ਮਸਜਿਦ ਢਾਹ ਦੇ ਮੰਦਰ ਢਾਹ ਦੇ
ਢਾਹ ਦੇ ਜੋ ਕੁਝ ਢਹਿੰਦਾ,
ਇਕ ਕਿਸੇ ਦਾ ਦਿਲ ਨਾ ਢਾਹਵੀਂ
ਰੱਬ ਦਿਲਾਂ ਵਿਚ ਰਹਿੰਦਾ।
ਭਾਵ ਮਸਜਿਦ, ਮੰਦਰ ਕੁਝ ਵੀ ਤੋੜ ਦੇਵੋ, ਪਰ ਕਿਸੇ ਇਨਸਾਨ ਦਾ ਦਿਲ ਨਾ ਤੋੜੋ ਕਿਉਂਕਿ ਉਸ ਵਿਚ ਰੱਬ ਵਸਿਆ ਹੋਇਆ ਹੈ। ਸਦੀਆਂ ਪਹਿਲਾਂ ਬੁੱਲ੍ਹੇ ਸ਼ਾਹ ਵਲੋਂ ਬੋਲੇ ਇਹ ਬੋਲ ਅੱਜ ਵੀ ਉਨੇ ਹੀ ਢੁਕਵੇਂ ਹਨ। ਪੰਜਾਬ ਦੇ ਸਭ ਤੋਂ ਮਹਾਨ ਸੂਫ਼ੀ ਕਵੀਆਂ 'ਚੋਂ ਇਕ ਬੁੱਲੇ ਸ਼ਾਹ ਲੋਕਾਂ ਨੂੰ ਰੂਮੀ ਦੀ ਯਾਦ ਦਿਵਾਉਂਦੇ ਹਨ। ਬੁੱਲ੍ਹੇ ਸ਼ਾਹ ਨੇ ਜਾਤ, ਨਸਲ ਤੇ ਧਰਮ ਦੀਆਂ ਤੰਗ ਰੁਕਾਵਟਾਂ ਨੂੰ ਰੱਦ ਕਰਕੇ ਸਾਰੇ ਧਰਮਾਂ ਤੋਂ 'ਇਸ਼ਕ ਜਾਂ ਵਿਸ਼ਵ ਵਿਆਪੀ ਮਾਨਵਤਾ' ਨੂੰ ਉੱਪਰ ਰੱਖਦਿਆਂ ਇਸੇ ਦਾ ਪ੍ਰਚਾਰ ਕੀਤਾ ਸੀ। ਸਾਂਝੀਵਾਲਤਾ ਤੇ ਸਦਭਾਵਨਾ ਦੇ ਪ੍ਰਤੀਕ ਬੁੱਲ੍ਹੇ ਸ਼ਾਹ ਦੀ ਦਰਗਾਹ ਨਾਲ ਹਾਲ ਹੀ ਉੱਤਰਾਖੰਡ ਦੇ ਮਸੂਰੀ ਵਿਚ ਕੁਝ ਸ਼ਰਾਰਤੀਆਂ ਵਲੋਂ ਭੰਨਤੋੜ ਕਰਨ ਨਾਲ ਵਿਆਪਕ ਰੋਸ ਪੈਦਾ ਹੋਇਆ ਤੇ ਇਸ ਸੂਫ਼ੀ ਵਿਰਾਸਤ ਦੀ ਰੱਖਿਆ ਕਰਨ ਦੀ ਮੰਗ ਉੱਠੀ ਹੈ।
24 ਜਨਵਰੀ ਨੂੰ ਦੇਰ ਰਾਤ ਕੁਝ ਲੋਕਾਂ ਨੇ ਇਸ ਢਾਂਚੇ ਦੀ ਭੰਨਤੋੜ ਕਰਦਿਆਂ ਇਕ ਦਾਨ ਪੇਟੀ ਤੋੜ ਕੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਤੇ ਧਾਰਮਿਕ ਕਿਤਾਬਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਕੁਝ ਦਿਨ ਪਹਿਲਾਂ ਬਜਰੰਗ ਦਲ ਦੇ ਕਾਰਕੁਨਾਂ ਨੇ ਇਸ ਦਰਗਾਹ ਅਤੇ ਹੋਰ ਧਾਰਮਿਕ ਸਥਾਨਾਂ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਸੀ ਕਿ ਇਹ ਸਕੂਲ ਜਾਂ ਜੰਗਲ ਦੀ ਜ਼ਮੀਨ 'ਤੇ ਢੁਕਵੀਂ ਪ੍ਰਵਾਨਗੀ ਤੋਂ ਬਿਨਾਂ ਬਣਾਏ ਗਏ ਹਨ। ਸੱਜੇ ਪੱਖੀ ਸਮੂਹ 'ਕਾਲੀ ਸੈਨਾ' ਨੇ ਫਿਰ ਬਿਆਨ ਜਾਰੀ ਕਰਕੇ ਚਿਤਾਵਨੀ ਦਿੱਤੀ ਕਿ ਮਸੂਰੀ ਵਿਚ ਬੁੱਲ੍ਹੇ ਸ਼ਾਹ ਦੀ ਪੁਰਾਣੀ ਮਜ਼੍ਹਾਰ ਨੂੰ ਦੁਬਾਰਾ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਸੰਗਠਨ ਦੇ ਸੂਬਾ ਕਨਵੀਨਰ ਭੁਪੇਸ਼ ਜੋਸ਼ੀ ਵਲੋਂ ਜਾਰੀ ਵੀਡੀਓ 'ਚ ਕਿਹਾ ਗਿਆ ਕਿ ਮਜ਼੍ਹਾਰ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਅਸੀਂ ਕੁੱਟਮਾਰ ਕਰਾਂਗੇ ਤੇ ਇਸ ਦੇ ਨੇੜੇ ਇਕ ਹਨੂੰਮਾਨ ਮੰਦਰ ਬਣਾਵਾਂਗੇ। ਇਹ ਬਿਆਨ ਬਾਬਾ ਬੁੱਲ੍ਹੇ ਸ਼ਾਹ ਕਮੇਟੀ ਦੇ ਪ੍ਰਧਾਨ ਰਜਤ ਅਗਰਵਾਲ ਦੇ ਐਲਾਨ ਤੋਂ ਬਾਅਦ ਆਇਆ, ਜਿਨ੍ਹਾਂ ਨੇ ਇਸ ਸਾਲ ਮਈ ਤੱਕ ਮਜ਼੍ਹਾਰ ਦੇ ਮੁੜ ਨਿਰਮਾਣ ਬਾਰੇ ਕਿਹਾ ਸੀ।
ਇਸ ਬਿਰਤਾਂਤ 'ਚੋਂ ਇਹੀ ਉੱਭਰਦਾ ਹੈ ਕਿ ਇਹ ਭਾਈਚਾਰਿਆਂ ਤੇ ਧਰਮਾਂ ਦੀ ਏਕਤਾ ਦੀ ਸਾਂਝੀ ਵਿਰਾਸਤ ਨੂੰ ਵਿਗਾੜਨ ਦੀ ਇਕ ਅਸਫ਼ਲ ਕੋਸ਼ਿਸ਼ ਹੈ। ਹਿੰਦੂ ਪਛਾਣ ਨੂੰ ਪਰਿਭਾਸ਼ਿਤ ਕਰਨ ਦੀ ਪ੍ਰਕਿਰਿਆ ਵਿਚ ਸਾਡੇ ਧਰਮ ਨਿਰਪੱਖ ਪਿਛੋਕੜ ਦੇ ਤਾਣੇ-ਬਾਣੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਬੁੱਲ੍ਹੇ ਸ਼ਾਹ ਇਕ ਸਾਧਕ ਸਨ, ਜਿਨ੍ਹਾਂ ਨੇ ਜਾਤ, ਧਰਮ ਤੇ ਪਿਤਰਸੱਤਾ ਦੇ ਵਿਰੁੱਧ ਹਮੇਸ਼ਾ ਬਗ਼ਾਵਤ ਕੀਤੀ। ਹਿੰਦੂ ਰਾਸ਼ਟਰਵਾਦ ਇਕ ਤਾਜ਼ਾ ਸੰਕਲਪ ਹੈ, ਜੋ ਸਾਡੇ ਦੇਸ਼ 'ਚ ਸੱਜੇ ਪੱਖੀਆਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਹ ਬ੍ਰਿਟਿਸ਼ ਸ਼ਾਸਨ ਸਮੇਂ ਪ੍ਰਫੁੱਲਿਤ ਹੋ ਰਿਹਾ ਸੀ, ਜਦੋਂ ਉਦਯੋਗ ਜੜ੍ਹਾਂ ਫੜ ਰਹੇ ਸਨ ਤੇ ਇਕ ਨਵਾਂ ਮਜ਼ਦੂਰ ਵਰਗ ਸਮਾਜਿਕ ਪ੍ਰਣਾਲੀ ਵਿਚ ਦਾਖ਼ਲ ਹੋ ਰਿਹਾ ਸੀ। ਜਦੋਂ ਬਸਤੀਵਾਦੀ ਏਕਤਾ ਨੂੰ ਤਬਾਹ ਕਰਨ ਲਈ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਵੀ ਏਕਤਾ ਜਾਂ ਧਰਮ ਨਿਰਪੱਖਤਾ ਦਾ ਇਹ ਸੰਕਲਪ ਹਮੇਸ਼ਾ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਬਣਿਆ ਰਿਹਾ।
ਬੁੱਲ੍ਹੇ ਸ਼ਾਹ ਸਾਂਝੀਵਾਲਤਾ ਦੇ ਮੋਹਰੀ ਝੰਡਾ ਬਰਦਾਰ ਸਨ, ਜਿਨ੍ਹਾਂ ਨੇ ਵਿਸ਼ਵਵਿਆਪੀ ਪਿਆਰ, ਕਲਾ, ਦਰਸ਼ਨ ਅਤੇ ਸੱਭਿਆਚਾਰ 'ਤੇ ਆਧਾਰਤ ਫੁੱਟ ਪਾਊ ਤਾਕਤਾਂ ਦੇ ਪ੍ਰਭਾਵ ਨੂੰ ਰੱਦ ਕੀਤਾ। ਉਹ ਹਮੇਸ਼ਾ ਚੁਣੌਤੀਆਂ ਦੇ ਵਿਰੁੱਧ ਖੜ੍ਹੇ ਰਹੇ। ਮੌਜੂਦਾ ਪਾਕਿਸਤਾਨ ਦੇ ਕਸੂਰ ਵਿਚ 1680 'ਚ ਜਨਮੇ ਬੁੱਲ੍ਹੇ ਸ਼ਾਹ ਦਾ ਪੂਰਾ ਨਾਂਅ ਸਯੱਦ ਅਬਦੁੱਲਾ ਸ਼ਾਹ ਕਾਦਰੀ ਸੀ। ਉਸ ਦੇ ਪੁਰਖੇ ਬਹਾਵਲਪੁਰ ਦੇ ਉੱਚ ਗਿਲਾਨੀਆਂ ਦੇ ਪਰਿਵਾਰ 'ਚੋਂ ਸਨ। ਉਨ੍ਹਾਂ ਦੇ ਪਿਤਾ ਸ਼ਾਹ ਮੁਹੰਮਦ ਦਰਵੇਸ਼ ਇਕ ਅਧਿਆਪਕ ਸਨ, ਜੋ ਉੱਚ ਜਾਤੀ ਦੇ ਸਯੱਦ ਅਤੇ ਅਰਬੀ, ਫਾਰਸੀ ਤੇ ਕੁਰਾਨ ਦੇ ਚੰਗੇ ਜਾਣਕਾਰ ਸਨ, ਜਿਨ੍ਹਾਂ ਦੀ ਬਰਸੀ (ਉਰਸ) ਅੱਜ ਵੀ ਪੰਡੋਕੇ ਭੱਟੀਆਂ 'ਚ ਮਨਾਈ ਜਾਂਦੀ ਹੈ। ਪਰ ਬੁੱਲ੍ਹੇ ਸ਼ਾਹ ਨੇ ਆਪਣੀ ਸਯੱਦ ਕੁੱਲ ਨੂੰ ਬਹੁਤਾ ਮਹਤੱਵ ਨਹੀਂ ਦਿੱਤਾ। ਉਨ੍ਹਾਂ ਕਸੂਰ ਦੇ ਹਜ਼ਰਤ ਗੁਲਾਮ ਮੁਰਤਜ਼ਾ ਦੇ ਮੁੱਖ ਸਿੱਖਿਆ ਕੇਂਦਰ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ, ਜਿਸ ਕੋਲੋਂ ਉਨ੍ਹਾਂ ਦੇ ਸਮਕਾਲੀ ਮਸ਼ਹੂਰ ਕਿੱਸਾਕਾਰ ਵਾਰਿਸ ਸ਼ਾਹ ਵੀ ਪੜ੍ਹੇ ਸਨ। ਬੁੱਲ੍ਹੇ ਸ਼ਾਹ ਨੇ ਬਾਅਦ ਵਿਚ ਬਟਾਲਾ ਵਿਖੇ ਕਾਦਰੀਆ ਸਿਲਸਿਲਾ (ਸਕੂਲ) ਅਧੀਨ ਅਧਿਆਤਮਕ ਪੜ੍ਹਾਈ ਕੀਤੀ, ਜੋ 12ਵੀਂ ਸਦੀ ਵਿਚ ਬਗ਼ਦਾਦ 'ਚ ਅਬਦੁਲ ਕਾਦਿਰ ਗਿਲਾਨੀ ਦੁਆਰਾ ਸਥਾਪਤ ਸੁੰਨੀ ਸੂਫ਼ੀ ਕ੍ਰਮ ਦੀ ਇਕ ਮੁੱਖ ਸ਼ਾਖਾ ਸੀ।
ਬੁੱਲ੍ਹੇ ਸ਼ਾਹ ਦੇ ਵਿਦਰੋਹ ਦਾ ਦੂਜਾ ਮੰਤਵ ਧਾਰਮਿਕ ਕੱਟੜਤਾ ਨੂੰ ਨਿਸ਼ਾਨਾ ਬਣਾਉਣਾ ਸੀ। ਉਨ੍ਹਾਂ ਹੱਜ, ਰਮਜ਼ਾਨ ਦੌਰਾਨ ਵਰਤ ਰੱਖਣ, ਸ਼ਰੀਅਤ ਕਾਨੂੰਨਾਂ ਤੇ ਰੋਜ਼ਾਨਾ ਨਮਾਜ਼ ਪੜ੍ਹਨ ਨੂੰ ਨਜ਼ਰਅਦੰਜ਼ ਕਰਕੇ ਮੌਕੇ ਦੇ ਮੌਲਵੀਆਂ ਨੂੰ ਨਾਰਾਜ਼ ਕਰ ਲਿਆ। ਉਨ੍ਹਾਂ ਨੇ ਆਪਣੀ ਪਿਤਰਸੱਤਾ ਨੂੰ ਚੁਣੌਤੀ ਦਿੰਦਿਆਂ ਤੀਜੀ ਬਗ਼ਾਵਤ ਕੀਤੀ। ਉਸ ਨੇ ਰਵਾਇਤੀ ਹਰੇ ਇਸਲਾਮੀ ਪਹਿਰਾਵੇ ਨੂੰ ਤਿਲਾਂਜਲੀ ਦੇ ਕੇ ਗੁਲਾਬੀ ਰੰਗ ਦੇ ਕੱਪੜੇ ਪਾਏ ਤੇ ਨੱਚ-ਗਾ ਕੇ ਆਪਣਾ ਰੁੱਸਿਆ ਮੁਰਸ਼ਦ (ਗੁਰੂ) ਮਨਾਇਆ। ਉਨ੍ਹਾਂ ਨੇ ਔਰਤਾਂ ਨੂੰ ਜ਼ੁਲਮ ਨਾ ਸਹਿਣ ਲਈ ਪ੍ਰੇਰਿਆ। ਬੁੱਲ੍ਹੇ ਸ਼ਾਹ ਨੇ ਨਾਥਾਂ-ਯੋਗੀਆਂ ਤੋਂ ਵੀ ਪ੍ਰੇਰਨਾ ਲਈ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਲੋਕ ਯੋਗ ਅਭਿਆਸ ਰਾਹੀਂ ਨਾਲ ਜੋੜਦੇ ਹਨ। ਉਨ੍ਹਾਂ ਭਗਤੀ ਲਹਿਰ ਤੋਂ ਪ੍ਰੇਰਨਾ ਲੈਂਦਿਆ ਮੁਰਸ਼ਦ ਨੂੰ ਰੱਬ ਬਰਾਬਰ ਮੰਨਿਆ। ਅਜਿਹੇ ਦਰਵੇਸ਼ ਦੀ ਮਜ਼੍ਹਾਰ ਤੋੜਨਾ ਭਾਰਤ ਵਿਚ ਅਮਨ ਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੋਵੇਗੀ, ਜਿਸ ਪ੍ਰਤੀ ਦੇਸ਼ਵਾਸੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
-(ਆਈ.ਪੀ.ਏ. ਸਰਵਿਸ)