16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਿੱਕੀਆਂ ਗੱਲਾਂ ਵੱਡੇ ਅਰਥ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026

ਸਿਹਤ ਠੀਕ ਨਾ ਹੋਣ ਕਾਰਨ ਅੱਜ ਦੇ ਕਾਲਮ ਵਿਚ ਮੈਂ ਪੁਰਾਤਨ ਨੁਸਖਿਆਂ ਦੀ ਬਾਤ ਪਾ ਕੇ ਛੁੱਟੀ ਕਰਾਂਗਾ। ਮੇਰੀ ਅਜੋਕੀ ਗੱਲ ਰੋਗੀ ਦੀ ਨਬਜ਼ ਦੇਖਣ ਦੇ ਮਾਨਵੀ ਤੇ ਮਸ਼ੀਨੀ ਸਾਧਨਾਂ ਤੱਕ ਸੀਮਤ ਹੈ। ਉਹ ਦਿਨ ਗਏ, ਜਦ ਪਿੰਡ ਦੇ ਹਕੀਮ ਲੇਖ ਰਾਜ ਉਰਫ਼ ਲੇਖ ਨੂੰ ਨਬਜ਼ ਦਿਖਾ ਕੇ ਜੋ ਕੁਝ ਦੁਆਈ ਵਜੋਂ ਮਿਲਦਾ ਸੀ, ਖਾ ਕੇ ਖੇਤਾਂ ਵੱਲ ਨੂੰ ਤੁਰ ਪੈਂਦੇ ਸਾਂ। ਏਸ ਆਸਰੇ ਕਿ 'ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਰਸਾਣ, ਵਾਓ ਝੱਘੜ ਝੱਲਿਓਂ, ਘਰ ਆਵੇ ਤਾਂ ਜਾਣ' ਵਾਲੀ ਗੱਲ ਹੁੰਦੀ ਸੀ। ਫ਼ਸਲਾਂ ਮੌਸਮ ਉੱਤੇ ਨਿਰਭਰ ਕਰਦੀਆਂ ਸਨ। ਹੁਣ ਤਾਂ ਬੰਦੇ ਦੀਆਂ ਕਾਢਾਂ ਧਰਤੀ ਦੀ ਹਿੱਕ ਪਾੜ ਕੇ ਪਾਣੀ ਕੱਢ ਲੈਂਦੀਆਂ ਹਨ। ਏਥੋਂ ਤੱਕ ਕਿ ਬੱਦਲਾਂ ਨੂੰ ਟਾਕੀਆਂ ਲਾਉਣੋਂ ਵੀ ਗੁਰੇਜ਼ ਨਹੀਂ ਕਰਦੀਆਂ।
ਹੋਰ ਤਾਂ ਹੋਰ ਹਸਪਤਾਲਾਂ ਵਿਚ ਮਸ਼ੀਨਾਂ ਥੱਲੇ ਪਾ ਕੇ ਪਿੱਤੇ ਨੂੰ ਪੈਂਚਰ ਲਾਏ ਜਾ ਰਹੇ ਹਨ। ਉਹ ਦਿਨ ਗਏ ਜਦੋਂ ਸਾਡੇ ਵਡੇਰੇ ਵਾਢੀਆਂ ਦੇ ਮੌਸਮ ਵਿਚ ਅਫ਼ੀਮ ਦਾ ਮਾਵਾ ਮੂੰਹ ਵਿਚ ਪਾ ਕੇ ਦਾਤੀ ਹੱਥ ਵਿਚ ਫੜ ਲੈਂਦੇ ਸਨ, ਫ਼ਸਲਾਂ ਨੂੰ ਘਰ ਲਿਆਉਣ ਦਾ ਸਮਾਂ ਜੋ ਸੀ। ਆੜ੍ਹਤੀਏ ਪੱਲਾ ਨਹੀਂ ਸੀ ਫੜਾਉਂਦੇ। ਖੇਤਾਂ ਦੇ ਮਾਲਕ ਆਪਣੀ ਜ਼ਮੀਨ ਤੇ ਜਾਇਦਾਦ ਸ਼ਾਹੂਕਾਰਾਂ ਕੋਲ ਗਹਿਣੇ ਰੱਖਣ ਲਈ ਮਜਬੂਰ ਹੁੰਦੇ ਸਨ। ਭਲਾ ਹੋਵੇ ਧਰਤੀ ਦੇ ਜਾਏ ਸਰ ਛੋਟੂ ਰਾਮ ਦਾ ਜਿਸ ਨੇ ਬਰਤਾਨਵੀ ਸਰਕਾਰ ਤੋਂ ਵੀਹ ਸਾਲਾ ਕਾਨੂੰਨ ਪਾਸ ਕਰਵਾ ਕੇ ਜੱਦੀ ਪੁਸ਼ਤੀ ਮਾਲਕਾਂ ਦਾ ਪਿੱਛਾ ਛੁਡਾਇਆ।
ਏਸ ਪ੍ਰਸੰਗ ਵਿਚ ਮੇਰਾ ਇਕ ਸੁਣੀ-ਸੁਣਾਈ ਗੱਲ ਦੱਸਣ ਨੂੰ ਮਨ ਬਣ ਗਿਆ ਹੈ। ਵਾਢੀਆਂ ਦੇ ਦਿਨ ਸਨ। ਲਗਪਗ ਸਾਰੇ ਕਿਸਾਨ ਵਾਢੀ ਕਰ ਰਹੇ ਸਨ ਅਤੇ ਇਕ ਮਸਤ ਮੌਲਾ ਜੱਟ ਆਪਣੇ ਖੇਤ ਵਾਲੀ ਟਾਹਲੀ ਦੀ ਛਾਵੇਂ ਸੁਹਾਗੇ ਹੋਏ ਖੇਤ ਵਿਚ ਲੰਮਾ ਪਿਆ ਸੁਸਤਾ ਰਿਹਾ ਸੀ। ਕੋਈ ਭਲਾ ਵਿਅਕਤੀ ਉਸ ਨੂੰ ਮੱਤ ਦੇਣ ਲੱਗਿਆ ਕਿ ਉਹ ਖੇਤ ਵਿਚ ਕੰਮ ਕਰੇ। ਉਸ ਨੇ ਮੱਤਾਂ ਦੇਣ ਵਾਲੇ ਦੀ ਗੱਲ ਉੱਤੇ ਅਮਲ ਕਰਨ ਦਾ ਲਾਭ ਪੁੱਛਿਆ। ਜਵਾਬ ਮਿਲਿਆ ਕਿ ਸੁਹਾਗੇ ਵਾਲੇ ਖੇਤ ਵਿਚ ਲੇਟਣ ਦੀ ਥਾਂ ਫ਼ਸਲ ਦੇ ਪੈਸੇ ਕਮਾਵੇ ਤੇ ਉਸ ਕਮਾਈ ਨਾਲ ਪਿੰਡ ਵਾਲੇ ਘਰ ਉੱਤੇ ਖੁੱਲ੍ਹਾ ਚੁਬਾਰਾ ਛੱਤ ਕੇ ਉਸ ਵਿਚ ਬਿਜਲੀ ਵਾਲੇ ਪੱਖੇ ਦੀ ਖੁੱਲ੍ਹੀ ਹਵਾ ਮਾਣੇ। ਟਾਹਲੀ ਦੀ ਛਾਂ ਦੀਆਂ ਮੌਜਾਂ ਮਾਣਨ ਵਾਲਾ ਜੱਟ ਉੱਠ ਕੇ ਬਹਿ ਗਿਆ ਤੇ ਮੱਤਾਂ ਦੇਣ ਵਾਲੇ ਨੂੰ ਆਖਣ ਲੱਗਿਆ, ਮੈਂ ਕੋਈ ਕਮਲਾ ਹਾਂ ਕਿ ਖੁੱਲ੍ਹੀ ਹਵਾ ਦੇ ਬੁੱਲ੍ਹੇ ਗੁਆ ਕੇ ਮਸ਼ੀਨ ਦੇ ਪੱਖਿਆਂ ਦੀ ਗਰਮ ਹਵਾ ਦੇ ਵੱਸ ਪੈ ਜਾਵਾਂ? ਹੁਣ ਤਾਂ ਅਜੋਕੇ ਮਨੁੱਖ ਨੇ ਆਪਣੀ ਸ਼ਬਦਾਵਲੀ ਵੀ ਨਵੀਂ ਸਿਰਜ ਲਈ ਹੈ। 'ਚਿੰਤਾ' ਦੀ ਥਾਂ ਅੰਗਰੇਜ਼ੀ ਸ਼ਬਦ 'ਟੈਂਸ਼ਨ' ਮੁਕਤ ਹੋਣਾ ਵਰਤਣ ਲੱਗ ਪਏ ਹਨ ਅਤੇ ਹਿਸਾਬ-ਕਿਤਾਬ ਤੋਂ ਸੁਰਖਰੂ ਹੋਣ ਵਾਸਤੇ 'ਕੋਈ ਚੱਕਰ ਨਹੀਂ' ਵਰਤਣ ਲੱਗ ਪਏ ਹਨ। ਜ਼ਮਾਨਾ ਬਦਲ ਰਿਹਾ ਹੈ।
ਅੰਤਿਕਾ
ਸਿਆਣਪਾਂ (ੳ)
ਜੁੱਤੀ ਸੋਟੀ ਬਿਨਾਂ ਤੁਰੀਏ ਨਾ ਰਾਤ ਨੂੰ,
ਕਰੀਏ ਨਾ ਟਿੱਚਰ ਮਰਾਸੀ ਜਾਤ ਨੂੰ।
ਫੁੱਲਾਂ ਉੱਤੇ ਆਈ ਪੁੱਟੀਏ ਨਾ ਵੱਲ ਜੀ,
ਸਭਾ ਵਿਚ ਬੈਠ ਟੋਕੀਏ ਨਾ ਗੱਲ ਜੀ।
ਵੱਢ ਖਾਣੇ ਅੱਗੋਂ ਲੰਘੀਏ ਨਾ ਉੱਠ ਕੇ,
ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ।
ਸਿਆਣਪਾਂ (ਅ)
ਚਾਹ ਗਈ ਚਿੰਤਾ ਗਈ, ਮਨਵਾ ਬੇਪਰਵਾਹ,
ਜਿਸ ਕੋ ਕਿਛ ਨਾ ਚਾਹੀਏ, ਸੋ ਹੀ ਸ਼ਹਿਨਸ਼ਾਹ।
ਹੱਦ ਮੇਂ ਚਲੇ ਸੋ ਔਲੀਆ, ਅਨਹਦ ਚਲੇ ਸੋ ਪੀਰ,
ਹੱਦ ਅਨਹੱਦ ਦੋਨੋਂ ਚਲੇ ਸੋ ਹੈ ਸ਼ਾਹ-ਫਕੀਰ।
ਮੈਂ ਅਕੇਲਾ ਹੀ ਚਲਾ ਥਾ ਜਾਨਿਬੇ-ਏ-ਮੰਜ਼ਿਲ ਮਗਰ,
ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ।

ਈ-ਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਰੱਬ ਚਲਾ ਗਿਆ, ਉਹ ਰਹਿ ਵੀ ਕਿਵੇਂ ਸਕਦਾ ਸੀ? ਅਗਲੀ ਖ਼ਬਰ ਭਾਰਤ ਵਿਚ ਜਮਹੂਰੀਅਤ ਲਈ ਵਧ ਰਹੀਆਂ ਹਨ ਚੁਣੌਤੀਆਂ
Ad Position 24