16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਿਮਰਤਾ ਤੇ ਮਾਨਵਤਾ ਦੇ ਸੇਵਕ ਡਾ. ਦਲੀਪ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਇਸ ਧਰਤੀ 'ਤੇ ਸਮੇਂ-ਸਮੇਂ ਅਜਿਹੀਆਂ ਰੂਹਾਂ ਜਨਮ ਲੈਂਦੀਆਂ ਹਨ, ਜੋ ਆਪਣੇ ਜੀਵਨ ਦਾ ਹਰ ਸੁਆਸ ਮਾਨਵਤਾ ਦੀ ਸੇਵਾ ਤੇ ਅਕਾਲ ਪੁਰਖ ਦੇ ਭਾਣੇ 'ਚ ਬਤੀਤ ਕਰਦੀਆਂ ਹਨ। ਅਜਿਹੀ ਹੀ ਮਹਾਨ ਸ਼ਖ਼ਸੀਅਤ ਸਨ ਭਾਈ ਸਾਹਿਬ ਡਾ. ਦਲੀਪ ਸਿੰਘ ਜਿਨ੍ਹਾਂ ਦਾ ਜਨਮ 14 ਮਈ, 1948 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਅਜੀਤ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਹੋਇਆ। ਮਾਤਾ-ਪਿਤਾ ਵਲੋਂ ਮਿਲੀ ਗੁੜ੍ਹਤੀ ਤੇ ਧਾਰਮਿਕ ਸੰਸਕਾਰਾਂ ਕਰਕੇ ਉਹ ਬਚਪਨ ਤੋਂ ਹੀ ਗੰਭੀਰ ਤੇ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਨੇ ਫਾਰਮੇਸੀ ਦੀ ਪੜ੍ਹਾਈ ਚੁਣੀ ਤੇ ਮਿਹਨਤ ਸਦਕਾ ਉਸ ਸਮੇਂ ਦੇ ਸਾਂਝੇ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪੜ੍ਹਾਈ ਮੁਕੰਮਲ ਕਰਨ ਉਪਰੰਤ ਉਨ੍ਹਾਂ ਨੇ ਨਕੋਦਰ ਦੇ ਇਲਾਕੇ ਨੂੰ ਆਪਣੀ ਕਰਮ ਭੂਮੀ ਬਣਾਇਆ।
ਮਹਿਤਪੁਰ ਤੇ ਮੱਲ੍ਹੀਆਂ ਕਲਾਂ ਵਿਖੇ ਬਤੌਰ ਫਾਰਮਾਸਿਸਟ ਨੌਕਰੀ ਕਰਦਿਆਂ ਉਨ੍ਹਾਂ ਨੇ ਇਸ ਕਿੱਤੇ ਨੂੰ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ ਸਮਝਿਆ, ਸਗੋਂ ਇਸ ਨੂੰ 'ਦੁਖ ਭੰਜਨ ਤੇਰਾ ਨਾਮ' ਦੇ ਸੰਕਲਪ ਨਾਲ ਜੋੜਿਆ। ਉਨ੍ਹਾਂ ਲਈ ਮਰੀਜ਼ਾਂ ਦੀ ਸੇਵਾ ਹੀ ਰੱਬ ਦੀ ਸੇਵਾ ਸੀ। ਉਹ ਅਕਸਰ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੰਦੇ ਤੇ ਸਮੇਂ-ਸਮੇਂ 'ਤੇ ਮੁਫ਼ਤ ਮੈਡੀਕਲ ਕੈਂਪ ਲਗਾਉਂਦੇ। ਪੰਥਕ ਸਫਾਂ 'ਚ ਵਿਚਰਦਿਆਂ ਜਦੋਂ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੁਝ ਦੁਕਾਨਦਾਰਾਂ ਤੇ ਪ੍ਰਕਾਸ਼ਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਕੇਵਲ ਵਪਾਰ ਤੇ ਮੁਨਾਫ਼ੇ ਦਾ ਜ਼ਰੀਆ ਬਣਿਆ ਦੇਖਿਆ ਤਾਂ ਉਨ੍ਹਾਂ ਨੇ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਕਾਰਜ ਪੂਰਨ ਮਰਿਆਦਾ ਤੇ ਸਤਿਕਾਰ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਇਸ ਕਾਰਜ ਲਈ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਮਾਲੜੀ ਸਾਹਿਬ ਨੂੰ ਚੁਣਿਆ। ਸਮੇਂ ਦੇ ਨਾਲ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਛਪਾਈ ਬੰਦ ਕਰਨ ਦੇ ਸਭ ਨੂੰ ਹੁਕਮ ਹੋਏ ਤਾਂ ਉਨ੍ਹਾਂ ਉੱਥੇ ਹੀ ਸਾਰਾ ਕਾਰਜ ਬੰਦ ਕਰ ਦਿੱਤਾ।
ਉਨ੍ਹਾਂ ਨੇ ਹੋਰ ਸਿੰਘਾਂ ਨਾਲ ਮਿਲ ਕੇ ਸੇਵਕ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ਸੰਨ 1988 'ਚ ਸੇਵਕ ਪਬਲਿਕ ਹਾਈ ਸਕੂਲ ਨਕੋਦਰ ਦੀ ਨੀਂਹ ਰੱਖੀ। ਇਹ ਸਕੂਲ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਸੰਸਕਾਰਾਂ ਦੀ ਇਕ ਟਕਸਾਲ ਬਣ ਗਿਆ। ਉਨ੍ਹਾਂ ਦਾ ਸੁਪਨਾ ਸੀ ਕਿ ਇੱਥੇ ਪੜ੍ਹਨ ਵਾਲਾ ਹਰ ਬੱਚਾ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਨਾਲ ਵੀ ਜੁੜੇ। ਉਨ੍ਹਾਂ ਦਾ ਸੰਬੰਧ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਤੇ ਮਹਾਨ ਗੁਰਸਿੱਖ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਪਰਿਵਾਰ ਨਾਲ ਸੀ। ਉਨ੍ਹਾਂ ਨੇ ਵੀ ਕਈ ਧਾਰਮਿਕ ਪੁਸਤਕਾਂ ਪੰਥ ਦੀ ਝੋਲੀ ਪਾਈਆਂ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਪੁਸਤਕ 'ਤੇ ਆਪਣਾ ਨਾਂਅ ਨਹੀਂ ਲਿਖਿਆ। ਭਾਈ ਵੀਰ ਸਿੰਘ ਵਾਂਗ ਹੀ ਉਨ੍ਹਾਂ ਦੇ ਮਨ ਦੀ ਅਵਸਥਾ ਵੀ ਇਹੋ ਸੀ ਕਿ 'ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ।' ਉਨ੍ਹਾਂ ਦਾ ਮੰਨਣਾ ਸੀ ਕਿ ਇਹ ਲਿਖਣ ਦੀ ਦਾਤ ਗੁਰੂ ਦੀ ਹੈ ਤਾਂ ਫਿਰ ਮੈਂ ਆਪਣਾ ਨਾਂਅ ਕਿਉਂ ਛਾਪਾਂ? ਉਹ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਵੀ ਤਤਪਰ ਸਨ ਅਤੇ ਉਹ ਪਿੰਡ-ਪਿੰਡ ਜਾ ਕੇ ਕਥਾ ਕਰਦੇ ਸਨ ਤੇ ਸੰਗਤਾਂ ਨੂੰ ਧਾਰਮਿਕ ਸਾਹਿਤ ਤੇ ਪੁਸਤਕਾਂ ਵੰਡਿਆ ਕਰਦੇ ਸਨ ਤਾਂ ਜੋ ਆਮ ਲੋਕਾਈ ਗੁਰੂ ਦੇ ਸ਼ਬਦ ਤੇ ਗਿਆਨ ਨਾਲ ਜੁੜ ਸਕੇ। ਉਨ੍ਹਾਂ ਜੀਵਨ ਭਰ ਅਨੇਕਾਂ ਮਹਾਨ ਕਾਰਜ ਕੀਤੇ ਪਰ ਕਦੇ ਵੀ ਅਖਬਾਰਾਂ ਦੀਆਂ ਸੁਰਖੀਆਂ ਜਾਂ ਸਟੇਜਾਂ ਦਾ ਸ਼ਿੰਗਾਰ ਬਣਨ ਦੀ ਇੱਛਾ ਨਹੀਂ ਰੱਖੀ। ਉਨ੍ਹਾਂ ਦੀ ਨਿਮਰਤਾ ਇਕ ਘਟਨਾ ਪੇਸ਼ ਕਰਦੀ ਹੈ ਜਦੋ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਉਨ੍ਹਾਂ ਨੂੰ 'ਸੰਤ' ਦੀ ਉਪਾਧੀ ਦਿੱਤੀ ਤਾਂ ਉਨ੍ਹਾਂ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਗੁਰੂ ਦੇ ਸਿੱਖ ਤੇ ਸੇਵਕ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਦਾ ਜੀਵਨ ਨਾਮ-ਬਾਣੀ 'ਚ ਰੰਗਿਆ ਹੋਇਆ ਸੀ। ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਾ ਹਰ ਵਿਅਕਤੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ਸੀ।
ਅੰਤ ਉਹ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ 12 ਫਰਵਰੀ, 2026 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ 'ਚ ਜਾ ਬਿਰਾਜੇ। ਅੱਜ 22 ਫਰਵਰੀ 2026 ਨੂੰ ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸੇਵਕ ਪਬਲਿਕ ਹਾਈ ਸਕੂਲ, ਨਕੋਦਰ ਵਿਖੇ ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਉਨ੍ਹਾਂ ਦਾ ਵਿਛੋੜਾ ਸਮੁੱਚੇ ਪੰਥ, ਪਰਿਵਾਰ ਤੇ ਸੇਵਕ ਟਰੱਸਟ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭਾਈ ਸਾਹਿਬ ਡਾ. ਦਲੀਪ ਸਿੰਘ ਭਾਵੇਂ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਆਰੰਭੇ ਕਾਰਜ, ਉਨ੍ਹਾਂ ਦੀ ਸੋਚ ਤੇ ਉਨ੍ਹਾਂ ਦਾ ਸਾਦਗੀ ਭਰਿਆ ਜੀਵਨ ਹਮੇਸ਼ਾ ਸਾਨੂੰ ਪ੍ਰੇਰਨਾ ਦਿੰਦਾ ਰਹੇਗਾ।

ਮੋਬਾਈਲ : 98881-20180

Ad Position 22
No active advertisement
ਪਿਛਲੀ ਖ਼ਬਰ ਟਰੰਪ ਦੀ ਨਵੀਂ ਵਿਸ਼ਵ ਰਣਨੀਤੀ ਦੇ ਅਸਲ ਮਾਅਨੇ ਅਗਲੀ ਖ਼ਬਰ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ
Ad Position 24