ਕਈ ਲੋਕ ਸੋਚਦੇ ਹਨ ਕਿ ਸੁਪਨੇ ਸਿਰਫ਼ ਜਵਾਨੀ ਵਿਚ ਹੀ ਪੂਰੇ ਹੋ ਸਕਦੇ ਹਨ। ਵਿਆਹ ਤੋਂ ਬਾਅਦ, ਬੱਚਿਆਂ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਇਨਸਾਨ ਦੀ ਆਪਣੀ ਪਹਿਚਾਣ ਕਿਤੇ ਪਿੱਛੇ ਰਹਿ ਜਾਂਦੀ ਹੈ, ਪਰ ਜਲੰਧਰ ਦੀ ਸੀਰਤ ਚਾਵਲਾ ਨੇ ਇਸ ਸੋਚ ਨੂੰ ਬਦਲ ਕੇ ਰੱਖ ਦਿੱਤਾ।
ਮਿਸਿਜ਼ ਏਸ਼ੀਆ ਇੰਡੀਆ 2025 ਦਾ ਖਿਤਾਬ ਜਿੱਤਣ ਵਾਲੀ ਸੀਰਤ ਚਾਵਲਾ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਉਹ ਇਕ ਆਮ ਸਾਧਾਰਨ ਕੁੜੀ ਸੀ, ਜਿਸ ਦੀਆਂ ਅੱਖਾਂ ਵਿਚ ਮਾਡਲਿੰਗ ਦਾ ਸੁਪਨਾ ਸੀ, ਪਰ ਘਰ ਦੇ ਹਾਲਾਤ ਅਜਿਹੇ ਸਨ ਕਿ ਉਹ ਆਪਣਾ ਇਹ ਸੁਪਨਾ ਪੂਰਾ ਨਾ ਕਰ ਸਕੀ।
ਸਮੇਂ ਦੇ ਨਾਲ ਉਸ ਦਾ ਵਿਆਹ ਹੋਇਆ, ਬੱਚੇ ਹੋਏ ਅਤੇ ਉਹ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿਚ ਰੁੱਝ ਗਈ। ਉਸ ਨੂੰ ਵੀ ਲੱਗਣ ਲੱਗਾ ਕਿ ਹੁਣ ਉਸ ਦੇ ਸੁਪਨੇ ਸਿਰਫ਼ ਯਾਦਾਂ ਬਣ ਕੇ ਰਹਿ ਗਏ ਹਨ, ਪਰ ਜ਼ਿੰਦਗੀ ਨੇ ਇਕ ਵਾਰ ਫਿਰ ਉਸ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ।
ਇਕ ਦਿਨ ਉਸ ਦੇ ਪਤੀ ਨੇ ਚੁੱਪਚਾਪ ਮਿਸਿਜ਼ ਏਸ਼ੀਆ ਇੰਡੀਆ ਮੁਕਾਬਲੇ ਲਈ ਉਸ ਦਾ ਫਾਰਮ ਭਰ ਦਿੱਤਾ ਅਤੇ ਕਿਹਾ 'ਕਿ ਵਾਰ ਆਪਣੇ-ਆਪ ਨੂੰ ਮੌਕਾ ਤਾਂ ਦੇ।
ਇਹੀ ਇਕ ਫ਼ੈਸਲਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਬਣ ਗਿਆ। ਸੀਰਤ ਨੇ ਹਿੰਮਤ ਕੀਤੀ, ਆਪਣੇ-ਆਪ 'ਤੇ ਭਰੋਸਾ ਕੀਤਾ ਅਤੇ ਮੁਕਾਬਲੇ ਵਿਚ ਹਿੱਸਾ ਲਿਆ। ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੀ ਮਿਹਨਤ, ਆਤਮ-ਵਿਸ਼ਵਾਸ ਅਤੇ ਲਗਨ ਦੇ ਦਮ 'ਤੇ ਉਸ ਨੇ ਮਿਸਿਜ਼ ਏਸ਼ੀਆ ਇੰਡੀਆ 2025 ਦਾ ਤਾਜ ਆਪਣੇ ਨਾਂਅ ਕਰ ਲਿਆ।
ਅੱਜ ਸੀਰਤ ਚਾਵਲਾ ਕਈ ਨਾਮੀ ਬ੍ਰਾਂਡਾਂ ਦੀ ਬ੍ਰਾਂਡ ਅੰਬੈਸਡਰ ਹੈ। ਉਹ ਗਹਿਣਿਆਂ, ਫੈਸ਼ਨ ਅਤੇ ਹੋਰ ਕਈ ਵੱਡੇ ਸਮਾਗਮਾਂ ਨਾਲ ਜੁੜੀ ਹੋਈ ਹੈ ਅਤੇ ਵੱਖ-ਵੱਖ ਬਿਊਟੀ ਪੇਸ਼ਕਾਰੀ ਵਿਚ ਜੱਜ ਵਜੋਂ ਵੀ ਸੱਦੀ ਜਾਂਦੀ ਹੈ। ਉਸ ਨੇ ਆਪਣੇ ਲਈ ਇਕ ਨਵੀਂ ਪਹਿਚਾਣ ਬਣਾਈ ਹੈ, ਜੋ ਹਜ਼ਾਰਾਂ ਔਰਤਾਂ ਲਈ ਪ੍ਰੇਰਨਾ ਬਣ ਚੁੱਕੀ ਹੈ।
ਸੀਰਤ ਚਾਵਲਾ ਦੀ ਕਹਾਣੀ ਸਾਨੂੰ ਇਕ ਵੱਡਾ ਸੰਦੇਸ਼ ਦਿੰਦੀ ਹੈ ਕਿ ਵਿਆਹ, ਉਮਰ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਤੁਹਾਡੇ ਸੁਪਨਿਆਂ ਦਾ ਅੰਤ ਨਹੀਂ ਹੁੰਦੀਆਂ। ਜੇ ਤੁਹਾਡੇ ਅੰਦਰ ਹੌਸਲਾ, ਜਜ਼ਬਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਇੱਛਾ ਹੈ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ।
ਜ਼ਿੰਦਗੀ ਹਰ ਕਿਸੇ ਨੂੰ ਇਕ ਨਾ ਇਕ ਮੌਕਾ ਜ਼ਰੂਰ ਦਿੰਦੀ ਹੈ। ਲੋੜ ਸਿਰਫ਼ ਉਸ ਮੌਕੇ ਨੂੰ ਪਛਾਣਨ ਅਤੇ ਉਸ ਨੂੰ ਹਿੰਮਤ ਨਾਲ ਕਬੂਲ ਕਰਨ ਦੀ ਹੁੰਦੀ ਹੈ। ਇਸ ਲਈ ਕਦੇ ਵੀ ਆਪਣੇ ਸੁਪਨਿਆਂ ਨੂੰ ਮਰਨ ਨਾ ਦਿਓ। ਹੋ ਸਕਦਾ ਹੈ ਤੁਹਾਡੀ ਕਾਮਯਾਬੀ ਦਾ ਸਭ ਤੋਂ ਸੁੰਦਰ ਅਧਿਆਇ ਅਜੇ ਲਿਖਿਆ ਜਾਣਾ ਬਾਕੀ ਹੋਵੇ।