16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲਾਪ੍ਰਵਾਹੀਆਂ ਕਾਰਨ ਡਿੱਗ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਆਰ

Ad Position 21
repet_subhas-goyals [Copy P29]
ਅਜੀਤ ਡੈਸਕ 06-04-2026

ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਅੱਠਵੀਂ ਜਮਾਤ ਦੀ ਹੋਈ ਸਾਲਾਨਾ ਪ੍ਰੀਖਿਆ ਪ੍ਰਸ਼ਨ ਪੱਤਰਾਂ ਵਿਚ ਪਾਈਆਂ ਜਾ ਰਹੀਆਂ ਗੰਭੀਰ ਖ਼ਾਮੀਆਂ ਕਾਰਨ ਚਰਚਾ ਵਿਚ ਰਹੀ ਹੈ। ਹੋਰਨਾਂ ਤਰੁੱਟੀਆਂ ਤੋਂ ਇਲਾਵਾ ਪਿਛਲੇ ਦਿਨੀਂ ਹੋਏ ਅੱਠਵੀਂ ਜਮਾਤ ਦੇ ਵਿਗਿਆਨ ਦੇ ਵਿਸ਼ੇ ਦੇ ਪੰਜਾਬੀ ਮਾਧਿਅਮ ਦੇ ਪ੍ਰਸ਼ਨ ਪੱਤਰ ਵਿਚੋਂ ਤਾਂ ਇਕ ਹਿੱਸਾ ਹੀ ਗਾਇਬ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਵਿਦਿਆਰਥੀਆਂ ਨੂੰ ਗੰਭੀਰ ਚਿੰਤਾ ਵਿਚ ਪਾ ਦਿੱਤਾ ਗਿਆ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਸੂਬੇ ਵਿਚ ਇਸ ਨਾਲ ਸੰਬੰਧਿਤ ਸਕੂਲਾਂ ਦੇ ਅੱਠਵੀਂ, ਦੱਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਪੱਧਰ ਦਾ ਮੁਲਾਂਕਣ ਕਰਨ ਲਈ ਪ੍ਰੀਖਿਆਵਾਂ ਦਾ ਕੁਸ਼ਲ ਢੰਗ ਨਾਲ ਸੰਚਾਲਨ ਕਰਨ ਅਤੇ ਹਰੇਕ ਵਿਸ਼ੇ ਦਾ ਮਿਆਰੀ ਪ੍ਰਸ਼ਨ ਪੱਤਰ ਤਿਆਰ ਕਰਵਾਉਣ ਲਈ ਜ਼ਿੰਮੇਵਾਰ ਹੈ।
ਪੰਜਾਬ ਸਰਕਾਰ ਵਲੋਂ ਸਿੱਖਿਆ ਬੋਰਡ ਦੇ ਸੈਂਕੜੇ ਕਰੋੜ ਰੁਪਏ ਦੇ ਬਕਾਏ ਜਾਰੀ ਨਾ ਹੋਣ ਕਾਰਨ ਆਰਥਿਕ ਵਸੀਲਿਆਂ ਦੀ ਘਾਟ ਨਾਲ ਜੂਝ ਰਹੀ ਇਸ ਸੰਸਥਾ ਵਲੋਂ ਵਿਦਿਆਰਥੀਆਂ ਦੀਆਂ ਫੀਸਾਂ ਤੇ ਜੁਰਮਾਨਿਆਂ ਵਿਚ ਕੀਤੇ ਜਾਂਦੇ ਵਾਧੇ ਨੂੰ ਲੈ ਕੇ ਉੱਠਦੇ ਸਵਾਲਾਂ ਦਰਮਿਆਨ ਹੁਣ ਵਿੱਦਿਅਕ ਮਸਲਿਆਂ ਵਿਚ ਵੀ ਇਸ ਦੇ ਵੱਕਾਰ ਨੂੰ ਢਾਹ ਲੱਗਣੀ ਆਪਣੇ-ਆਪ ਵਿਚ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। 20 ਫਰਵਰੀ 2026 ਨੂੰ ਵਿਗਿਆਨ ਵਿਸ਼ੇ ਦੇ ਪੇਪਰ ਦੌਰਾਨ ਤਾਂ ਉਦੋਂ ਹੜਕੰਪ ਮਚ ਗਿਆ ਜਦੋਂ ਪ੍ਰੀਖਿਆ ਨਿਗਰਾਨਾਂ ਵਲੋਂ ਪ੍ਰਸ਼ਨ ਪੱਤਰ ਵਿਦਿਆਰਥੀਆਂ ਨੂੰ ਸੌਂਪਣ 'ਤੇ ਪਤਾ ਲੱਗਾ ਕਿ ਪੰਜਾਬੀ ਮਾਧਿਅਮ ਵਿਚ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਦੇ ਪ੍ਰਸ਼ਨ ਪੱਤਰਾਂ ਨਾਲੋਂ 15 ਅੰਕ ਦਾ ਪ੍ਰਸ਼ਨ ਪੱਤਰ ਘੱਟ ਪਾਇਆ ਗਿਆ ਹੈ। ਇਸ ਵੱਡੀ ਗ਼ਲਤੀ ਨੂੰ ਦਰੁਸਤ ਕਰਨ ਲਈ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਕ ਨਿਵੇਕਲਾ ਤਰੀਕਾ ਕੱਢਿਆ ਗਿਆ, ਜਿਸ ਤਹਿਤ ਚੱਲਦੇ ਪੇਪਰ ਦੌਰਾਨ ਹੀ ਇਕ ਲਿਖਤੀ ਸੁਨੇਹਾ ਜਾਰੀ ਕਰਕੇ ਇਹ ਨਿਰਦੇਸ਼ ਦਿੱਤੇ ਗਏ ਕਿ ਪ੍ਰਸ਼ਨ ਪੱਤਰ ਵਿਚ ਛਾਪਣੇ ਰਹਿ ਗਏ ਇਨ੍ਹਾਂ ਤਿੰਨ ਪ੍ਰਸ਼ਨਾਂ ਨੂੰ ਪ੍ਰੀਖਿਆ ਨਿਰੀਖਕ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਦੇ ਪ੍ਰਸ਼ਨ ਪੱਤਰਾਂ ਵਿਚੋਂ ਤਰਜਮਾ ਕਰਕੇ ਲਿਖਵਾ ਦੇਣ, ਜਦ ਕਿ ਚੱਲਦੇ ਪੇਪਰ ਦੌਰਾਨ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਵਾਧੂ ਲਿਖਤ ਬੋਲ ਕੇ ਜਾਂ ਲਿਖ ਕੇ ਜ਼ਾਹਿਰ ਕਰਨ ਦੀ ਮੁਕੰਮਲ ਮਨਾਹੀ ਹੁੰਦੀ ਹੈ। ਇਸ ਪ੍ਰਸ਼ਨ ਪੱਤਰ ਵਿਚ ਪੰਜ-ਪੰਜ ਅੰਕਾਂ ਦੇ ਤਿੰਨ ਪ੍ਰਸ਼ਨ ਨੰ: 28, 29 ਅਤੇ 30 ਛਾਪੇ ਹੀ ਨਹੀਂ ਗਏ। ਇੰਨਾ ਹੀ ਨਹੀਂ, ਇਸੇ ਪੇਪਰ ਦੇ ਪ੍ਰਸ਼ਨ ਨੰਬਰ 28 ਵਿਚ ਅੰਗਰੇਜ਼ੀ ਵਿਚ 'ਕੋਲਾ (ਕੋਲ)' ਜਦ ਕਿ ਹਿੰਦੀ ਵਿਚ ਕੋਕ ਲਿਖਿਆ ਹੋਇਆ ਸੀ, ਜਦ ਕਿ 'ਕੋਲ' ਅਤੇ 'ਕੋਕ' ਦੋ ਅਲੱਗ-ਅਲੱਗ ਵਸਤਾਂ ਹਨ। ਹੁਣ ਪੰਜਾਬੀ ਅਨੁਵਾਦ ਕਰ ਕੇ ਲਿਖਵਾਉਂਦੇ ਸਮੇਂ ਕਿਹੜੇ ਨਿਗਰਾਨ ਸਟਾਫ਼ ਨੇ 'ਕੋਲ' ਲਿਖਵਾਇਆ ਹੋਵੇਗਾ ਤੇ ਕਿਹੜੇ ਨੇ 'ਕੋਕ' ਇਸ ਨਾਲ ਪੰਜ ਨੰਬਰ ਦਾ ਸਿੱਧਾ-ਸਿੱਧਾ ਨੁਕਸਾਨ ਵਿਦਿਆਰਥੀਆਂ ਨੂੰ ਝੱਲਣਾ ਹੀ ਪਵੇਗਾ ਅਤੇ ਇਸ ਸਭ ਕਰਕੇ ਵਿਦਿਆਰਥੀਆਂ ਨੂੰ ਕਿੰਨੀ ਮਾਨਸਿਕ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪਿਆ ਹੋਵੇਗਾ ਅਤੇ ਪ੍ਰਸ਼ਨ ਪੱਤਰ ਹੱਲ ਕਰਨ ਲਈ ਤੈਅ ਕੁੱਲ ਸਮੇਂ ਵਿਚੋਂ ਉਸ ਦਾ ਕਿੰਨਾ ਨੁਕਸਾਨ ਹੋਇਆ ਹੋਵੇਗਾ, ਇਸ ਦਾ ਵੀ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਵਿਗਿਆਨ ਵਿਸ਼ੇ ਦੇ ਪ੍ਰਸ਼ਨ ਪੱਤਰ ਵਿਚ ਹੀ ਕਈ ਸ਼ਾਬਦਿਕ ਗਲਤੀਆਂ ਵੀ ਕੀਤੀਆਂ ਗਈਆਂ, ਜਿਵੇਂ 1-1 ਅੰਕਾਂ ਦੇ ਬਹੁਵਿਕਲਪੀ ਪ੍ਰਸ਼ਨਾਂ ਵਿਚੋਂ ਪਹਿਲੇ ਪ੍ਰਸ਼ਨ ਲਈ ਬਣਦੇ ਸਹੀ ਵਿਕਲਪ ਵਿਚ 'ਛੱਟਣਾ' ਦੀ ਥਾਂ 'ਛੱਡਣਾ' ਸ਼ਬਦ ਦੀ ਵਰਤੋਂ ਕੀਤੀ ਗਈ। 2-2 ਅੰਕਾਂ ਦੇ ਪ੍ਰਸ਼ਨਾਂ ਵਿਚ ਪ੍ਰਸ਼ਨ ਨੰ: 13 ਵਿਚ 'ਸੀਜ਼ਮੋਗਰਾਫ' ਦੀ ਥਾਂ 'ਸੀਜ਼ ਮੋਰਾਰਾਫ' ਲਿਖ ਕੇ ਅਸਲ ਸ਼ਬਦ ਹੀ ਬਦਲ ਦਿੱਤਾ ਗਿਆ। ਪ੍ਰਸ਼ਨ ਨੰਬਰ 17 ਵਿਚ 'ਸਮੂਹਾਂ' ਸ਼ਬਦ ਦੀ ਥਾਂ 'ਸਮੂੰਹਾਂ' ਲਿਖ ਕੇ ਵਿਦਿਆਰਥੀਆਂ ਨੂੰ ਚੱਕਰਾਂ ਵਿਚ ਪਾਇਆ ਗਿਆ। ਤਿੰਨ ਅੰਕਾਂ ਦੇ ਪ੍ਰਸ਼ਨ ਨੰ: 19 ਵਿਚ 'ਕਾਰਜ' ਅਤੇ 'ਵਿਧੀਆਂ' ਸ਼ਬਦ ਲਿਖਣ ਵੇਲੇ ਵੀ ਗ਼ਲਤੀ ਕੀਤੀ ਗਈ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲੰਘੀ 23 ਫਰਵਰੀ ਨੂੰ ਗਣਿਤ ਵਿਸ਼ੇ ਦੇ ਹੋਏ ਪੇਪਰ ਵਿਚ ਵੀ ਕਈ ਤਰ੍ਹਾਂ ਦੀਆਂ ਗ਼ਲਤੀਆਂ ਹੋਣ ਕਾਰਨ ਵਿਦਿਆਰਥੀਆਂ ਨੂੰ ਗੰਭੀਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਗਣਿਤ ਵਿਸ਼ੇ ਦੇ ਪ੍ਰਸ਼ਨ ਪੱਤਰ ਵਿਚ ਕਈ ਸਵਾਲ ਜਿੱਥੇ ਗਲਤ ਸਨ, ਉੱਥੇ ਕਈ ਪ੍ਰਸ਼ਨ ਅਧੂਰੇ ਹੋਣ ਕਾਰਨ ਵਿਦਿਆਰਥੀਆਂ ਲਈ ਭੁਲੇਖਾ ਪਾਊ ਸਾਬਿਤ ਹੋਏ। ਇਸ ਪੇਪਰ ਦੇ ਭਾਗ (ੳ) ਦੇ ਬਹੁਵਿਕਲਪੀ ਪ੍ਰਸ਼ਨ ਨੰਬਰ 14 ਵਿਚ ਦਿੱਤੇ ਵਿਕਲਪਾਂ ਵਿਚੋਂ ਇਕ ਚੁਣਨ ਲਈ ਕਿਹਾ ਗਿਆ, ਪਰ ਇਕ ਦੀ ਥਾਂ ਤਿੰਨ ਵਿਕਲਪ ਸਹੀ ਦੇ ਦਿੱਤੇ ਗਏ। ਇਸੇ ਤਰ੍ਹਾਂ ਪ੍ਰਸ਼ਨ ਨੰਬਰ 3 ਵਿਚ ਇਕ ਇਬਾਰਤ ਬਾਰੇ ਲਿਖਿਆ ਗਿਆ ਹੈ ਕਿ ਇਸ ਨੂੰ ਸਰਲ ਕਰੋ ਅਤੇ ਧਨਾਤਮਕ ਘਾਤ ਅੰਕ ਰੂਪ ਵਿਚ ਲਿਖੋ। ਇੱਥੇ ਸ਼ਬਦ 'ਉੱਤਰ ਨੂੰ' ਨਾ ਸ਼ਾਮਿਲ ਹੋਣ ਕਰ ਕੇ ਵਿਦਿਆਰਥੀਆਂ ਲਈ ਭੁਲੇਖਾ ਪੈਦਾ ਹੋਣ ਦੀ ਪੂਰੀ ਸੰਭਾਵਨਾ ਬਣ ਗਈ। ਇਸੇ ਤਰ੍ਹਾਂ ਭਾਗ (ਅ) ਦੇ ਪ੍ਰਸ਼ਨ ਨੰਬਰ 8 'ਜੇਕਰ ਅੰਗਰੇਜ਼ੀ ਦੀ ਵਰਨਮਾਲਾ ਵਿਚੋਂ ਇਕ ਵਰਨ ਚੁਣਿਆ ਜਾਵੇ ਤਾਂ ਸੰਭਾਵਨਾ ਪਤਾ ਕਰੋ ਕਿ ਇਕ ਇਕ ਸਵਰ ਹੋਵੇਗਾ' ਜਦਕਿ ਹੋਣਾ ਇਹ ਚਾਹੀਦਾ ਸੀ ਕਿ 'ਸੰਭਾਵਨਾ ਪਤਾ ਕਰੋ ਕਿ ਇਹ ਇਕ ਸਵਰ ਹੋਵੇਗਾ'। ਇਸ ਵਿਚ ਸ਼ਬਦ 'ਇਹ' ਦੀ ਥਾਂ 'ਤੇ ਸ਼ਬਦ 'ਇਕ' ਨੂੰ ਦੋ ਵਾਰ ਲਿਖ ਕੇ ਪ੍ਰਸ਼ਨ ਨੂੰ ਅਰਥਹੀਣ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪ੍ਰਸ਼ਨ ਨੰਬਰ 18 (ਜੋ ਕਿ ਛੇ ਅੰਕਾਂ ਦਾ ਹੈ) ਵਿਚ ਦਿਤੇ ਹੋਏ ਅੰਕੜਿਆਂ ਨੂੰ ਪਾਈ ਚਾਰਟ ਰਾਹੀਂ ਦਰਸਾਉਣ ਲਈ ਕਿਹਾ ਗਿਆ। ਇਸ ਵਿਚ 'ਖਰਚ (ਰੁਪਏ ਵਿਚ)' ਦੀ ਥਾਂ 'ਖਰਫ (/ ਵਿਚ)' ਗ਼ਲਤ ਰੂਪ ਵਿਚ ਲਿਖਿਆ ਗਿਆ ਜਦਕਿ ਅੰਗਰੇਜ਼ੀ ਮਾਧਿਅਮ ਵਿਚ 'ਐਕਸਪੈਂਡੀਚਰ ਇਨ ਰੂਪੀਜ਼' ਦਰੁਸਤ ਲਿਖਿਆ ਗਿਆ ਸੀ। ਖਾਸ ਗੱਲ ਇਹ ਵੀ ਹੈ ਕਿ ਇਨ੍ਹਾਂ ਤਰੁਟੀਆਂ ਵਿਚੋਂ ਕੋਈ ਵੀ ਤਰੁਟੀ ਪੇਪਰ ਦੇ ਅੰਗਰੇਜ਼ੀ ਸੰਸਕਰਨ ਵਿਚ ਨਹੀਂ ਸੀ। ਪ੍ਰਸ਼ਨ ਨੰਬਰ 17 ਵਿਚ ਦਿੱਤੀ ਗਈ ਇਬਾਰਤ ਵਿਚ ਲਿਖਿਆ ਹੋਇਆ ਕਿ 'ਇਕ ਰੋਡ ਰੋਲਰ ਸੜਕ ਨੂੰ ਪੱਧਰਾ ਕਰਨ ਲਈ 950 ਚੱਕਰ ਲਗਾਉਂਦਾ ਹੈ। ਕੇਵਲ ਅੰਗਰੇਜ਼ੀ ਸੰਸਕਰਨ ਪੜ੍ਹਨ 'ਤੇ ਹੀ ਪਤਾ ਲਗਦਾ ਹੈ ਕਿ ਸੜਕ ਨੂੰ ਪੱਧਰਾ ਕਰਦੇ ਸਮੇਂ ਇਹ ਰੋਡ ਰੋਲਰ ਸੜਕ ਦਾ ਕੇਵਲ ਇਕ ਗੇੜਾ ਲਗਾਉਣ ਲਈ 950 ਚੱਕਰ ਲਗਾਉਂਦਾ ਹੈ। ਜੇਕਰ 'ਇਕ ਗੇੜਾ' ਨਾ ਦੱਸਿਆ ਜਾਵੇ ਤਾਂ ਵਿਦਿਆਰਥੀ ਲਈ ਭੁਲੇਖਾ ਖੜ੍ਹਾ ਹੁੰਦਾ ਹੈ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਰੋਡ ਰੋਲਰ ਸੜਕ ਨੂੰ ਪੱਧਰਾ ਕਰਨ ਲਈ ਸੜਕ ਉੱਤੇ ਵਾਰ-ਵਾਰ ਅੱਗੇ-ਪਿੱਛੇ ਕਈ ਚੱਕਰ ਲਗਾਉਂਦਾ ਹੈ। ਇਹ ਪ੍ਰਸ਼ਨ ਵੀ ਛੇ ਨੰਬਰ ਦਾ ਸੀ। ਇਸ ਤਰ੍ਹਾਂ ਪੰਜਾਬੀ ਮਾਧਿਅਮ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ। 24 ਫਰਵਰੀ ਨੂੰ ਕੰਪਿਊਟਰ ਸਿੱਖਿਆ ਦੇ ਹੋਏ ਪੇਪਰ ਵਿਚ ਵੀ ਪ੍ਰਸ਼ਨ ਪੱਤਰ ਦੇ ਇਕ-ਇਕ ਅੰਕਾਂ ਦੇ ਬਹੁਵਿਕਲਪੀ ਪ੍ਰਸ਼ਨ ਨੰਬਰ 1 ਵਿਚ 'ਟੈਲੀਗਰਾਮ' ਦੀ ਥਾਂ 'ਟੇਲੀਗ੍ਰਾਮ' ਲਿਖਿਆ ਗਿਆ ਅਤੇ ਇਕ ਅੰਕ ਦੇ ਹੀ ਬਣਦੇ ਪ੍ਰਸ਼ਨ ਨੰਬਰ ਤਿੰਨ ਦੇ ਪਹਿਲੇ ਭਾਗ ਵਿਚ ਪੂਰੇ ਨਾਂਅ ਲਿਖਣ ਲਈ ਕਿਹਾ ਗਿਆ। ਸਾਰੇ ਮਾਧਿਅਮਾਂ ਦੇ ਪ੍ਰਸ਼ਨਾਂ ਦਾ ਅਧਿਐਨ ਕਰਨ 'ਤੇ ਪਤਾ ਲੱਗਦਾ ਹੈ ਕਿ ਇਸ ਵਿਚ ਵੱਖਰੇ ਤਰ੍ਹਾਂ ਦਾ ਹੀ ਭੁਲੇਖਾ ਪਾਉਂਦੇ ਹੋਏ ਪੰਜਾਬੀ ਮਾਧਿਅਮ ਵਿਚ 'ਮੋਡਮ' ਦਾ ਪੂਰਾ ਨਾਂਅ ਵਿਚ ਪੁੱਛਿਆ ਗਿਆ ਜਦਕਿ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਦੇ ਵਿਚ 'ਐਪਰਾਨੈਟ' ਦਾ ਪੂਰਾ ਨਾਂਅ ਪੁੱਛਿਆ ਗਿਆ। ਇਸ ਤਰ੍ਹਾਂ ਅਧਿਆਪਕਾਂ ਲਈ ਵੀ ਦੁਬਿਧਾ ਖੜ੍ਹੀ ਕਰ ਦਿੱਤੀ ਗਈ ਕਿ ਪਿਛਲੇ ਪੇਪਰਾਂ ਦੀ ਤਰ੍ਹਾਂ ਅੰਗਰੇਜ਼ੀ ਮਾਧਿਅਮ ਨੂੰ ਵੇਖ ਕੇ ਪੰਜਾਬੀ ਮਾਧਿਅਮ ਦੇ ਪੇਪਰ ਨੂੰ ਦਰੁਸਤ ਕਰਵਾਇਆ ਜਾਵੇ ਜਾਂ ਨਾ? ਇਨ੍ਹਾਂ ਪੇਪਰਾਂ ਦੇ ਮਿਆਰ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਸ਼ਨ ਪੱਤਰਾਂ ਰਾਹੀਂ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਦੀ ਥਾਂ ਪ੍ਰਸ਼ਨ ਪੱਤਰਾਂ ਵਿਚਲੀਆਂ ਖਾਮੀਆਂ ਲੱਭਣ ਦੀ ਜ਼ਿੰਮੇਵਾਰੀ ਅਧਿਆਪਕਾਂ ਅਤੇ ਵਿਦਿਆਰਥੀਆਂ ਸਿਰ ਪਾ ਕੇ ਸ਼ਾਇਦ ਇਕ ਨਵੇਂ ਕਿਸਮ ਦਾ ਮੁਲਾਂਕਣ ਕੀਤਾ ਗਿਆ।
ਇਸ ਸਭ ਕੁਝ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਪੇਪਰ ਤਿਆਰ ਕਰਨ ਲਈ ਜ਼ਿੰਮੇਵਾਰ ਕਮੇਟੀਆਂ ਨੂੰ ਸਵਾਲਾਂ ਦੇ ਘੇਰੇ ਵਿਚ ਜ਼ਰੂਰ ਲਿਆਂਦਾ ਹੈ, ਪ੍ਰੰਤੂ ਬੋਰਡ ਦਾ ਅਕਾਦਮਿਕ ਸੰਕਟ ਇਸ ਤੋਂ ਕਿਤੇ ਵੱਧ ਗੰਭੀਰ ਹੈ ਅਤੇ ਗਹਿਰੇ ਚਿੰਤਨ ਦੀ ਮੰਗ ਕਰਦਾ ਹੈ। ਇਹ ਵੀ ਧਿਆਨ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਸਮੇਤ ਹੋਰਨਾਂ ਉੱਚ ਅਹੁਦਿਆਂ 'ਤੇ ਅਕਾਦਮਿਕ ਪਿਛੋਕੜ ਵਾਲੀਆਂ ਵਿੱਦਿਅਕ ਹਸਤੀਆਂ ਦੀ ਥਾਂ ਸਾਬਕਾ ਉੱਚ ਨੌਕਰਸ਼ਾਹਾਂ ਨੂੰ ਨਿਯੁਕਤ ਕਰਨਾ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਕਾਸ਼ਨ ਅਤੇ ਪ੍ਰੀਖਿਆ ਨਾਲ ਸੰਬੰਧਿਤ ਅਹੁਦਿਆਂ ਉੱਪਰ ਵੀ ਲੰਬੇ ਵਿੱਦਿਅਕ ਤਜਰਬੇ ਨੂੰ ਤਰਜੀਹ ਦੇ ਕੇ ਪੱਕੀ ਨਿਯੁਕਤੀ ਕਰਨ ਦੀ ਥਾਂ ਇੱਧਰੋਂ ਉਧਰੋਂ ਆਰਜ਼ੀ ਪ੍ਰਬੰਧ ਲਗਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਂਜ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਗ਼ੈਰ-ਅਕਾਦਮਿਕ ਦਖ਼ਲ ਅੰਦਾਜ਼ੀ ਅਤੇ ਵਿੱਦਿਅਕ ਮਿਆਰਾਂ ਵਿਚ ਨਿਘਾਰ ਦੀ ਸ਼ੁਰੂਆਤ ਸੂਬੇ ਵਿਚ ਰਾਜ ਕਰ ਚੁੱਕੀ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਇਕ ਉੱਚ ਅਧਿਕਾਰੀ ਦੇ ਹੱਥ ਅਥਾਹ ਸ਼ਕਤੀਆਂ ਦੇਣ ਨਾਲ ਹੀ ਹੋ ਚੁੱਕੀ ਸੀ। ਖ਼ੈਰ ਪੰਜਾਬ ਸਰਕਾਰ ਨੂੰ ਹੁਣ ਇਸ ਪ੍ਰਮਾਣਿਤ ਤੱਥ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ, ਕਿ ਵਿੱਦਿਅਕ ਕਾਰਜ ਨਾਲ ਜੁੜੀਆਂ ਸੰਸਥਾਵਾਂ ਇਕ ਵੱਖਰੇ ਕਿਸਮ ਦੇ ਵਿੱਦਿਅਕ ਸੰਵੇਦਨਾ ਅਤੇ ਮਨੋਵਿਗਿਆਨਕ ਬਿਰਤੀ ਨਾਲ ਭਰਪੂਰ ਅਗਵਾਈ ਦੀ ਮੰਗ ਕਰਦੀਆਂ ਹਨ। ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਸਮੇਤ ਸਿੱਖਿਆ ਵਿਭਾਗ ਦੇ ਬਾਕੀ ਉੱਚ ਅਹੁਦਿਆਂ ਉੱਪਰ ਵਿੱਦਿਅਕ ਮਾਹਿਰਾਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੋਰਡ ਦੇ ਅਕਾਦਮਿਕ ਕਾਰਜਾਂ, ਪ੍ਰੀਖਿਆਵਾਂ ਦੇ ਸੰਚਾਲਨ ਅਤੇ ਪੇਪਰ ਤਿਆਰ ਕਰਨ ਦੇ ਕਾਰਜ ਨਾਲ ਸੰਬੰਧਿਤ ਕਮੇਟੀਆਂ ਦੀ ਵੀ ਪੂਰਨ ਜਵਾਬਦੇਹੀ ਤੈਅ ਹੋਵੇ ਤਾਂ ਜੋ ਭਵਿੱਖ ਵਿਚ ਵਿਦਿਆਰਥੀਆਂ ਨੂੰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੰਜਾਬ ਦੀ ਇਸ ਸਿਰਮੌਰ ਸੰਸਥਾ ਦਾ ਵੱਕਾਰ ਵੀ ਮੁੜ ਸਥਾਪਿਤ ਹੋ ਸਕੇ।

- (ਸੂਬਾ ਪ੍ਰਧਾਨ)
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ
ਮੋਬਾਈਲ : 97795-83467

Ad Position 22
No active advertisement
ਪਿਛਲੀ ਖ਼ਬਰ ਕਿਤਾਬਾਂ ਹਨ ਅਸਲੀ ਦੋਸਤ ਅਗਲੀ ਖ਼ਬਰ 'ਸਿਨੇਮਾ ਦਾ ਸਫ਼ਰਨਾਮਾ' ਇਕ ਸਾਰਥਕ ਪੇਸ਼ਕਸ਼
Ad Position 24