ਨਾਈਟ ਕ੍ਰੀਮ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਦਰਅਸਲ ਪੂਰਾ ਦਿਨ ਕੰਮ-ਕਾਜ, ਤਣਾਅ, ਗ਼ਲਤ ਜੀਵਨ-ਸ਼ੈਲੀ ਅਤੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਸਾਡੀ ਚਮੜੀ ਬੇਜਾਨ ਜਿਹੀ ਹੋ ਜਾਂਦੀ ਹੈ। ਰਾਤ ਸਮੇਂ ਚਮੜੀ ਖ਼ੁਦ ਦੀ ਮੁਰੰਮਤ ਕਰਦੀ ਹੈ। ਇਸ ਦੌਰਾਨ ਨਾਈਟ ਕ੍ਰੀਮ ਲਗਾਉਣਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਚਮੜੀ ਨੂੰ ਡੂੰਘਾਈ ਤੋਂ ਪੋਸ਼ਣ, ਨਮੀ ਅਤੇ ਚਮਕ ਪ੍ਰਦਾਨ ਕਰਦੀ ਹੈ।
ਨਾਈਟ ਕ੍ਰੀਮ ਇਕ ਤਰ੍ਹਾਂ ਨਾਲ ਪੋਸ਼ਕ ਕ੍ਰੀਮ ਹੈ, ਜਿਸ ਨਾਲ ਮਸਾਜ ਕਰਨ 'ਤੇ ਚਮੜੀ 'ਚ ਨਮੀ ਬਣਾਈ ਰੱਖਣ ਦੀ ਤਾਕਤ ਵਧਦੀ ਹੈ। ਇਹ ਚਮੜੀ ਨੂੰ ਠੰਢਾ ਰੱਖਣ ਵਾਲਾ ਤੱਤ ਵੀ ਪ੍ਰਦਾਨ ਕਰਦੀ ਹੈ, ਜਿਸ ਨਾਲ ਚਮੜੀ ਮੁਲਾਇਮ ਅਤੇ ਕੋਮਲ ਹੁੰਦੀ ਹੈ। ਨਾਲ ਹੀ ਕੀ ਤਰ੍ਹਾਂ ਦੀ ਨਾਈਟ ਕ੍ਰੀਮ ਨੂੰ ਐਂਟੀ-ਅਜਿੰਗ ਕ੍ਰੀਮ ਦੀ ਤਰ੍ਹਾਂ ਵੀ ਵਰਤੋਂ ਕੀਤਾ ਜਾਂਦਾ ਹੈ, ਕਿਉਂਕਿ ਇਨ੍ਹਾਂ ਵਿਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰ ਸਕਦੇ ਹਨ।
ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਰਾਤ ਨੂੰ ਚਮੜੀ ਨੂੰ ਸਾਫ਼ ਕਰਨ ਤੋਂ ਬਾਅਦ ਨਾਈਟ ਕ੍ਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਹੀ ਚਿਹਰੇ 'ਤੇ ਨਾਈਟ ਕ੍ਰੀਮ ਲਗਾ ਕੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਆਪਣੀ ਗਰਦਨ 'ਤੇ ਵੀ ਨਾਈਟ ਕ੍ਰੀਮ ਦੀ ਵਰਤੋਂ ਕਰਨੀ ਚਾਹੀਦੀ। ਹਾਲਾਂਕਿ, ਸੌਣ ਤੋਂ ਪਹਿਲਾਂ ਕ੍ਰੀਮ ਨੂੰ ਨਮ ਰੂੰ ਨਾਲ ਪੂੰਝਣਾ ਚਾਹੀਦਾ। ਅੱਜਕਲ੍ਹ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਮਿਲਣ ਲੱਗੇ ਹਨ ਪਰ ਤੁਸੀਂ ਇਸ ਤਰ੍ਹਾਂ ਦੀ ਨਾਈਟ ਕ੍ਰੀਮ ਦੀ ਚੋਣ ਕਰੋ, ਜਿਸ ਵਿਚ ਆਮ ਤੌਰ 'ਤੇ ਅਮੋਲੀਏਂਟਸ ਸ਼ਾਮਿਲ ਹੋਵੇ, ਕਿਉਂਕਿ ਇਹ ਤੱਤ ਚਮੜੀ ਨੂੰ ਤੇਲ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ ਅਤੇ ਰੁੱਖੀ ਚਮੜੀ ਨੂੰ ਤੇਲ ਦੀ ਜ਼ਰੂਰਤ ਹੁੰਦੀ ਹੈ। ਨਾਲ ਹੀ, ਇਸ ਵਿਚ ਮਾਈਸਚਰਾਈਜ਼ਰ ਵੀ ਹੋ ਸਕਦੇ ਹਨ।
ਸਾਧਾਰਨ ਅਤੇ ਤੇਲ ਵਾਲੀ ਚਮੜੀ ਲਈ ਐਲੋਵੇਰਾ ਜੈੱਲ ਵਿਚ ਕੁਝ ਬੂੰਦਾਂ ਨਿੰਬੂ ਮਿਲਾ ਕੇ ਬਣੇ ਮਿਸ਼ਰਨ ਨੂੰ ਸੌਣ ਤੋਂ ਠੀਕ ਪਹਿਲਾਂ ਚਿਹਰੇ, ਗਰਦਨ ਅਤੇ ਖੁੱਲ੍ਹੀ ਚਮੜੀ 'ਤੇ ਲਗਾ ਕੇ ਸੌਂ ਜਾਵੋ ਅਤੇ ਸਵੇਰੇ ਉੱਠਦੇ ਹੀ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੀ ਚਮੜੀ ਕੋਮਲ ਅਤੇ ਮੁਲਾਇਮ ਹੋ ਜਾਵੇਗੀ।
ਰੁੱਖੀ ਚਮੜੀ ਲਈ ਐਲੋਵੇਰਾ ਜੈੱਲ ਵਿਚ ਸੁਗੰਧਿਤ ਤੇਲ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦਾ ਨਿਖਾਰ ਵਧਦਾ ਹੈ। ਦੋ ਚਮਚ ਐਲੋਵੇਰਾ ਜੈੱਲ, ਇਕ ਚਮਚ ਜੈਤੂਨ ਦਾ ਤੇਲ ਅਤੇ ਦੋ ਚਮਚ ਦੁੱਧ ਪਾਊਡਰ ਨੂੰ ਮਿਲਾ ਕੇ ਬਰਾਬਰ ਗਾੜ੍ਹਾ ਪੇਸਟ ਬਣਾ ਲਓ। ਆਪਣੇ ਚਿਹਰੇ ਤੇ ਗਰਦਨ ਨੂੰ ਸਾਫ਼ ਕਰਕੇ ਇਸ ਪੇਸਟ ਨੂੰ ਚਮੜੀ 'ਤੇ ਲਗਾ ਕੇ ਸਵੇਰੇ ਤਾਜ਼ੇ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਇਸ ਮਿਸ਼ਰਨ ਨੂੰ ਜ਼ਿਆਦਾ ਮਾਤਰਾ ਵਿਚ ਬਣਾ ਕੇ ਡੱਬਾਬੰਦ ਜਾਰ ਵਿਚ ਫਰਿੱਜ ਵਿਚ ਰੱਖ ਕੇ ਰੋਜ਼ਾਨਾ ਰਾਤ ਨੂੰ ਜ਼ਰੂਰਤ ਅਨੁਸਾਰ ਵਰਤੋਂ ਕਰ ਸਕਦੇ ਹੋ।
ਅੱਧੇ ਪੱਕੇ ਅਵੋਕੈਡੋ ਦਾ ਪੇਸਟ ਬਣਾ ਕੇ ਉਸ ਵਿਚ ਇਕ ਆਂਡਾ ਫੇਂਟ ਲਓ, ਤਾਂ ਕਿ ਇਹ ਇਕ ਕ੍ਰੀਮ ਬਣ ਜਾਵੇ। ਇਸ ਕ੍ਰੀਮ ਨੂੰ ਚਿਹਰੇ 'ਤੇ ਗੋਲਾਕਾਰ ਰੂਪ ਵਿਚ ਲਗਾ ਕੇ ਇਸ ਨੂੰ ਸੁੱਕਣ ਦਿਓ ਅਤੇ ਫਿਰ ਡੂੰਘੀ ਨੀਂਦ ਲਓ।
ਦੋ ਚਮਚ ਐਲੋਵੇਰਾ ਜੈੱਲ ਲਓ। ਇਸ ਵਿਚ 1 ਵਿਟਾਮਿਨ-ਈ ਕੈਪਸੂਲ ਦਾ ਤੇਲ ਮਿਲਾਓ। ਕੁਝ ਬੂੰਦਾਂ ਬਦਾਮ ਦੇ ਤੇਲ ਦੀਆਂ ਜਾਂ ਗੁਲਾਬ ਜਲ ਦੀਆਂ ਪਾਓ। ਇਸ ਨੂੰ ਉਦੋਂ ਤੱਕ ਫੈਂਟੋ ਜਦੋਂ ਤੱਕ ਇਹ ਮੁਲਾਇਮ ਕ੍ਰੀਮ ਨਾ ਬਣ ਜਾਵੇ। ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਸਾਫ਼ ਕਰਕੇ ਇਸ ਨੂੰ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਸਵੇਰੇ ਆਪਣਾ ਚਿਹਰਾ ਤਾਜ਼ੇ ਪਾਣੀ ਨਾਲ ਧੋ ਲਓ। ਇਹ ਚਿਹਰੇ ਦੀ ਨਮੀ ਨੂੰ ਬਣਾਈ ਰੱਖੇਗਾ, ਜਿਸ ਨਾਲ ਚਿਹਰੇ 'ਤੇ ਝੁਰੜੀਆਂ ਅਤੇ ਫਿਨਸੀਆਂ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ।
ਅੱਧਾ ਕੱਪ ਨਾਰੀਅਲ ਤੇਲ (100 ਗ੍ਰਾਮ) ਅਤੇ ਤਿੰਨ ਚਮਚ ਸ਼ਹਿਦ ਨੂੰ ਇਕ ਕੌਲੀ ਵਿਚ ਮਿਲਾਓ। ਇਸ ਸਮੱਗਰੀ ਨੂੰ ਮਾਈਕ੍ਰੋਵੇਬ ਵਿਚ ਗਰਮ ਕਰਕੇ ਤਰਲ ਪਦਾਰਥ ਵਿਚ ਬਦਲ ਓ। ਹੁਣ ਇਸ ਨੂੰ ਹਥੇਲੀਆਂ 'ਤੇ ਰਗੜ ਕੇ ਚਿਹਰੇ ਅਤੇ ਗਰਦਨ 'ਤੇ ਲਗਾ ਲਓ ਅਤੇ ਡੂੰਘੀ ਨੀਂਦ ਲਓ। ਇਸ ਨਾਲ ਤੁਹਾਡੀ ਚਮੜੀ ਵਿਚ ਨਿਖਾਰ ਕੁਦਰਤੀ ਨਿਖਾਰ ਆਵੇਗਾ। ਤੇਲ ਵਾਲੀ ਚਮੜੀ ਲਈ 2 ਚਮਚ ਤਾਜ਼ਾ ਐਲੋਵੇਰਾ ਜੈੱਲ, ਅੱਧਾ ਚਮਚ ਖੀਰੇ ਦਾ ਰਸ ਅਤੇ 2 ਬੂੰਦ ਟੀ-ਟ੍ਰੀ ਅਸੈਂਸ਼ੀਅਲ ਤੇਲ ਨੂੰ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਇਸ ਨੂੰ ਫਰਿੱਜ ਵਿਚ ਸਟੋਰ ਕਰੋ ਅਤੇ ਰੋਜ਼ਾਨਾ ਵਰਤੋਂ ਕਰੋ।
ਪਰ ਹਮੇਸ਼ਾ ਧਿਆਨ ਰੱਖੋ ਕਿ ਨਾਈਟ ਕ੍ਰੀਮ ਜ਼ਿਆਦਾ ਗਾੜ੍ਹੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਨਾਲ ਚਮੜੀ ਦੇ ਸੁਰਾਖ ਬੰਦ ਹੋਣ ਨਾਲ ਕਿੱਲ ਮੁਹਾਂਸੇ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਆਪਣੀ ਚਮੜੀ ਦੇ ਹਿਸਾਬ ਨਾਲ ਕ੍ਰੀਮ ਚੁਣੋ। ਜਿਵੇਂ ਖੁਸ਼ਕ ਚਮੜੀ ਲਈ ਤੇਲ ਆਧਾਰਿਤ ਕ੍ਰੀਮ ਚੁਣੋ, ਜੋ ਚਮੜੀ ਨੂੰ ਹਾਈਡ੍ਰੇਟ ਕਰਦੀ ਰਹੇ ਅਤੇ ਰੁੱਖਾ ਹੋਣ ਤੋਂ ਬਚਾਏ। ਉਥੇ ਤੇਲ ਵਾਲੀ ਚਮੜੀ ਲਈ ਨਾਈਟ ਜੈੱਲ ਕ੍ਰੀਮ ਚੰਗਾ ਬਦਲ ਹੋ ਸਕਦੀ ਹੈ। ਨਾਲ ਹੀ ਪਾਣੀ ਆਧਾਰਿਤ ਕ੍ਰੀਮ ਵੀ ਚੁਣੀ ਜਾ ਸਕਦੀ ਹੈ।
ਸਭ ਤੋਂ ਪਹਿਲਾਂ ਆਪਣੀ ਹਥੇਲੀ ਦੇ ਪਿਛਲੇ ਹਿੱਸੇ ਵਿਚ ਥੋੜ੍ਹੀ ਜਿਹੀ ਕ੍ਰੀਮ ਲਗਾ ਕੇ ਜਾਂਚ ਕਰੋ। ਜੇਕਰ ਤੁਹਾਨੂੰ ਕੋਈ ਵੀ ਤਕਲੀਫ ਹੋਵੇ ਤਾਂ ਚਿਹਰੇ 'ਤੇ ਕ੍ਰੀਮ ਨਾ ਲਗਾਓ। ਨਾਈਟ ਕ੍ਰੀਮ ਨੂੰ ਹਲਕੇ ਹੱਥਾਂ ਨਾਲ ਥਪਥਪਾਉਂਦੇ ਹੋਏ ਪੂਰੇ ਚਿਹਰੇ 'ਤੇ ਲਗਾਓ। ਅੱਖਾਂ ਦੀਆਂ ਪਲਕਾਂ 'ਤੇ ਕ੍ਰੀਮ ਨਾ ਲਗਾਓ। ਚਿਹਰੇ ਤੋਂ ਇਲਾਵਾ ਗਰਦਨ 'ਤੇ ਵੀ ਕ੍ਰੀਮ ਫੈਲਾਓ। ਕਦੀ ਵੀ ਬਿਨਾਂ ਮੇਕਅਪ ਲਗਾਏ ਜਾਂ ਬਿਨਾਂ ਚਿਹਰਾ ਧੋਤੇ ਨਾਈਟ ਕ੍ਰੀਮ ਨਾ ਲਗਾਓ। ਧੂੜ ਜਾਂ ਗੰਦਗੀ ਭਰੀ ਚਮੜੀ 'ਤੇ ਨਾਈਟ ਕ੍ਰੀਮ ਲਗਾਉਣ ਨਾਲ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਹੋ ਸਕਦਾ ਹੈ ਸਵੇਰੇ ਉੱਠ ਕੇ ਤੁਸੀਂ ਚਿਹਰੇ 'ਤੇ ਢੇਰ ਸਾਰੀਆਂ ਫਿਨਸੀਆਂ ਜਾਂ ਰੈਸ਼ੇਜ਼ ਪਾਓਗੇ।
-0-
ਨਾਈਟ ਕ੍ਰੀਮ ਨਾਲ ਸੁੰਦਰਤਾ
ਅਜੀਤ ਡੈਸਕ
02-07-2026