'ਰੱਬ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ ਤੇ ਆਖ਼ਿਰ ਉਹ ਉਸ ਕਸਬੇ ਤੋਂ ਦੂਰ ਚਲਾ ਗਿਆ.....।'
ਇਹ ਕਹਿਣਾ ਸੀ ਉਸ ਕਸਬੇ ਦੇ ਬਜ਼ੁਰਗ ਮਾਸਟਰ ਦਾ।
ਕਸਬੇ ਦੇ ਇਕ ਪਾਸੇ ਅੱਠ ਦਸ ਏਕੜਾਂ ਦੇ ਮੈਦਾਨ ਵਿਚ ਵੱਡੇ-ਵੱਡੇ ਪੁਰਾਣੇ ਰੁੱਖ ਸਨ। ਏਸੀਆਂ ਦੇ ਦੌਰ ਤੋਂ ਪਹਿਲਾਂ ਲੋਕ ਗਰਮੀ ਤੋਂ ਬਚਾਅ ਲਈ ਇਨ੍ਹਾਂ ਦਾ ਆਸਰਾ ਲਿਆ ਕਰਦੇ ਸਨ। ਹੁਣ ਲੋਕ ਸਵੇਰੇ ਸ਼ਾਮ ਇੱਧਰ ਸੈਰ ਲਈ ਆਉਂਦੇ ਹਨ। ਲੋਕਾਂ ਦੇ ਇਧਰ ਆਉਣ ਦੇ ਕਾਰਨ ਹੋਰ ਵੀ ਹੋਣਗੇ ਪਰ ਇਕ ਕਾਰਨ ਇਹ ਸੀ ਕਿ ਉਹ ਆਲੇ ਦੁਆਲੇ ਦੇ ਸ਼ੋਰ ਤੋਂ ਕੁਝ ਸਮਾਂ ਸ਼ਾਂਤ ਮਾਹੌਲ ਵਿਚ ਬਿਤਾਉਣਾ ਚਾਹੁੰਦੇ ਸਨ। ਸ਼ਹਿਰ ਦੇ ਕੁਝ ਕੁ ਲੋਕ ਜੋ ਸ਼ਾਇਦ ਸਮਝਦੇ ਸਨ ਕਿ ਪ੍ਰਕਿਰਤੀ ਨਾਲ ਜੁੜਨ ਦਾ ਵੀ ਇਕ ਵੱਖਰਾ ਅਨੰਦ ਹੁੰਦਾ ਹੈ ਸਵੇਰੇ ਸ਼ਾਮ ਕੁਦਰਤ ਨਾਲ ਸਾਂਝ ਪਾਉਣ ਇਧਰ ਆਉਂਦੇ।
ਉਸ ਰਿਟਾਇਰਡ ਅਧਿਆਪਕ ਦੀ ਉਮਰ ਕੋਈ ਸੱਤਰ ਜਾਂ ਪਝੱਤਰ ਸਾਲ ਦੇ ਅੰਦਰ-ਬਾਹਰ ਹੋਵੇਗੀ। ਉਹ ਬਜ਼ੁਰਗ ਹਰ ਰੋਜ਼ ਸੈਰ ਕਰਨ ਆਉਂਦਾ, ਉਹ ਕੁਝ ਸਮਾਂ ਲੱਕੜ ਦੇ ਬੈਂਚ 'ਤੇ ਬੈਠਦਾ, ਪੰਛੀਆਂ ਦੀਆਂ ਆਵਾਜ਼ਾਂ ਨੂੰ ਸੁਣਦਾ। ਜੇਕਰ ਬੈਂਚ 'ਤੇ ਬੈਠ ਕੇ ਹੋਰ ਲੋਕ ਉੱਚੀ ਉੱਚੀ ਗੱਲਾਂ ਕਰਨ ਲੱਗ ਪੈਂਦੇ ਤਾਂ ਅਕਸਰ ਉਹ ਉਥੋਂ ਉੱਠ ਕੇ ਕਿਸੇ ਹੋਰ ਦਰਖਤ ਹੇਠ ਚਲਾ ਜਾਂਦਾ, ਕਦੇ ਕਦੇ ਉਹ ਉਨ੍ਹਾਂ ਨੂੰ ਟੋਕ ਵੀ ਦਿੰਦਾ ਪਰ ਅਜਿਹਾ ਬਹੁਤ ਘੱਟ, ਨਾ-ਮਾਤਰ ਹੀ ਹੁੰਦਾ।
ਉਹ ਆਖਦਾ, 'ਮਿਹਰਬਾਨੀ ਕਰੋ ਸ਼ਾਂਤ ਹੋ ਜਾਓ। ਇਸ ਕੁਦਰਤੀ ਮਾਹੌਲ ਵਿਚ ਆਏ ਹੋ ਤਾਂ ਕੁਦਰਤ ਨਾਲ ਜੁੜੋ, ਜਿਹੜੇ ਬਜ਼ਾਰਾਂ 'ਚੋਂ ਲੰਘੇ ਹੋ, ਜਿਹੜੇ ਘਰਾਂ ਤੋਂ ਆਏ ਹੋ ਉੱਥੇ ਥੋੜਾ ਸ਼ੋਰ ਹੈ?'
ਪਤਾ ਨਹੀਂ ਕਿਉਂ ਮੈਨੂੰ ਉਹਦੀਆਂ ਗੱਲਾਂ ਕੁਝ ਵਜ਼ਨਦਾਰ ਜਾਪਦੀਆਂ।
ਬੈਂਚਾਂ 'ਤੇ ਬੈਠੇ ਜ਼ਿਆਦਾਤਰ ਰਿਟਾਇਰਡ ਲੋਕ ਜਿਨ੍ਹਾਂ ਦੀ ਗੱਲਬਾਤ ਦਾ ਏਜੰਡਾ ਅਕਸਰ ਮੁਲਕ ਦੀ ਰਾਜਨੀਤੀ ਹੁੰਦਾ, ਨੂੰ ਵੀ ਉਹ ਆਖਦਾ, 'ਇੱਥੇ ਆਏ ਹੋ ਤਾਂ ਕੁਝ ਸਮਾਂ ਪ੍ਰਕਿਰਤੀ ਨਾਲ ਜੁੜੋ। ਇਹ ਜੋ ਬਿਰਖਾਂ ਦੇ ਪੱਤਿਆਂ ਦੀ ਆਵਾਜ਼ ਆ ਰਹੀ ਹੈ ਨਾ, ਇਹ ਪ੍ਰਕਿਰਤੀ ਆਪ ਬੋਲ ਰਹੀ ਹੈ ਇਹ ਸੁਣੋ। ਇਹ ਜੋ ਪੰਛੀ ਗਾ ਰਹੇ ਨੇ ਇਨ੍ਹਾਂ ਵਿਚ ਰੱਬ ਆਪ ਬੋਲਦਾ ਹੈ। ਜ਼ਰਾ ਚੁੱਪ ਹੋ ਕੇ ਚੁੱਪ ਦੀ ਆਵਾਜ਼ ਸੁਣੋ, ਕੁਦਰਤ ਤੁਹਾਨੂੰ ਆਪਣੇ ਨਾਲ ਜੁੜਨ ਲਈ ਆਖ ਰਹੀ ਹੈ। ਬਿਰਖਾਂ ਦੇ ਝੜ ਰਹੇ ਪੱਤੇ, ਫੁੱਟ ਰਹੀਆਂ ਨਿੱਕੀਆਂ ਕਰੂੰਬਲਾਂ ਨੂੰ ਦੇਖੋ, ਪ੍ਰਕ੍ਰਿਤੀ ਤੁਹਾਡੇ ਨਾਲ ਸਾਂਝ ਬਣਾ ਰਹੀ ਹੈ, ਜ਼ਰਾ ਖਿਆਲ ਕਰੋ, ਇਸ ਸਾਂਝ ਨੂੰ ਸਮਝੋ, ਬਿਰਖਾਂ ਦੇ ਪੱਤਿਆਂ ਪੰਛੀਆਂ ਦੀਆਂ ਬੋਲੀਆਂ ਨੂੰ ਸੁਣੋ ਤੇ ਇਨ੍ਹਾਂ ਦੇ ਵਿਚ ਪੈਦਾ ਹੁੰਦੇ ਮੌਨ ਨੂੰ ਮਾਣੋ।'
ਬਜ਼ੁਰਗ ਦੀ ਗੱਲ ਸੁਣ ਕੇ ਬੈਂਚਾਂ 'ਤੇ ਬੈਠੇ ਲੋਕ ਚੁੱਪ ਹੋ ਜਾਂਦੇ। ਉਹ ਸਮਝਦੇ ਕਿ ਉਹ ਕਿਸੇ ਸੱਤਾ ਅਸਤੀਫ਼ਾ ਦੇ ਗਏ ਮੰਤਰੀ ਅਤੇ ਉਸ 'ਤੇ ਲੱਗੇ ਦੋਸ਼ਾਂ ਦੀ ਤਾਜ਼ਾ ਖ਼ਬਰ ਬਾਰੇ ਦਿਲਚਸਪ ਚਰਚਾ ਕਰ ਰਹੇ ਸਨ ਪਰ ਇਸ ਬੁੱਢੜੇ ਮਾਸਟਰ ਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ? ਇਹ ਤਾਂ ਰਿਟਾਇਰਡ ਹੋਣ ਮਗਰੋਂ ਉਂਝ ਹੀ ਸਠਿਆ ਗਿਆ ਹੈ। ਕੁਝ ਲੋਕ ਮਾਸਟਰ 'ਤੇ ਤਰਸ ਕਰਦੇ। ਕੁਝ ਵਿਚੇ ਵਿਚ ਆਪਣਾ ਗੁੱਸਾ ਪੀਂਦੇ ਤੇ ਕੁਝ ਕੁ ਗੰਭੀਰ ਵੀ ਹੁੰਦੇ। ਪਰ ਇਸ ਸਭ ਕੁਝ ਤੋਂ ਬੇਪ੍ਰਵਾਹ ਜਿਹਾ ਹੋ ਕੇ ਮਾਸਟਰ ਅਗਲੀ ਗੱਲ ਕਰਦਾ, 'ਇਹ ਅਜਿਹੀ ਅਵਸਥਾ ਹੁੰਦੀ ਹੈ ਜਿੱਥੇ ਸ਼ਬਦ ਮੁੱਕ ਜਾਂਦੇ ਹਨ, ਇੱਥੋਂ ਫਿਰ ਇਕ ਅਸਲੋਂ ਨਵੇਂ ਰਸਤੇ ਦਾ ਦਰਵਾਜ਼ਾ ਖੁੱਲ੍ਹਦਾ ਹੈ, ਖਾਮੋਸ਼ੀ ਦਾ ਦਰਵਾਜ਼ਾ, ਸਭ ਕੁਝ ਸ਼ਬਦਾਂ ਨਾਲ ਨਹੀਂ ਕਿਹਾ ਜਾ ਸਕਦਾ, ਕੁਝ ਬਰੀਕ ਗੱਲਾਂ ਤੇ ਕੁਝ ਸੂਖਮ ਭਾਵਾਂ ਨੂੰ ਸਿਰਫ ਖਾਮੋਸ਼ੀ ਵਿਚ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਸਿਰਫ ਖ਼ਾਮੋਸ਼ੀ ਵਿਚ ਹੀ ਉਹ ਕੁਝ ਹੈ ਜੋ ਕੁਝ ਬੰਦਾ ਅਸਲ ਵਿਚ ਲੱਭਣਾ ਚਾਹੁੰਦਾ ਹੈ। ਪਰ ਬੰਦਾ ਕੀ ਕਰੇ? ਉਹ ਤਾ ਸ਼ੋਰ ਵਿਚ ਗਵਾਚ ਗਿਆ ਹੈ, ਬੌਰਾ ਹੋ ਗਿਆ ਹੈ। ਰੌਲੇ ਰੱਪਿਆਂ, ਹੋਕਿਆਂ, ਆਵਾਜ਼ਾਂ ਦਾ ਸ਼ੋਰ, ਵਾਹਨਾਂ ਦਾ ਸ਼ੋਰ, ਸੋਸ਼ਲ ਮੀਡੀਆ ਦਾ ਸ਼ੋਰ, ਸਪੀਕਰਾਂ ਦਾ ਸ਼ੋਰ ਹਰ ਪਾਸੇ ਸ਼ੋਰ ਹੀ ਸ਼ੋਰ। ਸੰਧਿਆ ਨੂੰ ਜਦੋਂ ਰੁੱਖ, ਬਿਰਖ ਤੇ ਪੰਛੀ ਸੌਣ ਦੀ ਅਵਸਥਾ ਵਿਚ ਹੁੰਦੇ ਹਨ ਤਾਂ ਧਰਮ ਅਸਥਾਨਾਂ ਦੇ ਸਪੀਕਰਾਂ ਦੀਆਂ ਆਵਾਜ਼ਾਂ ਉਨ੍ਹਾਂ ਨੂੰ ਅਸਹਿਜ ਕਰ ਦਿੰਦੀਆਂ ਹਨ। ਸੁਭਾ ਸਵੇਰੇ ਜਦੋਂ ਕੁਦਰਤ ਸਾਨੂੰ ਦਿਨ ਦਾ ਵਰਦਾਨ ਦੇਣ ਜਾ ਰਹੀ ਹੁੰਦੀ ਹੈ ਫਿਰ ਚਾਰ ਚੁਫੇਰੇ ਫਿਰ ਸਪੀਕਰਾਂ ਦੀਆਂ ਆਵਾਜ਼ਾਂ।'
ਸ਼ੋਰ ਸੰਬੰਧੀ ਹੀ ਗੱਲ ਕਰਦਿਆਂ ਮੈਂ ਇਕ ਦਿਨ ਮਾਸਟਰ ਜੀ ਨੂੰ ਕਿਹਾ 'ਮਾਸਟਰ ਜੀ ਅਸੀਂ ਸਾਰੇ ਇਸ ਦੇ ਆਦੀ ਹੋ ਗਏ ਹਾਂ ਇਸ ਲਈ ਆਦਤ ਵੱਸ ਇਹ ਸਭ ਕੁਝ ਕਰਨ ਲੱਗ ਜਾਂਦੇ ਹਾਂ। ਜਿੱਥੇ ਸ਼ੋਰ ਨਹੀਂ ਸਾਨੂੰ ਉਹ ਸਭ ਕੁਝ ਖਾਲੀ ਖਾਲੀ ਲਗਦਾ ਹੈ ਫਿਰ ਅਸੀਂ ਆਪਣੇ ਸਾਧਨਾਂ ਨਾਲ ਇਨ੍ਹਾਂ ਖਾਲੀ ਥਾਵਾਂ ਨੂੰ ਸ਼ੋਰ ਨਾਲ ਭਰਨ ਲੱਗਦੇ ਹਾਂ।'
'ਹਾਂ ਬਿਲਕੁਲ, ...ਤੇ ਇਸ ਸ਼ੋਰ ਵਿਚ ਸਭ ਤੋਂ ਵੱਧ ਹੈ ਸਾਡੇ ਅੰਦਰ ਦਾ ਸ਼ੋਰ। ਸਾਡੀ ਪੂਰੀ ਜ਼ਿੰਦਗੀ ਸ਼ੋਰ ਨਾਲ ਭਰੀ ਹੋਈ ਹੈ।'
ਕੁਝ ਸਮਾਂ ਚੁੱਪ ਰਹਿ ਕੇ ਉਹ ਫਿਰ ਬੋਲਿਆ, 'ਮਾਨਵਜਾਤ ਲਈ ਸ਼ੋਰ ਸਭ ਤੋਂ ਖ਼ਤਰਨਾਕ ਚੀਜ਼ ਹੈ ਸ਼ਾਇਦ।'
ਮੈਨੂੰ ਉਸ ਦੀ ਇਸ ਗੱਲ ਵਿਚ ਉਤਸੁਕਤਾ ਜਗੀ ਤਾਂ ਮੈਂ ਪੁੱਛਿਆ, 'ਉਹ ਕਿਵੇਂ?'
'ਸ਼ੋਰ ਦੇ ਆਦੀ ਹੋ ਚੁੱਕੇ ਸਾਡੇ ਮਨ, ਫਿਲਹਾਲ ਇਸ ਗੱਲ ਨੂੰ ਨਹੀਂ ਸਮਝਦੇ। ਅਜੇ ਤਾਂ ਅਸੀਂ ਹੋਰ ਤ੍ਰਿੱਖੇ ਸ਼ੋਰ ਵੱਲ ਜਾ ਰਹੇ ਹਾਂ। ਮਨੁੱਖ ਨੇ ਹੁਣ ਤੱਕ ਜੋ ਸੱਭਿਅਤਾ ਵਿਕਸਤ ਕੀਤੀ ਹੈ ਨਾ, ਇਸ ਦੀਆਂ ਜ਼ਿਆਦਾਤਰ ਖੋਜਾਂ, ਸਮਝ ਤੇ ਵਿਵੇਕ ਇਹ ਸਭ ਕੁਝ ਉਦੋਂ ਸਰਗਰਮ ਹੋਏ ਜਦੋਂ ਬੰਦੇ ਦਾ ਆਲਾ-ਦੁਆਲਾ ਬਿਲਕੁਲ ਸ਼ਾਂਤ ਸੀ। ਗੁਰੂ ਨਾਨਕ ਦੇਵ ਜੀ ਜਦੋਂ ਵੇਈਂ ਤੋਂ ਵਾਪਸ ਮੁੜੇ ਤਾਂ ਉਹ ਇਕੱਲੇ ਇਕਾਂਤ ਚੋਂ ਆਏ ਸਨ। ਉਸ ਸਮੇਂ ਉਨ੍ਹਾਂ ਦਾ ਸਾਥੀ ਮਰਦਾਨਾ ਵੀ ਉਨ੍ਹਾਂ ਦੇ ਨਾਲ ਨਹੀਂ ਸੀ। ਉਹ ਇਕਾਂਤ ਦੀ ਚੁੱਪ ਵਿਚੋਂ ਮਾਨਵਤਾ ਦਾ ਪੈਗ਼ਾਮ ਲੈ ਕੇ ਆਏ ਸਨ। ਇਸੇ ਤਰ੍ਹਾਂ ਬੁੱਧ, ਮੁਹੰਮਦ ਸਾਹਿਬ ਅਤੇ ਜੀਸਸ ਨਾਲ ਹੋਇਆ। ਜਦੋਂ ਉਹ ਸਭ ਤਰ੍ਹਾਂ ਦੇ ਪ੍ਰਵਚਨਾਂ ਤੋਂ ਪਰਾਂ੍ਹ ਹੋ ਗਏ ਤਾਂ ਉਸ ਚੁੱਪ ਚੋਂ ਕੁਝ ਲੱਭਿਆ ਉਸ ਨੂੰ ਅਸੀਂ ਅੱਜ ਦੁਹਰਾ ਰਹੇ ਹਾਂ। ਸਪੀਕਰਾਂ ਰਾਹੀਂ ਮਾਨਵਜਾਤ ਨੂੰ ਦੱਸ ਰਹੇ ਹਾਂ ਅਤੇ ਇਸ ਨੂੰ ਸੇਵਾ ਸਮਝ ਬੈਠੇ ਹਾਂ।'
ਜਦੋਂ ਉਸ ਸਮਝਿਆ ਕਿ ਮੈਂ ਉਸ ਦੀ ਗੱਲ ਗਹੁ ਨਾਲ ਸੁਣ ਰਿਹਾ ਹਾਂ ਤਾਂ ਉਹ ਫਿਰ ਬੋਲਿਆ, 'ਦੁਨੀਆ ਦੇ ਮਹਾਨ ਖੋਜੀਆਂ ਨੇ ਉਦੋਂ ਹੀ ਕੁਝ ਨਵਾਂ ਲੱਭਿਆ ਜਦੋਂ ਉਹ ਹਰ ਤਰ੍ਹਾਂ ਦੀਆਂ ਆਵਾਜ਼ਾਂ ਤੋਂ ਮੁਕਤ ਸਨ। ਜਦੋਂ ਉਹ ਇਕੱਲੇ ਸਨ। ਨਿਊਟਨ, ਆਈਨਸਟਾਈਨ, ਐਡੀਸਨ ਤੇ ਲੂਈ ਪਾਸਚਰ ਨੇ ਉਦੋਂ ਹੀ ਵੱਡੀਆਂ ਖੋਜਾਂ ਕੀਤੀਆਂ ਜਦੋਂ ਉਹ ਇਕਾਂਤ ਵਿਚ ਸਨ। ਦੁਨੀਆ ਦੀਆਂ ਵੱਡੀਆਂ ਲਿਖਤਾਂ ਜਿਨ੍ਹਾਂ ਨੂੰ ਅਸੀਂ ਸਪੀਕਰਾਂ ਰਾਹੀਂ ਦੂਜਿਆਂ ਦੇ ਦਿਮਾਗ ਵਿਚ ਪਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਾਂ, ਇਹ ਇਕਾਂਤ, ਸ਼ਾਂਤੀ ਤੇ ਚੁੱਪ ਵਿਚ ਲਿਖੀਆਂ ਗਈਆਂ। ਇਹ ਅਜੀਬ ਗੱਲ ਨਹੀਂ ਕਿ ਅਸੀਂ ਸਪੀਕਰਾਂ ਦੇ ਸ਼ੋਰ ਨਾਲ ਉਸ ਚੀਜ਼ ਦੀ ਖੋਜ ਕਰ ਰਹੇ ਹਾਂ ਜੋ ਬਿਲਕੁਲ ਮੌਂਨ ਵਿਚ ਹੈ।'
ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਦੇ ਸਮੇਂ, ਜਿਸ ਨੂੰ ਉਹ ਗੋਲਡਨ ਆਵਰ ਭਾਵ ਦਿਨ ਦੇ ਸੁਨਰਿਹੀ ਸਮੇਂ ਨੂੰ ਮਾਣ ਰਿਹਾ ਹੁੰਦਾ ਤਾਂ ਮੈਂ ਦੇਖਦਾ ਕਿ ਉਸ ਦੇ ਚਿਹਰੇ 'ਤੇ ਵੀ ਇਕ ਸੁਨਿਹਰੀ ਚਮਕ ਆ ਜਾਂਦੀ।
ਇਹ ਉਹ ਸਮਾਂ ਹੁੰਦਾ ਜਦੋਂ ਸੂਰਜ ਦੀਆਂ ਲੰਮੀਆਂ ਕਿਰਨਾਂ ਸੁਨਿਹਰੀ ਤੇ ਮੱਠੀਆਂ ਹੋ ਜਾਂਦੀਆਂ। ਜਿਵੇਂ ਸੂਰਜ ਧਰਤੀ ਦੇ ਇਸ ਪਾਸੇ ਨੂੰ ਅਲਵਿਦਾ ਆਖ ਰਿਹਾ ਹੋਵੇ। ਇਸ ਸਮੇਂ ਕੁਦਰਤ ਆਪਣੀ ਬੁੱਕਲ ਨੂੰ ਖੋਲ੍ਹ ਲੈਂਦੀ 'ਤੇ ਸਭ ਜੀਅ ਜੰਤ ਨੂੰ ਆਖਦੀ 'ਦਿਨ ਚਲਾ ਗਿਆ ਹੈ, ਦਿਨ ਦੀ ਸਰਗਰਮੀ ਘੱਟ ਕਰ ਦਿਓ ਤੇ ਰਾਤ ਦੇ ਆਗੋਸ਼ ਵਿਚ ਜਾਣ ਲਈ ਸ਼ਾਂਤ ਹੋ ਜਾਓ ਹੁਣ।' ਆਕਾਸ਼ ਦੀ ਨੀਲੀ ਚਾਦਰ ਦਾ ਰੰਗ ਹੌਲੀ ਹੌਲੀ ਬਦਲਣ ਲਗਦਾ ਹੈ, ਇਹ ਪਹਿਲਾਂ ਸੁਨਹਿਰੀ, ਫਿਰ ਭੂਰਾ ਤੇ ਮਗਰੋਂ ਰਾਤ ਦੇ ਹਨੇਰੇ ਵਿਚ ਰਲ ਜਾਂਦਾ। ਸੂਰਜ ਜੋ ਆਕਾਰ ਵਿਚ ਵੱਡਾ ਇਕ ਲਾਲ ਗੋਲੇ ਦਾ ਰੂਪ ਅਖਤਿਆਰ ਕਰ ਜਾਂਦਾ, ਵਿਦਾਈ ਲੈਣ ਲਗਦਾ, ਪੰਛੀ ਘਰਾਂ ਨੂੰ ਪਰਤਣ ਲਗਦੇ, ਉਨ੍ਹਾਂ ਦੀਆਂ ਬੋਲੀਆਂ ਵਿਚ ਮਿੱਠੀ ਜਿਹੀ ਥਕਾਵਟ ਤੇ ਸਬਰ ਦਾ ਮਿਸ਼ਰਣ ਹੁੰਦਾ। ਹਵਾ ਵਿਚ ਅਚਾਨਕ ਫੁੱਲਾਂ ਦੀ ਅਤੇ ਬਿਰਖਾਂ ਦੇ ਪੱਤਿਆਂ ਦੀ ਮਹਿਕ ਘੁਲ ਜਾਂਦੀ। ਕੁਝ ਸਮੇਂ ਲਈ ਜਿਵੇਂ ਸਮਾਂ ਰੁਕ ਜਾਂਦਾ, ਸਭ ਕੁਝ ਧੀਮਾ ਨਰਮ ਅਤੇ ਅਸੀਮ ਲਗਦਾ, ਕੁਦਰਤ ਆਪਣੀ ਸਾਰੀ ਥਕਾਵਟ ਤੇ ਸਾਰੀ ਸਰਗਰਮੀ ਨੂੰ ਸਮੇਟ ਲੈਂਦੀ ਤੇ ਇਕ ਨਵੀਂ ਤਾਰਿਆਂ ਭਰੀ ਰਾਤ ਲਈ ਤਿਆਰੀ ਕਰਨ ਲਗਦੀ। ਇਹ ਸੁਨਿਹਰੀ ਜਾਦੂਮਈ ਸਮਾਂ ਜੋ ਦਿਨ ਦੇ ਬੀਤ ਜਾਣ ਤੇ ਰਾਤ ਦੇ ਆਗਮਨ ਦੇ ਵਿਚਾਲੇ ਦਾ ਸਮਾਂ ਸੀ, ਨੂੰ ਮਾਨਣ ਦਾ ਇਕ ਵੱਖਰਾ ਅਨੰਦ ਹੁੰਦਾ।
ਪੁਰਾਣੇ ਰੁੱਖਾਂ ਦੇ ਸੈਰ ਕਰਨ ਵਾਲੇ ਮੈਦਾਨ ਦਾ ਮਾਹੌਲ ਇਕ ਦਮ ਬਦਲ ਗਿਆ। 'ਸੈਰ ਕਰਨ ਵਾਲੇ ਲੋਕ' ਸੈਰ ਕਰਨ ਦੇ ਨਾਲ ਨਾਲ ਰੱਬ ਨਾਲ ਵੀ ਜੁੜ ਜਾਣ, ਇਸ ਲਈ ਸੇਵਾ ਭਾਵਨਾ ਦੇ ਤਹਿਤ ਇਸ ਕੁਦਰਤੀ ਮਾਹੌਲ ਵਿਚ ਸਪੀਕਰ ਟੰਗ ਦਿੱਤੇ ਗਏ ਸਨ। ਮੈਂ ਕੁਝ ਪ੍ਰੇਸ਼ਾਨ ਜਿਹਾ ਹੋਇਆ ਕਿਉਂਕਿ ਮਾਸਟਰ ਜੀ ਹੁਣ ਸ਼ਾਮ ਦੇ ਸੁਨਹਿਰੀ ਸਮੇਂ ਨੂੰ ਮਾਨਣ ਵਾਸਤੇ ਇਸ ਪ੍ਰਕ੍ਰਿਤਿਕ ਮਾਹੌਲ ਵਿਚ ਨਹੀਂ ਆ ਰਹੇ ਸਨ। ਇਕ ਦਿਨ ਜਦੋਂ ਬਜ਼ਾਰ ਵਿਚ ਇਕ ਦੁਕਾਨ 'ਤੇ ਅਚਾਨਕ ਉਨ੍ਹਾਂ ਨਾਲ ਮੇਲ ਹੋਇਆ ਤਾਂ ਮੈਂ ਉਨ੍ਹਾਂ ਨੂੰ ਸੈਰ 'ਤੇ ਨਾ ਆਉਣ ਦਾ ਕਾਰਨ ਪੁੱਛਿਆ, ਉਹ ਬੋਲੇ, 'ਉੱਥੇ ਜਾਣ ਦਾ ਕੋਈ ਸਵਾਦ ਨਹੀਂ ਰਿਹਾ ਹੁਣ, ਸਾਰਾ ਕੁਝ ਇਕ ਸ਼ੋਰ ਵਿਚ ਤਬਦੀਲ ਹੋ ਗਿਆ ਹੈ। ਤੇ ਫਿਰ ਇਸ ਬਾਜਾਰੂ ਸ਼ੋਰ ਵਿਚੋਂ ਹੋਰ ਤਿੱਖੇ ਸ਼ੋਰ ਵਿਚ ਜਾਣ ਦਾ ਕੀ ਮਤਲਬ?'
ਕੁਝ ਉਦਾਸ ਹੋ ਕੇ ਉਹ ਫਿਰ ਬੋਲੇ, 'ਕੁਦਰਤ ਤੋਂ ਹੋਰ ਸੋਹਣਾ ਕੁਝ ਨਹੀਂ, ਉੱਥੇ ਹੁਣ ਸਪੀਕਰਾਂ ਦਾ ਸ਼ੋਰ ਹੈ ਇਹ ਸ਼ੋਰ ਮੇਰੇ ਲਈ ਬੇਚੈਨੀ ਦਾ ਸਬੱਬ ਬਣਦਾ ਹੈ, ਮੈਨੂੰ ਲਗਦਾ ਏ ਕਿ ਉੱਥੋਂ ਹੁਣ ਰੱਬ ਕਿਤੇ ਦੂਰ ਚਲਾ ਗਿਆ ਏ।'
'ਤੁਹਾਨੂੰ ਕਿਵੇਂ ਪਤਾ ਹੈ ਰੱਬ ਉਥੋਂ ਚਲਾ ਗਿਆ ਹੈ?'
'ਰੱਬ ਇੰਨੇ ਸ਼ੋਰ ਵਿਚ ਕਿਵੇਂ ਰਹਿ ਸਕਦਾ ਏ ਭਲਾ, ਤੂੰ ਹੀ ਦੱਸ? ਆਖਿਰ ਉਸ ਨੂੰ ਜਾਣਾ ਪੈਂਦਾ ਹੈ। ਜਿੱਥੇ ਸ਼ੋਰ ਹੋਵੇਗਾ, ਉਥੇ ਉਹ ਕਿਵੇਂ ਰਹੇਗਾ? ...
ਮੈਂ ਚੁੱਪ ਹੋ ਗਿਆ ਤੇ ਮਾਸਟਰ ਜੀ ਕਿਸੇ ਰੱਬੀ ਬੰਦੇ ਵਾਂਗ ਨਿਰਾਸ਼ ਜਿਹੇ ਹੋ ਕੇ ਅਗਾਂਹ ਤੁਰ ਗਏ।
-ਮੋਬਾਈਲ : 98550-51099