ਰੇਸ਼ਮੀ ਤੇ ਜਰੀ ਵਾਲੀਆਂ ਸਾੜ੍ਹੀਆਂ ਜ਼ਿਆਦਾ ਵਿਆਹ-ਪਾਰਟੀਆਂ ਵਿਚ ਜਾਂ ਤਿਉਹਾਰਾਂ 'ਤੇ ਹੀ ਪਾਈਆਂ ਜਾਂਦੀਆਂ ਹਨ ਅਤੇ ਅਜਿਹੇ 'ਚ ਕਈ ਵਾਰ ਅਣਜਾਣੇ ਵਿਚ ਚਿਕਨਾਈ ਜਾਂ ਸਬਜ਼ੀ ਦਾ ਨਿਸ਼ਾਨ, ਕੌਫ਼ੀ ਜਾਂ ਚਾਹ ਦਾ ਦਾਗ਼ ਉਸ 'ਤੇ ਪੈ ਜਾਂਦਾ ਹੈ। ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਉਨ੍ਹਾਂ ਦੇ ਦਾਗ਼-ਧੱਬੇ ਲਾਹੁਣ, ਉਨ੍ਹਾਂ ਨੂੰ ਧੋਣ ਅਤੇ ਸੰਭਾਲ ਕੇ ਰੱਖਣ ਵਿਚ ਤੁਹਾਨੂੰ ਸੌਖ ਹੋਵੇਗੀ।
ਭਾਰੀ ਕੰਮ ਵਾਲੀਆਂ ਸਾੜ੍ਹੀਆਂ ਨੂੰ ਜਿਥੋਂ ਤੱਕ ਸੰਭਵ ਹੋਵੇ ਅਲਮਾਰੀ ਵਿਚ ਹੈਂਗਰ 'ਤੇ ਟੰਗ ਕੇ ਰੱਖਣਾ ਚਾਹੀਦਾ।
ਅਲਮਾਰੀ ਵਿਚ ਪਿੱਛੇ ਪਾਸੇ ਓਡੋਨਿਲ ਦਾ ਪੈਕਟ ਰੱਖਣ ਨਾਲ ਕੀੜੇ ਲੱਗਣ ਦਾ ਡਰ ਨਹੀਂ ਰਹਿੰਦਾ। ਜੇਕਰ ਥਾਂ ਦੀ ਸਮੱਸਿਆ ਹੋਵੇ ਤੇ ਅਲਮਾਰੀ ਵਿਚ ਸਾੜ੍ਹੀਆਂ ਨੂੰ ਢੱਕਣ ਦਾ ਪੂਰਾ ਪ੍ਰਬੰਧ ਨਾ ਹੋ ਸਕੇ ਤਾਂ ਕਿਸੇ ਵੀ ਸੰਦੂਕ ਜਾਂ ਅਟੈਚੀ ਵਿਚ ਰੱਖਣ ਤੋਂ ਪਹਿਲਾਂ ਉਸ ਵਿਚ ਨਿੰਮ ਦੀਆਂ ਸੁੱਕੀਆਂ ਪੱਤੀਆਂ ਚੰਗੀ ਮਾਤਰਾ ਵਿਚ ਵਿਛਾ ਦਿਓ ਅਤੇ ਸਾੜ੍ਹੀ ਨੂੰ ਅਖ਼ਬਾਰ ਜਾਂ ਸੂਤੀ ਕੱਪੜੇ ਵਿਚ ਲਪੇਟ ਕੇ ਰੱਖ ਦਿਉ। ਇਸ ਨਾਲ ਕੀੜੇ ਤੇ ਸਲ੍ਹਾਬ ਸਾੜ੍ਹੀ ਨੂੰ ਨੁਕਸਾਨ ਨਹੀਂ ਪਹੁੰਚਾ ਪਾਉਣਗੇ।
ਕਦੀ ਵੀ ਇਨ੍ਹਾਂ ਭਾਰੀ ਸਾੜ੍ਹੀਆਂ ਦਰਮਿਆਨ ਸੁਗੰਧ ਵਾਲੇ ਕੀਟਨਾਸ਼ਕ ਵਰਗੇ ਨੈਪਥਲੀਨ ਗੋਲੀਆਂ ਆਦਿ ਨਾ ਰੱਖੋ। ਇਸ ਨਾਲ ਜਰੀ ਕਾਲੀ ਪੈਣ ਦਾ ਡਰ ਰਹਿੰਦਾ ਹੈ।
ਸਾੜ੍ਹੀ ਦੀ ਤਹਿ ਹਮੇਸ਼ਾ ਉਲਟੀ ਹੀ ਕਰੋ ਭਾਵ ਜਰੀ ਦਾ ਹਿੱਸਾ ਤਹਿ ਕਰਨ ਸਮੇਂ ਅੰਦਰ ਵਾਲੇ ਪਾਸੇ ਰਹੇ। ਇਸ ਤਰ੍ਹਾਂ ਜਰੀ ਆਪਸ ਵਿਚ ਰਗੜ ਨਹੀਂ ਖਾਏਗੀ।
ਅਲਮਾਰੀ ਵਿਚ ਟੰਗੀ ਜਾਂ ਸੰਦੂਕ ਵਿਚ ਰੱਖੀਆਂ ਇਨ੍ਹਾਂ ਸਾੜ੍ਹੀਆਂ ਦੀ ਤਹਿ ਥੋੜ੍ਹੇ ਵਕਫ਼ੇ ਬਾਅਦ ਬਦਲਦੇ ਰਹੋ। ਜ਼ਿਆਦਾਤਰ ਚੰਦੇਰੀ, ਆਰਗੰਡੀ ਜਾਂ ਬਨਾਰਸੀ ਸਾੜ੍ਹੀਆਂ ਇਕ ਹੀ ਤਹਿ ਵਿਚ ਲੰਮੇ ਸਮੇਂ ਤੱਕ ਰੱਖਣ ਨਾਲ ਉਹ ਮੋੜ ਤੋਂ ਫਟ ਸਕਦੀਆਂ ਹਨ।
ਜੇਕਰ ਇਨ੍ਹਾਂ ਸਾੜ੍ਹੀਆਂ 'ਤੇ ਹਲਕਾ ਜਿਹਾ ਦਾਗ਼ ਲੱਗ ਵੀ ਜਾਵੇ ਅਤੇ ਉਸ ਨੂੰ ਲਾਹੁਣ ਦਾ ਸਹੀ ਢੰਗ ਪਤਾ ਹੋਵੇ ਤਾਂ ਸਿਰਫ਼ ਉਸੇ ਥਾਂ ਨੂੰ ਸਾਫ਼ ਕਰ ਲਓ। ਪੂਰੀ ਸਾੜ੍ਹੀ ਕਦੀ ਨਾ ਧੋਵੋ। ਜੇਕਰ ਸਾੜ੍ਹੀ ਜ਼ਿਆਦਾ ਗੰਦੀ ਦਿਸੇ ਤਾਂ ਜਿਥੋਂ ਤੱਕ ਸੰਭਵ ਹੋਵੇ ਡ੍ਰਾਈਕਲੀਨ ਕਰਵਾਉਣ ਦੀ ਕੋਸ਼ਿਸ਼ ਕਰੋ। ਭਾਰੀ ਸਾੜ੍ਹੀਆਂ ਜੇਕਰ ਫਾਲ ਤੋਂ ਗੰਦੀ ਹੋ ਜਾਵੇ ਤਾਂ ਫਾਲ ਧੋਣ ਦੀ ਬਜਾਏ ਸਾੜ੍ਹੀ ਦਾ ਪੂਰਾ ਫਾਲ ਬਦਲ ਦੇਣਾ ਚੰਗਾ ਹੈ।
ਜਰੀ ਦੀ ਸਾੜ੍ਹੀ ਨੂੰ ਹਮੇਸ਼ਾ ਸੈਂਟ ਜਾਂ ਪਰਫਿਊਮ ਦੀ ਸੁਗੰਧ ਤੋਂ ਦੂਰ ਰੱਖੋ। ਸੁਗੰਧ ਕਾਰਨ ਜਰੀ ਦੇ ਕਾਲੇ ਪੈਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ।
ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖਣ ਨਾਲ ਤੁਹਾਡੀ ਕੀਮਤੀ ਸਾੜ੍ਹੀਆਂ ਹਮੇਸ਼ਾ ਨਵੀਂ ਤੇ ਚਮਕਦਾਰ ਬਣੀਆਂ ਰਹਿਣਗੀਆਂ ਅਤੇ ਆਪਣੀ ਚਮਕ ਨਾਲ ਤੁਹਾਡੀ ਸੁੰਦਰਤਾ ਵਿਚ ਚਾਰ ਚੰਨ ਲਗਾਉਂਦੀਆਂ ਰਹਿਣਗੀਆਂ।
ਇਸ ਤਰ੍ਹਾਂ ਕਰੋ ਕੀਮਤੀ ਸਾੜ੍ਹੀਆਂ ਦੀ ਦੇਖਭਾਲ
ਅਜੀਤ ਡੈਸਕ
09-07-2026