17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰੂ ਅੰਗਦ ਦੇਵ ਜੀ ਦਾ ਗੁਰਮਤਿ ਨੂੰ ਯੋਗਦਾਨ

Ad Position 21
No active advertisement
ਅਜੀਤ ਡੈਸਕ 18-04-2026

ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਦੂਜੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ 31 ਮਾਰਚ, 1504 (5 ਵਿਸਾਖ, 1561 ਬਿਕਰਮੀ) ਨੂੰ ਮੱਤੇ ਦੀ ਸਰਾਂ (ਮੁਕਤਸਰ) ਵਿਖੇ ਮਾਤਾ-ਪਿਤਾ ਫੇਰੂਮੱਲ ਤੇ ਮਾਤਾ ਰਾਮੋ (ਮਾਤਾ ਦਇਆ ਕੌਰ) ਦੇ ਗ੍ਰਹਿ ਵਿਖੇ ਹੋਇਆ, ਜਿਨ੍ਹਾਂ ਦਾ ਨਾਂਅ ਲਹਿਣਾ ਰੱਖਿਆ ਗਿਆ ਸੀ। ਕਿਸੇ ਕਾਰਨ ਗੁਰੂ ਅੰਗਦ ਦੇਵ ਜੀ ਦੇ ਪਿਤਾ ਇਸ ਪਿੰਡ ਨੂੰ ਅਲਵਿਦਾ ਕਹਿ ਕੇ ਪਰਿਵਾਰ ਸਮੇਤ ਖਡੂਰ ਸਾਹਿਬ ਆ ਗਏ। ਗੁਰੂ ਅੰਗਦ ਦੇਵ ਜੀ ਦਾ ਵਿਆਹ ਖਡੂਰ ਸਾਹਿਬ ਨੇੜਲੇ ਪਿੰਡ ਸੰਘਰ ਦੇ ਵਸਨੀਕ ਭਾਈ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਪੁੱਤਰ ਭਾਈ ਦਾਤੂ ਤੇ ਦਾਸੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਨੇ ਜਨਮ ਲਿਆ। ਗੁਰੂ ਨਾਨਕ ਦੇਵ ਜੀ ਦੇ ਅੰਗ ਲੱਗਣ ਤੋਂ ਪਹਿਲਾਂ ਭਾਈ ਲਹਿਣਾ ਜੀ ਦੇਵੀ ਭਗਤ ਸਨ। ਇਕ ਵਾਰ ਭਾਈ ਲਹਿਣਾ ਦਾ ਮਿਲਾਪ ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਜੋਧ ਸਿੰਘ ਨਾਲ ਹੋਇਆ, ਜਿਨ੍ਹਾਂ ਦੇ ਮੂੰਹੋਂ ਉਨ੍ਹਾਂ ਨੇ ਗੁਰਬਾਣੀ ਸੁਣੀ। ਜਦ ਭਾਈ ਲਹਿਣਾ ਨੇ ਉਨ੍ਹਾਂ ਨੂੰ ਇਸ ਰਸੀਲੀ ਬਾਣੀ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਬਾਣੀ ਨਿਰੰਕਾਰ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ 'ਚੋਂ ਉਚਾਰਤ ਹੋਈ ਹੈ, ਜਿਹੜੀ ਮਨੁੱਖਤਾ ਨੂੰ ਸੁਚੱਜੀ ਜੀਵਨ ਜਾਚ ਬਾਰੇ ਗਿਆਤ ਕਰਵਾਉਂਦੀ ਹੈ। ਹੁਣ ਭਾਈ ਜੋਧ ਦੇ ਘਰ ਜਾ ਕੇ ਬਾਣੀ ਸੁਣਨਾ ਉਨ੍ਹਾਂ ਦਾ ਨਿੱਤਨੇਮ ਬਣ ਗਿਆ। ਬਾਣੀ ਪੜ੍ਹਦਿਆਂ-ਸੁਣਦਿਆਂ ਅਜਿਹਾ ਅਸਰ ਹੋਇਆ ਕਿ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਜਾਗ ਪਈ। ਉਨ੍ਹਾਂ ਨੇ ਕਰਤਾਰਪੁਰ ਜਾਣ ਦਾ ਮਨ ਬਣਾਇਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:-
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ
ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ।

ਰਸਤੇ 'ਚ ਹੀ ਇਕ ਬਜ਼ੁਰਗ ਆਉਂਦਾ ਦੇਖਿਆ ਤਾਂ ਪੁੱਛਿਆ ਕਿ ਨਾਨਕ ਜੀ ਦੇ ਦਰਸ਼ਨ ਕਰਨੇ ਹਨ, ਕਿਸ ਰਾਹ ਜਾਵਾਂ। ਬਜ਼ੁਰਗ ਨੇ ਕਿਹਾ ਕਿ ਮੇਰੇ ਪਿੱਛੇ ਆਈ ਚੱਲੋ। ਜਦੋਂ ਮੰਜ਼ਿਲ 'ਤੇ ਪੁੱਜੇ ਤਾਂ ਭਾਈ ਲਹਿਣਾ ਜੀ ਘੋੜੀ ਬੰਨ੍ਹ ਕੇ ਧਰਮਸਾਲ ਦੇ ਕਮਰੇ ਅੰਦਰ ਗਏ, ਜਿੱਥੇ ਕੀਰਤਨ ਹੋ ਰਿਹਾ ਸੀ। ਆਸਣ 'ਤੇ ਬਿਰਾਜਮਾਨ ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ। ਜਦ ਸਿਰ ਚੁੱਕਿਆ ਤਾਂ ਉਹੀ ਬਜ਼ੁਰਗ ਸਨ, ਜੋ ਉਨ੍ਹਾਂ ਨੂੰ ਘੋੜੀ ਦੀ ਵਾਗ ਫੜ ਕੇ ਇੱਥੇ ਲਿਆਏ ਸਨ। ਇਹ ਦੇਖ ਉਹ ਗੁਰੂ ਜੀ ਦੇ ਚਰਨਾਂ 'ਚ ਢਹਿ ਪਏ। ਗੁਰੂ ਜੀ ਨੇ ਉਠਾਇਆ ਤਾਂ ਲਹਿਣਾ ਜੀ ਨੇ ਮਾਫ਼ੀ ਮੰਗੀ। ਗੁਰੂ ਜੀ ਦੇ ਪੁੱਛਣ 'ਤੇ ਜਦੋਂ ਉਨ੍ਹਾਂ ਆਪਣਾ ਨਾਂਅ ਲਹਿਣਾ ਦੱਸਿਆ ਤਾਂ ਗੁਰੂ ਜੀ ਨੇ ਕਿਹਾ, 'ਤੂੰ ਲਹਿਣਾ ਅਤੇ ਅਸੀਂ ਤੇਰਾ ਦੇਣਾ। ਭਾਈ ਲਹਿਣਾ ਜੀ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੰਝਧਾਰ 'ਚ ਫਸੀ ਕਿਸ਼ਤੀ ਨੂੰ ਕਿਨਾਰਾ ਮਿਲ ਗਿਆ ਹੋਵੇ। ਇਹ ਮੁਲਾਕਾਤ ਉਨ੍ਹਾਂ ਲਈ ਇਕ ਨਵੀਂ ਸਵੇਰ ਬਣ ਗਈ। ਇੱਥੋਂ ਹੀ ਗੁਰੂ ਅੰਗਦ ਦੇਵ ਜੀ ਬਣਨ ਦਾ ਸਫ਼ਰ ਆਰੰਭ ਹੋਇਆ ਤੇ ਹਰ ਸਮੇਂ ਗੁਰੂ ਜੀ ਦੀ ਸੇਵਾ 'ਚ ਬਤੀਤ ਹੋਣ ਲੱਗਾ। ਗੁਰੂ ਨਾਨਕ ਦੇਵ ਜੀ ਦੇ ਦਰਬਾਰ 'ਚ ਉਸ ਸਮੇਂ ਬਾਬਾ ਬੁੱਢਾ ਜੀ, ਭਾਈ ਭਗੀਰਥ, ਭਾਈ ਮਨਮੁੱਖ ਤੇ ਭਾਈ ਸਧਾਰਨ ਵਰਗੇ ਕਈ ਮੁੱਖ ਸੇਵਕ ਸਨ, ਪਰ ਭਾਈ ਲਹਿਣਾ ਜੀ ਦੀ ਸੇਵਾ ਗੁਰੂ ਜੀ ਦੇ ਮਨ ਨੂੰ ਭਾਅ ਗਈ।
ਜਿਵੇਂ ਨਦੀ ਸਮੁੰਦਰ ਵਿਚ ਡਿੱਗ ਕੇ ਸਮੁੰਦਰ ਬਣ ਜਾਂਦੀ ਹੈ, ਉਸੇ ਤਰ੍ਹਾਂ ਭਾਈ ਲਹਿਣਾ ਜੀ ਨੇ ਵੀ ਆਪਣਾ ਆਪ ਗੁਰੂ ਵਿਚ ਸਮਾਅ ਦਿੱਤਾ। ਅੱਠ ਸਾਲ ਦੀ ਘਾਲਣਾ ਤੋਂ ਬਾਅਦ ਤੇ ਪਰਖ ਦੀ ਕਸਵੱਟੀ 'ਤੇ ਖ਼ਰਾ ਉਤਰਨ ਪਿੱਛੋਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦਾ ਅਨਿੱਖੜਵਾਂ ਅੰਗ ਭਾਵ ਗੁਰੂ ਅੰਗਦ ਦੇਵ ਜੀ ਬਣੇ। ਇਸ ਸਫ਼ਲਤਾ ਦਾ ਆਧਾਰ ਉਨ੍ਹਾਂ ਦੀ ਯੋਗਤਾ ਤੋਂ ਇਲਾਵਾ ਗੁਰੂ ਘਰ ਪ੍ਰਤੀ ਸਹਿਯੋਗਤਾ ਵੀ ਸੀ। ਭਾਈ ਗੁਰਦਾਸ ਜੀ ਦੇ ਸ਼ਬਦ ਹਨ:-
ਗੁਰ ਅੰਗਦੁ ਗੁਰੁ ਅੰਗੁ ਤੇ ਅੰਮ੍ਰਿਤ
ਬਿਰਖੁ ਅੰਮ੍ਰਿਤ ਫਲ ਫਲਿਆ।
ਜੋਤੀ ਜੋਤਿ ਜਗਈਅਨੁ
ਦੀਵੇ ਤੇ ਜਿਉ ਦੀਵਾ ਬਲਿਆ।
(ਵਾਰ : 24, ਪੌੜੀ : 8)

ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਸਰਬੱਤ ਦੇ ਭਲੇ ਲਈ ਕਈ ਅਜਿਹੇ ਕਾਰਜ ਵਿੱਢੇ, ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਦੀਵਤਾ ਬਖਸ਼ਣ ਦੇ ਮਨੋਰਥ ਨਾਲ ਉਨ੍ਹਾਂ ਬਾਬਤ ਪਹਿਲੀ ਜਨਮ ਸਾਖੀ ਲਿਖਵਾਈ। ਪੰਜਾਬੀ ਬੋਲੀ ਦੇ ਵਿਕਾਸ ਲਈ ਗੁਰਮੁਖੀ ਲਿੱਪੀ ਨੂੰ ਨਾ ਸਿਰਫ਼ ਮਾਂਜਿਆਂ-ਸੰਵਾਰਿਆ, ਸਗੋਂ ਵੱਖ-ਵੱਖ ਧੁਨੀਆਂ ਲਈ ਵੱਖਰੇ-ਵੱਖਰੇ ਅੱਖਰਾਂ ਨੂੰ ਪ੍ਰਮਾਣਿਕ ਤੌਰ 'ਤੇ ਪੱਕਿਆਂ ਵੀ ਕੀਤਾ। ਸੰਗਤ ਲਈ ਗੁਰਬਾਣੀ ਦੇ ਗੁਟਕੇ ਤਿਆਰ ਕਰਵਾਏ ਗਏ, ਵਿੱਦਿਅਕ ਅਦਾਰੇ ਖੋਲ੍ਹੇ ਗਏ, ਸਿਹਤ ਸੰਭਾਲ ਹਿਤ ਅਖਾੜਿਆਂ ਦਾ ਪ੍ਰਬੰਧ ਕੀਤਾ ਗਿਆ। ਮਨੁੱਖੀ ਏਕਤਾ ਤੇ ਭਾਈਚਾਰਕ ਸਾਂਝ ਲਈ ਵਡੇਰੇ ਉਪਰਾਲੇ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵਿਰਾਗਮਈ ਰੁਚੀਆਂ ਤੋਂ ਵਰਜਿਆ। ਗੁਰੂ ਨਾਨਕ ਦੇਵ ਜੀ ਦੇ ਵਿਅਕਤੀਤਵ ਦੀ ਗੁਰੂ ਅੰਗਦ ਦੇਵ ਜੀ 'ਤੇ ਇੰਨੀ ਡੂੰਘੀ ਛਾਪ ਸੀ ਕਿ ਆਪ ਜੀ ਦੁਆਰਾ ਰਚਿਤ 62 ਸਲੋਕਾਂ ਦੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਗਹਿਰੀ ਵਿਚਾਰਧਾਰਕ ਸਾਂਝ ਪ੍ਰਗਟ ਹੁੰਦੀ ਹੈ।
ਗੁਰੂ ਨਾਨਕ ਦੇਵ ਜੀ ਦੀ ਤਰਜ਼ 'ਤੇ ਹੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਮਾਨਵਤਾ ਨੂੰ ਸਾਰਥਕ ਸੇਧ ਪ੍ਰਦਾਨ ਕਰਨ ਦੇ ਨਾਲ-ਨਾਲ ਜੀਵਨ ਦੇ ਅਨੁਭਵ ਨੂੰ ਵੀ ਬਿਆਨ ਕਰਦੀ ਹੈ।

#1348/17/1, ਗਲੀ ਨੰ-8, ਰਿਸ਼ੀ ਨਗਰ ਐਕਸਟੈਨਸ਼ਨ, (ਲੁਧਿਆਣਾ)।
ਮੋਬਾਈਲ : 94631-32719

 

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਊਰਜਾ ਸੰਕਟ ਨੂੰ ਦੂਰ ਕਰ ਸਕਦਾ ਹੈ ਥੋਰੀਅਮ ਅਗਲੀ ਖ਼ਬਰ ਕਿਸਾਨਾਂ ਲਈ ਵੱਡੀ ਰਾਹਤ
Ad Position 24