16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਾਰਤ ਦੇ ਊਰਜਾ ਸੰਕਟ ਨੂੰ ਦੂਰ ਕਰ ਸਕਦਾ ਹੈ ਥੋਰੀਅਮ

Ad Position 21
No active advertisement
ਅਜੀਤ ਡੈਸਕ 18-04-2026

ਅੱਜ ਪੂਰੀ ਦੁਨੀਆ ਊਰਜਾ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਕੋਲਾ, ਗੈਸ ਤੇ ਤੇਲ ਵਰਗੇ ਸਰੋਤ ਮਹਿੰਗੇ ਹੋ ਰਹੇ ਹਨ। ਜਲਵਾਯੂ ਪਰਿਵਰਤਨ ਦੀ ਸਮੱਸਿਆ ਵੱਖਰੀ ਹੈ। ਮੱਧ ਪੂਰਬ 'ਚ ਜਾਰੀ ਟਕਰਾਅ ਨੇ ਵੱਡੇ ਹੰਕਾਰੀ ਦੇਸ਼ਾਂ ਨੂੰ ਗੋਡਿਆਂ ਭਾਰ ਕਰ ਦਿੱਤਾ ਹੈ। ਅਜਿਹੀ ਸਥਿਤੀ 'ਚ ਭਾਰਤ 'ਚ ਉਪਲੱਬਧ ਤੱਤ ਥੋਰੀਅਮ 'ਤੇ ਚਰਚਾ ਹੋਣੀ ਇਕ ਚੰਗਾ ਸੰਕੇਤ ਹੈ। ਪਰ ਇਹ ਵਿਚਾਰਨਾ ਵੀ ਜ਼ਰੂਰੀ ਹੈ ਕਿ ਅਸੀਂ ਇਸ ਦਾ ਉਪਯੋਗ ਕਰਨ ਵਿਚ ਇੰਨੇ ਪਿੱਛੇ ਕਿਵੇਂ ਰਹਿ ਗਏ।
ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ
ਕੁਦਰਤ ਸਾਡੇ ਦੇਸ਼ 'ਤੇ ਬਹੁਤ ਦਿਆਲੂ ਰਹੀ ਹੈ, ਸਾਡੇ ਕੋਲ ਸਾਫ਼ ਪਾਣੀ ਦੇ ਸਰੋਤ, ਉਪਜਾਊ ਜ਼ਮੀਨ ਤੇ ਹਰੇ ਭਰੇ ਜੰਗਲ ਹੋਣ ਤੋਂ ਇਲਾਵਾ ਸਾਡੇ ਸਮੁੰਦਰੀ ਤੱਟਾਂ 'ਤੇ ਰੇਤ ਦੇ ਰੂਪ 'ਚ ਥੋਰੀਅਮ ਦੇ ਦੁਨੀਆ 'ਚ ਸਭ ਤੋਂ ਵੱਡੇ ਭੰਡਾਰ ਹਨ। ਇਹ ਤੱਤ ਸਦੀਆਂ ਤੱਕ ਮੁਫਤ ਬਿਜਲੀ ਪ੍ਰਦਾਨ ਕਰਕੇ ਸਾਡੀ ਤੇਲ ਦਰਾਮਦ 'ਤੇ ਨਿਰਭਰਤਾ ਨੂੰ ਬਹੁਤ ਘਟਾ ਸਕਦਾ ਹੈ। ਪਹਿਲੇ ਪ੍ਰਧਾਨ ਮੰਤਰੀ ਨਹਿਰੂ ਦੀ ਅਗਵਾਈ ਹੇਠ ਡਾ. ਹੋਮੀ ਜਹਾਂਗੀਰ ਭਾਭਾ ਨੇ ਸਾਡੀਆਂ ਊਰਜਾ ਜ਼ਰੂਰਤਾਂ ਨੂੰ ਧਿਆਨ 'ਚ ਰੱਖਦਿਆਂ ਇਸ ਕੀਮਤੀ ਤੇ ਵਿਸ਼ਾਲ ਖਜ਼ਾਨੇ ਦੀ ਵਰਤੋਂ ਲਈ ਇਕ ਤਿੰਨ-ਪੜਾਵੀ ਯੋਜਨਾ ਤਿਆਰ ਕੀਤੀ ਸੀ, ਪਰ ਇਸ ਮਹਾਨ ਵਿਗਿਆਨੀ ਦੀ ਇਕ ਹਾਦਸੇ ਵਿਚ ਮੌਤ ਹੋ ਜਾਣ ਬਾਅਦ ਇਹ ਉਮੀਦਾਂ ਭਰਪੂਰ ਯੋਜਨਾ ਸਿਰੇ ਨਾ ਚੜ੍ਹ ਸਕੀ, ਜਿਸ ਦੀ ਵੱਡੀ ਵਜ੍ਹਾ ਰਾਜਨੀਤਕ ਲੀਡਰਸ਼ਿਪ ਵਿਚ ਵਿਗਿਆਨਕ ਪਹੁੰਚ ਦੀ ਕਮੀ ਸੀ। ਸਵੀਡਿਸ਼ ਰਸਾਇਣ ਵਿਗਿਆਨੀ ਜੋਨਸ ਜੈਕਬ ਬਰਜ਼ੇਲੀਅਸ ਤੇ ਨਾਰਵੇ ਦੇ ਖਣਿਜ ਵਿਗਿਆਨੀ ਮੋਰਟਨ ਥ੍ਰੇਨ ਐਸਮਾਰਕ ਨੇ 1828-29 ਵਿਚ ਲੋਵੋਯਾ ਟਾਪੂ 'ਤੇ ਘੁੰਮਦਿਆਂ ਇਕ ਕਾਲੇ ਖਣਿਜ (ਥੋਰਾਈਟ) ਥੋਰੀਅਮ ਦੀ ਖੋਜ ਕੀਤੀ ਸੀ। ਬਰਜ਼ੇਲੀਅਸ ਨੇ ਇਸ ਦਾ ਵਿਸ਼ਲੇਸ਼ਣ ਕਰਦਿਆਂ ਇਕ ਨਵਾਂ ਤੱਤ ਖੋਜਿਆ ਸੀ ਅਤੇ ਇਸ ਦਾ ਨਾਂਅ ਥੋਰ (ਬਿਜਲੀ ਤੇ ਤੂਫਾਨਾਂ ਦੇ ਨੋਰਸ ਦੇਵਤਾ) ਦੇ ਨਾਂਅ 'ਤੇ ਥੋਰੀਅਮ ਰੱਖਿਆ। ਜਦਕਿ 1898 'ਚ ਜਰਮਨ ਵਿਗਿਆਨੀਆਂ ਗੇਰਹਾਰਡ ਕਾਰਲ ਸ਼ਮਿਟ ਤੇ ਮੈਰੀ ਕਿਊਰੀ ਨੇ ਸੁਤੰਤਰ ਤੌਰ 'ਤੇ ਥੋਰੀਅਮ ਦੇ ਰੇਡੀਓਐਕਟਿਵ ਗੁਣਾਂ ਦੀ ਖੋਜ ਕਰਕੇ ਪਤਾ ਲਗਾਇਆ ਕਿ ਯੂਰੇਨੀਅਮ ਤੋਂ ਬਾਅਦ ਥੋਰੀਅਮ ਦੂਜਾ ਰੇਡੀਓਐਕਟਿਵ ਤੱਤ ਹੈ। ਸ਼ੁਰੂ 'ਚ ਥੋਰੀਅਮ ਦੀ ਵਰਤੋਂ ਗੈਸ ਲੈਂਪ ਮੈਂਟਲ, ਵੈਲਡਿੰਗ ਤੇ ਕੁਝ ਮਿਸ਼ਰਤ ਧਾਤੂਆਂ 'ਚ ਕੀਤੀ ਜਾਂਦੀ ਸੀ।
ਭਾਰਤ ਕੋਲ ਸਭ ਤੋਂ ਵੱਡੇ ਭੰਡਾਰ
ਭਾਰਤੀ ਵਿਗਿਆਨੀਆਂ ਦੇ ਅਨੁਸਾਰ ਲਗਭਗ 8.46 ਲੱਖ ਟਨ (ਮੋਨਾਜ਼ਾਈਟ ਰੇਤ) ਦੇ ਭੰਡਾਰ ਤੋਂ 400 ਸਾਲਾਂ ਤੱਕ ਲਗਾਤਾਰ 500 ਗੀਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਜੋ ਭਾਰਤ ਦੀਆਂ ਕੁੱਲ ਬਿਜਲੀ ਲੋੜਾਂ ਤੋਂ ਕਈ ਗੁਣਾ ਵੱਧ ਹੈ। ਦੁਨੀਆ ਭਰ ਵਿਚ ਇੰਨਾ ਥੋਰੀਅਮ ਹੈ ਕਿ ਜੇਕਰ ਉਸ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਹਜ਼ਾਰਾਂ ਸਾਲਾਂ ਤੱਕ ਊਰਜਾ ਦੀ ਕੋਈ ਕਮੀ ਨਹੀਂ ਰਹੇਗੀ। ਇਕ ਕਿਲੋਗ੍ਰਾਮ ਥੋਰੀਅਮ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਮਾਤਰਾ 2000 ਟਨ ਕੋਲੇ ਜਾਂ ਲੱਖਾਂ ਲੀਟਰ ਤੇਲ ਤੋਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਤੋਂ ਵੱਧ ਹੁੰਦੀ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਡਾ. ਹੋਮੀ ਭਾਭਾ ਨੇ 1950 ਦੇ ਦਹਾਕੇ ਵਿਚ ਤਿੰਨ-ਪੜਾਅ ਵਾਲਾ ਪ੍ਰੋਗਰਾਮ ਤਿਆਰ ਕੀਤਾ ਸੀ- ਪਹਿਲੇ ਪੜਾਅ ਵਿਚ ਯੂਰੇਨੀਅਮ, ਦੂਜੇ 'ਚ ਬ੍ਰਿਡਰ ਰਿਐਕਟਰ (ਜੋ ਵਧੇਰੇ ਬਾਲਣ ਪੈਦਾ ਕਰਦਾ ਹੈ) ਅਤੇ ਤੀਜੇ 'ਚ ਥੋਰੀਅਮ ਸੀ। ਪਰ ਰਾਜਨੀਤਕ ਨੇਤਾਵਾਂ ਦੁਆਰਾ ਇਸ ਵਿਗਿਆਨਕ ਖੋਜ ਨੂੰ ਰਾਜਨੀਤਕ ਲੈਂਜ਼ ਰਾਹੀਂ ਵੇਖਣ ਦੇ ਚਲਦਿਆਂ ਇਸ ਦੀ ਸ਼ੁਰੂਆਤ 2004 ਵਿਚ ਹੋ ਸਕੀ ਤੇ 22 ਸਾਲ ਬਾਅਦ ਅਪ੍ਰੈਲ 2026 ਵਿਚ ਕਲਪਕ੍ਰਮ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਕ੍ਰਿਟਿਕਲਟੀ ਹਾਸਲ ਕੀਤਾ ਜਾ ਸਕਿਆ। ਇਸ ਦੂਜੇ ਪੜਾਅ ਨੂੰ ਸ਼ੁਰੂ ਕਰਨ ਨੂੰ ਇਕ ਇਤਿਹਾਸਕ ਪ੍ਰਾਪਤੀ ਵਜੋਂ ਦਰਸਾਇਆ ਗਿਆ ਹੈ, ਜਦਕਿ ਇਹ ਕੰਮ 50 ਸਾਲ ਪਹਿਲਾਂ ਪੂਰਾ ਹੋ ਜਾਣਾ ਚਾਹੀਦਾ ਸੀ। ਜੇਕਰ ਅਜਿਹਾ ਹੋਇਆ ਹੁੰਦਾ ਤਾਂ ਅੱਜ ਅਸੀਂ ਤੀਜੇ ਪੜਾਅ ਵੱਲ ਵਧ ਰਹੇ ਹੁੰਦੇ।
ਦੁਨੀਆ ਦੇ ਬਹੁਤ ਸਾਰੇ ਦੇਸ਼ ਜਿਨ੍ਹਾਂ ਕੋਲ ਬਹੁਤ ਘੱਟ ਥੋਰੀਅਮ ਭੰਡਾਰ ਹਨ, ਉਹ ਸਾਡੇ ਤੋਂ ਬਹੁਤ ਅੱਗੇ ਨਿਕਲ ਚੁੱਕੇ ਹਨ, ਖਾਸ ਕਰਕੇ ਚੀਨ ਤੇ ਅਮਰੀਕਾ ਹੁਣ ਊਰਜਾ ਮਹਾਂਸ਼ਕਤੀਆਂ ਬਣਨ ਜਾ ਰਹੇ ਹਨ। ਜੇਕਰ ਭਾਰਤ ਨੇ ਹੁਣ ਗਤੀ ਨਾ ਫੜੀ ਤਾਂ ਅਸੀਂ ਵਿਸ਼ਾਲ ਥੋਰੀਅਮ ਭੰਡਾਰ ਹੋਣ ਦੇ ਬਾਵਜੂਦ ਪਿੱਛੇ ਰਹਿ ਜਾਵਾਂਗੇ। ਚੀਨ ਨੇ 2023 ਵਿਚ ਦੁਨੀਆ ਦਾ ਪਹਿਲਾ ਥੋਰੀਅਮ ਮੋਲਟਨ ਸਾਲਟ ਰਿਐਕਟਰ ਚਾਲੂ ਕੀਤਾ ਸੀ ਤੇ 2024-25 ਵਿਚ ਥੋਰੀਅਮ ਨੂੰ ਸਫਲਤਾਪੂਰਵਕ ਯੂਰੇਨੀਅਮ ਵਿਚ ਬਦਲਣ ਦਾ ਸਫਲ ਪ੍ਰਯੋਗ ਕੀਤਾ ਗਿਆ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਉਹ ਇਕ ਵਾਰ ਚਾਰਜ ਕਰਕੇ 10 ਸਾਲਾਂ ਤੱਕ ਇਕ ਜਹਾਜ਼ ਨੂੰ ਚਲਾ ਸਕਦਾ ਹੈ। ਇਹ ਇਕ ਅਜਿਹਾ ਖੇਤਰ ਹੈ ਜਿੱਥੇ ਥੋਰੀਅਮ ਰਵਾਇਤੀ ਈਂਧਨਾਂ (ਬਾਲਣਾਂ) ਦੀ ਜਗ੍ਹਾ ਲੈ ਕੇ ਸਾਡੀ ਤੇਲ 'ਤੇ ਨਿਰਭਰਤਾ ਨੂੰ ਕਾਫ਼ੀ ਘਟਾ ਸਕਦਾ ਹੈ। ਪਰ ਜੇਕਰ ਸਾਡੀ ਇਸ ਪ੍ਰਤੀ ਪਹੁੰਚ ਢਿੱਲੀ ਮੱਠੀ ਹੀ ਰਹੀ ਤਾਂ ਅਸੀਂ ਅਗਲੇ 25-30 ਸਾਲਾਂ ਤੱਕ ਵੀ ਊਰਜਾ ਵਿਚ ਸਵੈ-ਨਿਰਭਰਤਾ ਪ੍ਰਾਪਤ ਨਹੀਂ ਕਰ ਸਕਾਂਗੇ। ਦਰਅਸਲ ਥੋਰੀਅਮ ਬਿਜਲੀ ਉਤਪਾਦਨ ਵਿਚ ਕੋਲੇ ਤੇ ਗੈਸ ਦੀ ਜਗ੍ਹਾ ਆਸਾਨੀ ਨਾਲ ਲੈ ਸਕਦਾ ਹੈ, ਜੋ ਨਿਰੰਤਰ ਬਿਜਲੀ ਪ੍ਰਦਾਨ ਕਰੇਗਾ, ਜਦਕਿ ਸੂਰਜੀ ਤੇ ਹਵਾ ਊਰਜਾ ਮੌਸਮ 'ਤੇ ਨਿਰਭਰ ਹਨ। ਤੇਲ ਮੁੱਖ ਤੌਰ 'ਤੇ ਆਵਾਜਾਈ ਤੇ ਪੈਟਰੋ ਕੈਮੀਕਲ ਲਈ ਵਰਤਿਆ ਜਾਂਦਾ ਹੈ, ਜਦਕਿ ਥੋਰੀਅਮ ਬਿਜਲੀ ਨਾਲ ਇਲੈਕਟ੍ਰਿਕ ਵਾਹਨ, ਹਾਈਡ੍ਰੋਜਨ ਤੇ ਸਿੰਥੈਟਿਕ ਈਂਧਨ ਬਣਾਏ ਜਾ ਸਕਦੇ ਹਨ। ਭਾਰਤ ਦਾ ਊਰਜਾ ਉਤਪਾਦਨ 85 ਫ਼ੀਸਦੀ ਤੇਲ ਦੀ ਦਰਾਮਦ 'ਤੇ ਨਿਰਭਰ ਹੈ। ਭਾਵੇਂ ਥੋਰੀਅਮ ਤੋਂ ਬਿਜਲੀ ਪੈਦਾ ਕਰਨੀ ਬਹੁਤ ਮਹਿੰਗੀ 15 ਤੋਂ 18 ਕਰੋੜ ਰੁਪਏ ਪ੍ਰਤੀ ਮੈਗਾਵਾਟ ਹੈ, ਪਰ ਇਹ ਇਕ ਅਜਿਹਾ ਬਦਲ ਹੈ ਜੋ ਸਾਡੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਕੇ ਮੱਧ ਪੂਰਬ ਜਾਂ ਰੂਸ 'ਤੇ ਸਾਡੀ ਨਿਰਭਰਤਾ ਨੂੰ ਘਟਾ ਸਕਦਾ ਹੈ।
ਅੱਜ ਅਸੀਂ ਊਰਜਾ ਸੰਕਟਾਂ ਤੇ ਜਲਵਾਯੂ ਪਰਿਵਰਤਨ ਨਾਲ ਜੂਝ ਰਹੇ ਹਾਂ, ਪਰ ਸਹੀ ਯੋਜਨਾਬੰਦੀ ਨਾਲ ਇਹ ਕੁਦਰਤੀ ਖਜ਼ਾਨਾ ਸਾਡੇ ਭਵਿੱਖ ਨੂੰ ਸੰਵਾਰ ਸਕਦਾ ਹੈ। ਭਾਰਤ ਕੋਲ ਸੀਮਤ ਯੂਰੇਨੀਅਮ ਭੰਡਾਰ ਦੇ ਮੁਕਾਬਲੇ ਦੁਨੀਆ ਦੇ ਕੁੱਲ ਥੋਰੀਅਮ ਭੰਡਾਰਾਂ ਦਾ ਲਗਭਗ 25 ਫ਼ੀਸਦੀ ਹੈ। ਜਿਸ ਦੀ ਕੁਸ਼ਲਤਾ ਨਾਲ ਵਰਤੋਂ ਕਰਕੇ ਭਾਰਤ ਨੂੰ ਸਦੀਆਂ ਲਈ ਊਰਜਾ ਸੰਕਟ ਤੋਂ ਮੁਕਤ ਕੀਤਾ ਜਾ ਸਕਦਾ ਹੈ। ਦਰਅਸਲ ਥੋਰੀਅਮ ਰਿਐਕਟਰ ਸਿਰਫ਼ ਬਿਜਲੀ ਦੇ ਸਰੋਤ ਨਹੀਂ ਹਨ, ਸਗੋਂ ਊਰਜਾ ਕੇਂਦਰ ਹਨ। ਜਿਸ ਤੋਂ ਇਕੋ ਸਮੇਂ ਬਿਜਲੀ, ਹਾਈਡ੍ਰੋਜਨ, ਸਮੁੰਦਰ ਤੋਂ ਮਿੱਠਾ ਪਾਣੀ ਬਣਾਉਣ ਤੇ ਉਦਯੋਗਿਕ ਗਰਮੀ ਪੈਦਾ ਹੋ ਸਕਦੀ ਹੈ। ਇਹ ਭਾਰਤ ਦੀ ਊਰਜਾ ਸੁਰੱਖਿਆ, ਪਾਣੀ ਸੁਰੱਖਿਆ ਤੇ ਉਦਯੋਗਿਕ ਵਿਕਾਸ ਵਿਚ ਕ੍ਰਾਂਤੀ ਲਿਆ ਸਕਦਾ ਹੈ। ਇਹ ਸੋਲਰ-ਵਿੰਡ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਦਾ ਪੂਰਕ ਬਣ ਕੇ ਭਾਰਤ ਨੂੰ ਸਵੈ-ਨਿਰਭਰ ਬਣਾ ਸਕਦਾ ਹੈ, ਪਰ ਇਸ ਦੇ ਇਸਤੇਮਾਲ ਦੀ ਗਤੀ ਬਹੁਤ ਘੱਟ ਹੈ। ਜੇਕਰ ਤਕਨੀਕੀ ਗੁੰਝਲਾਂ ਤੇ ਨਿਵੇਸ਼ ਚੁਣੌਤੀਆਂ ਨੂੰ ਦੂਰ ਕਰ ਲਿਆ ਜਾਂਦਾ ਹੈ ਤਾਂ ਭਾਰਤ 2040-50 ਤੱਕ ਥੋਰੀਅਮ ਊਰਜਾ ਵਿਚ ਦੁਨੀਆ 'ਚ ਮੋਹਰੀ ਬਣ ਸਕਦਾ ਹੈ।

ਈ-ਮੇਲ : pooranchandsarin@gmail.com

Ad Position 22
No active advertisement
ਪਿਛਲੀ ਖ਼ਬਰ ਚੋਣ ਰੈਲੀਆਂ 'ਚੋਂ ਗਾਇਬ ਹਨ ਲੋਕਾਂ ਦੇ ਮੁੱਦੇ ਅਗਲੀ ਖ਼ਬਰ ਗੁਰੂ ਅੰਗਦ ਦੇਵ ਜੀ ਦਾ ਗੁਰਮਤਿ ਨੂੰ ਯੋਗਦਾਨ
Ad Position 24