07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲੜੀਵਾਰ ਬਾਲ ਨਾਵਲ-11 ਪਾਣੀ-ਪਿਤਾ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਕਿਸੇ ਸਮੇਂ ਇਨ੍ਹਾਂ ਦਰਿਆਵਾਂ ਦੇ ਹੋਰ ਨਾਂ ਹੁੰਦੇ ਸਨ...ਜਿਵੇਂ ਪੰਜਾਬ ਵੀ ਪਹਿਲਾਂ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਸੀ...?'
'ਉਹ ਕਿਹੜੇ ਨਾਂ ਸਨ ਨਾਨੀ ਜੀ?'
'ਪੰਜਾਬ ਦੇ ਪਹਿਲੇ ਨਾਂ ਸਪਤ ਸਿੰਧੂ, ਵਾਹੀਕ ਦੇਸ, ਮਦਰ ਦੇਸ, ਟੱਕ ਦੇਸ ਤੇ ਪੰਚ ਨਦ ਆਦਿ ਨਾਂ ਹੁੰਦੇ ਸਨ। ਮਹਾਂਭਾਰਤ ਵਿਚ ਵੀ ਜ਼ਿਕਰ ਆਉਂਦਾ ਏ ਕਿ ਇਨ੍ਹਾਂ ਸੱਤੇ ਦਰਿਆਵਾਂ ਨੂੰ ਵਸਵੋਕਸਾਰਾ, ਸੀਤਾ, ਗੰਗਾ, ਨਲਿਨੀ, ਪਾਵਨੀ, ਸਿੰਧੂ ਅਤੇ ਜੰਬੂ ਨਦੀ ਕਿਹਾ ਗਿਆ ਏ। ਰਾਮਾਇਣ ਤੇ ਪੁਰਾਣਾਂ ਵਿਚ ਇਨ੍ਹਾਂ ਵਿਚੋਂ ਇਕ ਦੋ ਦਰਿਆਵਾਂ ਦੇ ਨਾਂਅ ਬਦਲਵੇਂ ਰੂਪ ਵਿਚ ਮਿਲਦੇ ਨੇ। ਇਨ੍ਹਾਂ ਨੂੰ ਦਰਿਆ ਦੀ ਥਾਂ ਨਦੀਆਂ ਆਖਿਆ ਗਿਆ ਏ। ਕਹਿੰਦੇ ਨੇ, ਇਹ ਉਹੀ ਸੱਤ ਦਰਿਆ ਜਾਂ ਨਦੀਆਂ ਨੇ ਜਿਹੜੀਆਂ ਸ਼ਿਵਜੀ ਦੇ ਸਿਰ ਵਿਚੋਂ ਨਿਕਲੀ ਗੰਗਾ ਵਿਚੋਂ ਨਿਕਲ ਕੇ ਵੱਖ-ਵੱਖ ਦਿਸ਼ਾਵਾਂ ਵਿਚ ਫੈਲ ਗਏ/ਗਈਆਂ। ਇਨ੍ਹਾਂ ਵਿਚੋਂ ਨਲਿਨੀ ਤੇ ਪਾਵਨੀ ਪੂਰਬ ਦਿਸ਼ਾ ਵੱਲ, ਸਿੰਧੂ, ਸੀਤਾ ਤੇ ਚਹਕਸ਼ੂ ਨਦੀਆਂ ਪੱਛਮ ਵੱਲ ਅਤੇ ਭਾਗੀਰਥ ਅਤੇ ਗੰਗਾ ਨਦੀ ਦੱਖਣ ਦਿਸ਼ਾ ਵੱਲ ਵਗਣ ਲੱਗ ਪਈਆਂ।'
ਨਾਨੀ ਜੀ ਕੋਲੋਂ ਦਰਿਆਵਾਂ ਤੇ ਨਦੀਆਂ ਬਾਰੇ ਜਾਣਕਾਰੀ ਹਾਸਿਲ ਕਰਦਾ ਹੋਇਆ ਸਿਮਰਨ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਖ਼ੁਦ ਵੀ ਇਨ੍ਹਾਂ ਦੇ ਨਾਲ ਨਾਲ ਵਹਿ ਰਿਹਾ ਹੋਵੇ, ਯਾਤਰਾ ਕਰ ਰਿਹਾ ਹੋਵੇ।
ਸਿਮਰਨ ਨੇ ਪੁੱਛਿਆ, 'ਫੇਰ ਅਸੀਂ ਅੱਜਕੱਲ੍ਹ ਆਪਣੇ ਪ੍ਰਾਂਤ ਨੂੰ ਪੰਜਾਬ ਕਿਉਂ ਕਹਿੰਦੇ ਹਾਂ। ਸਪਤ ਸਿੰਧੂ ਕਿਉਂ ਨਹੀਂ ਕਹਿੰਦੇ?'
ਨਾਨੀ ਜੀ ਉਸ ਦੀ ਉਤਸੁਕਤਾ ਨੂੰ ਸ਼ਾਂਤ ਕਰਨ ਲਈ ਦੱਸਣ ਲੱਗੇ, 'ਹੌਲੀ ਹੌਲੀ ਸੱਤ ਦਰਿਆਵਾਂ ਦੀ ਥਾਂ ਪੰਜ ਦਰਿਆ ਹੀ ਰਹਿ ਗਏ, ਬਾਕੀ ਸਮੇਂ ਦੇ ਵਹਾਅ ਵਿਚ ਵਹਿ ਗਏ। ਇਹ ਦਰਿਆ ਨਦੀਆਂ ਬਣ ਕੇ ਰਹਿ ਗਏ। ਜਦੋਂ ਪੰਜ ਦਰਿਆ ਜਾਣੀ ਸਤਲੁਜ, ਬਿਆਸ, ਰਾਵੀ, ਜੇਹਲਮ ਤੇ ਚਨਾਬ ਰਹਿ ਗਏ ਤਾਂ ਜਿਵੇਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਨਾ, ਹੌਲੀ ਹੌਲੀ ਲੋਕ ਇਸ ਇਲਾਕੇ ਨੂੰ ਪੰਜ ਪਾਣੀਆਂ, ਪੰਜ ਦਰਿਆਵਾਂ ਦਾ ਦੇਸ ਕਹਿਣ ਲੱਗ ਪਏ। ਜਾਣੀ ਕਿ ਪੰਜਾਬ।'
ਸਿਮਰਨ ਦੇ ਮਨ ਵਿਚ ਨਵਾਂ ਸੁਆਲ ਪੈਦਾ ਹੋ ਗਿਆ, 'ਪਰ ਨਾਨੀ ਮੰਮਾ, ਕੀ ਇਹ ਪੰਜ ਦਰਿਆ ਹੁਣ ਵੀ ਸਾਡੇ ਪੰਜਾਬ ਵਿਚ ਵਗਦੇ ਨੇ..?'
ਨਾਨੀ ਜੀ ਬੋਲੇ, 'ਤੂੰ ਸੋਹਣਾ ਸੁਆਲ ਪੁੱਛਿਆ ਏ। ਜਦੋਂ 1947 ਵਿਚ ਭਾਰਤ ਅਤੇ ਪਾਕਿਸਤਾਨ ਵੰਡੇ ਗਏ ਤਾਂ ਢਾਈ ਦਰਿਆ ਪਾਕਿਸਤਾਨ ਵਿਚ ਰਹਿ ਗਏ ਤੇ ਢਾਈ ਸਾਡੇ ਭਾਰਤੀ ਪੰਜਾਬ ਵਿਚ। ਇਨ੍ਹਾਂ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਆਖਿਆ ਜਾਂਦਾ ਏ। ਇਨ੍ਹਾਂ ਨੂੰ ਪੂਰਬੀ ਤੇ ਪੱਛਮੀ ਪੰਜਾਬ ਵੀ ਕਿਹਾ ਜਾਂਦੈ। ਪੂਰਬ ਜਾਣੀ ਭਾਰਤੀ ਪੰਜਾਬ ਤੇ ਪੱਛਮੀ ਪੰਜਾਬ ਜਾਣੀ ਪਾਕਿਸਤਾਨ ਵਾਲਾ ਪੰਜਾਬ। ਪਾਕਿਸਤਾਨ ਵਿਚ ਚਨਾਬ ਤੇ ਜਿਹਲਮ ਤੇ ਸਾਡੇ ਭਾਰਤੀ ਪੰਜਾਬ ਵਿਚ ਸਤਲੁਜ ਤੇ ਬਿਆਸ ਵਗਦੇ ਨੇ। ਇਕ ਦਰਿਆ ਰਾਵੀ, ਦੋਵਾਂ ਮੁਲਕਾਂ ਵਿਚ ਲਗਭਗ ਅੱਧਾ-ਅੱਧਾ ਵਗਦਾ ਏ...। ਇਸ ਕਰਕੇ ਅਸੀਂ ਪੰਜਾਬ ਨੂੰ ਅੱਜਕੱਲ੍ਹ 'ਢਾਈ ਆਬ' ਵੀ ਕਹਿ ਦਿੰਦੇ ਹਾਂ। ਜਾਣੀ ਢਾਈ ਦਰਿਆਵਾਂ ਦਾ ਸੂਬਾ।
ਗੱਲ ਨਾਨਾ ਜੀ ਦੇ ਕੰਨੀਂ ਵੀ ਪੈ ਰਹੀ ਸੀ। ਉਨ੍ਹਾਂ ਦੀ ਆਵਾਜ਼ ਆਈ, 'ਫੇਰ ਤਾਂ ਸੂਬੀ ਕਹੋ ਸੂਬੀ। ਸੂਬਾ ਕਾਹਦਾ ਰਹਿ ਗਿਆ?'
ਦੋਵੇਂ ਹੱਸ ਪਏ।
ਚਾਣਚੱਕ ਨਾਨੀ ਜੀ ਇਕਦਮ ਉਠੇ ਤੇ ਰਸੋਈ ਵੱਲ ਕਾਹਲੇ ਕਾਹਲੇ ਕਦਮੀਂ ਜਾਂਦੇ ਹੋਏ ਬੋਲੇ, 'ਦੁੱਧ ਤਾਂ ਦੇਖ ਆਵਾਂ, ਉਬਲਣ ਵਾਲਾ ਹੋਏਗਾ।'
ਨਾਨੀ ਜੀ ਨੇ ਰਸੋਈ ਵਿਚ ਜਾ ਕੇ ਵੇਖਿਆ, ਸੱਚਮੁਚ ਦੁੱਧ ਉਬਲਣ ਵਾਲਾ ਹੀ ਸੀ। ਉਨ੍ਹਾਂ ਦੁੱਧ ਉਬਾਲ ਕੇ ਗੈਸ ਦਾ ਬਟਨ ਬੰਦ ਕਰ ਦਿੱਤਾ।
ਸਿਮਰਨ ਆਪਣੇ ਦੋਸਤਾਂ ਨਾਲ ਹੇਠਾਂ ਪਾਰਕ ਵਿਚ ਖੇਡਣ ਲਈ ਆ ਜਾਂਦਾ ਸੀ ਪਰ ਅੱਜ ਨਹੀਂ ਸੀ ਗਿਆ। ਉਹ ਛੁੱਟੀਆਂ ਦੇ ਕੰਮ ਵਿਚ ਮਗਨ ਹੋ ਗਿਆ। ਛੁੱਟੀਆਂ ਦਾ ਕੰਮ ਅਜੇ ਰਹਿੰਦਾ ਸੀ।
ਇਕ ਦਿਨ ਨਾਨਾ ਜੀ ਨੇ ਨਾਨੀ ਜੀ ਨੂੰ ਕਿਹਾ, 'ਸਿਮਰਨ ਨੂੰ ਦਿੱਲੀ ਨਹੀਂ ਘੁਮਾਉਣੀ? ਫਿਰ ਇਹਦੀਆਂ ਛੁੱਟੀਆਂ ਵੀ ਥੋੜ੍ਹੀਆਂ ਈ ਰਹਿ ਗਈਆਂ ਨੇ।'
ਫ਼ੈਸਲਾ ਹੋਇਆ ਕਿ ਆਉਂਦੇ ਐਤਵਾਰ ਨੂੰ ਉਸ ਨੂੰ ਦਿੱਲੀ ਦਾ ਲਾਲ ਕਿਲ੍ਹਾ, ਫਿਰ ਦੋ ਕੁ ਦਿਨਾਂ ਬਾਦ ਚਿੜੀਆ-ਘਰ, ਕੁਤਬ-ਮੀਨਾਰ, ਜਾਮਾ ਮਸਜਿਦ ਤੇ ਇੰਡੀਆ ਗੇਟ ਵਿਖਾ ਕੇ ਲਿਆਂਦਾ ਜਾਵੇਗਾ। ਆਖ਼ਰੀ ਦਿਨ ਵਾਪਿਸ ਜਾਣ ਦੀ ਤਿਆਰੀ ਕੀਤੀ ਜਾਵੇਗੀ।
ਸਿਮਰਨ ਦੀ ਖ਼ੁਸ਼ੀ ਵਧ ਰਹੀ ਸੀ।
ਇਕ ਰਾਤ ਸਿਮਰਨ ਸੌਣ ਵੇਲੇ ਨਾਨੀ ਜੀ ਨੂੰ ਕਹਿਣ ਲੱਗਾ, 'ਨਾਨੀ ਜੀ, ਤੁਸੀਂ ਕਹਿੰਦੇ ਸੀ ਕਿ ਪਾਣੀ ਨਾਲ ਜੁੜੀ ਹੋਈ ਇਕ ਹੋਰ ਦਿਲਚਸਪ ਕਹਾਣੀ ਸੁਣਾਉਗੇ। ਅੱਜ ਸੁਣਾਉ...? ਥੋੜ੍ਹੇ ਦਿਨਾਂ ਨੂੰ ਤਾਂ ਮੈਂ ਚਲਾ ਈ ਜਾਣਾ ਏ...।'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 9814423703

Ad Position 22
No active advertisement
ਪਿਛਲੀ ਖ਼ਬਰ ਸੰਜਮ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਵੱਡੀਆਂ ਸਮੱਸਿਆਵਾਂ ਦਾ ਹੱਲ ਵੀ ਲੱਭਿਆ ਜਾ ਸਕਦਾ ਹੈ। ਅਗਿਆਤ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24