ਪਿਛਲੇ ਕਈ ਸਾਲਾਂ ਤੋਂ ਭਾਰਤ ਸਮੇਤ ਪੂਰੀ ਦੁਨੀਆ 'ਚ ਵਾਤਾਵਰਨ ਪ੍ਰਦੂਸ਼ਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਦਕਿ ਸਮਾਜ ਲਗਾਤਾਰ ਇਸ ਦੀ ਅਣਦੇਖੀ ਕਰ ਰਿਹਾ ਹੈ। ਹਰ ਸਾਲ ਸਰਦੀ ਸ਼ੁਰੂ ਹੁੰਦੇ ਹੀ ਦੇਸ਼ 'ਚ ਹਵਾ ਪ੍ਰਦੂਸ਼ਣ ਦਾ ਮੁੱਦਾ ਮੁੱਖ ਧਾਰਾ ਦੇ ਮੀਡੀਆ 'ਤੇ ਛਾ ਜਾਂਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਦਿੱਲੀ ਹਵਾ ਪ੍ਰਦੂਸ਼ਣ ਦੀ ਵੀ ਰਾਜਧਾਨੀ ਬਣ ਜਾਂਦੀ ਹੈ। ਉਸ ਸਮੇਂ ਦੋ ਚੀਜ਼ਾਂ 'ਤੇ ਹੀ ਚਰਚਾ ਹੁੰਦੀ ਹੈ- ਪਹਿਲੀ ਦਿੱਲੀ ਦਾ ਹਵਾ ਪ੍ਰਦੂਸ਼ਣ ਤੇ ਦੂਜਾ ਇਸ ਸਮੱਸਿਆ ਲਈ ਪੰਜਾਬ-ਹਰਿਆਣਾ ਵਿਚ ਪਰਾਲੀ ਸਾੜਨ ਨੂੰ ਦੋਸ਼ੀ ਠਹਿਰਾਉਣਾ। ਭਾਰਤ 'ਚ ਹਰ ਸਾਲ ਹਵਾ ਪ੍ਰਦੂਸ਼ਣ ਕਾਰਨ 80 ਲੱਖ ਲੋਕਾਂ ਦੀ ਮੌਤ ਹੁੰਦੀ ਹੈ, ਜਦਕਿ ਕਰੋੜਾਂ ਲੋਕ ਫੇਫੜਿਆਂ ਜਾਂ ਸਾਹ ਦੀਆਂ ਬਿਮਾਰੀਆਂ ਨਾਲ਼ ਜੂਝਦੇ ਹਨ।
ਦਿੱਲੀ ਦਾ ਹਵਾ ਪ੍ਰਦੂਸ਼ਣ-ਵਤਾਵਰਨ ਪ੍ਰਦੂਸ਼ਣ 'ਤੇ ਚਰਚਾ ਕਰਨ ਦੌਰਾਨ ਦਿੱਲੀ 'ਚ ਹਵਾ ਪ੍ਰਦੂਸ਼ਣ ਅਤੇ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦਾ ਮੁੱਦਾ ਹਮੇਸ਼ਾ ਉੱਭਰਦੇ ਰਹੇ ਹਨ, ਕਿਉਂਕਿ ਇਹ ਦੋਵੇਂ ਮੁੱਦੇ ਕੁਝ ਹੱਦ ਤੱਕ ਇਕ-ਦੂਜੇ ਨਾਲ ਜੁੜੇ ਹੋਏ ਵੀ ਹਨ। ਦਿੱਲੀ ਦੇ ਪ੍ਰਦੂਸ਼ਣ ਲਈ ਬਹੁਤੇ ਆਪੂ ਬਣੇ ਮਾਹਿਰ ਸਿਰਫ਼ ਪੰਜਾਬ, ਹਰਿਆਣਾ ਤੇ ਯੂ.ਪੀ. ਵਿਚ ਪਰਾਲ਼ੀ ਸਾੜਨ ਨੂੰ ਮੁੱਖ ਕਾਰਨ ਐਲਾਨ ਦਿੰਦੇ ਹਨ, ਪਰ ਸਨਅਤਾਂ ਦੇ ਪ੍ਰਦੂਸ਼ਣ ਫੈਲਾਉਣ 'ਤੇ ਕਦੇ ਕੋਈ ਕਿੰਤੂ ਨਹੀਂ ਕਰਦੇ। ਦੂਜੇ ਪਾਸੇ ਕਿਸਾਨਾਂ ਵਲੋਂ ਪਰਾਲੀ ਸਾੜਨ ਨੂੰ ਉਨ੍ਹਾਂ ਦੀ ਮਜਬੂਰੀ ਦੱਸਦਿਆਂ ਪਰਾਲੀ ਸਾੜਨ ਦੀ ਵਕਾਲਤ ਕੀਤੀ ਜਾਂਦੀ ਹੈ। ਹਵਾ ਪ੍ਰਦੂਸ਼ਣ ਦਾ ਮਸਲਾ ਸਿਰਫ਼ ਪੰਜਾਬ ਜਾਂ ਦਿੱਲੀ ਦਾ ਨਹੀਂ, ਸਗੋਂ ਭਾਰਤ ਸਮੇਤ ਪੂਰੀ ਦੁਨੀਆ ਦੀ ਸਮੱਸਿਆ ਹੈ। ਭਾਵੇਂ ਦਿੱਲੀ ਦੀ ਹਵਾ ਪੂਰਾ ਸਾਲ ਪ੍ਰਦੂਸ਼ਿਤ ਰਹਿੰਦੀ ਹੈ, ਪਰ ਠੰਢ ਸ਼ੁਰੂ ਹੋਣ 'ਤੇ ਇਹ ਸਮੱਸਿਆ ਵਧਣ ਲੱਗਦੀ ਹੈ, ਕਿਉਂਕਿ ਠੰਢੇ ਮੌਸਮ ਵਿਚ ਪ੍ਰਦੂਸ਼ਿਤ ਹਵਾ ਵਾਯੂਮੰਡਲ ਦੀਆਂ ਉਪਰਲੀਆਂ ਪਰਤਾਂ ਤੱਕ ਨਾ ਪਹੁੰਚ ਕੇ ਧਰਤੀ ਦੀ ਸਤ੍ਹਾ ਦੇ ਨੇੜੇ ਰਹਿ ਜਾਂਦੀ ਹੈ। ਜੋ ਧੁੰਦ ਤੇ ਧੂੰਏਂ ਦੇ ਮਿਸ਼ਰਣ ਨਾਲ ਧੁਆਂਖੀ ਧੁੰਦ (ਸਮੌਗ) ਬਣਾਉਣ ਲੱਗਦੀ ਹੈ। ਇਸੇ ਸਮੇਂ ਦੌਰਾਨ ਪੰਜਾਬ, ਹਰਿਆਣਾ ਤੇ ਯੂ.ਪੀ. ਵਿਚ ਪਰਾਲੀ ਵੀ ਸਾੜੀ ਜਾਂਦੀ ਹੈ। ਹਾਲਾਂਕਿ ਦਿੱਲੀ ਸਮੇਤ ਪੂਰੇ ਦੇਸ਼ 'ਚ ਦੀਵਾਲੀ ਮੌਕੇ ਚਲਾਏ ਜਾਂਦੇ ਬੇਸ਼ੁਮਾਰ ਪਟਾਕੇ ਹਵਾ ਪ੍ਰਦੂਸ਼ਣ ਨੂੰ ਮਾਰੂ ਪੱਧਰ ਤੱਕ ਵਧਾ ਦਿੰਦੇ ਹਨ। ਦਿੱਲੀ ਸਰਕਾਰ ਵਲੋਂ ਬਨਾਉਟੀ ਮੀਂਹ ਪੁਆ ਕੇ ਪ੍ਰਦੂਸ਼ਣ ਘੱਟ ਕਰਨ ਦੀ ਕੋਸ਼ਿਸ਼ ਵੀ ਨਾਕਾਮ ਹੋ ਗਈ ਸੀ। ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਵਾਹਨਾਂ ਵਿਚੋਂ ਨਿਕਲਦਾ ਧੂੰਆਂ 40-50 ਫ਼ੀਸਦੀ, ਪਰਾਲੀ ਦਾ ਧੂੰਆਂ 25-30 ਫ਼ੀਸਦੀ ਅਤੇ ਸਨਅਤ ਤੇ ਬਾਕੀ ਹੋਰ ਸਰੋਤ 20-25 ਫ਼ੀਸਦੀ ਜ਼ਿੰਮੇਵਾਰ ਹਨ। ਹਵਾ ਦੀ ਸ਼ੁੱਧਤਾ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਰਾਹੀਂ ਮਾਪੀ ਜਾਂਦੀ ਹੈ, ਇਸ ਮੁਤਾਬਕ 100 ਤੋਂ ਘੱਟ ਅੰਕ ਵਾਲੀ ਹਵਾ ਮਨੁੱਖੀ ਸਿਹਤ ਲਈ ਠੀਕ ਤੇ 300 ਤੋਂ ਉੱਪਰ ਮਾੜੀ ਮੰਨੀ ਜਾਂਦੀ ਹੈ, ਜੋ ਸਾਹ ਪ੍ਰਣਾਲੀ ਤੇ ਫੇਫੜਿਆਂ ਆਦਿ ਦੇ ਰੋਗੀਆਂ ਲਈ ਜਾਨਲੇਵਾ ਹੈ। ਮਾਹਿਰਾਂ ਅਨੁਸਾਰ ਦਿੱਲੀ ਦੀ ਪ੍ਰਦੂਸ਼ਿਤ ਹਵਾ 'ਚ ਸਾਹ ਲੈਣਾ ਇੱਥੋਂ ਦੇ ਵਸਨੀਕਾਂ ਦੀ ਔਸਤ ਉਮਰ 12 ਸਾਲ ਘਟਾ ਰਿਹਾ ਹੈ। ਇਸ ਹਵਾ ਵਿਚ ਇਕ ਦਿਨ ਸਾਹ ਲੈਣਾ ਇਕ ਵਿਅਕਤੀ ਲਈ 30 ਸਿਗਰਟਾਂ ਪੀਣ ਦੇ ਬਰਾਬਰ ਹੈ। ਪਰਾਲੀ ਦੇ ਧੂੰਏਂ ਕਾਰਨ ਸਿਹਤਮੰਦ ਇਨਸਾਨਾਂ ਲਈ ਵੀ ਸਾਹ ਲੈਣਾ ਔਖਾ ਹੋ ਜਾਂਦਾ ਹੈ , ਜਦਕਿ ਸਾਹ ਦੇ ਰੋਗੀਆਂ, ਬਜ਼ੁਰਗਾਂ ਤੇ ਬੱਚਿਆਂ ਲਈ ਇਹ ਧੂੰਆਂ ਬਹੁਤ ਮਾਰੂ ਹੁੰਦਾ ਹੈ।
ਹਵਾ ਪ੍ਰਦੂਸ਼ਣ ਦੇ ਮੁੱਖ ਕਾਰਕ-ਵਾਤਾਵਰਨ ਪ੍ਰਦੂਸ਼ਣ ਇਕ ਸੰਸਾਰ ਵਿਆਪੀ ਸਮੱਸਿਆ ਹੈ, ਜਿਸ ਦੀ ਜੜ੍ਹ ਮੁਨਾਫ਼ਾ ਅਧਾਰਿਤ ਸਰਮਾਏਦਾਰਾਨਾ ਪੈਦਾਵਾਰੀ ਵਿਵਸਥਾ ਵਿਚ ਹੈ। ਹਵਾ ਪ੍ਰਦੂਸ਼ਣ ਦੇ ਮੁੱਖ ਸਰੋਤ : ਉਦਯੋਗ, ਆਵਾਜਾਈ ਦੇ ਸਾਧਨ, ਖੇਤੀ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਤੇ ਸਾਮਰਾਜੀ ਜੰਗਾਂ ਹਨ। ਤਕਨੀਕ ਦੇ ਵਿਕਾਸ ਨਾਲ ਬਣੇ ਕਾਰਖਾਨੇ, ਫੈਕਟਰੀਆਂ ਮਨੁੱਖੀ ਜੀਵਨ ਤੇ ਆਰਥਿਕਤਾ ਲਈ ਬਹੁਤ ਜ਼ਰੂਰੀ ਹਨ, ਪਰ ਉਦਯੋਗਾਂ ਦੇ ਪ੍ਰਦੂਸ਼ਣ ਮੁਕਤ ਜਾਂ ਘੱਟ ਤੋਂ ਘੱਟ ਪ੍ਰਦੂਸ਼ਿਤ ਹੋਣ ਦੇ ਰਾਹ ਵੀ ਖੋਜਣੇ ਜ਼ਰੂਰੀ ਹਨ। ਉਦਯੋਗਾਂ 'ਚੋਂ ਨਿਕਲਣ ਵਾਲੀ ਗੰਧਲੀ ਹਵਾ ਨੂੰ ਸੋਧ ਕੇ ਵਾਤਾਵਰਨ ਵਿਚ ਛੱਡਿਆ ਜਾ ਸਕਦਾ ਹੈ ਪਰ ਸਰਮਾਏਦਾਰ ਇਸ ਨੂੰ ਵਾਧੂ ਖਰਚਾ ਮੰਨਦੇ ਹਨ, ਮੁਨਾਫਾਖੋਰੀ ਦੇ ਚੱਲਦਿਆਂ ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਵਿਚ ਜਾਂ ਬੋਰ ਕਰਕੇ ਜ਼ਮੀਨ ਅੰਦਰ ਸੁੱਟਿਆ ਜਾਣਾ ਆਮ ਵਰਤਾਰਾ ਹੈ। ਆਵਾਜਾਈ ਦੇ ਬੇਸ਼ੁਮਾਰ ਸਾਧਨ ਵੀ ਬਹੁਤ ਹਵਾ ਪ੍ਰਦੂਸ਼ਣ ਵਧਾਉਂਦੇ ਹਨ। ਸਰਮਾਏਦਾਰੀ ਵਿਵਸਥਾ ਨਿੱਜੀ ਵਾਹਨਾਂ ਦੀ ਖਰੀਦ ਨੂੰ ਹੱਲਾਸ਼ੇਰੀ ਦਿੰਦੀ ਹੈ, ਕਿਉਂਕਿ ਇਸ ਨਾਲ ਆਟੋ ਸਨਅਤ ਨੂੰ ਵੱਡੇ ਮੁਨਾਫ਼ੇ ਹੁੰਦੇ ਹਨ, ਪਰ ਪ੍ਰਦੂਸ਼ਣ ਰੋਕਣ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਸਰਕਾਰ ਵਲੋਂ 2025 'ਚ ਸੰਸਦ ਵਿਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਦੇਸ਼ ਵਿਚ 26 ਕਰੋੜ ਦੋ ਪਹੀਆ ਤੇ 7 ਕਰੋੜ ਚਾਰ ਪਹੀਆ ਵਾਹਨ ਹਨ, ਪਿਛਲੇ ਦੋ ਦਹਾਕਿਆਂ ਦੌਰਾਨ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਭਾਰਤ 'ਚ 2001 ਵਿਚ 5.5 ਕਰੋੜ, 2013 'ਚ 12.7 ਕਰੋੜ ਅਤੇ 2020 'ਚ 32.63 ਕਰੋੜ ਵਾਹਨ ਸਨ ਅਤੇ ਹਰ ਸਾਲ 2 ਕਰੋੜ ਇਸ ਲੜੀ ਵਿਚ ਜੁੜ ਰਹੇ ਨਵੇਂ ਵਾਹਨ ਪ੍ਰਦੂਸ਼ਣ ਨੂੰ ਵਧਾ ਰਹੇ ਹਨ। ਸਰਕਾਰਾਂ ਨੂੰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸ਼ਹਿਰਾਂ ਵਿਚ ਬੱਸਾਂ, ਰੇਲਾਂ, ਮੈਟਰੋ ਆਦਿ ਜਨਤਕ ਆਵਾਜਾਈ ਦੇ ਸਾਧਨ ਵਧਾਉਣੇ ਚਾਹੀਦੇ ਹਨ।
ਭਾਵੇਂ ਪਰਾਲੀ ਤੇ ਕਣਕ ਦੀ ਨਾੜ ਸਾੜਨ ਨਾਲ ਸਾਲ 'ਚ ਕੁਝ ਵਕਫੇ ਲਈ ਹਵਾ ਪ੍ਰਦੂਸ਼ਣ ਹੁੰਦਾ ਹੈ, ਪਰ ਇਸ ਦੀ ਤੀਬਰਤਾ ਬਹੁਤ ਜ਼ਿਆਦਾ ਹੁੰਦੀ ਹੈ। ਕਿਸਾਨ ਪਰਾਲੀ ਜਾਂ ਨਾੜ ਨੂੰ ਸਾੜਨ ਦੀ ਬਜਾਏ ਇਸ ਦਾ ਹੋਰ ਤਰੀਕਿਆਂ ਨਾਲ ਨਿਪਟਾਰਾ ਕਰ ਸਕਦੇ ਹਨ, ਪਰ ਉਹ ਅਗਲੀ ਫ਼ਸਲ ਬੀਜਣ ਦੀ ਕਾਹਲੀ 'ਚ ਇਨ੍ਹਾਂ ਨੂੰ ਸਾੜਨ ਦਾ ਸਸਤਾ ਤੇ ਸੌਖਾ ਤਰੀਕਾ ਅਪਣਾਉਂਦੇ ਹਨ। ਦੱਸਣਯੋਗ ਹੈ ਕਿ ਦੇਸ਼ ਦੇ ਉੱਪਰਲੇ 10 ਫ਼ੀਸਦੀ ਅਮੀਰ ਕਿਸਾਨਾਂ ਕੋਲ ਕੁੱਲ ਵਾਹੀਯੋਗ ਜ਼ਮੀਨ ਦਾ 60 ਫੀਸਦੀ ਹਿੱਸਾ ਹੈ, ਜਦਕਿ ਹੇਠਲੇ 80 ਫੀਸਦੀ ਕਿਸਾਨਾਂ ਕੋਲ਼ ਨਾਮਾਤਰ ਵਾਹੀਯੋਗ ਜ਼ਮੀਨ ਹੋਣ ਕਰਕੇ ਉਨ੍ਹਾਂ 'ਚੋਂ ਬਹੁਤੇ ਪਰਾਲੀ ਸਾਂਭ ਲੈਂਦੇ ਹਨ । ਖੇਤੀ 'ਚੋਂ ਵੱਡੀ ਕਮਾਈ ਕਰਨ ਵਾਲੇ ਵੱਡੇ ਕਿਸਾਨਾਂ ਦੀ ਅਜਿਹੀ ਕੋਈ ਮਜਬੂਰੀ ਨਹੀਂ ਕਿ ਪਰਾਲੀ ਨੂੰ ਸਾੜਿਆ ਜਾਵੇ। ਪਰਾਲੀ ਸਾੜਨਾ ਪੂਰੀ ਮਨੁੱਖਤਾ ਖ਼ਿਲਾਫ਼ ਇਕ ਜੁਰਮ ਹੈ, ਜਿਸ ਦੇ ਲਈ ਕਿਸੇ ਨੂੰ ਕੋਈ ਰਿਆਇਤ ਨਹੀਂ ਮਿਲਣੀ ਚਾਹੀਦੀ। ਇਸ ਤੋਂ ਇਲਾਵਾ ਖੇਤੀ 'ਚ ਅੰਨ੍ਹੇਵਾਹ ਵਰਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਵੀ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਦਿਆਂ ਪੂਰੇ ਵਾਤਾਵਰਨ ਨੂੰ ਪਲੀਤ ਕਰ ਰਹੀ ਹੈ।
ਜੰਗਲ ਸਾਡੇ ਕੋਲ ਮੌਜੂਦ ਉਹ ਸੌਗਾਤ ਹਨ, ਜੋ ਸਾਡੀਆਂ ਅਨੇਕਾਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਜੀਵਨਦਾਤੀ ਹਵਾ ਨੂੰ ਸ਼ੁੱਧ ਕਰਨ ਦਾ ਵੀ ਕੰਮ ਕਰਦੇ ਹਨ। ਸੱਭਿਅਤਾ ਦੇ ਵਿਕਾਸ 'ਚ ਮਨੁੱਖੀ ਲੋੜਾਂ ਦੀ ਪੂਰਤੀ ਲਈ ਭਾਵੇਂ ਇਕ ਹੱਦ ਤੱਕ ਜੰਗਲਾਂ ਦੀ ਕਟਾਈ ਜ਼ਰੂਰੀ ਹੈ, ਪਰ ਇਸ ਕਟਾਈ ਦੀ ਪੂਰਤੀ ਹਰ ਹਾਲਤ 'ਚ ਨਵੇਂ ਜੰਗਲ ਲਗਾ ਕੇ ਨਾਲੋ-ਨਾਲ ਹੋਣੀ ਚਾਹੀਦੀ ਹੈ। ਜੰਗਲਾਂ ਦੀ ਅੰਨ੍ਹੇਵਾਹ ਕੀਤੀ ਜਾ ਰਹੀ ਕਟਾਈ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਹਵਾ ਪ੍ਰਦੂਸ਼ਣ ਜਾਂ ਵਾਤਾਵਰਨ ਦੀ ਤਬਾਹੀ ਲਈ ਪੂਰਾ ਸਮਾਜ ਜ਼ਿੰਮੇਵਾਰ ਹੈ। ਲੋਕਾਂ ਦੇ ਜਾਗਰੂਕ ਹੋਣ ਤੇ ਸਰਕਾਰ ਵਲੋਂ ਢੁਕਵੇਂ ਕਦਮ ਚੁੱਕਣ ਨਾਲ ਇਸ ਸਮੱਸਿਆ 'ਤੇ ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਇਸ ਕਰਕੇ ਪਰਾਲੀ ਸਾੜਨ 'ਤੇ ਮੁਕੰਮਲ ਪਾਬੰਦੀ ਲਾਉਣ, ਵਾਤਾਵਰਨ ਵਿਚ ਜ਼ਹਿਰੀਲੀ ਹਵਾ ਤੇ ਪਾਣੀ ਛੱਡਣ ਵਾਲੀਆਂ ਸਨਅਤਾਂ, ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ 'ਤੇ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਆਵਾਜਾਈ ਦੇ ਜਨਤਕ ਸਾਧਨਾਂ ਨੂੰ ਵਧਾ ਕੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਾਤਾਵਰਨ ਦੀ ਤਬਾਹੀ ਨੂੰ ਰੋਕਣ ਦੀ ਲੜਾਈ ਪੂਰਨ ਤੌਰ 'ਤੇ ਸਰਮਾਏਦਾਰਾਨਾ ਪ੍ਰਬੰਧ ਦਾ ਬਦਲ ਪੇਸ਼ ਕਰਕੇ ਹੀ ਜਿੱਤੀ ਜਾ ਸਕਦੀ ਹੈ।
ਖੋਜਕਾਰ, ਮੁਹਾਲੀ।
ਮੋਬਾਈਲ : 8847227740