰਗਾਂ ਨੂੰ ਨੇੜਿਓਂ ਵੇਖਿਆ। ਇਹ ਅਨੁਭਵ ਉਸ ਦੇ ਮਨ ਵਿਚ ਇੱਕ ਨਵਾਂ ਸੁਪਨਾ ਬੀਜ ਗਏ। ਉਸ ਦਾ ਸੁਪਨਾ ਮੋਗਾ ਵਿਚ ਗੂੰਗੇ ਅਤੇ ਬਹਿਰੇ ਬੱਚਿਆਂ ਲਈ ਇੱਕ ਅਜਿਹਾ ਸਕੂਲ ਬਣਾਉਣ ਦਾ ਹੈ, ਜਿੱਥੇ ਉਹ ਆਮ ਲੋਕਾਂ ਵਾਂਗ ਜ਼ਿੰਦਗੀ ਜਿਊਣ ਦੇ ਭੇਦ ਸਿੱਖ ਸਕਣ। ਸਮਾਂ ਬੀਤਿਆ ਅਤੇ ਉਸ ਦੇ ਸੁਪਨੇ ਨੂੰ ਪਰ ਲੱਗੇ। ਮਾਰਚ 2025 ਵਿਚ ਸਵਾਭਿਮਾਨ ਸੁਸਾਇਟੀ ਨੂੰ ਰੈੱਡ.ਕਰਾਸ ਦੇ ਅਧੀਨ ਮੋਗਾ ਵਿਚ ਗੂੰਗੇ ਅਤੇ ਬਹਿਰੇ ਬੱਚਿਆਂ ਲਈ ਸਕੂਲ ਖੋਲ੍ਹਣ ਦੀ ਮਨਜ਼ੂਰੀ ਮਿਲ ਗਈ। ਇਸ ਮਹੱਤਵਪੂਰਨ ਯਤਨ ਵਿਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਵੀ ਭਰਵਾਂ ਸਹਿਯੋਗ ਰਿਹਾ। ਪਹਿਲੇ ਸਾਲ 14 ਬੱਚਿਆਂ ਨੇ ਦਾਖ਼ਲਾ ਲਿਆ ਅਤੇ ਹੁਣ ਇਹ ਯਤਨ ਹੋਰ ਵੱਡਾ ਰੂਪ ਧਾਰ ਰਿਹਾ ਹੈ। ਪਰ ਮੀਨਾ ਸ਼ਰਮਾ ਦੀ ਸੋਚ ਸਿਰਫ਼ ਸਿੱਖਿਆ ਤੱਕ ਸੀਮਤ ਨਹੀਂ। ਉਹ ਬੱਚਿਆਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੀ ਹੈ, ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਬੌਧਿਕ ਵਿਕਾਸ ਵੀ ਹੋ ਸਕੇ। ਉਸ ਦਾ ਅਗਲਾ ਸੁਪਨਾ ਮੋਗਾ ਵਿਚ ਹਰ ਤਰ੍ਹਾਂ ਦੀ ਅਪਾਹਜਤਾ ਨਾਲ ਜੂਝ ਰਹੇ ਬੱਚਿਆਂ ਲਈ ਇੱਕ ਵੱਡਾ ਰਿਹਾਇਸ਼ੀ ਅਤੇ ਸਿੱਖਿਆ ਕੇਂਦਰ ਬਣਾਉਣਾ ਹੈ।
-ਪ੍ਰਤੀਨਿਧ 'ਅਜੀਤ'
ਵੈੱਬ ਟੀ.ਵੀ. ਸਬ-ਆਫਿਸ ਜਗਰਾਉਂ।
ਮੋਬਾਈਲ : 98764-9241
ਅਪਾਹਜ ਬੱਚਿਆਂ ਲਈ ਨਵੀਂ ਉਮੀਦ : ਮੀਨਾ ਸ਼ਰਮਾ
ਅਜੀਤ ਡੈਸਕ
02-07-2026