16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨਾਂ 'ਤੇ ਮੌਸਮ ਦੀ ਮਾਰ

Ad Position 21
repet_subhas-goyals [Copy P29]
ਅਜੀਤ ਡੈਸਕ 06-04-2026

ਪੰਜਾਬ ਵਿਚ ਅਪ੍ਰੈਲ ਮਹੀਨੇ 'ਚ ਵਾਰ-ਵਾਰ ਪੈ ਰਹੇ ਬੇਮੌਸਮੇ ਮੀਂਹ ਅਤੇ ਇਸ ਦੌਰਾਨ ਹੋਈ ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਇਕ ਪਾਸੇ ਜਿੱਥੇ ਕਣਕ ਦੀ ਪੱਕ ਚੁੱਕੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਉੱਥੇ ਹੀ ਕਿਸਾਨਾਂ ਦੀਆਂ ਚਿੰਤਾਵਾਂ 'ਚ ਵੀ ਵੱਡਾ ਵਾਧਾ ਕੀਤਾ ਹੈ। ਪਿਛਲੇ ਦਿਨਾਂ 'ਚ ਜਲੰਧਰ, ਅੰਮ੍ਰਿਤਸਰ, ਕਪੂਰਥਲਾ ਤੇ ਲੁਧਿਆਣਾ ਸਮੇਤ ਪੰਜਾਬ ਦੇ ਕਈ ਹੋਰ ਖੇਤਰਾਂ 'ਚ ਖ਼ਾਸ ਕਰਕੇ ਮਾਲਵੇ ਵਿਚ ਕਣਕ ਦੀ ਤਿਆਰ ਖੜ੍ਹੀ ਫ਼ਸਲ ਨੂੰ ਤੇਜ਼ ਹਵਾਵਾਂ ਨੇ ਖੇਤਾਂ ਵਿਚ ਹੀ ਵਿਛਾ ਦਿੱਤਾ। ਗੜੇਮਾਰੀ ਨੇ ਸਿੱਟਿਆਂ ਨੂੰ ਵੀ ਨੁਕਸਾਨ ਪਹੁੰਚਾਇਆ। ਖ਼ਰਾਬੀ ਦੇ ਇਸ ਮੌਸਮ ਵਿਚ ਇਨ੍ਹਾਂ ਖੇਤਰਾਂ 'ਚ ਫ਼ਸਲ ਦਾ ਝਾੜ ਤੇ ਕੁੱਲ ਉਤਪਾਦਨ ਘਟਣ ਦਾ ਵੀ ਖ਼ਦਸ਼ਾ ਬਣ ਗਿਆ ਹੈ। ਖੇਤੀ ਮਾਹਿਰਾਂ ਅਨੁਸਾਰ ਲਗਭਗ ਇਕ ਲੱਖ ਏਕੜ ਰਕਬੇ ਵਿਚ ਕਣਕ ਦੀ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਕਣਕ ਦੀ ਸਰਕਾਰੀ ਖ਼ਰੀਦ ਦੇ ਐਲਾਨ ਤੋਂ ਬਾਅਦ ਮੰਡੀਆਂ 'ਚ ਲਿਆਂਦੀ ਗਈ ਕਣਕ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਮੰਡੀਆਂ 'ਚ ਪਏ ਕਣਕ ਦੇ ਢੇਰਾਂ ਨੂੰ ਆਪਣੀ ਲਪੇਟ 'ਚ ਲਿਆ ਹੈ। ਕਿਸਾਨਾਂ ਦੀ ਸਥਿਤੀ ਇਹ ਹੈ ਕਿ ਇਕ ਪਾਸੇ ਉਹ ਮੌਸਮ ਦੀ ਮਾਰ ਝੱਲ ਰਹੇ ਹਨ ਤੇ ਦੂਜੇ ਪਾਸੇ ਮੰਡੀਆਂ ਦੀ ਮਾੜੀ ਹਾਲਤ ਤੇ ਸਹੂਲਤਾਂ ਦੀ ਘਾਟ ਦੀ ਮਾਰ ਵੀ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ। ਸਰਕਾਰੀ ਖ਼ਰੀਦ ਦੇ ਐਲਾਨ ਮਗਰੋਂ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ ਹੋਣਾ ਬਹੁਤ ਸਭਾਵਿਕ ਸੀ, ਪਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਸੂਬੇ ਦੇ ਕਈ ਖੇਤਰਾਂ 'ਚ ਪਏ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ।
ਪੰਜਾਬ ਦੀਆਂ ਮੰਡੀਆਂ ਦੀ ਅਵਿਵਸਥਾ ਦਾ ਆਲਮ ਇਹ ਹੈ ਕਿ ਦੇਸ਼ ਵਿਚ ਕਣਕ ਦੀ ਸਭ ਤੋਂ ਵੱਧ ਉਤਪਾਦਨ ਕਰਨ ਵਾਲਾ ਸੂਬਾ ਹੋਣ ਦੇ ਬਾਵਜੂਦ ਅੱਜ ਵੀ ਇੱਥੇ ਮੰਡੀਆਂ 'ਚ ਕਣਕ ਦੇ ਵੱਡੇ-ਵੱਡੇ ਢੇਰ ਖੁੱਲ੍ਹੇ ਅਸਾਮਾਨ ਹੇਠ ਪਏ ਹਨ। ਦੇਸ਼ ਦੀ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਦੇਸ਼ ਨੂੰ ਅੰਨ ਭੰਡਾਰ 'ਚ ਆਤਮਨਿਰਭਰ ਬਣਾਉਣ ਵਾਲੇ ਪੰਜਾਬ ਦੀਆਂ ਮੰਡੀਆਂ ਦੀ ਹਾਲਤ ਇਹ ਹੈ ਕਿ ਜ਼ਿਆਦਾਤਰ ਮੰਡੀਆਂ 'ਚ ਲੋੜੀਂਦੇ ਸ਼ੈੱਡ ਨਹੀਂ ਹਨ। ਮੰਡੀਆਂ 'ਚ ਪਹੁੰਚੀ ਕਣਕ ਦੇ ਤੋਲ, ਇਸ ਦੇ ਭੰਡਾਰਨ ਅਤੇ ਇਸ ਦੀ ਸੁਰੱਖਿਆ ਬਾਰੇ ਵੀ ਲੰਬੇ ਸਮੇਂ ਤੋਂ ਸਵਾਲ ਉੱਠਦੇ ਰਹੇ ਹਨ। ਇਨ੍ਹਾਂ ਦਿਨਾਂ 'ਚ ਆੜ੍ਹਤੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕਾਰਨ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਣ ਦੀ ਸੰਭਾਵਨਾ ਹੈ।
ਬਿਨਾਂ ਸ਼ੱਕ ਸੂਬੇ 'ਚ ਪਿਛਲੇ ਮਹੀਨੇ ਪਏ ਪਹਿਲੇ ਮੀਂਹ ਨੂੰ ਕਣਕ ਦੀ ਫ਼ਸਲ ਲਈ ਕਾਫ਼ੀ ਚੰਗਾ ਮੰਨਿਆ ਗਿਆ ਸੀ, ਪਰ ਇਸ ਤੋਂ ਬਾਅਦ ਅਚਾਨਕ ਵਿਗੜੇ ਮੌਸਮ ਦੇ ਮਿਜ਼ਾਜ ਅਤੇ ਇਸ ਦੌਰਾਨ ਚੱਲੀਆਂ ਤੇਜ਼ ਹਵਾਵਾਂ ਤੇ ਗੜੇਮਾਰੀ ਨੇ ਕਿਸਾਨਾਂ ਨੂੰ ਵੱਡੀ ਮੁਸ਼ਕਿਲ 'ਚ ਪਾ ਦਿੱਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਦਿਨਾਂ 'ਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਬਾਰੇ ਦੱਸਿਆ ਹੈ ਜਿਸ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਸਕਦੀ ਹੈ। ਪੰਜਾਬ 'ਚ ਇਸ ਵਾਰ ਕੁੱਲ 34 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਫ਼ਸਲ ਬੀਜੀ ਗਈ ਸੀ। ਮੌਜੂਦਾ ਮੌਸਮ ਨੇ ਇਕ ਲੱਖ ਏਕੜ ਦੇ ਕਰੀਬ ਫ਼ਸਲ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰਾਹਤ ਦੇਣ ਸੰਬੰਧੀ ਅਧਿਕਾਰੀਆਂ ਨੂੰ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਬਿਨਾਂ ਸ਼ੱਕ ਅਜਿਹੇ ਸਮੇਂ 'ਚ ਕਿਸਾਨਾਂ ਦੀ ਬਾਂਹ ਫੜਨ ਦੀ ਅੱਜ ਵੱਡੀ ਲੋੜ ਹੈ।
ਅਸੀਂ ਸਮਝਦੇ ਹਾਂ ਕਿ ਬੇਸ਼ੱਕ ਕੁਦਰਤੀ ਮਾਰ ਦੇ ਸਾਹਮਣੇ ਕਿਸਾਨ ਮਜਬੂਰ ਹੋ ਕੇ ਰਹਿ ਜਾਂਦੇ ਹਨ, ਪਰ ਮੰਡੀਆਂ 'ਚ ਪਹੁੰਚੀ ਕਣਕ ਨੂੰ ਹਰ ਸਾਲ ਮੀਂਹ-ਝੱਖੜ ਤੇ ਗੜੇਮਾਰੀ ਤੋਂ ਬਚਾਉਣ ਲਈ ਤੁਰੰਤ ਵਿਆਪਕ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ। ਮੰਡੀਆਂ 'ਚ ਲੋੜੀਂਦੇ ਸ਼ੈੱਡ, ਤਰਪਾਲਾਂ ਤੇ ਬਾਰਦਾਨੇ ਦੀ ਉਚਿਤ ਵਿਵਸਥਾ ਅਤੇ ਮੰਡੀਆਂ ਦੇ ਸੁਧਾਰ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ। ਖ਼ਰਾਬ ਫ਼ਸਲ ਦੀ ਗਿਰਦਾਵਰੀ ਲਈ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਵੀ ਹਰ ਹਾਲ ਕੀਤੀ ਜਾਣੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਇਹ ਕਿ ਮੰਡੀਆਂ 'ਚ ਪਹੁੰਚੀ ਕਣਕ ਦੀ ਖ਼ਰੀਦ ਵੀ ਜ਼ਰੂਰ ਹੋਣੀ ਚਾਹੀਦੀ ਹੈ। ਅਜਿਹੇ ਕੁਝ ਉਪਾਅ ਕਰਕੇ ਹੀ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਬੰਗਾਲ ਵਿਚ ਲੱਖਾਂ ਲੋਕ ਵੋਟ ਪਾਉਣ ਤੋਂ ਰਹਿ ਸਕਦੇ ਹਨ ਵਾਂਝੇ ਅਗਲੀ ਖ਼ਬਰ ਚੰਗਾ ਕੰਮ ਕਰਨ ਲਈ ਤਨ ਨਾਲੋਂ ਹਿਰਦੇ ਅਤੇ ਸੰਕਲਪ ਦੀ ਲੋੜ ਹੈ। -ਮੂਰ
Ad Position 24