ਜ਼ਮਾਨਾ ਬਦਲਦਾ ਜਾ ਰਿਹਾ ਹੈ। ਇਸ ਤਰ੍ਹਾਂ 'ਚ ਔਰਤਾਂ ਵੀ ਜ਼ਮਾਨੇ ਦੇ ਨਾਲ ਚੱਲਣ ਵਿਚ ਯਕੀਨ ਰੱਖਦੀਆਂ ਹਨ। ਅੱਜ ਦੀਆਂ ਔਰਤਾਂ ਆਪਣੇ ਰੂਪ-ਰੰਗ ਪ੍ਰਤੀ ਬੇਹੱਦ ਜਾਗਰੂਕ ਹਨ। ਉਹ ਕਿਸੇ ਵੀ ਤਰ੍ਹਾਂ ਖ਼ੁਦ ਨੂੰ ਸੁੰਦਰ ਦਿਖਾਉਣ ਦੇ ਬਹਾਨੇ ਲੱਭਦੀਆਂ ਰਹਿੰਦੀਆਂ ਹਨ। ਰੈਂਪ 'ਤੇ ਕੈਟਵਾਕ ਕਰਦੀਆਂ ਮਾਡਲਾਂ ਵਾਂਗ ਉਹ ਵੀ ਆਕਰਸ਼ਕ ਦਿਸਣਾ ਚਾਹੁੰਦੀਆਂ ਹਨ ਪਰ ਉਹ ਔਰਤਾਂ ਕੀ ਕਰਨ ਜਿਨ੍ਹਾਂ ਦਾ ਕੱਦ ਔਸਤ ਤੋਂ ਘੱਟ ਹੁੰਦਾ ਹੈ? ਆਪਣੇ ਛੋਟੇ ਕੱਦ ਕਾਰਨ ਉਨ੍ਹਾਂ ਵਿਚ ਅਕਸਰ ਹੀਣ ਭਾਵਨਾ ਆਉਣ ਲਗਦੀ ਹੈ।
ਕੁਦਰਤੀ ਰੂਪ ਨਾਲ ਤਾਂ ਇਸ ਛੋਟੇ ਕੱਦ ਦਾ ਕੁਝ ਨਹੀਂ ਕੀਤਾ ਜਾ ਸਕਦਾ, ਪਰ ਜੇਕਰ ਆਪਣੇ ਪਹਿਰਾਵੇ ਅਤੇ ਜੁੱਤੀਆਂ 'ਤੇ ਖ਼ਾਸ ਧਿਆਨ ਦਿੱਤਾ ਜਾਵੇ ਤਾਂ ਛੋਟੇ ਕੱਦ ਵਾਲੀਆਂ ਔਰਤਾਂ ਵੀ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੀਆਂ ਹਨ। ਉਹ ਵੀ ਸਮਾਰਟ ਦਿੱਸ ਸਕਦੀਆਂ ਹਨ। ਇਸ ਨਾਲ ਉਨ੍ਹਾਂ ਵਿਚ ਆਤਮ-ਵਿਸ਼ਵਾਸ ਵੀ ਵਧੇਗਾ।
ਉੱਚੇ ਕੁੜਤੇ ਨਾ ਸਿਵਾਓ। ਜਿਥੋਂ ਤੱਕ ਹੋਵੇ, ਲੰਮੇ ਸੂਟ ਸਲਵਾਰ ਪਾਓ।
ਸਾੜ੍ਹੀ ਜਾਂ ਸਲਵਾਰ ਨੂੰ ਲੱਕ ਜਾਂ ਨਾਭੀ ਤੋਂ ਹੇਠਾਂ ਨਾ ਬੰਨ੍ਹੋ ਸਗੋਂ ਉੱਪਰ ਹੀ ਬੰਨ੍ਹੋ। ਇਸ ਨਾਲ ਲੰਬਾਈ ਛੋਟੀ ਨਹੀਂ ਲਗਦੀ।
ਚੌੜੇ ਬਾਰਡਰ ਵਾਲਾ ਕੁੜਤਾ ਨਾ ਪਾਓ। ਨਾ ਹੀ ਚੌੜੇ ਬਾਰਡਰ ਦੀ ਸਾੜ੍ਹੀ ਪਾਓ। ਇਸ ਨਾਲ ਵੀ ਲੰਬਾਈ ਘੱਟ ਲਗਦੀ ਹੈ।
ਖੜ੍ਹੀਆਂ ਧਾਰੀਆਂ ਵਾਲੇ ਕੱਪੜੇ ਪਾਓ ਆੜੀ ਧਾਰੀਆਂ ਵਾਲੇ ਕੱਪੜੇ ਨਾ ਪਾਓ। ਇਸ ਨਾਲ ਲੰਬਾਈ ਦੇ ਘੱਟ ਹੋਣ ਦਾ ਅਹਿਸਾਸ ਨਹੀਂ ਹੁੰਦਾ।
ਜੇਕਰ ਪ੍ਰਿੰਟਿਡ ਸੂਟ, ਸਾੜ੍ਹੀ ਜਾਂ ਹੋਰ ਕੋਈ ਪਹਿਰਾਵਾ ਪਾਉਂਦੇ ਹੋ ਤਾਂ ਉਸ ਦਾ ਪ੍ਰਿੰਟ ਛੋਟਾ ਹੋਣਾ ਚਾਹੀਦਾ। ਵੱਡੇ-ਵੱਡੇ ਪ੍ਰਿੰਟ ਦਾ ਪਹਿਰਾਵਾ ਪਾ ਕੇ ਹੋਰ ਛੋਟੇ ਲੱਗੋਗੇ।
ਜੁੱਤੀਆਂ/ਚੱਪਲਾਂ ਪਹਿਰਾਵੇ ਨਾਲ ਮੈਚ ਕਰਦੇ ਹੋਏ ਪਾਓ। ਇਸ ਨਾਲ ਲੰਬਾਈ ਜ਼ਿਆਦਾ ਲੱਗੇਗੀ। ਇਹ ਵੀ ਧਿਆਨ ਰੱਖੋ ਕਿ ਉਨ੍ਹਾਂ ਵਿਚ ਥੋੜ੍ਹੀ-ਬਹੁਤ ਹੀਲ ਜ਼ਰੂਰ ਹੋਣੀ ਚਾਹੀਦੀ। ਫਲੈਟ ਹੀਲ ਵਾਲੀਆਂ ਜੁੱਤੀਆਂ ਤੋਂ ਛੋਟੇ ਕੱਦ ਦੀਆਂ ਔਰਤਾਂ ਨੂੰ ਬਚਣਾ ਚਾਹੀਦਾ। ਹੀਲ ਏਨੀ ਹੋਵੇ ਜਿਸ ਨੂੰ ਪਾ ਕੇ ਤੁਸੀਂ ਸੌਖਿਆਂ ਨਾਲ ਚੱਲ ਸਕੋ। ਦੂਜਿਆਂ ਦੇ ਮਜ਼ਾਕ ਦਾ ਕਾਰਨ ਨਾ ਬਣੋ।
ਢਿੱਲੇ ਨਹੀਂ, ਫਿਟਿੰਗ ਵਾਲੇ ਕੱਪੜੇ ਪਾਓਗੇ ਤਾਂ ਤੁਹਾਡੀ ਲੰਬਾਈ ਜ਼ਿਆਦਾ ਲੱਗੇਗੀ।
ਛੋਟੇ ਕੱਦ ਦੀਆਂ ਔਰਤਾਂ ਲੰਮੇ ਵਾਲਾਂ ਨੂੰ ਖੁੱਲ੍ਹਾ ਨਾ ਛੱਡਣ। ਇਸ ਨਾਲ ਉਹ ਬੌਨੀਆਂ ਲੱਗਣਗੀਆਂ। ਜੇਕਰ ਵਾਲ ਲੰਮੇ ਵੀ ਹੋਣ ਤਾਂ ਉਨ੍ਹਾਂ ਨੂੰ ਪਿੱਛੇ ਪਾਸੇ ਕੰਘੀ ਕਰਕੇ ਉੱਚਾ ਜਿਹਾ ਜੂੜਾ ਬਣਾਓ ਜਿਸ ਨਾਲ ਲੰਬਾਈ ਜ਼ਿਆਦਾ ਲੱਗੇਗੀ।
ਛੋਟੇ ਕੱਦ 'ਤੇ ਕਰੋ ਮਾਣ
ਅਜੀਤ ਡੈਸਕ
09-07-2026