12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ

Ad Position 21
repet_subhas-goyals [Copy P29]
ਅਜੀਤ ਡੈਸਕ 21-06-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਫੁੱਟਬਾਲ ਦੇ ਖੇਤਰ 'ਚ ਕ੍ਰਿਸਟੀਆਨੋ ਰੋਨਾਲਡੋ ਦੀਆਂ ਮੁਢਲੀਆਂ ਪ੍ਰਾਪਤੀਆਂ ਨੇ ਸਿੱਧ ਕਰ ਦਿੱਤਾ ਕਿ ਰੋਨਾਲਡੋ ਫੁੱਟਬਾਲ ਦੀ ਦੁਨੀਆ ਵਿਚ ਕ੍ਰਾਂਤੀ ਲਿਆਉਣ ਲਈ ਹੀ ਆਇਆ ਹੈ। ਬਚਪਨ ਵਿਚ ਕਦੇ ਆਪਣੇ ਸ਼ਹਿਰ ਦੇ ਮੈੱਕਡਾਨਲਡ ਤੋਂ ਮੰਗ ਕੇ ਖਾਣ ਵਾਲੇ ਰੋਨਾਲਡੋ ਦੀਆਂ ਲੱਤਾਂ ਨੂੰ ਅੱਜ ਇਨ੍ਹਾਂ ਦੀ ਰਫ਼ਤਾਰ, ਡ੍ਰਿਬਲਿੰਗ ਅਤੇ ਗੋਲ ਕਰਨ ਦੀ ਸ਼ਕਤੀ ਕਾਰਨ ਫੁੱਟਬਾਲ ਦੀ ਦੁਨੀਆ ਵਿਚ ਸਭ ਤੋਂ ਮਹਿੰਗੀ ਸੰਪਤੀ ਮੰਨਿਆ ਗਿਆ ਹੈ। ਸਾਲ 2009 ਵਿਚ ਜਦੋਂ ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ ਕਲੱਬ ਨੂੰ ਬਾਏ ਬਾਏ ਆਖ ਕੇ ਰੀਅਲ ਮੈਡਰਿਡ ਕਲੱਬ ਜੁਆਇਨ ਕੀਤਾ ਤਾਂ ਕਲੱਬ ਨੇ ਸਭ ਤੋਂ ਪਹਿਲਾਂ ਰੋਨਾਲਡੋ ਦੀਆਂ ਲੱਤਾਂ ਦੀ ਇੰਸੋਰੈਂਸ ਕਰਵਾਈ ਜੋ ਕਿ ਇੰਸੋਰੈਂਸ ਕੰਪਨੀ ਵਲੋਂ 100 ਮਿਲੀਅਨ ਯੂਰੋ (ਲਗਭੱਗ 900 ਕਰੋੜ ਰੁਪਏ) ਵਿਚ ਕੀਤੀ ਗਈ ਹੈ। ਇਸ ਤਹਿਤ ਜੇਕਰ ਫੁੱਟਬਾਲ ਖੇਡਦੇ ਸਮੇਂ ਰੋਨਾਲਡੋ ਦੀਆਂ ਲੱਤਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇੰਸੋਰੈਂਸ ਕੰਪਨੀ ਇਸ ਕਲੱਬ ਨੂੰ 100 ਮਿਲੀਅਨ ਯੂਰੋ ਦੀ ਭਰਪਾਈ ਕਰੇਗੀ। ਦੁਨੀਆ ਭਰ ਦੇ ਖਿਡਾਰੀਆਂ ਵਿਚੋਂ ਲਿਓਨਲ ਮੈਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਦੀ ਇੰਸੋਰੈਂਸ ਹੀ ਸਭ ਤੋਂ ਮਹਿੰਗੀ ਇੰਸੋਰੈਂਸ ਹੈ।
ਭਾਵੇਂ ਕਿ ਕ੍ਰਿਸਟੀਆਨੋ ਰੋਨਾਲਡੋ ਤੋਂ ਖ਼ਾਰ ਖਾਣ ਵਾਲੇ ਲੋਕ ਉਸ ਦੀ ਦਿੱਖ ਨੂੰ ਇਕ ਹੰਕਾਰੀ ਬੰਦੇ ਵਜੋਂ ਉਭਾਰਨ 'ਤੇ ਲੱਗੇ ਹੋਏ ਹਨ, ਪਰ ਸੱਚ ਇਹ ਹੈ ਕਿ ਰੋਨਾਲਡੋ ਸੁਭਾਅ ਪੱਖੋਂ ਬਹੁਤ ਵੱਖਰੀ ਤਰ੍ਹਾਂ ਦਾ ਇਨਸਾਨ ਹੈ, ਉਹ ਇਕ ਨਜ਼ਰੇ ਮਜ਼ਬੂਤ ਅਤੇ ਪ੍ਰਤੀਯੋਗੀ ਇਨਸਾਨ ਵਿਖਾਈ ਦਿੰਦਾ ਹੈ ਅਤੇ ਦੂਜੀ ਨਜ਼ਰੇ ਉਹ ਇਕ ਅਤਿ ਸੰਵੇਦਨਸ਼ੀਲ ਵਿਅਕਤੀ ਨਜ਼ਰ ਆਉਂਦਾ ਹੈ। ਆਪਣੇ ਬਚਪਨ 'ਚ ਰੋਂਦੂ ਬੱਚੇ ਵਜੋਂ ਜਾਣਿਆ ਜਾਂਦਾ ਕ੍ਰਿਸਟੀਆਨੋ ਅੱਜ ਖੁੱਲ੍ਹ ਕੇ ਐਲਾਨ ਕਰਦਾ ਹੈ ਕਿ ਉਹ ਸਭ ਤੋਂ ਵਧੀਆ ਬਣਨ ਲਈ ਪੈਦਾ ਹੋਇਆ ਹੈ ਅਤੇ ਸਫ਼ਲਤਾਪੂਰਵਕ ਆਪਣੇ ਟੀਚੇ ਦੀ ਪ੍ਰਾਪਤੀ ਲਈ ਜੇਤੂ ਮਾਨਸਿਕਤਾ ਨਾਲ ਅੱਗੇ ਵਧ ਰਿਹਾ ਹੈ। ਫੁੱਟਬਾਲ ਦੇ ਇਤਿਹਾਸ ਵਿਚ ਕ੍ਰਿਸਟੀਆਨੋ ਰੋਨਾਲਡੋ ਦਾ ਸੁਭਾਅ ਖਿਡਾਰੀਆਂ 'ਚ ਸਭ ਤੋਂ ਨਿਵੇਕਲਾ ਹੈ। ਕ੍ਰਿਸਟੀਆਨੋ ਫੁੱਟਬਾਲ ਦਾ ਇਕ ਅਜਿਹਾ ਪ੍ਰੇਰਨਾਦਾਇਕ ਖਿਡਾਰੀ ਹੈ, ਜੋ ਅੱਜ 40 ਸਾਲ ਦੀ ਉਮਰ ਵਿਚ ਵੀ ਫੁੱਟਬਾਲ ਦੀ ਦੁਨੀਆ 'ਚ ਉੱਚ ਪੱਧਰ 'ਤੇ ਖੇਡ ਰਿਹਾ ਹੈ। ਫੁੱਟਬਾਲ ਦੀਆ ਬੁੱਚੀਆਂ ਪਵਾਉਂਦਿਆਂ ਰੋਨਾਲਡੋ ਖੇਡ ਮੈਦਾਨ ਵਿਚ ਕਿਸੇ 'ਸੁਪਰਮੈਨ' ਤੋਂ ਘੱਟ ਨਹੀਂ ਲਗਦਾ। ਕਦੇ ਉਸਦੀ ਟੀਮ ਦੇ ਖਿਡਾਰੀ ਰਹੇ ਜਿਆਨਲੂਈਜ਼ੀ ਬੁਫੋਨ ਅਨੁਸਾਰ ਕ੍ਰਿਸਟੀਆਨੋ ਰੋਨਾਲਡੋ ਖੇਡਦੇ ਸਮੇਂ ਬਹੁਤ ਕੁਝ ਅਲੌਕਿਕ ਕਰਦਿਆਂ ਦਿਸਦਾ ਹੈ। ਪਰ ਖੇਡ ਮੈਦਾਨ ਤੋਂ ਬਾਹਰ ਉਹ ਮਜ਼ਬੂਤ ਸ਼ਖ਼ਸੀਅਤ ਵਾਲਾ ਸੰਵੇਦਨਸ਼ੀਲ ਵਿਅਕਤੀ ਹੈ। ਆਪਣੀ ਟੀਮ ਲਈ ਕ੍ਰਿਸਟੀਆਨੋ ਰੋਨਾਲਡੋ ਸਖ਼ਤ ਮਿਹਨਤੀ ਅਤੇ ਅਨੁਸ਼ਾਸਨ ਪਸੰਦ ਖਿਡਾਰੀ ਹੋਣ ਕਾਰਨ ਸਮੁੱਚੇ ਫੁੱਟਬਾਲ ਪ੍ਰੇਮੀਆਂ ਲਈ ਪ੍ਰੇਰਨਾਦਾਇਕ ਇਨਸਾਨ ਹੈ।
ਵੈਨਿਟੀ (ਸਰਬੋਤਮ ਬਣਨ ਦਾ ਜਜ਼ਬਾ) ਅਤੇ ਸੈਲਫ ਮਾਰਕੀਟਿੰਗ ਕ੍ਰਿਸਟੀਆਨੋ ਰੋਨਾਲਡੋ ਦਾ ਪਸੰਦੀਦਾ ਵਿਸ਼ਾ ਹੈ। ਰੋਨਾਲਡੋ ਦੀ ਜੀਵਨਸ਼ੈਲੀ ਦੀ ਨਜ਼ਰਸਾਨੀ ਕਰੀਏ ਤਾਂ ਉਹ ਅਨੁਸ਼ਾਸਨ ਅਤੇ ਲਗਜ਼ਰੀ ਦਾ ਸੰਪੂਰਨ ਮਿਸ਼ਰਣ ਹੈ। ਅੱਜ ਵੀ ਉਹ ਅਰਬਪਤੀ ਹੋਣ ਦੇ ਬਾਵਜੂਦ ਆਰਾਮ-ਪਸੰਦ ਵਿਅਕਤੀ ਨਹੀਂ ਬਣਿਆ। ਆਪਣੀ ਫਿਟਨੈੱਸ ਲਈ ਰੋਜ਼ਾਨਾਂ ਸਮਾਂ ਕੱਢਦੇ ਹੋਏ ਉਹ ਹਮੇਸ਼ਾ ਖੇਤ-ਮਜ਼ਦੂਰ ਦੀ ਤਰ੍ਹਾਂ ਖੁਦ ਨੂੰ ਤੋੜਦਾ ਹੈ ਅਤੇ ਪਸੀਨਾ ਵਹਾਉਂਦਾ ਹੈ। ਕ੍ਰਿਸਟੀਆਨੋ ਰੋਨਾਲਡੋ ਨੇ ਹਫ਼ਤੇ ਵਿਚ ਪੰਜ ਦਿਨ ਜਿੰਮ ਜਾਣਾ ਹੁੰਦਾ ਹੈ ਜਿੱਥੇ ਉਹ ਪਿਲਾਟੇਸ, ਸਵਿਮਿੰਗ, 25-30 ਮਿੰਟ ਲਈ ਕਾਰਡੀਓ, ਹਾਈ-ਇੰਟੈਸਿਟੀ ਸਪ੍ਰਿੰਟਸ ਅਤੇ ਸਟ੍ਰੈਂਥ ਐਕਰਸਾਈਜ਼ ਕਰਨੀ ਸ਼ਾਮਿਲ ਹੁੰਦੀ ਹੈ। ਉਹ ਅੱਧੀ ਰਾਤ ਨੂੰ ਉੱਠ ਕੇ ਵੀ ਟ੍ਰੇਨਿੰਗ ਕਰਨ ਤੋਂ ਵੀ ਘੌਲ ਨਹੀਂ ਕਰਦਾ। ਰੋਨਾਲਡੋ ਨੂੰ ਠੰਢੇ ਅਤੇ ਬਰਫ਼ੀਲੇ ਪਾਣੀ ਵਿਚ ਨਹਾਉਣਾ ਪਸੰਦ ਹੈ, ਜਿਸ ਨਾਲ ਉਸਦੀਆਂ ਮਾਸਪੇਸ਼ੀਆਂ ਦੀ ਟੁੱਟ-ਭੱਜ ਜਲਦੀ ਠੀਕ ਹੁੰਦੀ ਰਹਿੰਦੀ ਹੈ।
ਕ੍ਰਿਸਟੀਆਨੋ ਰੋਨਾਲਡੋ ਆਮ ਲੋਕਾਂ ਵਾਂਗ ਦਿਨ 'ਚ ਤਿੰਨ ਵਾਰ ਖਾਣਾ ਖਾਣ ਦੀ ਬਜਾਏ ਥੋੜ੍ਹਾ-ਥੋੜ੍ਹਾ ਕਰਕੇ ਇਕ ਦਿਨ ਵਿਚ ਛੇ ਵਾਰ ਖਾਣਾ ਪਸੰਦ ਕਰਦਾ ਹੈ। ਉਹ ਘੱਟ ਤੋਂ ਘੱਟ ਫੈਟ ਵਾਲਾ, ਪ੍ਰੋਟੀਨ ਭਰਪੂਰ ਆਹਾਰ ਲੈਣ ਨੂੰ ਤਰਜੀਹ ਦਿੰਦਾ ਹੈ। ਉਹ ਭਰਪੂਰ ਨੀਂਦ ਵੀ ਲੈਂਦਾ ਹੈ।
ਫੁੱਟਬਾਲ ਦੇ ਨਾਲ ਨਾਲ ਦਾਨਸ਼ੀਲਤਾ ਵੀ ਕ੍ਰਿਸਟੀਆਨੋ ਰੋਨਾਲਡੋ ਦੇ ਰੋਮ-ਰੋਮ ਵਿਚ ਵਸੀ ਹੋਈ ਹੈ। ਆਪਣੇ ਪਿਤਾ ਤੋਂ ਮਿਲੀ ਸਿੱਖਿਆ ਮੁਤਾਬਕ ਰੋਨਾਲਡੋ ਦਾ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਲੋੜਵੰਦ ਲੋਕਾਂ ਲਈ ਇਕ ਹੱਥ ਨਾਲ ਦਾਨ ਕਰਦੇ ਹੋ ਤਾਂ ਕੁਦਰਤ ਦੋਵੇਂ ਹੱਥਾਂ ਨਾਲ ਤੁਹਾਡੀਆਂ ਝੋਲੀਆਂ ਭਰਦੀ ਹੈ। ਰੋਨਾਲਡੋ ਅਨੁਸਾਰ 'ਫੁੱਟਬਾਲ ਵਿਚ ਸਿਰਫ਼ ਗੋਲ ਕਰਨਾ ਹੀ ਸਭ ਕੁਝ ਨਹੀਂ ਹੁੰਦਾ ਬਲਕਿ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਕੈਲੀਬਰ ਆਰਟ ਸਟੂਡੀਓ, ਬੰਗਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98154-61875

Ad Position 22
No active advertisement
ਪਿਛਲੀ ਖ਼ਬਰ ਬਰਸਾਤ ਦੇ ਮੌਸਮ ਦਾ ਹਰਾ ਹਕੀਮ-ਹਜਾਰਦਾਣਾ ਅਗਲੀ ਖ਼ਬਰ ਗ਼ਜ਼ਲ
Ad Position 24