12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਯਾਦ ਸ਼ਕਤੀ ਇਸ ਤਰ੍ਹਾਂ ਵਧਾਈਏ!

Ad Position 21
No active advertisement
ਅਜੀਤ ਡੈਸਕ 03-04-2026

ਕਈ ਲੋਕਾਂ ਨੂੰ ਆਪਣੀ ਤੇਜ਼ ਯਾਦ ਸ਼ਕਤੀ 'ਤੇ ਬਹੁਤ ਮਾਣ ਹੁੰਦਾ ਹੈ ਤੇ ਕਈ ਵਿਚਾਰੇ ਆਪਣੇ ਭੁਲੱਕੜਪਨ ਤੋਂ ਪ੍ਰੇਸ਼ਾਨ ਰਹਿੰਦੇ ਹਨ। ਪ੍ਰੋਫ਼ੈਸਰ ਅਤੇ ਦਾਰਸ਼ਨਿਕ ਅਤੇ ਕਵੀ ਆਪਣੇ ਭੁਲੱਕੜਪਨ ਲਈ ਚੰਗੇ ਚਰਚਿਤ ਚਿਹਰੇ ਹਨ।
ਦਵਾਰਿਕਾ ਜੀ ਕਵਿਤਾ ਬਹੁਤ ਕਰਦੇ ਹਨ। ਚੰਗੀ ਜਾਂ ਬੁਰੀ ਇਹ ਵੱਖਰੀ ਗੱਲ ਹੈ, ਪਰ ਕਵੀ ਦੇ ਨਾਂਅ ਨਾਲ ਪ੍ਰਸਿੱਧ ਹਨ। ਨਾਲ ਹੀ ਉਹ ਆਪਣੇ ਭੁਲੱਕੜਪਨ ਲਈ ਵੀ ਓਨੇ ਹੀ ਜਾਣੇ ਜਾਂਦੇ ਹਨ। ਸ੍ਰੀਮਤੀ ਜੀ ਬਾਜ਼ਾਰ ਤੇਲ ਲੈਣ ਭੇਜਦੀ ਹੈ ਤਾਂ ਚੌਲ ਲੈ ਆਉਂਦੇ ਹਨ, ਸਾਬਣ ਮੰਗਵਾਉਂਦੀ ਹੈ ਤਾਂ ਤੇਲ ਲੈ ਆਉਂਦੇ ਹਨ। ਹਾਲਤ ਇਹ ਹੈ ਕਿ ਕਵਿਤਾਵਾਂ ਦੀ ਧੁਨ ਵਿਚ ਦੁਕਾਨ ਤੱਕ ਪਹੁੰਚਦੇ-ਪਹੁੰਚਦੇ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਉਹ ਕੀ ਲੈਣ ਆਏ ਸਨ।
ਨੇਹਾ ਕੰਮਕਾਜੀ ਔਰਤ ਹੈ। ਸਵੇਰੇ-ਸਵੇਰੇ ਉਸ ਦੀ ਬਹੁਤ ਭੱਜ-ਨੱਠ ਰਹਿੰਦੀ ਹੈ। ਖ਼ੁਦ ਦਫ਼ਤਰ ਜਾਣ ਦੀ ਤਿਆਰੀ ਕਰਨੀ, ਪਤੀ ਦਾ, ਬੱਚਿਆਂ ਦਾ ਨਾਸ਼ਤਾ, ਲੰਚ ਤਿਆਰ ਕਰਨਾ ਆਦਿ ਕੰਮ ਇਕੱਠੇ ਕਰਦੇ-ਕਰਦੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਫਰਿੱਜ ਤੱਕ ਕੁਝ ਲੈਣ ਪਹੁੰਚਦੀ ਹੈ ਤਾਂ ਕੁਝ ਦੇਰ ਉਥੇ ਖੜ੍ਹੀ ਰਹਿੰਦੀ ਹੈ, ਇਹ ਯਾਦ ਕਰਦੀ ਕਿ ਕੀ ਲੈਣ ਆਈ ਸੀ।
ਯਾਦ ਨਾ ਰੱਖ ਸਕਣ ਨੂੰ ਲੋਕ ਭੁਲੱਕੜਪਨ ਨਾਲ ਜੋੜ ਕੇ ਦੇਖਦੇ ਹਨ। ਉਮਰ ਜ਼ਿਆਦਾ ਹੋਣ 'ਤੇ ਬੁਢਾਪੇ ਨੂੰ ਇਸ ਦਾ ਕਾਰਨ ਮੰਨ ਲਿਆ ਜਾਂਦਾ ਹੈ, ਪਰ ਮਨੋਵਿਗਿਆਨੀਆਂ ਅਨੁਸਾਰ ਤੁਹਾਡੀ ਉਮਰ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਤੁਸੀਂ ਵੀ ਆਪਣੀ ਯਾਦ ਵਾਰ-ਵਾਰ ਅਭਿਆਸ ਕਰਕੇ ਵਧਾ ਸਕਦੇ ਹੋ।
ਚੰਗੀ ਯਾਦ ਸ਼ਕਤੀ ਦੀ ਕੋਈ ਹੱਦ ਨਹੀਂ। ਕੁਝ ਲੋਕਾਂ ਨੂੰ ਪਤਾ ਨਹੀਂ ਕਿੰਨੇ ਲੋਕਾਂ ਦੇ ਫੋਨ ਨੰਬਰ ਜ਼ੁਬਾਨੀ ਯਾਦ ਰਹਿੰਦੇ ਹਨ ਤੇ ਕੁਝ ਲੋਕ ਸਫ਼ੇ 'ਤੇ ਇਕ ਵਾਰ ਨਜ਼ਰ ਮਾਰ ਕੇ ਹੀ ਉਸ 'ਤੇ ਲਿਖਿਆ ਯਾਦ ਕਰ ਲੈਂਦੇ ਹਨ, ਪਰ ਆਮ ਆਦਮੀ ਬਹੁਤ ਛੇਤੀ ਭੁੱਲਦਾ ਹੈ। ਕੁਝ ਤਾਂ ਇਹ ਜ਼ਰੂਰੀ ਹੈ ਨਹੀਂ ਤਾਂ ਜੀਣਾ ਮੁਸ਼ਕਿਲ ਹੋ ਜਾਵੇ।
ਜੇਕਰ ਕੋਈ ਗੱਲ ਅਸੀਂ ਦਿਮਾਗ਼ ਵਿਚ ਠੀਕ ਤਰ੍ਹਾਂ ਬਿਠਾ ਕੇ ਰੱਖਦੇ ਹਾਂ (ਅਲਮਾਰੀ ਵਿਚ ਪ੍ਰੈੱਸ ਕੀਤੇ ਕੱਪੜਿਆਂ ਦੀ ਤਰ੍ਹਾਂ) ਤਾਂ ਉਸ ਨੂੰ ਦੁਬਾਰਾ ਕੱਢਣਾ ਮੁਸ਼ਕਿਲ ਨਹੀਂ ਹੋਵੇਗਾ, ਪਰ ਬੇਤਰਤੀਬ ਭਰੀਆਂ ਹੋਈਆਂ ਚੀਜ਼ਾਂ ਲੱਭਣਾ ਜਿੰਨਾ ਮੁਸ਼ਕਿਲ ਹੈ, ਉਸੇ ਤਰ੍ਹਾਂ ਯਾਦ ਰੱਖਣਾ ਵੀ ਮੁਸ਼ਕਿਲ। ਯਾਦ ਸ਼ਕਤੀ ਇਕ ਬਹੁਤ ਮੁਸ਼ਕਿਲ ਪ੍ਰਕਿਰਿਆ ਹੈ ਕਿਉਂਕਿ ਉਸ ਦਾ ਸੰਬੰਧ ਤੁਹਾਡੇ ਮੂਡ, ਥਾਂ ਤੇ ਮਾਹੌਲ ਆਦਿ 'ਤੇ ਵੀ ਨਿਰਭਰ ਕਰਦਾ ਹੈ ਅਤੇ ਉਂਝ ਹੀ ਸਥਿਤੀ ਬਣਨ 'ਤੇ ਤੁਹਾਨੂੰ ਸਭ ਯਾਦ ਆ ਜਾਂਦਾ ਹੈ ਨਹੀਂ ਤਾਂ ਸਭ ਕੁਝ ਭੁੱਲ ਜਾਂਦੇ ਹੋ।
ਦਿਮਾਗ਼ ਦਾ ਮੁਕਾਬਲਾ ਇਸ ਲਈ ਕੰਪਿਊਟਰ ਨਾਲ ਕੀਤਾ ਜਾਂਦਾ ਹੈ ਕਿਉਂਕਿ ਇਥੇ ਵੀ ਮੈਮਰੀ ਵਿਚ ਪਾਉਣ ਲਈ ਫੀਡ (ਭਰਨਾ) ਕਰਨਾ ਪੈਂਦਾ ਹੈ। ਉਸ ਦਾ ਵੀ ਕੋਡ ਹੁੰਦਾ ਹੈ।
ਯਾਦ ਸ਼ਕਤੀ ਦੀਆਂ ਤਿੰਨ ਅਵਸਥਾਵਾਂ ਹਨ ਫੀਡਿੰਗ ਅਤੇ ਦਿਮਾਗ਼ ਵਿਚ ਉਸ ਦਾ ਪੰਜੀਕਰਨ, ਦੂਜੇ ਉਸ ਨੂੰ ਘੱਟ ਸਮੇਂ ਲਈ ਜਾਂ ਲੰਮੇ ਸਮੇਂ ਲਈ ਖਾਨੇ ਵਿਚ ਜਮ੍ਹਾਂ ਕਰਨਾ, ਤੀਜੀ ਉਸ ਨੂੰ ਰੀਕਾਲ ਕਰਨਾ।
ਬੁਢਾਪੇ ਵਿਚ ਸੁਣਨ, ਦੇਖਣ ਤੇ ਮਹਿਸੂਸ ਕਰਨ ਆਦਿ ਦੀ ਸਮਰੱਥਾ ਘੱਟ ਹੋਣ ਦਾ ਕਾਰਨ ਹੁੰਦਾ ਹੈ ਸਹੀ ਤਰ੍ਹਾਂ ਚੀਜ਼ ਦਾ ਨਾ ਵਸਣਾ। ਜ਼ਿਆਦਾ ਦਵਾਈਆਂ ਦੇ ਲੈਣ, ਨੀਂਦ ਨਾ ਆਉਣ, ਤਣਾਅਗ੍ਰਸਤ, ਚਿੰਤਤ ਰਹਿਣ ਦੀ ਸਥਿਤੀ ਵਿਚ ਵੀ ਯਾਦ ਰੱਖਣ ਦੀ ਸਮਰੱਥਾ ਘਟ ਜਾਂਦੀ ਹੈ। ਤੁਹਾਡੀ ਪਹਿਲਾਂ ਦੀ ਯਾਦ ਇਕ ਹੈਂਗਰ ਦੀ ਤਰ੍ਹਾਂ ਕੰਮ ਕਰੇਗੀ ਜਿਸ 'ਤੇ ਤੁਸੀਂ ਮੌਜੂਦਾ ਸਮੇਂ ਦੀ ਕਿਸੇ ਗੱਲ ਨੂੰ ਟੰਗ ਕੇ ਦਿਮਾਗ਼ ਵਿਚ ਮਹਿਫ਼ੂਜ਼ ਰੱਖ ਸਕਦੇ ਹੋ।
ਸ਼ਾਇਰਾ ਨੂਰੀ ਅਕਸਰ ਮੁਸ਼ਰਿਆਂ ਵਿਚ ਜਾਂਦੀ ਹੈ। ਉਥੇ ਉਹ ਗ਼ਜ਼ਲਾਂ, ਨਜ਼ਮਾਂ ਆਦਿ ਕਹਿੰਦੀ ਹੈ। ਉਸ ਕੋਲ ਇਸ ਦਾ ਭੰਡਾਰ ਹੈ ਪਰ ਉਸ ਸਭ ਨੂੰ ਯਾਦ ਕਰਨਾ ਸੌਖਾ ਕੰਮ ਨਹੀਂ ਹੈ। ਉਹ ਅਕਸਰ ਆਪਣੀਆਂ ਪਸੰਦੀਦਾ ਗ਼ਜ਼ਲਾਂ, ਨਜ਼ਮਾਂ ਆਦਿ ਦਿਮਾਗ਼ ਵਿਚ ਦੁਹਰਾਉਂਦੀ ਰਹਿੰਦੀ ਹੈ। ਯਾਦ ਨੂੰ ਤਾਜ਼ਾ ਰੱਖਣ ਲਈ ਉਸ ਨੂੰ ਧਿਆਨ ਦੇ ਕੇ ਦੁਹਰਾਉਣਾ ਜ਼ਰੂਰੀ ਹੈ।
ਇਸ ਲਈ ਸਭ ਤੋਂ ਸਹੀ ਸਮਾਂ ਹੈ ਸੌਣ ਤੋਂ ਪਹਿਲਾਂ। ਯਾਦ ਕਰਦੇ, ਦੁਹਰਾਉਂਦੇ ਹੋਏ ਨੀਂਦ ਵੀ ਵਧੀਆ ਆਉਂਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਉਨੀਂਦਰੇ ਦੇ ਰੋਗੀ ਹੋਣ ਤੋਂ ਬਚ ਜਾਂਦੇ ਹੋ।
ਯਾਦ ਸ਼ਕਤੀ ਵਧਾਉਣ ਦਾ ਦਾਅਵਾ ਕਰਨ ਵਾਲੀਆਂ ਕਈ ਦਵਾਈਆਂ ਮਾਰਕਿਟ ਵਿਚ ਆ ਰਹੀਆਂ ਹਨ। ਲੋਕ ਇਨ੍ਹਾਂ ਵੱਲ ਆਕਰਸ਼ਿਤ ਵੀ ਹੁੰਦੇ ਹਨ। ਜੜ੍ਹੀਆਂ ਬੂਟੀਆਂ ਤੋਂ ਬਣਨ ਵਾਲੀਆਂ ਇਸ ਤਰ੍ਹਾਂ ਦੀਆਂ ਕਈ ਦਵਾਈਆਂ ਦੀ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਮੰਗ ਰਹਿੰਦੀ ਹੈ। ਇਨ੍ਹਾਂ ਦਾ ਸਿਰਫ਼ ਮਨੋਵਿਗਿਆਨਕ ਅਸਰ ਹੀ ਹੁੰਦਾ ਹੈ। ਬਾਕੀ ਇਨ੍ਹਾਂ ਵਿਚ ਕੋਈ ਅਸਰ ਕਰਨ ਵਰਗਾ ਕੁਝ ਹੋਵੇ, ਇਹ ਸਿਰਫ਼ ਖਾਮਖਿਆਲੀ ਹੀ ਹੈ।
ਸਭ ਤੋਂ ਵਧੀਆ ਗੱਲ ਹੈ ਰੋਜ਼ ਦਿਮਾਗ਼ ਦੀ ਕਸਰਤ, ਦਿਮਾਗ਼ੀ ਵਰਕਆਊਟ ਅਤੇ ਖੁਸ਼ ਰਹਿਣ ਦੀ ਆਦਤ। ਇਕੱਲਾਪਨ, ਉਦਾਸੀ, ਸੋਚ, ਬੋਰੀਅਤ ਅਤੇ ਮੈਂਟਲ ਲੇਥਾਰਜੀ (ਮਾਨਸਿਕ ਸੁਸਤੀ), ਦਿਮਾਗ਼ੀ ਕਾਰਵਾਈ 'ਤੇ ਨਕਾਰਾਤਮਿਕ ਅਸਰ ਪਾਉਂਦੇ ਹਨ। ਇਸੇ ਤਰ੍ਹਾਂ ਜੇਕਰ ਦਿਮਾਗ਼ ਵਾਧੂ ਕੰਮ ਕਰਦਾ ਰਹੇ ਤਾਂ ਉਸ ਨਾਲ ਵੀ 'ਰਿਟ੍ਰੋਗ੍ਰੇਡ ਐਮਨੇਸ਼ੀਆ' (ਕੁਝ ਸਮੇਂ ਲਈ ਯਾਦ ਗਵਾਚਣੀ) ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।
ਮੈਡੀਟੇਸ਼ਨ ਨਾਲ ਦਿਮਾਗ਼ੀ ਸੁਕੂਨ ਹਾਸਿਲ ਕੀਤਾ ਜਾ ਸਕਦਾ ਹੈ। ਦਿਮਾਗ਼ ਨੂੰ ਆਖਰ ਆਰਾਮ ਦੀ ਵੀ ਜ਼ਰੂਰਤ ਹੁੰਦੀ ਹੈ।
ਉਮਰ ਕੁਝ ਵੀ ਹੋਵੇ, ਕੁਝ ਕਸਰਤਾਂ ਕਰਨ ਨਾਲ ਦਿਮਾਗ਼ੀ ਸ਼ਕਤੀ ਵਧਾਈ ਜਾ ਸਕਦੀ ਹੈ।
ਮਨੋਵਿਗਿਆਨੀਆਂ ਅਨੁਸਾਰ ਕੁਝ ਗੱਲਾਂ ਨੂੰ ਅਪਣਾ ਕੇ ਤੁਸੀਂ ਆਪਣੀ ਯਾਦ ਸ਼ਕਤੀ ਤੇਜ਼ ਕਰ ਸਕਦੇ ਹੋ, ਜਿਨ੍ਹਾਂ ਵਿਚ ਇਕ ਸਿੱਧਾ ਤੇ ਸੌਖਾ ਫਾਰਮੂਲਾ ਹੈ ਉਸ ਗੱਲ ਨੂੰ ਕਿਸੇ ਪਿਛਲੀ ਘਟਨਾ ਨਾਲ ਜੋੜੋ ਜੋ ਤੁਹਾਨੂੰ ਯਾਦ ਹੋਵੇ।
ਤੁਸੀਂ ਕਾਲਪਨਿਕ ਚਿੱਤਰ ਦਿਮਾਗ਼ ਵਿਚ ਬਣਾਓ ਅਤੇ ਫਿਰ ਉਸ ਨੂੰ ਕਿਸੇ ਚੀਜ਼ ਨਾਲ ਜੋੜੋ। ਅੰਕੜੇ ਯਾਦ ਰੱਖਣ ਲਈ ਅੱਖਰਾਂ ਨੂੰ ਯਾਦ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਚੀਜ਼ਾਂ ਨੂੰ, ਗੱਲਾਂ ਨੂੰ ਤਾਰਨਿਕ ਢੰਗ ਨਾਲ ਲੜੀਵਾਰ ਤਰਤੀਬ ਨਾਲ ਰੱਖੋ ਅਤੇ ਜੇ ਦੇਰ ਤੱਕ ਯਾਦ ਰੱਖਣਾ ਚਾਹੁੰਦੇ ਹੋ ਤਾਂ ਦੁਹਰਾਓ।
ਸਮਝ ਕੇ ਯਾਦ ਕੀਤੀ ਗਈ ਗੱਲ ਠੀਕ ਤਰ੍ਹਾਂ ਯਾਦ ਹੁੰਦੀ ਹੈ, ਇਸ ਲਈ ਤੁਸੀਂ ਜੋ ਯਾਦ ਕਰਨਾ ਚਾਹੁੰਦੇ ਹੋ ਉਸ ਨੂੰ ਪਹਿਲਾਂ ਸਮਝ ਲਓ।
ਜਿਸ ਵਿਸ਼ੇ ਨੂੰ ਯਾਦ ਕਰਨਾ ਚਾਹੁੰਦੇ ਹੋ, ਉਸ ਵਿਚ ਰੁਚੀ ਲਓ, ਉਸ ਨੂੰ ਇਕ ਖ਼ਾਸ ਲੜੀ ਵਿਚ ਇਕੱਠਾ ਕਰੋ। ਤਰਕ ਅਤੇ ਵਿਸ਼ੇਸ਼ ਅਰਥ ਨਾਲ ਸੰਜੋਈਆਂ ਚੀਜ਼ਾਂ ਤੁਹਾਡੇ ਦਿਮਾਗ਼ ਵਿਚ ਉਨ੍ਹਾਂ ਗੱਲਾਂ ਤੋਂ ਜ਼ਿਆਦਾ ਸਮੇਂ ਤੱਕ ਰਹਿਣਗੀਆਂ ਜੋ ਬਿਨਾਂ ਕਿਸੇ ਲੜੀ ਦੇ ਦਿਮਾਗ਼ ਵਿਚ ਭਰੀਆਂ ਹਨ।
ਗਾਇਕਾ ਅੰਸ਼ਿਕਾ ਨੂੰ 50 ਗਾਣੇ ਯਾਦ ਸਨ, ਪਰ ਜਦੋਂ ਵੀ ਉਸ ਨੂੰ ਗਾਉਣ ਦੀ ਫਰਮਾਇਸ਼ ਕੀਤੀ ਜਾਂਦੀ ਤਾਂ ਸ਼ਸ਼ੋਪੰਜ ਵਿਚ ਪੈ ਜਾਂਦੀ ਹੈ ਜਿਵੇਂ ਕੋਈ ਗਾਣਾ ਯਾਦ ਹੀ ਨਾ ਆ ਰਿਹਾ ਹੋਵੇ। ਫਿਰ ਉਸ ਨੇ ਭਜਨ, ਗ਼ਜ਼ਲ, ਪੌਪ, ਪੁਰਾਣੇ ਗਾਣੇ ਛਾਂਟ ਕੇ ਉਨ੍ਹਾਂ ਨੂੰ ਲੜੀਵਾਰ ਕੀਤਾ। ਹੁਣ ਉਸ ਨੂੰ ਯਾਦ ਰੱਖਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਸੀ ਆਉਂਦੀ।
ਜੇਕਰ ਤੁਸੀਂ ਬਹੁਤ ਸਾਰੀਆਂ ਗੱਲਾਂ ਯਾਦ ਕਰਨੀਆਂ ਹਨ ਤਾਂ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਕਰਕੇ ਕਈ ਦਿਨਾਂ ਵਿਚ ਯਾਦ ਕਰੋ। ਕਈ ਵਾਰ ਦੁਹਰਾਉਣ ਨਾਲ ਗੱਲਾਂ ਦਿਮਾਗ਼ ਵਿਚ ਚੰਗੀ ਤਰ੍ਹਾਂ ਬੈਠ ਜਾਂਦੀਆਂ ਹਨ। ਜੋ ਗੱਲਾਂ ਯਾਦ ਕਰਨੀਆਂ ਹਨ, ਉਨ੍ਹਾਂ ਨੂੰ ਉਸੇ ਤਰ੍ਹਾਂ ਦੀਆਂ ਹੋਰ ਗੱਲਾਂ ਨਾਲ ਮਿਲਾਓ ਜੋ ਤੁਹਾਡੇ ਦਿਮਾਗ਼ ਵਿਚ ਹਨ।

Ad Position 22
No active advertisement
ਪਿਛਲੀ ਖ਼ਬਰ ਅਦਰਕ ਖਾਓ, ਬਿਮਾਰੀਆਂ ਭਜਾਓ ਅਗਲੀ ਖ਼ਬਰ ਗੁਣਕਾਰੀ ਹੈ ਸਬਜ਼ੀਆਂ ਦੇ ਜੂਸ ਦੀ ਵਰਤੋਂ
Ad Position 24