16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

'ਸਿਨੇਮਾ ਦਾ ਸਫ਼ਰਨਾਮਾ' ਇਕ ਸਾਰਥਕ ਪੇਸ਼ਕਸ਼

Ad Position 21
repet_subhas-goyals [Copy P29]
ਅਜੀਤ ਡੈਸਕ 06-04-2026

'ਸਿਨੇਮਾ ਦਾ ਸਫ਼ਰਨਾਮਾ' ਡੀ.ਡੀ. ਪੰਜਾਬੀ ਦੀ ਇਕ ਦਿਲਚਸਪ ਸਾਰਥਕ ਤੇ ਮਹੱਤਵਪੂਰਨ ਪੇਸ਼ਕਸ਼ ਸੀ, ਜਿਸ ਤਹਿਤ ਫ਼ਿਲਮਾਂ ਦੇ ਇਤਿਹਾਸ, ਫ਼ਿਲਮਾਂ ਦੇ ਤਕਨੀਕੀ ਸਫ਼ਰ ਅਤੇ ਫ਼ਿਲਮਾਂ ਦੇ ਵਿਕਾਸ ਨੂੰ ਬੜੀ ਖ਼ੂਬੀ, ਬੜੀ ਖੂਬਸੂਰਤੀ ਨਾਲ ਦਰਸਾਇਆ ਗਿਆ।
ਪਹਿਲਾਂ ਪਹਿਲ ਕੇਵਲ ਤਸਵੀਰਾਂ ਹੁੰਦੀਆਂ ਸਨ, ਫਿਰ ਸੰਗੀਤ ਸ਼ਾਮਿਲ ਹੋਇਆ। ਫਿਰ ਬੋਲ ਬੋਲੇ ਜਾਣ ਲੱਗੇ। ਇਸ ਪੰਧ ਦੀ ਸੰਬੰਧਿਤ ਤਕਨੀਕ ਦੀਆਂ ਤਸਵੀਰਾਂ ਅਤੇ ਵੀਡੀਓ ਸਹਿਤ ਕਹਾਣੀ ਬਿਆਨ ਕੀਤੀ ਗਈ।
ਫ਼ਿਲਮਾਂ ਦੇ ਇਤਿਹਾਸ ਤੇ ਤਕਨੀਕੀ ਵਿਕਾਸ ਸੰਬੰਧੀ ਗੱਲਬਾਤ ਕਰਨ ਲਈ ਫ਼ਿਲਮ ਇਤਿਹਾਸਕਾਰ ਭੀਮ ਰਾਜ ਗਰਗ ਡੀ.ਡੀ. ਪੰਜਾਬੀ ਦੇ ਸਟੂਡੀਓ ਵਿਚ ਮੌਜੂਦ ਸਨ। ਬਤੌਰ ਐਂਕਰ ਦੂਰਦਰਸ਼ਨ ਦੀ ਚਰਚਿਤ ਸ਼ਖ਼ਸੀਅਤ ਡਾ. ਹਰਜੀਤ ਸਿੰਘ ਹਾਜ਼ਰ ਸਨ।
ਭੀਮ ਰਾਜ ਗਰਗ ਹੁਰਾਂ ਆਰੰਭ ਵਿਚ ਬੜੇ ਦਿਲਚਸਪ ਢੰਗ ਨਾਲ ਕੇ.ਡੀ. ਮਹਿਰਾ ਦੇ ਪੰਜਾਬੀ ਫ਼ਿਲਮਾਂ ਲਈ ਪਾਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਦਾ ਪਿਤਾਮਾ ਕਿਹਾ, ਕਿਉਂਕਿ ਉਨ੍ਹਾਂ ਨੇ 1935 ਤੋਂ 1942 ਦੌਰਾਨ ਮੁੱਢਲੀਆਂ ਪੰਜਾਬੀ ਫ਼ਿਲਮਾਂ ਬਣਾਈਆਂ ਸਨ।
'ਆਲਮਾਰਾ' ਭਾਰਤ ਦੀ ਪਹਿਲੀ ਆਵਾਜ਼-ਫ਼ਿਲਮ ਸੀ, ਜਿਸ ਨੂੰ ਹਿੰਦੀ-ਉਰਦੂ ਰਲੀ-ਮਿਲੀ ਹਿੰਦੁਸਤਾਨੀ ਭਾਸ਼ਾ ਵਿਚ ਬਣਾਇਆ ਗਿਆ ਸੀ। ਬੜਾ ਆਕਰਸ਼ਕ ਕਲਾਮਈ ਸੈੱਟ ਲਗਾਇਆ ਗਿਆ ਸੀ। ਇਹ 14 ਮਾਰਚ, 1931 ਨੂੰ ਰਿਲੀਜ਼ ਹੋਈ ਸੀ।
ਵੈਸੇ ਫ਼ਿਲਮਾਂ ਦੇ ਸਿਲਸਿਲੇ ਦੀ ਸ਼ੁਰੂਆਤ ਜੁਲਾਈ, 1896 ਵਿਚ ਹੋ ਗਈ ਸੀ। ਦਾਦਾ ਸਾਹਿਬ ਫਾਲਕੇ ਨੂੰ ਭਾਰਤੀ ਸਿਨੇਮਾ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹ ਇਕ ਸਫ਼ਲ ਫੋਟੋਗ੍ਰਾਫ਼ਰ ਸਨ ਪਰੰਤੂ ਫਰੈਂਚ ਚੁੱਪ-ਫ਼ਿਲਮ 'ਲਾਈਫ਼ ਆਫ਼ ਕਰਾਈਸਟ' ਤੋਂ ਇੰਨੇ ਪ੍ਰਭਾਵਿਤ ਹੋਏ ਕਿ ਫ਼ਿਲਮਾਂ ਬਣਾਉਣ ਦਾ ਮਨ ਬਣਾ ਲਿਆ। ਉਹ 1912 ਵਿਚ ਫ਼ਿਲਮ ਬਣਾਉਣ ਦੀ ਸੰਦ-ਸਮੱਗਰੀ ਖਰੀਦਣ ਲਈ ਲੰਡਨ ਗਏ। ਨਤੀਜੇ ਵਜੋਂ ਉਨ੍ਹਾਂ 'ਰਾਜਾ ਹਰੀਸ਼ਚੰਦਰ' ਫ਼ਿਲਮ ਬਣਾਈ ਜਿਹੜੀ ਮਈ, 1913 ਵਿਚ ਰਿਲੀਜ਼ ਹੋਈ।
ਡੀ.ਡੀ. ਪੰਜਾਬੀ ਦੀ ਇਸ ਪੇਸ਼ਕਸ਼ ਨੂੰ ਦੋ ਭਾਗਾਂ ਵਿਚ ਪ੍ਰਸਾਰਿਤ ਕੀਤਾ ਗਿਆ। ਨਿਰਮਾਤਾ ਨਿਰਦੇਸ਼ਕ ਸ੍ਰੀ ਸੁਖਵਿੰਦਰ ਕੁਮਾਰ ਅਤੇ ਸ੍ਰੀ ਸਰਦਾਰਜੀਤ ਬਾਵਾ ਨੇ ਇਸ ਦੀ ਵਿਉਂਤਬੰਦੀ ਬਾਖੂਬੀ ਕੀਤੀ।
ਪੰਜਾਬੀ ਚੁੱਪ-ਫ਼ਿਲਮਾਂ ਤੋਂ ਬਾਅਦ ਬੋਲਦੀਆਂ ਫ਼ਿਲਮਾਂ, ਸੰਗੀਤ ਨਾਲ ਸਜੀਆਂ ਫ਼ਿਲਮਾਂ ਦਾ ਦੌਰ ਆਇਆ। ਪੰਜਾਬੀ ਫ਼ਿਲਮਾਂ ਦੇ ਬਹੁਤ ਸਾਰੇ ਅਦਾਕਾਰ, ਗਾਇਕ, ਕਲਾਕਾਰ ਬਾਅਦ ਵਿਚ ਹਿੰਦੀ ਫ਼ਿਲਮਾਂ ਵਿਚ ਗਏ ਅਤੇ ਬੁਲੰਦੀਆਂ ਛੋਹੀਆਂ। ਮੁਹੰਮਦ ਰਫ਼ੀ, ਕੇ.ਐਲ. ਸਹਿਗਲ, ਨੂਰਜਹਾਂ ਜਿਹੇ ਬਹੁਤ ਸਾਰੇ ਨਾਂਅ ਹਨ। ਇਨ੍ਹਾਂ ਦੀ ਪ੍ਰਤਿਭਾ ਅਤੇ ਕਲਾ ਪ੍ਰਤੀ ਲਗਾਅ ਵੇਖ ਕੇ ਝੱਟ ਮੌਕੇ ਮਿਲਣੇ ਆਰੰਭ ਹੋ ਗਏ।
ਦੂਸਰੇ ਭਾਗ ਵਿਚ ਅਜਿਹੇ ਚਰਚਿਤ ਕਲਾਕਾਰਾਂ ਅਤੇ ਫ਼ਿਲਮਾਂ ਦੀ ਵਿਸ਼ੇਸ਼ ਤੌਰ 'ਤੇ ਗੱਲ ਕੀਤੀ ਗਈ। ਫ਼ਿਲਮੀ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੀ ਇਸ ਪੇਸ਼ਕਸ਼ ਵਿਚ ਬੜੇ ਮਾਣ ਨਾਲ ਦੱਸਿਆ ਗਿਆ ਕਿ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿਚ ਪੰਜਾਬੀ ਗੀਤ ਸ਼ਾਮਿਲ ਕੀਤੇ ਗਏ, ਜਿਹੜੇ ਬੜੇ ਮਕਬੂਲ ਹੋਏ ਅਤੇ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤੇ ਗਏ।
ਯਮਲਾ ਜੱਟ, ਚਮਨ, ਖ਼ਾਨਦਾਨ, ਮਦਰ ਇੰਡੀਆ ਫ਼ਿਲਮਾਂ ਅਤੇ ਲਾਰਾ ਲੱਪਾ ਗੀਤ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਗਿਆ। ਯਮਲਾ ਜੱਟ ਫ਼ਿਲਮ ਦੇ ਗੀਤਾਂ ਦੇ ਬੋਲ ਸਾਹਿਤਕ ਅਤੇ ਪਿਆਰੇ ਸਨ। ਇਸ ਫ਼ਿਲਮ ਦੇ ਗੀਤ ਬੜੇ ਚਰਚਿਤ ਹੋਏ ਸਨ ਅਤੇ ਅੱਜ ਵੀ ਤਰੋਤਾਜ਼ਾ ਲਗਦੇ ਹਨ।
ਜਦ ਭਾਰਤ-ਪਾਕਿਸਤਾਨ ਦੀ ਭੂਗੋਲਿਕ ਤੇ ਮਾਨਸਿਕ ਵੰਡ ਹੋਈ ਤਾਂ ਅਦਾਕਾਰ ਪ੍ਰਾਣ ਦੀ ਕਾਰ ਉੱਧਰ ਰਹਿ ਗਈ। ਉਸ ਨੂੰ ਇਸ ਦਾ ਬੜਾ ਝੋਰਾ ਲੱਗਾ। ਬਾਅਦ ਵਿਚ ਅਦਾਕਾਰਾ ਕੁਲਦੀਪ ਕੌਰ ਨੇ ਕਿਸੇ ਤਰ੍ਹਾਂ ਕਾਰ ਇੱਧਰ ਪਹੁੰਚਾਈ ਤਾਂ ਉਸ ਨੂੰ ਚੈਨ ਆਇਆ।
ਪੰਜਾਬੀ ਫ਼ਿਲਮਾਂ ਦੇ ਸਫ਼ਰ ਨੂੰ ਸੌਖੀ ਤਰ੍ਹਾਂ ਸਮਝਣ ਲਈ ਇਸ ਨੂੰ ਚਾਰ-ਪੰਜ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਵੰਡ ਤੋਂ ਪਹਿਲਾਂ ਦਾ ਦੌਰ, ਵੰਡ ਤੋਂ ਬਾਅਦ ਦਾ ਸਮਾਂ, ਸੁਨਹਿਰੀ ਸਮਾਂ 1960-1980, ਆਧੁਨਿਕ ਯੁੱਗ 2000-2026।
ਕਈ ਪੰਜਾਬੀ ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਕੌਮਾਂਤਰੀ ਪਛਾਣ ਮਿਲੀ। ਜਦ 'ਨਾਨਕ ਨਾਮ ਜਹਾਜ਼ ਹੈ' ਨੂੰ ਬੇਹੱਦ ਸਫ਼ਲਤਾ ਮਿਲੀ ਤਾਂ ਵੱਡੀ ਗਿਣਤੀ ਵਿਚ ਪੰਜਾਬੀ ਫ਼ਿਲਮਾਂ ਬਣਨ ਲੱਗੀਆਂ। 'ਮਨਿ ਜੀਤੇ ਜਗੁ ਜੀਤੁ', 'ਕਣਕਾਂ ਦੇ ਓਹਲੇ', 'ਨਾਨਕ ਦੁਖੀਆ ਸਭ ਸੰਸਾਰ', 'ਮੇਲੇ ਮਿੱਤਰਾਂ ਦੇ', 'ਭਗਤ ਧੰਨਾ ਜੱਟ', 'ਦੁੱਖ ਭੰਜਨੁ ਤੇਰਾ ਨਾਮੁ', 'ਸੱਚਾ ਮੇਰਾ ਰੂਪ ਹੈ' ਇਸੇ ਪ੍ਰਭਾਵ ਹੇਠ ਬਣੀਆਂ।
ਡੀ.ਡੀ. ਪੰਜਾਬੀ ਦੇ ਸੀਨੀਅਰ ਪ੍ਰੋਡਿਊਸਰ ਸ੍ਰੀ ਸੁਖਵਿੰਦਰ ਕੁਮਾਰ ਦੁਆਰਾ ਇਸ ਨਿਵੇਕਲੀ ਤੇ ਮਹੱਤਵਪੂਰਨ ਪੇਸ਼ਕਸ਼ 'ਤੇ ਸਖ਼ਤ ਮਿਹਨਤ ਕੀਤੀ ਗਈ ਹੈ। ਉਹ ਲੰਮੇ ਸਮੇਂ ਤੋਂ ਡੀ.ਡੀ. ਪੰਜਾਬੀ ਦੇ ਕਈ ਚਰਚਿਤ ਤੇ ਸਾਰਥਕ ਪ੍ਰੋਗਰਾਮ ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ, ਜਿਨ੍ਹਾਂ ਵਿਚ ਗੱਲਾਂ ਤੇ ਗੀਤ, ਉਮਰਾਂ ਦੇ ਪੈਂਡੇ, ਜੋੜੀਆਂ ਜੱਗ ਥੋੜ੍ਹੀਆਂ, ਸਿਹਤ ਜ਼ਰੂਰੀ ਹੈ, ਮੇਰਾ ਪਿੰਡ ਮੇਰੇ ਖੇਤ ਆਦਿ ਸ਼ਾਮਿਲ ਹਨ। ਸਮੇਂ-ਸਮੇਂ ਪੇਸ਼ ਕੀਤੇ ਜਾਂਦੇ ਵਿਸ਼ੇਸ਼ ਪ੍ਰੋਗਰਾਮਾਂ ਅਤੇ ਨਵੇਂ ਵਰ੍ਹੇ ਦੇ ਮੌਕੇ ਪ੍ਰਸਾਰਿਤ ਕੀਤੇ ਜਾਂਦੇ ਰੰਗਾਰੰਗ ਪ੍ਰੋਗਰਾਮਾਂ ਵਿਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ।
ਸਿਨੇਮਾ ਦਾ ਸਫ਼ਰਨਾਮਾ ਇਕ ਖੋਜ ਆਧਾਰਿਤ ਪੇਸ਼ਕਸ਼ ਹੈ, ਜਿਹੜੀ ਦੂਰਦਰਸ਼ਨ ਜਲੰਧਰ ਦੇ ਭੰਡਾਰ ਨੂੰ ਹੋਰ ਵੀ ਭਰਪੂਰ ਕਰੇਗੀ।

ਈ-ਮੇਲ : prof_kulbir@yahoo.com

Ad Position 22
No active advertisement
ਪਿਛਲੀ ਖ਼ਬਰ ਲਾਪ੍ਰਵਾਹੀਆਂ ਕਾਰਨ ਡਿੱਗ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਆਰ ਅਗਲੀ ਖ਼ਬਰ ਬੰਗਾਲ ਵਿਚ ਲੱਖਾਂ ਲੋਕ ਵੋਟ ਪਾਉਣ ਤੋਂ ਰਹਿ ਸਕਦੇ ਹਨ ਵਾਂਝੇ
Ad Position 24