14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜੰਗ ਰੁਕਵਾਉਣ 'ਚ ਅਸਫ਼ਲ ਰਿਹਾ ਸੰਯੁਕਤ ਰਾਸ਼ਟਰ ਸੰਘ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੇ ਮਤਾ ਨੰ. 2817 (2026) ਰਾਹੀਂ ਈਰਾਨ ਵਲੋਂ ਗੁਆਂਢੀ ਮੁਲਕਾਂ 'ਤੇ ਕੀਤੇ ਭਿਆਨਕ ਹਮਲਿਆਂ ਦੀ ਨਿੰਦਾ ਕੀਤੀ ਹੈ, ਪਰ ਇਸ ਜੰਗ ਨੂੰ ਰੁਕਵਾਉਣ ਵਿਚ ਉਹ ਕੋਈ ਅਸਰਦਾਰ ਭੂਮਿਕਾ ਨਹੀਂ ਨਿਭਾਅ ਸਕੀ ਤੇ ਨਾ ਹੀ ਉਹ ਅਮਰੀਕਾ ਨੂੰ ਯੁੱਧ ਰੋਕਣ ਲਈ ਪ੍ਰੇਰਿਤ ਕਰ ਸਕੀ ਹੈ। ਸੁਰੱਖਿਆ ਪ੍ਰੀਸ਼ਦ ਨੇ ਮੱਧ ਪੂਰਬ 'ਚ ਤੇਜ਼ੀ ਨਾਲ ਵਧ ਰਹੀ ਹਿੰਸਾ ਦੌਰਾਨ ਈਰਾਨ ਵਲੋਂ ਆਪਣੇ ਗੁਆਂਢੀਆਂ ਵਿਰੁੱਧ ਕੀਤੇ ਹਮਲਿਆਂ ਲਈ ਤਾਂ ਨਿੰਦਾ ਦਾ ਮਤਾ ਲਿਆਂਦਾ, ਪਰ ਰੂਸ ਦੇ ਦੂਜੇ ਖਰੜੇ ਨੂੰ ਰੱਦ ਕਰ ਦਿੱਤਾ। ਇਹ ਮਤਾ ਇਜ਼ਰਾਈਲ ਤੇ ਅਮਰੀਕਾ ਵਲੋਂ ਈਰਾਨ ਵਿਰੁੱਧ 28 ਫਰਵਰੀ ਨੂੰ ਕੀਤੇ ਹਵਾਈ ਹਮਲਿਆਂ ਨਾਲ ਸ਼ੁਰੂ ਹੋਈ ਜੰਗ ਬਾਰੇ ਸੀ, ਜੋ 2 ਹਫ਼ਤਿਆਂ ਦੇ ਅੰਦਰ ਮੱਧ ਪੂਰਬ ਦੇ ਲਗਭਗ ਇਕ ਦਰਜਨ ਦੇਸ਼ਾਂ ਵਿਚ ਫੈਲ ਗਈ ਸੀ। ਪਹਿਲੇ ਮਤੇ 'ਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੇ ਜਾਰਡਨ ਵਿਰੁੱਧ ਈਰਾਨ ਦੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਇਨ੍ਹਾਂ ਦੇਸ਼ਾਂ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਰਾਜਨੀਤਕ ਆਜ਼ਾਦੀ ਲਈ ਆਪਣੇ ਸਮਰਥਨ ਨੂੰ ਦੁਹਰਾਉਂਦਿਆਂ ਮੰਗ ਕੀਤੀ ਗਈ ਹੈ ਕਿ ਈਰਾਨ ਸਮੁੰਦਰੀ ਵਪਾਰ ਮਾਰਗ 'ਚ ਦਖਲ ਦੇਣ ਵਾਲੀਆਂ ਧਮਕੀਆਂ, ਭੜਕਾਹਟ ਭਰੀਆਂ ਕਾਰਵਾਈਆਂ ਨੂੰ ਬੰਦ ਕਰੇ। ਡੈਨਮਾਰਕ ਦੇ ਪ੍ਰਤੀਨਿਧੀ ਨੇ ਈਰਾਨ ਦੇ ਹਮਲਿਆਂ ਦੀ ਨਿੰਦਾ ਕੀਤੀ ਤੇ ਹਮਲੇ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹਰ ਦਿਨ ਬੀਤਣ ਨਾਲ ਅਸੀਂ ਪਹਿਲਾਂ ਤੋਂ ਅਸਥਿਰ ਤੇ ਤਣਾਅਪੂਰਨ ਸਥਿਤੀ ਦੇ ਹੋਰ ਨੇੜੇ ਹੋਣ ਦੇ ਗਵਾਹ ਬਣ ਰਹੇ ਹਾਂ। ਫਰਾਂਸ ਦੇ ਪ੍ਰਤੀਨਿਧ ਨੇ ਕਿਹਾ ਕਿ ਖੇਤਰੀ ਸੁਰੱਖਿਆ ਲਈ ਗੰਭੀਰ ਜੋਖਮ ਪੈਦਾ ਕਰ ਰਿਹਾ ਇਹ ਯੁੱਧ ਹੁਣ ਖ਼ਤਮ ਹੋਣਾ ਚਾਹੀਦਾ ਹੈ। ਸਿਰਫ਼ ਅੰਤਰਰਾਸ਼ਟਰੀ ਕਾਨੂੰਨ ਤੇ ਕੂਟਨੀਤੀ ਦਾ ਸਤਿਕਾਰ ਹੀ ਖੇਤਰ ਦੀ ਸਥਾਈ ਸੁਰੱਖਿਆ ਤੇ ਸਥਿਰਤਾ ਨੂੰ ਯਕੀਨੀ ਬਣਾ ਸਕਦਾ ਹੈ। ਤਹਿਰਾਨ ਨੇ ਯੁੱਧ ਦਾ ਵੱਡਾ ਵਿਸਥਾਰ ਕੀਤਾ ਹੈ ਅਤੇ ਫਰਾਂਸ ਲੰਬੇ ਸਮੇਂ ਤੋਂ ਈਰਾਨ ਦੇ ਪ੍ਰਮਾਣੂ ਖਤਰਿਆਂ ਤੇ ਖੇਤਰੀ ਪ੍ਰੌਕਸੀਆਂ ਲਈ ਇਸ ਦੇ ਸਮਰਥਨ ਤੋਂ ਚਿੰਤਤ ਹੈ। ਲਾਇਬੇਰੀਆ ਦੇ ਪ੍ਰਤੀਨਿਧੀ ਨੇ ਕਾਂਗੋ ਅਤੇ ਸੋਮਾਲੀਆ ਲਈ ਵੀ ਬੋਲਦਿਆਂ ਕਿਹਾ ਕਿ ਅਸੀਂ ਮੱਧ ਪੂਰਬ ਵਿਚ ਸ਼ਾਂਤੀ ਤੇ ਸਥਿਰਤਾ ਦੇ ਵਿਹਾਰਕ ਰਸਤੇ ਵਜੋਂ ਕੂਟਨੀਤੀ, ਗੱਲਬਾਤ, ਤਣਾਅ ਘਟਾਉਣ ਤੇ ਅੰਤਰਰਾਸ਼ਟਰੀ ਕਾਨੂੰਨ ਪ੍ਰਤੀ ਸਤਿਕਾਰ ਤੇ ਆਪਣੀ ਸਿਧਾਂਤਕ ਵਚਨਬੱਧਤਾ ਪ੍ਰਗਟਾਉਣ ਲਈ ਮਤੇ ਦੇ ਹੱਕ ਵਿਚ ਵੋਟ ਦਿੱਤੀ ਹੈ। ਇੰਗਲੈਂਡ, ਗ੍ਰੀਸ, ਪਨਾਮਾ, ਲਾਤਵੀਆ ਤੇ ਕੋਲੰਬੀਆ ਦੇ ਪ੍ਰਤੀਨਿਧੀਆਂ ਨੇ ਵੀ ਇਸ ਮਤੇ ਦਾ ਸਮਰਥਨ ਕੀਤਾ। ਪਰ ਸੁਰੱਖਿਆ ਪ੍ਰੀਸ਼ਦ ਨੇ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ਵਿਰੁੱਧ ਛੇੜੀ ਜੰਗ ਦੀ ਨਿੰਦਾ ਕਰਨ ਲਈ ਰੂਸ ਦੇ ਮਤੇ ਨੂੰ ਤਾਂ ਰੱਦ ਕੀਤਾ ਹੀ ਹੈ, ਅਮਰੀਕਾ ਤੇ ਇਜ਼ਰਾਈਲ ਦੀਆਂ ਹਮਲਾਵਰ ਨੀਤੀਆਂ ਜੋ ਜੰਗ ਦਾ ਕਾਰਨ ਬਣੀਆਂ, ਉਨ੍ਹਾਂ ਖ਼ਿਲਾਫ਼ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੇ ਕੋਈ ਸਟੈਂਡ ਨਹੀਂ ਲਿਆ, ਇਸ ਤੋਂ ਪਤਾ ਲਗਦਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੀ ਮਹਾਂਸਭਾ ਤੇ ਸੁਰੱਖਿਆ ਪ੍ਰੀਸ਼ਦ ਦੋਵੇਂ ਅਦਾਰੇ ਕਿਸ ਹੱਦ ਤੱਕ ਆਪਣੀ ਸਾਰਥਿਕਤਾ ਗੁਆ ਚੁੱਕੇ ਹਨ।
ਟੁੱਟਣ ਲੱਗਾ ਟਰੰਪ ਦਾ ਮੈਗਾ ਸੁਪਨਾ
ਇੰਝ ਲਗਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੈਗਾ (ਮੇਕ ਅਮੈਰਿਕਾ ਗ੍ਰੇਟ ਅਗੇਨ) ਹਕੀਕਤ ਨਾਲੋਂ ਸੰਪਰਕ ਟੁੱਟ ਗਿਆ ਹੈ, ਕਿਉਂਕਿ ਉਨ੍ਹਾਂ ਦੇ ਸੈਚੁਏਸ਼ਨ ਰੂਮ ਵਿਚ ਰਿਪੋਰਟ ਕੀਤੇ ਗਏ ਵਿਵਹਾਰ ਨੇ ਨਵੀਆਂ ਸਿਹਤ ਚਿੰਤਾਵਾਂ ਪੈਦਾ ਕੀਤੀਆਂ ਹਨ। ਟਰੰਪ ਨੇ ਜਦੋਂ 'ਮੈਗਾ' ਨਾਅਰੇ ਨਾਲ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ ਤਾਂ ਅਮਰੀਕਨ ਸੁਪਨਿਆਂ ਦੀ ਇਕ ਨਵੀਂ ਦੁਨੀਆਂ ਵਿਚ ਗੁਆਚਦੇ ਨਜ਼ਰ ਆਏ ਸਨ, ਪਰ ਵਰਤਮਾਨ ਹਾਲਾਤ ਨੇ ਅਮਰੀਕਨਾਂ ਤੇ ਰਿਪਬਲਿਕਨਾਂ ਅੰਦਰ ਇਸ ਸੁਪਨੇ ਦੇ ਟੁੱਟਣ ਦਾ ਡਰ ਪੈਦਾ ਕਰ ਦਿੱਤਾ ਹੈ। ਜਦੋਂ ਅਮਰੀਕੀ ਫੌਜਾਂ ਨੇ ਜਨਵਰੀ ਵਿਚ ਇਕ ਦਲੇਰਾਨਾ ਛਾਪੇਮਾਰੀ ਦੌਰਾਨ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਟਰੰਪ ਨੇ ਸ਼ੇਖੀ ਮਾਰਦਿਆਂ ਕਿਹਾ ਸੀ ਕਿ ਉਸ ਨੇ ਇਸ ਸਾਰੇ ਮਿਸ਼ਨ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦੇ ਹੋਏ ਵੇਖਿਆ ਹੈ ਤੇ ਇਹ ਇਕ ਟੀਵੀ ਸ਼ੋਅ ਦੇਖਣ ਵਰਗਾ ਸੀ। ਸ਼ਾਇਦ ਇਸੇ ਕਰਕੇ ਇਸ 79 ਸਾਲਾ ਬਜ਼ੁਰਗ ਨੂੰ ਈਰਾਨ ਨਾਲ ਆਪਣੇ ਟਕਰਾਅ ਦੇ ਅਜਿਹੇ ਧਮਾਕੇ ਭਰੇ ਫੁਟੇਜ ਨੂੰ ਦੇਖਣ ਦਾ ਜਨੂੰਨ ਜਾਗਿਆ ਹੋਵੇਗਾ। ਆਇਰਿਸ਼ ਸਟਾਰ ਦੀ ਇਕ ਰਿਪੋਰਟ ਅਨੁਸਾਰ ਜਦੋਂ ਓਪਰੇਸ਼ਨ ਐਪਿਕ ਫਿਊਰੀ 28 ਫਰਵਰੀ ਨੂੰ ਈਰਾਨ 'ਤੇ ਅਮਰੀਕਾ ਤੇ ਇਜ਼ਰਾਈਲ ਦੇ ਪਹਿਲੇ ਸਾਂਝੇ ਹਮਲੇ ਨਾਲ ਸ਼ੁਰੂ ਹੋਇਆ ਤਾਂ ਟਰੰਪ ਨੇ ਵ੍ਹਾਈਟ ਹਾਊਸ ਸੈਚੁਏਸ਼ਨ ਰੂਮ ਵਿਚ ਆਪਣੇ ਅੰਦਰੂਨੀ ਸਰਕਲ ਨਾਲ ਰੁਟੀਨ ਬ੍ਰੀਫਿੰਗਾਂ ਕੀਤੀਆਂ। ਭਾਵੇਂ ਇਨਾਂ ਬ੍ਰੀਫਿੰਗਾਂ ਦੀ ਪ੍ਰਗਤੀ ਨੇ ਕਥਿਤ ਤੌਰ 'ਤੇ ਵਾਸ਼ਿੰਗਟਨ ਵਿਚ ਬਹੁਤ ਸਾਰੇ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ, ਕਿਉਂਕਿ ਟਰੰਪ ਨੂੰ ਵਿਨਾਸ਼ ਪੋਰਨ ਵੇਖਣ ਦੀ ਆਦਤ ਪੈ ਗਈ ਹੈ, ਜੋ ਉਸ ਦੇ ਫ਼ੈਸਲੇ ਲੈਣ 'ਤੇ ਮਾੜਾ ਪ੍ਰਭਾਵ ਪਾ ਰਹੀ ਹੈ। ਹੁਣ ਚਿੰਤਾ ਇਹ ਹੈ ਕਿ ਗ੍ਰਾਫਿਕ ਫੁਟੇਜ ਯੁੱਧ ਦੀ ਪ੍ਰਗਤੀ ਸੰਬੰਧੀ ਟਰੰਪ ਦੀ ਸਮਝ ਨੂੰ ਵਿਗਾੜ ਰਹੀ ਹੈ ਅਤੇ ਉਸ ਨੇ ਈਰਾਨ ਯੁੱਧ ਦੀ ਫੁਟੇਜ ਤੋਂ ਪਰੇਸ਼ਾਨ ਹੋਣ ਦਾ ਇਕਬਾਲ ਵੀ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਬੋਧਾਤਮਕ ਸਮਰੱਥਾ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ।
ਟਰੱਕ ਉਦਯੋਗ ਤੱਕ ਪੁੱਜਾ ਜੰਗ ਦਾ ਸੇਕ
ਅਮਰੀਕਾ ਦੇ ਟਰੱਕ ਉਦਯੋਗ 'ਚ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਜਦੋਂ ਵੀ ਕੋਈ ਪੰਜਾਬੀ ਪੁੱਤ ਪੱਕਾ ਹੋ ਕੇ ਟਰਾਲਾ (ਟਰੱਕ) ਚਲਾਉਣ ਲਗਦਾ ਹੈ ਤਾਂ ਪਿੱਛੇ ਘਰ 'ਚ ਖੁਸ਼ੀਆਂ ਤੇ ਆਰਥਿਕ ਖੁਸ਼ਹਾਲੀ ਦੀਆਂ ਆਸਾਂ ਨੂੰ ਬੂਰ ਪੈਣ ਦੀਆਂ ਸੰਭਾਵਨਾਵਾਂ ਵਧਣ ਲਗਦੀਆਂ ਹਨ। ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬੀ ਗਾਇਕਾਂ ਨੇ ਟਰਾਲੇ 'ਤੇ ਬੜੇ ਗੀਤ ਗਾਏ, ਜੋ ਹਿੱਟ ਵੀ ਹੋਏ ਹਨ, ਜਿਵੇਂ- ਜੱਟ ਨੇ ਟਰਾਲਾ ਪਾਉਣਾ ਏ ਡਾਲੇ 'ਤੇ ਗੌਤ ਲਿਖਾਉਣਾ ਏ× , ਤੇਰੀ ਵੀ ਡਰਾਈਵਰਾ 'ਮਰੀਕਾ ਵਾਲਿਆਂ ਕਿੱਥੇ ਜਾਂਦੀ ਤਨਖਾਹ। ਪਰ ਕਿਸ ਨੂੰ ਭੁੱਲਿਆ ਹੈ ਕਿ ਐਤਕੀਂ ਟਰੰਪ ਨੇ ਆਉਂਦੇ ਸਾਰ ਪਹਿਲਾਂ ਕੱਚੇ ਪ੍ਰਵਾਸੀਆਂ/ਪੰਜਾਬੀਆਂ ਦੀ ਫੜੋ-ਫੜੀ ਕਰਦਿਆਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ 2 ਪੰਜਾਬੀ ਟਰੱਕ ਡਰਾਇਵਰਾਂ ਵਲੋਂ ਵੱਡੀਆਂ ਦੁਰਘਟਨਾਵਾਂ ਕਰਨ ਨਾਲ ਪਹਿਲਾਂ ਤੋਂ ਝੰਭੀ ਪੰਜਾਬੀ ਟਰੱਕ ਇੰਡਸਟਰੀ ਨੂੰ ਹੋਰ ਝਟਕਾ ਲੱਗ ਗਿਆ। ਹੁਣ ਈਰਾਨ ਖ਼ਿਲਾਫ਼ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਟਰੱਕ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ। ਲਗਦਾ ਹੈ ਕਿ ਕਿਤੇ ਇਹ ਗੀਤ ਨਾ ਲਿਖੇ ਜਾਣ ਲੱਗ ਪੈਣ ਕਿ-ਹੁਣ ਜੱਟ ਨੇ ਟਰਾਲਾ ਪਾਉਣਾ ਈ ਨੀ× । ਆਪਾਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ 'ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਟਰੱਕ ਕਾਰੋਬਾਰ ਦਾ ਤਾਜ਼ਾ ਵਿਸ਼ਲੇਸ਼ਣ ਸਾਂਝਾ ਕਰਦੇ ਹਾਂ। ਜ਼ਿਆਦਾਤਰ ਅਮਰੀਕੀ ਸਾਮਾਨ ਦੀ ਢੋਆ-ਢੁਆਈ ਡੀਜ਼ਲ ਵਾਲੇ ਟਰੱਕਾਂ ਰਾਹੀਂ ਹੁੰਦੀ ਹੈ, ਡੀਜ਼ਲ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਵੱਧ ਭਾਅ ਪ੍ਰਤੀ ਗੈਲਨ 6.5 ਡਾਲਰ ਤੱਕ ਪਹੁੰਚ ਗਈ ਹੈ ਜਦਕਿ ਟਰੱਕਾਂ ਦੇ ਭਾੜੇ 'ਚ ਨਾ-ਮਾਤਰ ਵਾਧਾ ਹੋਇਆ ਹੈ। ਪਹਿਲਾਂ ਟਰੱਕ ਦਾ ਤੇਲ ਟੈਂਕਰ 700 ਡਾਲਰ 'ਚ ਭਰਦਾ ਸੀ, ਜਿਸ ਦੇ ਇਕਦਮ 1000 ਡਾਲਰ 'ਤੇ ਪੁੱਜਣ ਨਾਲ ਟਰੱਕ ਉਦਯੋਗ ਨੂੰ ਵੱਡੀ ਢਾਹ ਲੱਗੀ ਹੈ। ਜੰਗ ਤੋਂ ਪਹਿਲਾਂ ਡਰਾਈਵਰ ਦੀ ਤਨਖਾਹ ਤੋਂ ਬਾਅਦ ਡੀਜ਼ਲ ਹੀ ਟਰੱਕਿੰਗ ਕੰਪਨੀਆਂ ਲਈ ਦੂਜਾ ਸਭ ਤੋਂ ਵੱਡਾ ਖਰਚਾ ਹੁੰਦਾ ਸੀ, ਪਰ ਹੁਣ ਸਭ ਕੁਝ ਤੇਲ ਦੁਆਲੇ ਹੀ ਲਪੇਟਿਆ ਗਿਆ ਹੈ।
ਕੈਲੀਫੋਰਨੀਆ ਵਿਚ ਇਕ ਗੈਲਨ ਡੀਜ਼ਲ ਦੀ ਔਸਤ ਕੀਮਤ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਨਾਲ ਰਾਜ ਦੇ ਖੇਤੀਬਾੜੀ ਉਦਯੋਗ 'ਤੇ ਵੀ ਕਾਫ਼ੀ ਦਬਾਅ ਵਧਿਆ ਹੈ। ਵੱਡੇ ਕਿਸਾਨ ਬ੍ਰੈਂਡਨ ਸਵਾਸਿੰਕ ਦੀ ਰੋਜ਼ਾਨਾ ਖਪਤ ਲਗਭਗ 1,000 ਗੈਲਨ ਡੀਜ਼ਲ ਹੋਣ ਕਾਰਨ ਉਨ੍ਹਾਂ ਦੀ ਲਾਗਤ ਬਹੁਤ ਵਧ ਗਈ ਹੈ, ਜਦਕਿ ਐਰੋਨ ਡੇਵਿਸ ਵਰਗੇ ਟਰੱਕਰ ਨੂੰ ਵੀ ਵਾਹਨਾਂ 'ਚ ਡੀਜ਼ਲ ਭਰਨ ਲਈ ਰੋਜ਼ਾਨਾ ਚੋਖਾ ਭੁਗਤਾਨ ਕਰਨਾ ਪੈ ਰਿਹਾ ਹੈ। ਖੇਤੀਬਾੜੀ ਖੇਤਰ ਕੈਲੀਫੋਰਨੀਆ ਦਾ ਵੱਡਾ ਆਰਥਿਕ ਧੁਰਾ ਹੈ ਤੇ ਡੀਜ਼ਲ ਦੀਆਂ ਉੱਚ ਕੀਮਤਾਂ ਕਿਸਾਨਾਂ ਤੇ ਟਰੱਕ ਮਾਲਕਾਂ 'ਤੇ ਦਬਾਅ ਵਧਾ ਰਹੀਆਂ ਹਨ, ਕਿਉਂਕਿ ਉਪਕਰਨਾਂ ਤੇ ਵਾਹਨਾਂ ਨੂੰ ਚਲਾਉਣ ਲਈ ਉਹ ਡੀਜ਼ਲ 'ਤੇ ਬਹੁਤ ਜ਼ਿਆਦਾ ਨਿਰਭਰ ਹਨ। ਇਹ ਰੁਝਾਨ ਜਾਰੀ ਰਿਹਾ ਤਾਂ ਕੁਝ ਖੇਤੀਬਾੜੀ ਕਾਰਜਾਂ ਦੀ ਵਿਵਹਾਰਕਤਾ 'ਤੇ ਬੁਰਾ ਪ੍ਰਭਾਵ ਪੈਣ ਦੇ ਪੱਕੇ ਆਸਾਰ ਹਨ। ਡੀਜ਼ਲ ਦੀ ਵਧਦੀ ਕੀਮਤ ਉਪਕਰਨਾਂ, ਖਾਦਾਂ ਤੇ ਹੋਰ ਸਮਾਨ ਦੀਆਂ ਕੀਮਤਾਂ ਨੂੰ ਵੀ ਵਧਾ ਰਹੀ ਹੈ।

ਈ-ਮੇਲ : ashokbhaura@gmail.com

Ad Position 22
No active advertisement
ਪਿਛਲੀ ਖ਼ਬਰ 04-04-26 ਅਗਲੀ ਖ਼ਬਰ ਨਕਸਲਵਾਦ ਦੇ ਸਮਾਜਿਕ ਕਾਰਨ ਖ਼ਤਮ ਨਹੀਂ ਹੋਏ
Ad Position 24