ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ

Ad Position 21
No active advertisement
ਅਜੀਤ ਡੈਸਕ 22-02-2026

ਕੋਈ ਵੀ ਮਨੁੱਖ ਮਾਂ ਦੀ ਮਮਤਾ ਦਾ ਕਰਜ਼ ਨਹੀਂ ਉਤਾਰ ਸਕਦਾ। ਬਿਲਕੁਲ ਉਸੇ ਤਰ੍ਹਾਂ ਹੀ ਮਾਂ ਦੇ ਦੁੱਧ ਤੋਂ ਮਿਲੀ ਮਾਖਿਓਂ ਮਿੱਠੀ ਮਾਂ-ਬੋਲੀ ਨੂੰ ਵਿਸਾਰਨਾ ਵੀ ਆਪਣੀ ਮਾਂ ਦਾ ਨਿਰਾਦਰ ਕਰਨ ਦੇ ਤੁਲ ਹੈ। ਕਿਸੇ ਵੀ ਖਿੱਤੇ ਵਿਚ ਵਸੇ ਵਿਅਕਤੀ ਦੀ ਮੁਢਲੀ ਪਛਾਣ ਉਸ ਦੀ ਮਾਂ-ਬੋਲੀ ਹੀ ਹੁੰਦੀ ਹੈ। ਮਾਂ-ਬੋਲੀ ਕੇਵਲ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ, ਸਗੋਂ ਜ਼ਿੰਦਗੀ ਨਾਲ ਜੁੜੇ ਹਰ ਸਰੋਕਾਰ ਤੇ ਜੀਵਨ-ਜਾਚ ਦਾ ਜੀਵੰਤ ਪ੍ਰਗਟਾਵਾ ਹੁੰਦੀ ਹੈ। ਮਨੁੱਖੀ ਮਨ ਦੇ ਸਾਰੇ ਅਹਿਸਾਸਾਂ ਨੂੰ ਜਿਸ ਸ਼ਿੱਦਤ ਨਾਲ ਮਾਂ-ਬੋਲੀ ਰਾਹੀਂ ਪ੍ਰਗਟਾਇਆ ਜਾ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਨਾਲ ਸੰਭਵ ਹੀ ਨਹੀਂ। ਕਿਸੇ ਵੀ ਸੱਭਿਆਚਾਰ ਦੇ ਸਾਹਾਂ 'ਚ ਵਸਦੀ ਮਾਂ-ਬੋਲੀ ਨੂੰ ਉਸ ਤੋਂ ਨਿਖੇੜ ਕੇ ਕਦੇ ਵੀ ਨਹੀਂ ਦੇਖਿਆ ਜਾ ਸਕਦਾ। ਮਾਂ-ਬੋਲੀ ਸੱਭਿਆਚਾਰ ਦੀ ਜਿੰਦ-ਜਾਨ ਹੁੰਦੀ ਹੈ। ਜੇ ਮਾਂ-ਬੋਲੀ ਲੋਕਾਂ ਦੇ ਹਿਰਦਿਆਂ ਵਿਚ ਵਸੀ ਹੋਵੇ ਤਾਂ ਨਾ ਬੋਲੀ ਨੂੰ ਕੋਈ ਖ਼ਤਰਾ ਹੁੰਦਾ ਹੈ ਤੇ ਨਾ ਹੀ ਸੱਭਿਆਚਾਰ ਦੇ ਮੁੱਲਵਾਨ ਆਦਰਸ਼ਾਂ ਦੇ ਖੁਰਨ ਦਾ ਕੋਈ ਖ਼ਦਸ਼ਾ ਹੁੰਦਾ ਹੈ।
ਮਾਂ-ਬੋਲੀਆਂ ਨੂੰ ਮਾਨਤਾ ਦੇਣ ਲਈ ਤੇ ਪੂਰੀ ਦੁਨੀਆ 'ਚ ਭਾਸ਼ਾਈ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਯੂਨੈਸਕੋ ਵਰਗਾ ਅਦਾਰਾ ਵੀ ਹਰ ਸਾਲ 21 ਫਰਵਰੀ ਨੂੰ 'ਕੌਮਾਂਤਰੀ ਮਾਂ ਬੋਲੀ ਦਿਵਸ' ਵਜੋਂ ਮਨਾਉਂਦਾ ਹੈ। ਯੂਨੈਸਕੋ ਨੇ 17 ਨਵੰਬਰ 1999 ਨੂੰ ਇਕ ਮਤਾ ਪਾਸ ਕਰ ਕੇ 21 ਫ਼ਰਵਰੀ ਦਾ ਕੌਮਾਂਤਰੀ ਮਾਂ-ਬੋਲੀ ਦਿਵਸ ਵਜੋਂ ਐਲਾਨ ਕੀਤਾ ਸੀ। ਬੰਗਲਾਦੇਸ਼ ਨੇ ਇਹ ਮਤਾ 28 ਹੋਰ ਦੇਸ਼ਾਂ ਦੀ ਮਦਦ ਨਾਲ ਯੂਨੈਸਕੋ ਦੇ ਸਨਮੁੱਖ ਰੱਖਿਆ ਸੀ ਤੇ ਇਹ ਕਿਹਾ ਸੀ ਕਿ 21 ਫਰਵਰੀ ਨੂੰ 'ਅੰਤਰਾਸ਼ਟਰੀ ਮਾਂ-ਬੋਲੀ ਦਿਵਸ' ਵਜੋਂ ਐਲਾਨਿਆ ਜਾਵੇ। ਜਦੋਂ ਪਾਕਿਸਤਾਨ ਵਿਚ ਉਰਦੂ ਜ਼ਬਾਨ ਨੂੰ ਕੌਮੀ ਭਾਸ਼ਾ ਦਾ ਰੁਤਬਾ ਦਿੱਤਾ ਗਿਆ ਤਾਂ ਬੰਗਾਲੀਆਂ ਨੇ ਇਸ ਦਾ ਭਰਵਾਂ ਵਿਰੋਧ ਕੀਤਾ ਸੀ। ਉਨ੍ਹਾਂ ਨੇ ਰੈਲੀਆਂ-ਮੁਜ਼ਾਹਰਿਆਂ ਨਾਲ ਆਪਣੀ ਮਾਂ-ਬੋਲੀ ਬੰਗਾਲੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। 21 ਫਰਵਰੀ, 1952 ਨੂੰ ਢਾਕਾ ਦੇ ਦੀ ਯੂਨੀਵਰਸਟੀ ਨੇੜੇ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਗੋਲੀਆਂ ਚਲਾਈਆਂ ਤਾਂ ਤਿੰਨ ਵਿਦਿਆਰਥੀ ਮਾਂ-ਬੋਲੀ ਦੀ ਖ਼ਾਤਰ ਸ਼ਹੀਦ ਹੋ ਗਏ। ਇਸ ਦੁਖਦਾਈ ਘਟਨਾ ਨੂੰ ਸਦੀਵੀ ਤੌਰ 'ਤੇ ਯਾਦ ਰੱਖਣ ਲਈ ਤੇ ਕੌਮਾਂਤਰੀ ਪੱਧਰ 'ਤੇ ਮਾਂ-ਬੋਲੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ 21 ਫਰਵਰੀ ਦਾ ਦਿਨ 'ਕੌਮਾਂਤਰੀ ਮਾਂ-ਬੋਲੀ ਦਿਵਸ' ਵਜੋਂ ਮਨਾਇਆ ਜਾਣ ਲੱਗਾ।
ਬਹੁਤੇ ਭਾਸ਼ਾ ਮਾਹਿਰ ਇਸ ਗੱਲ ਬਾਰੇ ਇਕ ਮੱਤ ਹਨ ਕਿ ਬੱਚੇ ਨੂੰ ਮੁਢਲੀ ਸਿੱਖਿਆ ਉਸ ਦੀ ਮਾਂ-ਬੋਲੀ ਵਿਚ ਦਿੱਤੀ ਜਾਣੀ ਚਾਹੀਦੀ ਹੈ। ਯੂਰਪ ਦੇ ਬਹੁਤੇ ਦੇਸ਼ ਅੱਜ ਵੀ ਆਪਣੀਆਂ ਮਾਂ-ਬੋਲੀਆਂ ਵਿਚ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਪੰਜ ਪਾਣੀਆਂ ਦੀ ਬੋਲੀ 'ਪੰਜਾਬੀ' ਨੂੰ ਆਪਣੇ ਹੀ ਖਿੱਤੇ ਵਿਚ ਰੁਲਣਾ ਪੈ ਰਿਹਾ ਹੈ। 1967 ਵਿਚ ਰਾਜ-ਭਾਸ਼ਾ ਦਾ ਰੁਤਬਾ ਪ੍ਰਾਪਤ ਕਰਨ ਦੇ ਬਾਵਜੂਦ ਮਾਂ-ਬੋਲੀ ਪੰਜਾਬੀ ਇਸ ਧਰਤੀ ਦੀ ਪਟਰਾਣੀ ਬਣਨ ਦੀ ਥਾਂ ਹੁਣ ਤੱਕ ਗੋਲੀ ਹੀ ਬਣੀ ਰਹੀ ਹੈ। ਅੱਜ ਵੀ ਲੇਖਕਾਂ, ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਮਾਂ-ਬੋਲੀ ਨੂੰ ਹੱਕੀ ਸਥਾਨ ਦਵਾਉਣ ਲਈ ਧਰਨੇ, ਮੁਜ਼ਾਹਰੇ ਤੇ ਰੈਲੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦਈ ਕਹਾਉਣ ਵਾਲਿਆਂ ਨੇ ਭਾਸ਼ਾ ਮਾਹਿਰਾਂ ਦੀ ਰਾਏ ਦੇ ਉਲਟ ਸਰਕਾਰੀ ਸਕੂਲਾਂ 'ਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਠੋਸ ਕੇ ਪੰਜਾਬੀ ਦੇ ਰਾਹ ਵਿਚ ਕੰਡੇ ਬੀਜਣ ਦਾ ਕੰਮ ਕੀਤਾ ਹੈ। ਸਰਕਾਰੀ ਦਫ਼ਤਰਾਂ ਵਿਚ ਅੱਜ ਵੀ ਬਹੁਤਾ ਕੰਮ ਅੰਗਰੇਜ਼ੀ ਵਿਚ ਹੀ ਹੁੰਦਾ ਹੈ। ਰਾਜ ਭਾਸ਼ਾ ਆਰਡੀਨੈਂਸ ਦੇ ਬਾਵਜੂਦ ਅਫ਼ਸਰਸ਼ਾਹੀ ਅੰਗਰੇਜ਼ੀ ਦੀ ਗੁਲਾਮ ਜ਼ਹਿਨੀਅਤ ਦਾ ਤਿਆਗ ਕਰਨ ਲਈ ਤਿਆਰ ਨਹੀਂ ਹੈ। ਹਕੀਕਤ ਇਹ ਹੈ ਕਿ ਕਾਨੂੰਨ ਬਣਾਉਣ ਦੇ ਬਾਵਜੂਦ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਸਰਕਾਰ ਵਲੋਂ ਮਾਂ-ਬੋਲੀ ਦਾ ਰੁਤਬਾ ਉੱਚਾ ਕਰਨ ਲਈ ਅਮਲੀ ਰੂਪ ਵਿਚ ਕੋਈ ਠੋਸ ਯੋਜਨਾ ਨਹੀਂ ੳੇੁਲੀਕੀ ਗਈ।
ਹਰ ਭਾਸ਼ਾ ਦੀ ਆਪਣੀ ਮਹਾਨਤਾ ਹੁੰਦੀ ਹੈ। ਇਹ ਮਹੱਤਵਪੂਰਨ ਨਹੀਂ ਕਿ ਕਿਸੇ ਵਿਅਕਤੀ ਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਹਨ। ਮਹੱਤਵਪੂਰਨ ਇਹ ਹੈ ਕਿ ਉਸ ਦਾ ਆਪਣੀ ਮਾਂ-ਬੋਲੀ ਪ੍ਰਤੀ ਕੀ ਨਜ਼ਰੀਆ ਹੈ। ਹਿੰਦੀ, ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਸਿੱਖਣ ਵਿਚ ਕੋਈ ਮਿਹਣਾ ਨਹੀਂ ਪਰ ਪੰਜਾਬੀ ਨੂੰ ਵਿਸਾਰ ਕੇ ਇਨ੍ਹਾਂ ਨੂੰ ਮੋਹਰੀ ਬਣਾਉਣਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਕਿਹਾ ਜਾ ਸਕਦਾ। ਭਾਸ਼ਾ ਮਾਹਿਰਾਂ ਦੀ ਰਾਏ ਹੈ ਕਿ ਜੇ ਮਾਂ-ਬੋਲੀ ਵਿਚ ਕਿਸੇ ਦੀ ਚੰਗੀ ਮੁਹਾਰਤ ਹੋਵੇ ਤਾਂ ਹੋਰ ਭਾਸ਼ਾਵਾਂ ਸਿੱਖਣ ਵਿਚ ਵੀ ਆਸਾਨੀ ਹੁੰਦੀ ਹੈ। ਬਹੁਤ ਦੁਖਦਾਈ ਵਰਤਾਰਾ ਹੈ ਕਿ ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ 'ਤੇ ਮਾਣ ਕਰਨ ਦੀ ਥਾਂ, ਇਸ ਵੱਲ ਪਿੱਠ ਕਰੀ ਬੈਠੇ ਹਨ। ਲੋਕਾਂ ਦੀ ਇਸੇ ਮਾਨਸਿਕਤਾ ਦਾ ਲਾਭ ਉਠਾ ਕੇ ਵੱਡੇ ਸਕੂਲਾਂ ਵਾਲੇ ਸਕੂਲਾਂ 'ਚ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਗੱਲਬਾਤ ਕਰਨ ਦੇ ਫੁਰਮਾਨ ਜਾਰੀ ਕਰਦੇ ਹਨ ਤੇ ਪੰਜਾਬੀ ਬੋਲਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ। ਕਿਸੇ ਬੱਚੇ ਨੂੰ ਆਪਣੀ ਮਾਂ-ਬੋਲੀ ਵਿਚ ਵਿਚਾਰ ਪ੍ਰਗਟ ਕਰਨ ਤੋਂ ਰੋਕਣਾ, ਮਾਨਸਿਕ ਤੌਰ 'ਤੇ ਉਸ 'ਤੇ ਜ਼ੁਲਮ ਕਰਨ ਬਰਾਬਰ ਹੈ। ਬਹੁਤੇ ਲੋਕ ਤਾਂ ਵਿਆਹਾਂ ਦੇ ਕਾਰਡ ਵੀ ਅੰਗਰੇਜ਼ੀ ਵਿਚ ਛਪਾ ਕੇ ਆਪਣੀ ਹਊਮੈ ਨੂੰ ਪੱਠੇ ਪਾ ਰਹੇ ਹਨ। ਜਿਸ ਬੋਲੀ 'ਚ ਉੱਚ ਪਾਏ ਦਾ ਲੋਕ-ਸਾਹਿਤ ਹੋਵੇ, ਗੁਰੂ ਸਾਹਿਬਾਨ ਦੀ ਰਚੀ ਬਾਣੀ ਹੋਵੇ, ਸੂਫੀ ਸਾਹਿਤ ਤੇ ਕਿੱਸਾ ਕਾਵਿ ਹੋਣ ਅਤੇ ਆਧੁਨਿਕ ਸਮਿਆਂ 'ਚ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿਚ ਰਚੇ ਸਾਹਿਤ ਦੀਆਂ ਮੁੱਲਵਾਨ ਕਿਰਤਾਂ ਹੋਣ, ਉਸ ਬੋਲੀ ਤੋਂ ਕੋਈ ਮੂੰਹ ਮੋੜ ਲਵੇ ਤਾਂ ਮਨ ਪੀੜੋ-ਪੀੜ ਹੋ ਉੱਠਦਾ ਹੈ।
ਹਿੰਦੀ ਦੇ ਰਾਸ਼ਟਰੀ ਭਾਸ਼ਾ ਹੋਣ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ, ਜਦਕਿ ਹਕੀਕਤ ਇਹ ਹੈ ਕਿ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ ਸਾਰੀਆਂ ਬੋਲੀਆਂ ਹੀ ਰਾਸ਼ਟਰੀ ਭਾਸ਼ਾਵਾਂ ਹਨ। ਭਾਰਤ ਦੀਆਂ 22 ਮਾਨਤਾ ਪ੍ਰਾਪਤ ਭਾਸ਼ਾਵਾਂ 'ਚ ਪੰਜਾਬੀ ਵੀ ਸ਼ਾਮਿਲ ਹੈ। ਅਸਲ ਵਿਚ ਇਹ ਸਾਰਾ ਕੁਝ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਦਿਖਾਈ ਜਾ ਰਹੀ ਗ਼ੈਰ-ਜ਼ਿੰਮੇਵਾਰੀ ਤੇ ਬੇਰੁਖ਼ੀ ਦੀ ਭਾਵਨਾ ਦਾ ਸਿੱਟਾ ਹੈ। ਪੰਜਾਬ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਕਾਮੇ ਪਰਿਵਾਰਾਂ ਸਮੇਤ ਵਸ ਗਏ ਹਨ। ਉਨ੍ਹਾਂ 'ਚੋਂ ਬਹੁਤੇ ਪੰਜਾਬੀ ਬੋਲੀ ਨੂੰ ਚੰਗੀ ਤਰ੍ਹਾਂ ਬੋਲ ਤੇ ਸਮਝ ਲੈਂਦੇ ਹਨ ਪਰ ਅਕਸਰ ਹੀ ਪੰਜਾਬੀ ਉਨ੍ਹਾਂ ਨਾਲ ਟੁੱਟੀ-ਫੁੱਟੀ ਹਿੰਦੀ-ਨੁਮਾ ਪੰਜਾਬੀ ਬੋਲ ਕੇ ਮਜ਼ਾਕ ਦੇ ਪਾਤਰ ਬਣਦੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਪ੍ਰਵਾਸੀ ਕਾਮਿਆਂ ਦੇ ਬੱਚੇ ਵੀ ਪੰਜਾਬੀ ਬੋਲ ਤੇ ਪੜ੍ਹ ਰਹੇ ਹਨ। ਪਰ ਦੂਜੇ ਪਾਸੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਚੰਡੀਗੜ੍ਹ ਵਿਚ ਵੀ ਪੰਜਾਬੀ ਬੋਲੀ ਦੀ ਸਥਿਤੀ ਬਦਤਰ ਬਣੀ ਹੋਈ ਹੈ।
ਅਜਿਹੀ ਨਾਖ਼ੁਸ਼ਗਵਾਰ ਸਥਿਤੀ ਵਿਚ ਬਹੁਤ ਉਦਾਸ ਹੈ ਪੰਜਾਬੀ ਮਾਂ-ਬੋਲੀ। ਉਸ ਦੇ ਆਪਣੇ ਜਾਇਆਂ ਨੇ ਹੀ ਉਸ ਕੋਲੋਂ ਮੂੰਹ ਮੋੜ ਲਿਆ ਹੈ। ਮਾਂ-ਬੋਲੀ ਪੰਜਾਬੀ ਦੀ ਅਮੀਰੀ ਨੂੰ ਮਾਣਨ ਲਈ ਇਸ ਨੂੰ ਬੋਲਣਾ ਤੇ ਇਸ ਵਿਚ ਰਚੇ ਸਾਹਿਤ ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ। ਬਿਨਾਂ ਸ਼ੱਕ ਅੰਗਰੇਜ਼ੀ ਸਿੱਖਣ ਵਿਚ ਕੋਈ ਬੁਰਾਈ ਨਹੀਂ ਪਰ ਪੰਜਾਬੀ ਦੀ ਬਲੀ ਦੇ ਕੇ ਅਜਿਹਾ ਕਰਨਾ ਮਾੜਾ ਰੁਝਾਨ ਹੈ। ਹਰ ਪੰਜਾਬੀ ਨੂੰ ਮਾਂ-ਬੋਲੀ 'ਤੇ ਮਾਣ ਹੋਣਾ ਚਾਹੀਦਾ ਹੈ। ਬਹੁਤ ਚਿਰ ਪਹਿਲਾਂ ਸਾਨੂੰ ਬੇਕਦਰਾਂ ਨੂੰ ਪੰਜਾਬੀ ਦੇ ਨਾਮਵਰ ਸ਼ਾਇਰ ਫ਼ਿਰੋਜ਼ਦੀਨ ਸ਼ਰਫ਼ ਨੇ ਵੀ ਮਾਂ-ਬੋਲੀ ਦੀ ਨਿੱਘਰੀ ਹਾਲਤ ਬਾਰੇ ਸੁਚੇਤ ਕੀਤਾ ਸੀ ਪਰ ਸ਼ਾਇਦ ਅਸੀਂ ਅਣਗੌਲਿਆਂ ਕਰ ਦਿੱਤਾ।
ਮੁੱਠਾਂ ਮੀਟ ਕੇ ਨੁੱਕਰੇ ਰਹਾਂ ਬੈਠੀ,
ਟੁੱਟੀ ਹੋਈ ਸਤਾਰ ਰਬਾਬੀਆਂ ਦੀ।
ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ,
ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।

ਸੰਪਰਕ : 98153-56086

Ad Position 22
No active advertisement
ਪਿਛਲੀ ਖ਼ਬਰ ਨਿਮਰਤਾ ਤੇ ਮਾਨਵਤਾ ਦੇ ਸੇਵਕ ਡਾ. ਦਲੀਪ ਸਿੰਘ ਅਗਲੀ ਖ਼ਬਰ ਟਰੰਪ ਦੀ ਕਿਰਕਿਰੀ
Ad Position 24
No active advertisement