ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਰਮਾਤਮਾ ਵਲੋਂ ਮਿਲਿਆ ਤੋਹਫ਼ਾ ਹੈ ਜ਼ਿੰਦਗੀ

Ad Position 21
No active advertisement
ਅਜੀਤ ਡੈਸਕ 02-07-2026

ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਨਵੀਂ-ਨਵੀਆਂ ਤਕਨੀਕਾਂ ਦੀ ਖੋਜ ਹੋ ਰਹੀ ਹੈ। ਜਿੰਨਾ ਇਨਸਾਨ ਦਾ ਜੀਵਨ ਖ਼ੁਸ਼ਹਾਲ ਹੋਣਾ ਚਾਹੀਦਾ ਸੀ, ਓਨਾ ਹੀ ਇਨਸਾਨ ਦੇ ਜੀਵਨ ਵਿਚੋਂ ਸਕੂਨ ਖ਼ਤਮ ਹੋ ਗਿਆ ਹੈ। ਚਿਹਰੇ 'ਤੇ ਰੌਣਕ ਜਿਹੀ ਬਿਲਕੁਲ ਵੀ ਨਹੀਂ ਰਹੀ ਹੈ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਜੋ ਖੁਸ਼ੀ ਹੈ, ਉਹ ਚਿਹਰੇ 'ਤੇ ਹੀ ਨਹੀਂ, ਸਗੋਂ ਅੰਦਰੋਂ ਰੂਹ 'ਚ ਵੀ ਵੱਸਦੀ ਹੈ। ਚੰਗੀ ਮੁਸਕਰਾਹਟ ਉਦਾਸ ਚਿਹਰੇ ਨੂੰ ਵੀ ਮੁਸਕਰਾ ਦਿੰਦੀ ਹੈ। ਖੁਸ਼ੀ ਬਿਮਾਰ ਬੰਦੇ ਨੂੰ ਵੀ ਸਿਹਤਮੰਦ ਬਣਾ ਦਿੰਦੀ ਹੈ। ਕੋਈ ਵੀ ਕੰਮ ਕਰਨਾ ਹੈ ਮੱਥੇ ਤਿਉੜੀ ਜਾਂ ਵੱਟ ਪਾ ਕੇ ਕਦੇ ਵੀ ਨਾ ਕਰੋ। ਖੁਸ਼ੀ ਖੁਸ਼ੀ ਕਰੋ। ਅਕਸਰ ਸਾਡੇ ਸਾਹਮਣੇ ਕਈ ਅਜਿਹੇ ਸੱਜਣ ਵੀ ਹੁੰਦੇ ਹਨ ਜੋ ਏਨਾ ਕੁਝ ਹੋਣਾ (ਪੈਸਾ, ਸ਼ੋਹਰਤ) ਦੇ ਬਾਵਜੂਦ ਵੀ ਮਰੂ-ਮਰੂ ਕਰਦੇ ਰਹਿੰਦੇ ਹਨ। ਅਜਿਹੇ ਲੋਕਾਂ ਤੋਂ ਤਾਂ ਦੂਰੀ ਬਣਾ ਲਵੋ। ਜੇ ਤੁਸੀਂ ਲੋਕਾਂ ਨੂੰ ਖੁਸ਼ ਹੋ ਕੇ ਮੁਸਕਰਾ ਕੇ ਮਿਲੋਗੇ ਤਾਂ ਲੋਕ ਵੀ ਸਾਹਮਣੇ ਤੋਂ ਤੁਹਾਨੂੰ ਖੁਸ਼ੀ ਨਾਲ ਮਿਲਣਗੇ। ਅਕਸਰ ਖੁਸ਼ਮਿਜਾਜ਼ ਚਿਹਰਾ ਸਭ ਨੂੰ ਭਾਅ ਜਾਂਦਾ ਹੈ। ਹਸੂ-ਹਸੂ ਚਿਹਰਾ ਭਲਾ ਕਿਸ ਨੂੰ ਚੰਗਾ ਨਹੀਂ ਲੱਗਦਾ। ਲੋਕ ਤੁਹਾਡੇ ਵੱਲ ਆਪ ਚੱਲੇ ਆਉਣਗੇ। ਅੱਜ ਹਰ ਇਨਸਾਨ ਖੁਸ਼ੀ ਪਾਉਣਾ ਚਾਹੁੰਦਾ ਹੈ, ਏਨੇ ਸੰਚਾਰ ਦੇ ਸਾਧਨ ਹਨ। ਚਿਹਰੇ 'ਤੇ ਬਨਾਉਟੀ ਜਿਹਾ ਹਾਸਾ ਆਮ ਦਿਖਦਾ ਹੈ। ਖੁਸ਼ੀ ਹਮੇਸ਼ਾ ਆਪਣੇ ਅੰਦਰੋਂ ਲੱਭੋ। ਕੋਈ ਤੁਹਾਨੂੰ ਸ਼ੌਕ ਹੈ ਜਿਵੇਂ ਪੇਂਟਿੰਗ, ਗਾਰਡਨਿੰਗ, ਮਿਊਜ਼ਿਕ ਸਿੱਖਣਾ। ਕੋਈ ਕਹਾਣੀ ਲਿਖਣਾ ਆਦਿ। ਅੱਜ ਲੋਕਾਂ ਕੋਲ ਪੈਸੇ ਦੀ ਕਮੀ ਨਹੀਂ ਹੈ। ਮਹਿੰਗੀਆਂ-ਮਹਿੰਗੀਆਂ ਗੱਡੀਆਂ ਹਨ। ਪਰਿਵਾਰ ਲਈ ਸਮਾਂ ਨਹੀਂ ਹੈ। ਇਕੱਠੇ ਘਰ ਦੇ ਚਾਰ ਜੀਅ ਕਦੇ ਵੀ ਬੈਠ ਕੇ ਖਾਣਾ ਨਹੀਂ ਖਾਂਦੇ ਹਨ। ਅੰਦਰੂਨੀ ਖੁਸ਼ੀ ਨਹੀਂ ਹੈ। ਝੁੱਗੀ ਝੌਂਪੜੀ ਜਾਂ ਨਿਮਨ ਤਬਕਾ 400 ਰੁਪਏ ਦਿਹਾੜੀ ਕਮਾ ਕੇ ਵੀ ਖੁਸ਼ ਰਹਿੰਦੇ ਹਨ, ਭਵਿੱਖ ਦੀ ਚਿੰਤਾ ਨਹੀਂ ਕਰਦੇ ਹਨ।
ਜ਼ਿੰਦਗੀ ਵਿਚ ਕੁਝ ਨਾ ਕੁਝ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਸਿਆਣੇ ਕਹਿੰਦੇ ਹਨ ਕਿ ਜੇ ਪਾਣੀ ਇਕ ਪਾਸੇ ਖੜ੍ਹਾ ਹੋ ਜਾਵੇ ਤਾਂ ਉਸ ਵਿਚ ਅਕਸਰ ਬਦਬੂ ਆਉਣ ਲੱਗ ਜਾਂਦੀ ਹੈ। ਵਗਦੇ ਦਰਿਆ ਹੀ ਚੰਗੇ ਲੱਗਦੇ ਹਨ। ਵਧੀਆ ਜ਼ਿੰਦਗੀ ਜਿਊਣ ਲਈ ਕਦੇ ਵੀ ਆਪਣੇ ਸੁਪਨਿਆਂ ਦਾ ਘਾਣ ਨਾ ਕਰੋ। ਵਕਤ ਦੀ ਕਦਰ ਕਰੋ, ਵਕਤ ਰਹਿੰਦਿਆਂ ਹਰ ਕੰਮ ਸਹੀ ਤਰਤੀਬ ਵਾਈਸ ਕਰੋ। ਸਕਾਰਾਤਮਿਕ ਸੋਚ ਰੱਖੋ। ਚੰਗੇ ਲੋਕਾਂ ਦਾ ਸੰਗ ਕਰੋ। ਪਰਮਾਤਮਾ ਦੀ ਬੰਦਗੀ ਕਰੋ, ਉਸ ਥਾਂ 'ਤੇ ਜਾਓ, ਜਿੱਥੇ ਤੁਹਾਨੂੰ ਸਕੂਨ ਮਿਲੇ। ਕੋਈ ਅਜਿਹਾ ਸਾਥੀ, ਮਿੱਤਰ ਰੱਖੋ, ਜਿਸ ਨਾਲ ਤੁਸੀਂ ਆਪਣਾ ਦੁੱਖ-ਸੁੱਖ ਸਾਂਝਾ ਕਰ ਸਕੋ। ਹਰ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ। ਜੇ ਤੁਸੀਂ ਉਹ ਸਮੱਸਿਆ ਆਪਣੇ ਅੰਦਰ ਲੈ ਕੇ ਬੈਠੇ ਰਹੋਗੇ ਤਾਂ ਤੁਸੀਂ ਬਿਮਾਰੀ ਨਾਲ ਘਿਰ ਜਾਓਗੇ। ਦੋਸਤ ਕੋਲ ਜਾਓਗੇ ਦੋ ਗੱਲਾਂ ਉਸ ਦੀਆਂ ਸੁਣੋਗੇ। ਚਾਰ ਆਪਣੀਆਂ ਵੀ ਸੁਣਾਓਗੇ, ਹਾਸਾ ਮਜ਼ਾਕ ਕਰੋਗੇ। ਆਪਣੇ-ਆਪ ਤਣਾਅ ਮੁਕਤ ਹੋ ਜਾਵੋਗੇ। ਪ੍ਰੇਸ਼ਾਨੀਆਂ ਜ਼ਿੰਦਗੀ ਦੇ ਨਾਲ-ਨਾਲ ਚਲਦੀ ਜਾਣੀਆਂ ਹਨ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹਨ। ਅਕਸਰ ਜਦੋਂ ਅਕਸੀਂ ਕਿਸੇ ਸੜਕ 'ਤੇ ਜਾ ਰਹੇ ਹੁੰਦੇ ਹਾਂ ਤਾਂ ਕਈ ਵਾਰ ਵੱਡੇ ਖੱਡੇ ਵੀ ਆ ਜਾਂਦੇ ਹਨ। ਕੱਚੀ ਸੜਕ ਵੀ ਆ ਜਾਂਦੀ ਹੈ, ਟੇਡੇ-ਮੇਡੇ ਮੋੜ ਵੀ ਆ ਜਾਂਦੇ ਹਨ। ਇਸੇ ਤਰ੍ਹਾਂ ਜ਼ਿੰਦਗੀ ਹੈ ਕਦੇ ਸੁੱਖ ਤੇ ਕਦੇ ਦੁੱਖ। ਦੁੱਖ ਨੇ ਵੀ ਸਥਾਈ ਨਹੀਂ ਰਹਿਣਾ ਹੈ। ਇਸ ਦਾ ਵੀ ਇਕ ਸਮਾਂ ਹੈ, ਇਹ ਵੀ ਨਿਕਲ ਜਾਂਦਾ ਹੈ। ਸਬਰ, ਸੰਤੋਖ, ਨਿਮਰਤਾ ਸ਼ਹਿਣਸੀਲਤਾ ਨਾਲ ਤੁਸੀਂ ਵੱਡੇ ਤੋਂ ਵੱਡਾ ਦੁੱਖ ਵਿਚੋਂ ਨਿਕਲ ਸਕਦੇ ਹੋ।
ਘਰ ਵਿਚ ਸਾਡੇ ਬਜ਼ੁਰਗ ਹੁੰਦੇ ਹਨ। ਬਜ਼ੁਰਗਾਂ ਕੋਲ ਜ਼ਰੂਰ ਬੈਠੋ। ਉਨ੍ਹਾਂ ਨਾਲ ਦੋ ਗੱਲਾਂ ਕਰੋ, ਉਨ੍ਹਾਂ ਨੂੰ ਵੀ ਵਧੀਆ ਲੱਗੇਗਾ। ਅੱਜ ਦੇ ਸਮੇਂ ਵਿਚ ਘਰ ਵਿਚ ਬਜ਼ੁਰਗ ਬੱਚਿਆਂ ਦੀ ਦੇਖ-ਰੇਖ ਕਰਦੇ ਹਨ, ਕਿਉਂਕਿ ਪਤੀ-ਪਤਨੀ ਨੌਕਰੀ ਪੇਸ਼ਾ ਹਨ। ਅਸੀਂ ਉਨ੍ਹਾਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ ਹਾਂ। ਇਸ ਧਰਤੀ 'ਤੇ ਅੱਜ ਕਿਸੇ ਦੀ ਵੀ ਗਾਰੰਟੀ ਨਹੀਂ ਹੈ ਕਿ ਕਿਸ ਨੇ ਕਿੰਨਾ ਸਫ਼ਰ ਜ਼ਿੰਦਗੀ ਦਾ ਤੈਅ ਕਰਨਾ ਹੈ। ਜ਼ਿੰਦਗੀ ਬਹੁਤ ਛੋਟੀ ਹੈ, ਇਸ ਨੂੰ ਹੱਸ ਖੇਡ ਕੇ ਬਸਰ ਕਰੋ। ਅੱਜ ਦੇ ਸਮੇਂ ਵਿਚ ਲੋਕ ਪੈਸੇ ਨੂੰ ਬਹੁਤ ਤਰਜੀਹ ਦਿੰਦੇ ਹਨ। ਠੀਕ ਹੈ, ਪੈਸਾ ਕਮਾਓ, ਪਰ ਇਹ ਵੀ ਨਹੀਂ ਹੈ ਕਿ ਤੁਸੀਂ ਪੈਸੇ ਪਿੱਛੇ ਆਪਣੇ ਰਿਸ਼ਤਿਆਂ ਨੂੰ ਹੀ ਖ਼ਤਮ ਕਰ ਦਿਓ। ਪੈਸਾ ਗੁਜ਼ਰਾਨ ਲਈ ਹੋਣਾ ਚਾਹੀਦਾ ਹੈ, ਲੋੜਵੰਦ ਦੀ ਮਦਦ ਕਰੋ। ਮਾਫ਼ ਕਰੋ ਤੇ ਭੁੱਲ ਜਾਣ ਦੀ ਆਦਤ ਪਾਓ। ਕਿਸੇ ਪ੍ਰਤੀ ਗਿਲੇ ਸ਼ਿਕਵੇ ਨਾ ਰੱਖੋ। ਜਿੰਨਾ ਹੋ ਸਕੇ ਆਪਣੇ ਹੱਥ ਤੋਂ ਦਾਨ ਪੁੰਨ ਕਰੋ, ਕਿਸੇ ਦਾ ਦਿਲ ਨਾ ਦੁਖਾਓ। ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਜ਼ਿੰਦਗੀ ਦਾ ਸਫ਼ਰ ਅਨੰਦਮਈ ਜੀਅ ਸਕਦੇ ਹੋ।
-ਮੁਹਾਲੀ। ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਕਿਰਦਾਰ ਹੀ ਸਾਡੀ ਅਸਲ ਪਛਾਣ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਪੀ.ਯੂ.ਐੱਲ. ਈ.ਈ.ਟੀ ’ਤੇ ਪੀ.ਯੂ.ਐੱਮ.ਈ.ਈ.ਟੀ 2026 ਪ੍ਰਵੇਸ਼ ਪ੍ਰੀਖਿਆ ਦੇ ਨਤੀਜੇ ਐਲਾਨੇ
Ad Position 24
No active advertisement