17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਕੀ ਅਮਰੀਕਾ-ਈਰਾਨ ਸਮਝੌਤਾ ਸ਼ਾਂਤੀ ਦਾ ਆਧਾਰ ਬਣ ਸਕਦਾ ਹੈ?

Ad Position 21
No active advertisement
ਅਜੀਤ ਡੈਸਕ 19-06-2026

ਭਾਵੇਂ ਦੁਨੀਆ ਨੇ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਦੇ ਐਲਾਨ ਪਿੱਛੋਂ ਵੱਡੀ ਰਾਹਤ ਮਹਿਸੂਸ ਕਰਦਿਆਂ ਸੁਖ ਦਾ ਸਾਹ ਲਿਆ ਹੈ ਤੇ ਤੇਲ ਦੀਆਂ ਕੀਮਤਾਂ ਡਿਗਣ ਨਾਲ ਮਹਿੰਗਾਈ 'ਚੋਂ ਨਿਕਲਣ ਦੇ ਆਸਾਰ ਵੀ ਦੇਖੇ ਜਾ ਰਹੇ ਹਨ ਪਰ ਅਮਰੀਕਾ ਅਤੇ ਈਰਾਨ ਵਿਚਕਾਰ ਯੁੱਧ ਨੂੰ ਖਤਮ ਕਰਨ ਲਈ ਤਿਆਰ ਕੀਤਾ ਗਿਆ ਮਸੌਦਾ ਹਾਲੇ ਵੀ ਸਾਫ਼ ਨਹੀਂ ਤੇ ਇਸ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ ਕਿ ਦੋਵਾਂ ਦੇਸ਼ਾਂ ਦੇ ਵਾਰਤਾਕਾਰ ਸਹਿਮਤ ਕਿਨ੍ਹਾਂ ਗੱਲਾਂ 'ਤੇ ਹੋਏ ਸਨ? ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲੀ ਫੌਜਾਂ ਲਿਬਨਾਨ ਵਿਚ ਰਹਿਣਗੀਆਂ, ਇਹ ਇਕ ਅਜਿਹਾ ਰੁਖ਼ ਹੈ ਜੋ ਈਰਾਨੀਆਂ ਨੂੰ ਨਾਰਾਜ਼ ਕਰਨ ਵਾਲਾ ਹੈ। ਈਰਾਨ ਨੇ ਟਰੰਪ ਪ੍ਰਸ਼ਾਸਨ ਦੇ ਇਸ ਵਿਵਾਦ ਦਾ ਵੀ ਖੰਡਨ ਕੀਤਾ ਕਿ ਜਹਾਜ਼ ਬਿਨਾਂ ਕਿਸੇ ਚਾਰਜ ਦੇ ਹੋਰਮੁਜ਼ ਨੂੰ ਪਾਰ ਕਰ ਸਕਣਗੇ, ਇਹ ਕਹਿੰਦਿਆਂ ਕਿ ਉਸ ਦਾ ਇਰਾਦਾ ਫੀਸ ਵਸੂਲਣ ਦਾ ਹੈ ਟੋਲ ਦਾ ਨਹੀਂ। ਸਮਝੌਤੇ 'ਤੇ ਰਸਮੀ ਦਸਤਖਤ ਸ਼ੁੱਕਰਵਾਰ ਨੂੰ ਜਨੇਵਾ ਵਿਚ ਹੋਣੇ ਹਨ। ਉਂਝ ਸਮਝੌਤੇ ਦਾ ਤੁਰੰਤ ਦਾਇਰਾ ਮੁੱਖ ਤੌਰ 'ਤੇ ਫੌਜੀ ਹਮਲਿਆਂ ਨੂੰ ਖ਼ਤਮ ਕਰਨ ਅਤੇ ਇਕ ਮਹੱਤਵਪੂਰਨ ਗਲੋਬਲ ਸ਼ਿਪਿੰਗ ਲੇਨ, ਹੋਰਮੁਜ਼ ਜਲਡਮਰੂ ਰਾਹੀਂ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦੀ ਆਗਿਆ ਦੇਣ 'ਤੇ ਕੇਂਦ੍ਰਿਤ ਸੀ। ਪਰ ਇਹ ਸਮਝੌਤਾ ਉਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਦਾ ਦਿਖਾਈ ਨਹੀਂ ਦੇ ਰਿਹਾ, ਜੋ ਟਰੰਪ ਨੇ ਫਰਵਰੀ ਵਿਚ ਯੁੱਧ ਸ਼ੁਰੂ ਕਰਨ ਵੇਲੇ ਨਿਰਧਾਰਤ ਕੀਤੇ ਸਨ, ਜਿਸ ਵਿਚ ਈਰਾਨ ਦੀਆਂ ਫੌਜੀ ਸਮਰੱਥਾਵਾਂ ਨੂੰ ਤਬਾਹ ਕਰਨਾ, ਪ੍ਰਮਾਣੂ ਇੱਛਾਵਾਂ ਤੇ ਇਸਦੀ ਧਾਰਮਿਕ ਲੀਡਰਸ਼ਿਪ ਨੂੰ ਖਤਮ ਕਰਨਾ ਸੀ। ਨੇਤਨਯਾਹੂ ਸਮਝੌਤੇ ਤੋਂ ਆਪਣੇ ਆਪ ਨੂੰ ਦੂਰ ਰੱਖਦੇ ਹੋਏ ਦਿਖਾਈ ਦਿੰਦੇ ਹਨ, ਉਸ ਦਾ ਕਹਿਣਾ ਹੈ ਕਿ ਉਹ ਇਸ ਨਾਲ ਬੰਨ੍ਹਿਆ ਮਹਿਸੂਸ ਨਹੀਂ ਕਰਦੇ। ਉਧਰ ਉਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਲਿਬਨਾਨ ਵਿਚ ਆਪਣੀ ਲੜਾਈ ਹਿਜ਼ਬੁੱਲਾ ਦੇ ਵਿਰੁੱਧ ਜਾਰੀ ਰੱਖੇਗਾ, ਪਰ ਸਾਰੀ ਉਲਝਣ ਦੇ ਬਾਵਜੂਦ ਸੌਦੇ ਦੀ ਖ਼ਬਰ ਇਸ ਪੱਖ ਤੋਂ ਰਾਹਤ ਲਈ ਕਾਫ਼ੀ ਸੀ ਕਿ ਤੇਲ ਦੀਆਂ ਕੀਮਤਾਂ ਡਿਗ ਪਈਆਂ ਹਨ। ਟਰੰਪ ਨੇ ਕਿਹਾ ਕਿ ਇਹ ਸਮਝੌਤਾ ਸ਼ੁੱਕਰਵਾਰ ਨੂੰ ਹੀ ਜਲਡਮਰੂ ਰਾਹੀਂ ਤੇਲ ਟੈਂਕਰਾਂ ਦਾ ਸੁਰੱਖਿਅਤ ਲਾਂਘਾ ਮੁੜ ਖੋਲ੍ਹ ਦੇਵੇਗਾ। ਇਕ ਅਜਿਹੀ ਸਮੱਸਿਆ ਦਾ ਹੱਲ ਹੋ ਜਾਵੇਗਾ, ਜੋ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਯੁੱਧ ਸ਼ੁਰੂ ਕਰਨ ਤੱਕ ਮੌਜੂਦ ਨਹੀਂ ਸੀ। ਹੋਰਮੁਜ਼ ਦੀ ਖਾੜੀ ਨੂੰ ਇਸਦੇ ਯੁੱਧ ਤੋਂ ਪਹਿਲਾਂ ਦੀਆਂ ਸਥਿਤੀਆਂ ਵਿਚ ਵਾਪਸ ਲਿਆਉਣ ਨਾਲ ਅਮਰੀਕੀਆਂ ਨੂੰ ਗੈਸ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲ ਸਕਦੀ ਹੈ, ਜੋ ਕਿ ਰਾਸ਼ਟਰਪਤੀ ਦੀ ਇਕ ਰਾਜਨੀਤਕ ਜ਼ਿੰਮੇਵਾਰੀ ਵੀ ਹੈ, ਪਰ ਮਾਹਰ ਮੰਨਦੇ ਹਨ ਕਿ ਅਜਿਹਾ ਹੋਣ ਵਿਚ ਮਹੀਨੇ ਲੱਗਣਗੇ। ਉਸ ਤੋਂ ਬਾਅਦ, ਇਕ ਵਿਆਪਕ ਸ਼ਾਂਤੀ ਸਮਝੌਤੇ ਲਈ ਗੱਲਬਾਤ ਦਾ 60 ਦਿਨਾਂ ਦਾ ਸਮਾਂ ਸ਼ੁਰੂ ਹੋਵੇਗਾ। ਗੱਲਬਾਤ ਗੁੰਝਲਦਾਰ ਹੋਣ ਦੀ ਸੰਭਾਵਨਾ ਹੈ ਅਤੇ ਸਮਝੌਤਾ ਅਜੇ ਵੀ ਟੁੱਟ ਸਕਦਾ ਹੈ।ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਮਵਾਰ ਨੂੰ ਕਿਹਾ ਕਿ ਗੱਲਬਾਤ ਦੋ ਮੁੱਦਿਆਂ 'ਤੇ ਫਸੇਗੀ, ਜਿਨ੍ਹਾਂ 'ਤੇ ਕਿਸੇ ਵੀ ਪੱਖ ਨੇ ਸਮਝੌਤਾ ਕਰਨ ਲਈ ਬਹੁਤੀ ਇੱਛਾ ਨਹੀਂ ਦਿਖਾਈ। ਉਹ ਇਹ ਕਿ ਈਰਾਨ ਵਿਰੁੱਧ ਅਮਰੀਕੀ ਆਰਥਿਕ ਪਾਬੰਦੀਆਂ ਨੂੰ ਘਟਾਉਣਾ ਅਤੇ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨਾ। ਈਰਾਨ ਨੇ ਪ੍ਰਮਾਣੂ ਏਜੰਡੇ 'ਤੇ ਸਹਿਮਤ ਹੋਣ ਸੰਬੰਧੀ ਅਜੇ ਨਵੀਂ ਰਿਆਇਤ ਨਹੀਂ ਦਿੱਤੀ। ਸਮਝੌਤਾ ਇਹੀ ਦੁਹਰਾਉਂਦਾ ਹੈ ਕਿ ਈਰਾਨ ਦੀ ਪ੍ਰਮਾਣੂ ਹਥਿਆਰ ਬਣਾਉਣ ਜਾਂ ਪ੍ਰਾਪਤ ਕਰਨ ਦੀ ਕੋਈ ਇੱਛਾ ਨਹੀਂ ਹੈ।
ਅਮਰੀਕਾ ਆਪਣੀ ਇਸ ਜ਼ਰੂਰਤ ਨੂੰ ਤਿਆਗਦਾ ਜਾਪਦਾ ਹੈ ਕਿ ਸਾਰੇ ਯੂਰੇਨੀਅਮ ਭੰਡਾਰ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਅਤੇ ਕੋਈ ਘਰੇਲੂ ਸੰਸ਼ੋਧਨ ਨਹੀਂ ਹੋ ਸਕਦਾ। ਸਮਝੌਤੇ ਨਾਲ ਗੱਲਬਾਤ ਵਿਚ ਯੂਰੇਨੀਅਮ ਨੂੰ 60 ਫ਼ੀਸਦੀ ਤੱਕ ਸੰਸ਼ੋਧਿਤ ਨਾ ਕਰਨ ਦੀ ਸ਼ਰਤ ਹੋ ਸਕਦੀ ਹੈ। ਟਰੰਪ ਨੇ ਨਿਊਯਾਰਕ ਟਾਈਮਜ਼ ਨਾਲ ਇਕ ਅਹਿਮ ਗੱਲਬਾਤ ਵਿਚ ਸੰਕੇਤ ਦਿੱਤਾ ਸੀ ਕਿ ਈਰਾਨ ਸੰਸ਼ੋਧਨ 'ਤੇ 15 ਸਾਲਾਂ ਦੀ ਰੋਕ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਸਕਦਾ ਹੈ। ਜੇਕਰ ਅਮਰੀਕਾ ਨੇ ਪਹਿਲਾਂ ਇਹ ਰੁਖ਼ ਅਪਣਾਏ ਹੁੰਦੇ ਤਾਂ ਸ਼ਾਇਦ ਜੰਗ ਦੀ ਲੋੜ ਹੀ ਨਾ ਰਹਿੰਦੀ।
ਹਾਲੇ ਸਥਿਤੀ ਇਹੀ ਹੈ ਕਿ ਈਰਾਨ ਨੂੰ ਯੁੱਧ ਤੋਂ 60 ਦਿਨਾਂ ਦੀ ਛੋਟ ਹੈ ਪਰ ਉਸ ਆਰਥਿਕ ਮੰਦਹਾਲੀ ਤੋਂ ਨਹੀਂ ਜਿਸਨੇ ਇਸਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਸਮਝੌਤੇ ਵਿਚ ਈਰਾਨ ਦੀਆਂ ਬੈਲਿਸਟਿਕ ਮਿਜ਼ਾਈਲਾਂ 'ਤੇ ਕੋਈ ਪਾਬੰਦੀਆਂ ਨਹੀਂ ਹਨ, ਵੱਡੀ ਰਾਹਤ ਹੋਵੇਗੀ। ਇਸ ਸੰਬੰਧੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜ਼ਰੂਰ ਮੰਗ ਕੀਤੀ ਸੀ। ਈਰਾਨ ਦੀਆਂ ਪ੍ਰੌਕਸੀ ਤਾਕਤਾਂ 'ਤੇ ਵੀ ਕੋਈ ਲਗਾਮ ਨਹੀਂ ਹੈ। ਹਮਾਸ, ਹੂਤੀ, ਇਰਾਕੀ ਪੀ.ਐਮ.ਯੂ. (ਪਾਪੂਲਰ ਮੋਬਿਲਾਈਜ਼ੇਸ਼ਨ ਯੂਨਿਟਸ) ਅਤੇ ਹਿਜ਼ਬੁੱਲਾ ਲਈ ਸਮਰਥਨ ਈਰਾਨ ਦੀ ਸੁਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰਹੇਗਾ ਪਰ ਹੁਣ ਇਹ ਕੇਂਦਰ ਬਿੰਦੂ ਨਹੀਂ। ਦਰਅਸਲ ਈਰਾਨ ਨੇ ਜ਼ੋਰ ਦੇ ਕੇ ਕਿਹਾ ਕਿ ਹਿਜ਼ਬੁੱਲਾ ਦੀ ਰੱਖਿਆ ਲਈ ਲਿਬਨਾਨ ਵਿਚ ਜੰਗਬੰਦੀ, ਸਮਝੌਤੇ ਦਾ ਅਨਿੱਖੜਵਾਂ ਅੰਗ ਹੋਣੀ ਚਾਹੀਦੀ ਹੈ। ਇਜ਼ਰਾਈਲ ਨੇ ਦੱਖਣੀ ਬੇਰੂਤ 'ਤੇ ਹਮਲੇ ਦੁਬਾਰਾ ਸ਼ੁਰੂ ਕਰਕੇ ਸਮਝੌਤੇ ਨੂੰ ਤੋੜਨ ਦੇ ਕਈ ਯਤਨ ਕੀਤੇ। ਪਰ ਇਹ ਸਹੀ ਹੈ ਕਿ ਨੇਤਨਯਾਹੂ ਦੀ ਉਲੰਘਣਾ ਟਰੰਪ ਨੂੰ ਈਰਾਨ ਨੂੰ ਹੋਰ ਰਿਆਇਤਾਂ ਲਈ ਮਜਬੂਰ ਕਰ ਰਹੀ ਸੀ। ਪਰ ਸਮਝੌਤੇ ਦੀ ਸਭ ਤੋਂ ਪਹਿਲੀ ਪ੍ਰੀਖਿਆ ਇਹ ਹੋਵੇਗੀ ਕਿ ਨੇਤਨਯਾਹੂ ਲਿਬਨਾਨ ਵਿਚ ਅੱਗੇ ਕੀ ਕਰਦਾ ਹੈ? ਇਹ ਸਮਝੌਤਾ ਬੜੀ ਸੂਝ ਨਾਲ ਚੁੱਕੇ ਜਾਣ ਵਾਲੇ ਕਦਮਾਂ ਦੇ ਇਰਦ-ਗਿਰਦ ਤਿਆਰ ਕੀਤਾ ਗਿਆ ਹੈ ਤੇ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਦੂਜੀ ਧਿਰ ਦੁਆਰਾ ਤਸਦੀਕ ਕੀਤਾ ਗਿਆ ਹੈ। ਈਰਾਨ 2018 ਦੇ ਦੁਹਰਾਓ ਤੋਂ ਬਚਣ ਲਈ ਦ੍ਰਿੜ੍ਹ ਹੈ, ਜਦੋਂ ਉਸਨੇ ਓਬਾਮਾ-ਯੁੱਗ 2015 ਦੇ ਸਮਝੌਤੇ ਦੇ ਤਹਿਤ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਵਿਆਪਕ ਵਚਨਬੱਧਤਾਵਾਂ ਕੀਤੀਆਂ ਸਨ ਪਰ ਅਮਰੀਕਾ ਦੇ ਇਕਪਾਸੜ ਤੌਰ 'ਤੇ ਪਿੱਛੇ ਹਟਣ ਤੋਂ ਪਹਿਲਾਂ ਉਸਨੂੰ ਕੋਈ ਆਰਥਿਕ ਰਾਹਤ ਨਹੀਂ ਮਿਲੀ। ਇਸ ਵਾਰ ਹਰ ਚੀਜ਼ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ ਲਿਬਨਾਨ ਵਿਚ ਜੰਗਬੰਦੀ ਵੀ ਸ਼ਾਮਿਲ ਹੈ, ਇਸ ਤੋਂ ਪਹਿਲਾਂ ਕਿ ਹੋਰ ਕਦਮ ਸ਼ੁਰੂ ਹੋ ਸਕਣ।
ਸਭ ਤੋਂ ਸਪੱਸ਼ਟ ਅਤੇ ਬਿਨਾਂ ਸ਼ਰਤ ਚੁੱਕਣ ਵਾਲਾ ਕਦਮ ਇਹ ਹੈ ਕਿ ਅਮਰੀਕਾ ਈਰਾਨੀ ਬੰਦਰਗਾਹਾਂ ਦੀ ਆਪਣੀ ਨਾਕਾਬੰਦੀ ਹਟਾ ਦੇਵੇ। ਬਦਲੇ ਵਿਚ ਈਰਾਨ ਸ਼ੁੱਕਰਵਾਰ ਤੋਂ ਹੋਰਮੁਜ਼ ਖਾੜੀ ਨੂੰ ਵਪਾਰਕ ਸ਼ਿਪਿੰਗ ਲਈ ਬਿਨਾਂ ਕਿਸੇ ਪਾਬੰਦੀ ਤੋਂ ਦੁਬਾਰਾ ਖੋਲ੍ਹਣ ਲਈ ਸਹਿਮਤ ਹੋ ਜਾਵੇ।

ਈ-ਮੇਲ : ashokbhaura@gmail.com

Ad Position 22
No active advertisement
ਪਿਛਲੀ ਖ਼ਬਰ 19-06-26 ਅਗਲੀ ਖ਼ਬਰ ਬਹੁਤ ਕੁਝ ਬਦਲ ਗਿਆ ਹੈ ਸਾਡੇ ਆਲੇ-ਦੁਆਲੇ
Ad Position 24