ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਹਿਜ ਸੰਚਾਰ ਦਾ ਸਵਾਮੀ ਸੁਰਜੀਤ ਪਾਤਰ

Ad Position 21
No active advertisement
ਅਜੀਤ ਡੈਸਕ 05-04-2026

ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
ਐਵੇਂ ਲੰਘ ਜਾਨੈ, ਪਾਣੀ ਕਦੇ 'ਵਾ ਬਣ ਕੇ।
ਉਪਰੋਕਤ ਬੋਲਾਂ ਵਾਲਾ ਸੁਰਜੀਤ ਪਾਤਰ 11 ਮਈ 2024 ਨੂੰ ਸਦਾ ਲਈ ਅਲਵਿਦਾ ਕਹਿ ਗਿਆ ਸੀ। ਉਸ ਦੀਆਂ ਅਣਛਪੀਆਂ ਰਚਨਾਵਾਂ 'ਰੱਬ, ਰੋਟੀ, ਭਾਸ਼ਾ ਤੇ ਰਾਗ' ਲੋਕ ਗੀਤ ਪ੍ਰਕਾਸ਼ਨ ਮੁਹਾਲੀ ਨੇ ਸੁੰਦਰ ਦਿੱਖ ਵਾਲੀ ਜਿਲਦ ਹੇਠ (ਪੰਨੇ 190, ਮੁੱਲ 350 ਰੁਪਏ) ਵਿਚ ਜਾਰੀ ਕਰਕੇ ਜੱਸ ਖੱਟਿਆ। ਇਸ ਦੇ ਪਹਿਲੇ 22 ਪੰਨੇ ਰੱਬ ਤੇ ਰੋਟੀ ਦੀ ਬਾਤ ਪਾਉਂਦੇ ਪਾਤਰ ਦੇ ਬੋਲਾਂ ਨੂੰ ਵਡਿਆਉਂਦੇ ਹਨ ਤੇ ਇਨ੍ਹਾਂ ਦੇ ਸਵਾਗਤ ਵਿਚ ਲਿਖੇ ਉਸ ਦੀ ਪਿੱਛੇ ਰਹਿ ਗਈ ਜੀਵਨ ਸਾਥਣ ਭੁਪਿੰਦਰ ਪਾਤਰ ਦੇ 'ਉਦਾਸ ਬੋਲ' ਲੇਖਕ ਦੇ ਮਿੱਠ ਬੋਲੜੇ ਸਹਿਜ ਸੰਚਾਰ ਤੇ ਸੁਭਾਅ ਨੂੰ ਹੇਠ ਲਿਖੇ ਸ਼ਬਦਾਂ ਨਾਲ ਉਜਾਗਰ ਕਰਦੇ ਹਨ:-
'ਪਾਤਰ ਸਾਹਿਬ ਕਵੀ ਸਨ ਤੇ ਉਹ ਕਦੇ ਵੀ ਆਪਣੇ ਅੰਦਰਲੇ ਕਵੀ ਤੋਂ ਦੂਰ ਨਹੀਂ ਸੀ ਹੁੰਦੇ। ਪਰ ਉਹ ਘਰ ਵਿਚ ਕਦੇ ਕਵੀ ਪਤੀ ਜਾਂ ਕਵੀ ਪਿਤਾ ਨਹੀਂ ਸੀ ਬਣਦੇ, ਬਲਕਿ ਪਤੀ ਕਵੀ ਤੇ ਪਿਤਾ ਕਵੀ ਹੀ ਹੁੰਦੇ ਸਨ। ਇਸ ਲਈ ਉਨ੍ਹਾਂ ਦੇ ਅਚਾਨਕ ਚਲੇ ਜਾਣ ਨੂੰ ਮੈਂ ਤੇ ਮੇਰੇ ਬੱਚੇ ਆਪਣੇ ਨਿੱਜੀ ਘਾਟੇ ਵਜੋਂ ਤਾਂ ਮਹਿਸੂਸ ਕਰਦੇ ਹੀ ਹਾਂ, ਪਰ ਸਮੁੱਚੇ ਸੱਭਿਆਚਾਰਕ ਘਾਟੇ ਨੂੰ ਵੀ ਸਮਝਦੇ ਹਾਂ। ਪਰ ਕਿਸੇ ਰਿਸ਼ਤੇ, ਸ਼ਖ਼ਸੀਅਤ ਤੇ ਹਸਤੀ ਦੇ ਚਲੇ ਜਾਣ ਨਾਲ ਪੈਣ ਵਾਲੇ ਘਾਟੇ ਕਦੇ ਪੂਰੇ ਨਹੀਂ ਹੁੰਦੇ। ਇਸੇ ਕਰਕੇ ਜਦ ਤੱਕ ਪੰਜਾਬ ਆਪਣੇ-ਆਪ ਨਾਲ ਜੁੜਿਆ ਰਹੇਗਾ, ਉਦੋਂ ਤੱਕ ਇਹ ਕਵਿਤਾ ਨਾਲ ਵੀ ਜੁੜਿਆ ਰਹੇਗਾ। ਜਦ ਤੱਕ ਇਹ ਕਵਿਤਾ ਨਾਲ ਜੁੜਿਆ ਰਹੇਗਾ, ਉਦੋਂ ਤੱਕ ਇਹ ਪਾਤਰ ਸਾਹਿਬ ਨਾਲ ਵੀ ਜੁੜਿਆ ਰਹੇਗਾ। ਕਿਉਂਕਿ ਪਾਤਰ, ਕਵਿਤਾ ਤੇ ਪੰਜਾਬ ਨੂੰ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ, ਬਲਕਿ ਇਹ ਤਿੰਨੇ ਹੀ ਇਕ-ਦੂਜੇ ਦੇ ਅਨਿੱਖੜਵੇਂ ਅੰਗ ਹਨ।' ਉਹ ਬੜੇ ਹੀ ਮਿੱਠ ਬੋਲੜੇ ਸਨ। ਹਰ ਗੱਲ ਕਹਿਣ ਦਾ ਉਨ੍ਹਾਂ ਦਾ ਆਪਣਾ ਹੀ ਅੰਦਾਜ਼ ਹੁੰਦਾ ਸੀ ,ਪਰ ਉਨ੍ਹਾਂ ਦਾ ਸੁਣਨ ਦਾ ਅੰਦਾਜ਼ ਵੀ ਆਪਣਾ ਹੀ ਸੀ। ਉਹ ਦੂਸਰੇ ਦੀ ਗੱਲ ਨੂੰ ਇਸ ਤਰ੍ਹਾਂ ਸੁਣਦੇ ਸਨ, ਜਿਵੇਂ ਉਹ ਕਵਿਤਾ ਬੋਲ ਰਿਹਾ ਹੋਵੇ ਤੇ ਉਹ ਆਪ ਸਿਰਫ਼ ਸਰੋਤੇ ਹੋਣ। ਉਨ੍ਹਾਂ ਦੇ ਅੰਦਰ ਕਵੀ ਹੋਣ ਦਾ ਜਾਂ ਕਵਿਤਾ ਦਾ ਰੱਤੀ ਭਰ ਵੀ ਮਾਣ ਨਹੀਂ ਸੀ। ਉਹ ਥੋੜ੍ਹੇ ਕੀਤੇ ਆਪਣੀ ਕਵਿਤਾ ਨਹੀਂ ਸੀ ਸੁਣਾਉਂਦੇ ਤੇ ਦੂਸਰੇ ਦੀ ਕਵਿਤਾ ਬੜੇ ਧਿਆਨ ਨਾਲ ਸੁਣਦੇ ਸਨ। ਇੱਥੋਂ ਤੱਕ ਕਿ ਉਨ੍ਹਾਂ ਦਾ ਦਾਦ ਦੇਣ ਦਾ ਅੰਦਾਜ਼ ਵੀ ਆਪਣਾ ਹੀ ਸੀ। ਉਨ੍ਹਾਂ ਲਈ ਕੋਈ ਵੱਡਾ-ਛੋਟਾ ਨਹੀਂ ਸੀ ਹੁੰਦਾ। ਉਨ੍ਹਾਂ ਲਈ ਵੱਡੇ-ਛੋਟੇ ਦਾ ਬੱਸ ਏਨਾ ਹੀ ਫ਼ਰਕ ਸੀ ਕਿ ਉਹ ਵੱਡੇ ਦਾ ਸਤਿਕਾਰ ਕਰਦੇ ਸਨ ਤੇ ਛੋਟੇ ਨੂੰ ਪਿਆਰ ਕਰਦੇ ਸਨ। ਸੁਰਜੀਤ ਪਾਤਰ ਦੇ ਮਿੱਠੜੇ ਬੋਲ ਮੈਂ ਵੀ ਮਾਣੇ ਹਨ। ਉਹ 1977-78 'ਚ ਪੰਜਾਬ ਖੇਤੀਬਾੜੀ ਯੂਨੀਵਰਸਟੀ ਵਿਚ ਮੇਰਾ ਸਹਿਕਰਮੀ ਸੀ, ਹਾਲਾਂਕਿ ਸਾਡੇ ਕੰਮਕਾਜ ਦੇ ਵਿਭਾਗ ਵੱਖ-ਵੱਖ ਸਨ। ਹੇਠ ਲਿਖੀਆਂ ਧਾਰਨਾਵਾਂ ਤੇ ਭਾਵਨਾਵਾਂ ਨੂੰ ਸੱਜਰੀ ਰਚਨਾ ਵਿਚ ਜਿਹੜਾ ਸ਼ਬਦੀ ਜਾਮਾ ਪਹਿਨਾਇਆ, ਇਸ ਦੇ ਸਮੇਂ ਤੇ ਸਥਿਤੀ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਇਸ ਦੀ ਹੋਂਦ ਉੱਤੇ ਸਹੀ ਪਾਉਂਦਿਆਂ ਮੈਂ ਬੇਹੱਦ ਸੰਤੁਸ਼ਟ ਹਾਂ।
ਕੁਦਰਤ ਦੇ ਬਲਿਹਾਰ ਗਿਆ ਮੈਂ,
ਗਿਆ ਨਾ ਉਸ ਤੋਂ ਪਾਰ।

ਸਾਡੇ ਪੁਰਖਿਆਂ ਦਾ ਤੂੰ ਰੱਬ ਹੈਂ,
ਸਾਡਾ ਵੀ ਕੁਛ ਲਗਦੈਂ।
ਰਚਨਾ ਹੈਂ ਜਾਂ ਰਚਨਹਾਰ ਹੈਂ,
ਇਕ ਰਹੱਸ ਜਿਹਾ ਲਗਦੈਂ।
ਖ਼ੌਫ਼ਨਾਕ ਨੰਗੀ ਅਸਲੀਅਤ,
ਆਸਾਂ ਦੇ ਸੰਗ ਕੱਜਦੈਂ।

ਹੇ ਜੀ ਨਾਮਦੇਵ ਦੇ ਬੀਠਲ,
ਹੇ ਰਵਿਦਾਸ ਦੇ ਮਾਧੋ।
ਹੇ ਜੀ ਰਾਜਾ ਰੰਕ ਦੇ ਰਾਖੇ,
ਆਮ ਖ਼ਾਸ ਦੇ ਮਾਧੋ।
ਹੇ ਜੀ ਮੇਰੇ ਖ਼ੌਫ਼ ਖ਼ੁਦਾਈ,
ਸੁਪਨ ਆਸ ਦੇ ਮਾਧੋ।
ਹੇ ਈਸਾ ਦੇ ਪਰਮ ਪਿਤਾ,
ਤੇਰਾ ਪੁੱਤਰ ਸੂਲੀ ਚੜ੍ਹਿਆ।
ਅੰਬਰ ਗੁੰਬਦ ਹੇਠਾਂ ਕਿੱਲਾਂ
ਮੂਰਤ ਵਾਂਗੂ ਜੜਿਆ।
ਰੱਤ-ਭਿੱਜਾ ਚੰਨ ਸੂਲੀਓਂ ਲੱਥਾ,
ਫੁੱਲ ਡਾਲੀ ਤੋਂ ਝੜਿਆ।

ਯਾਦ ਹੈ ਤੈਨੂੰ ਇਕ ਦਿਨ ਬੁੱਲ੍ਹਾ,
ਤੇਰੇ ਦਰ 'ਤੇ ਆ ਕੇ।
ਆਖਣ ਲੱਗਾ ਲੁਕ ਨਾ,
ਮੇਰੇ ਭਾਈਆਂ ਨੂੰ ਮਰਵਾ ਕੇ।
ਇਕ ਨੂੰ ਸੂਲੀ ਚਾੜ੍ਹਿਆ
ਦੂਜਾ ਮਾਰਿਆ ਖੱਲ ਲੁਹਾ ਕੇ।

ਉਹ ਜੋ ਨਾਨਕ ਜੀ ਨੇ ਤੈਂ,
ਸਵਾਲ ਸੀ ਇਕ ਦਿਨ ਪਾਇਆ।
ਏਤੀ ਮਾਰ ਪਈ ਕੁਰਲਾਣੇ,
ਤੈਂ ਕੀ ਦਰਦ ਨ ਆਇਆ।
ਤੈਂ ਜੀ ਫਿਰ ਕੋਈ ਉੱਤਰ ਦਿੱਤਾ,
ਤੈਂ ਜੀ ਕੁਛ ਫਰਮਾਇਆ।
ਸ਼ਾਇਦ ਨਾਨਕ ਜੀ ਨੂੰ ਹੋਵੇਂ,
ਤੂੰ ਕੁਝ ਇਉਂ ਫੁਰਮਾਇਆ।
ਤੂੰ ਹੀ ਤਾਂ ਉਹ ਦਰਦ ਹੈਂ,
ਨਾਨਕ ਜੋ ਮੇਰੇ ਮਨ ਆਇਆ।
ਤੂੰ ਹੀ ਮੇਰੀ ਅਨੰਤ ਚੁੱਪ ਨੂੰ,
ਗਾਉਂਦਾ ਕਾਵਿ ਬਣਾਇਆ।
ਤੇਰੇ ਵਰਗੇ ਜਾਇਆਂ ਬਾਝੋਂ
ਔਤ ਰਹੇ ਕਰਤਾਰ।

ਮੈਂ ਤਾਂ ਸਵਰਗ ਵਿਰਾਜੇ ਪਾਤਰ ਦੀ ਆਗਿਆ ਨਾਲ ਨਵੀਂ ਪੁਸਤਕ ਦੇ ਨਾਂਅ ਨੂੰ ਅੱਗੇ-ਪਿੱਛੇ ਕਰਕੇ ਰਾਗ, ਭਾਸ਼ਾ, ਰੋਟੀ ਤੇ ਰੱਬ ਕਹਿ ਕੇ ਵੀ ਖ਼ੁਸ਼ ਹਾਂ। ਏਸ ਲਈ ਕਿ ਮਨੁੱਖ ਜਨਮ ਲੈਣ ਪਿੱਛੋਂ ਪਹਿਲਾਂ ਰੋਣ ਦਾ ਭਾਗੀ ਹੁੰਦਾ ਹੈ, ਫੇਰ ਭਾਸ਼ਾ ਰਾਹੀਂ ਵਾਸਤਾ ਪਾਉਂਦਾ ਹੋਇਆ ਰੋਟੀ ਮੰਗਦਾ ਹੈ ਤੇ ਉਹ ਵੀ ਰੱਬ ਕੋਲੋਂ। ਨਵਜੰਮੇ ਮਨੁੱਖ ਦੀ ਇਸ ਭਾਵਨਾ ਨੂੰ ਭੁਪਿੰਦਰ ਤੇ ਸੁਰਜੀਤ ਪਾਤਰ ਦੇ ਬੇਟੇ ਅੰਕੁਰ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 'ਚ ਰਹਿ ਕੇ ਆਪਣੀ ਡਿਜੀਟਲ ਚਿੱਤਰਕਾਰੀ ਵੀ ਰਾਹੀਂ ਉਜਾਗਰ ਕੀਤਾ ਹੈ। ਪ੍ਰਕਾਸ਼ਕ ਨੇ ਆਪਣੀ ਕਿਸਮ ਦੇ ਸਰਵਰਕ ਨੂੰ ਚੰਨ-ਤਾਰਿਆਂ ਨਾਲ ਰੁਸ਼ਨਾਇਆ ਹੈ

ਈ-ਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਵਧਦਾ ਜਲ ਸੰਕਟ ਅਗਲੀ ਖ਼ਬਰ ਯੂ.ਜੀ.ਸੀ. ਵਿਚ ਸੁਧਾਰਾਂ ਦੀ ਲੋੜ, ਪਰ ਨਵਾਂ ਉੱਚ ਸਿੱਖਿਆ ਬਿੱਲ ਸਹੀ ਹੱਲ ਨਹੀਂ
Ad Position 24
No active advertisement