ਤੁਸੀਂ ਜ਼ਰਾ ਆਪਣੇ ਆਲੇ-ਦੁਆਲੇ ਨਜ਼ਰ ਮਾਰੋ, ਤੁਹਾਨੂੰ ਹਰ ਥਾਂ ਅਨੇਕਾਂ ਤਬਦੀਲੀਆਂ ਨਜ਼ਰ ਆਉਣਗੀਆਂ। ਹੁਣ ਅੱਠਵੇਂ ਦਹਾਕੇ ਨੂੰ ਪਾਰ ਕਰਦਿਆਂ ਅੱਜ ਦੀ ਪੀੜ੍ਹੀ ਨਾਲ ਤੁਰਨਾ ਇੰਜ ਲਗਦੈ ਕਿ ਬੱਚਿਆਂ ਤੋਂ ਵੀ ਸਿੱਖਣ ਦੀ ਲੋੜ ਹੈ। ਮੇਰੇ ਇਕ ਦੋਸਤ ਨੇ ਕੁੱਝ ਜ਼ਰੂਰੀ ਸੂਚਨਾ ਪੱਤਰ ਭੇਜੇ, ਉਸ 'ਚ ਪੁਰਾਣਾ ਗਰਾਊਂਡ ਵਾਲਾ ਮੇਰਾ ਫੋਨ ਨੰਬਰ ਸੀ। ਮੈਂ ਹੈਰਾਨ ਸਾਂ ਕਿ ਉਸ ਨੇ ਤਬਦੀਲੀ ਕਿਉਂ ਨਹੀਂ ਕੀਤੀ। ਜਦੋਂ ਵੀ ਤੁਸੀਂ ਬਾਜ਼ਾਰਾਂ 'ਚੋਂ ਗੁਜ਼ਰਦੇ ਹੋ ਤਾਂ ਮਹਿੰਗਾਈ ਦਾ ਬਾਜ਼ਾਰਾਂ 'ਤੇ ਅਸਰ ਮੂੰਹ ਅੱਡ ਕੇ ਬੋਲਦਾ ਹੈ। ਤੁਹਾਨੂੰ ਬਾਜ਼ਾਰਾਂ 'ਚ ਛੋਟੀ-ਮੋਟੀ ਦੁਕਾਨ ਘੱਟ ਹੀ ਨਜ਼ਰ ਆਏਗੀ। ਹੁਣ ਚਾਹ ਦੀਆਂ, ਕਰਿਆਨੇ ਦੀਆਂ, ਫੋਟੋਗ੍ਰਾਫਰਾਂ ਆਦਿ ਛੋਟੇ ਕੰਮ ਧੰਦਿਆਂ ਦੀਆਂ ਦੁਕਾਨਾਂ ਨਜ਼ਰ ਨਹੀਂ ਆਉਣਗੀਆਂ। ਕਰਿਆਨਾ, ਕੱਪੜੇ ਤੇ ਸਭ ਖਾਣ-ਪੀਣ ਦੀਆਂ ਵਸਤਾਂ ਹੁਣ ਨਵੇਂ ਖੁੱਲ੍ਹੇ ਮਾਲਜ਼ ਵਿਚ ਨਜ਼ਰ ਆਉਂਦੀਆਂ ਹਨ। ਇਹ ਨਵੇਂ ਮਾਲ ਕੰਪਲੈਕਸ ਕਈ ਦੁਕਾਨਾਂ ਖਾ ਗਏ ਹਨ। ਪਰ ਕੁਝ ਦੁਕਾਨਾਂ ਅਜੇ ਵੀ ਕੁੱਝ ਮੁਹੱਲਿਆਂ ਵਿਚ ਛੋਟੀ-ਮੋਟੀ ਖਰੀਦ ਲਈ ਜ਼ਰੂਰ ਮਿਲ ਜਾਣਗੀਆਂ।
ਹੈਰਾਨੀ ਦੀ ਗੱਲ ਹੈ ਕਿ 50 ਹਜ਼ਾਰ ਰੁਪਏ ਤੋਂ ਲੱਖਾਂ ਰੁਪਏ ਮਾਸਕ ਕਿਰਾਏ ਤਕ ਵਾਲੇ ਚਾਹ ਆਦਿ ਦੇ ਸ਼ੋ-ਰੂਮ ਮੁੱਖ ਬਾਜ਼ਾਰਾਂ ਤੇ ਮਹੱਲਿਆਂ ਵਿਚ ਜ਼ਰੂਰ ਮਿਲ ਜਾਣਗੇ, ਫਾਸਟ ਫੂਡਾਂ ਦਾ ਤਾਂ ਹੜ੍ਹ ਹੀ ਆਇਆ ਹੋਇਆ ਹੈ। ਅੰਤਰ-ਰਾਸ਼ਟਰੀ ਕੰਪਨੀਆਂ ਨੇ ਬੜੇ ਮਹਿੰਗੇ ਥਾਵਾਂ 'ਤੇ ਸ਼ਾਨਦਾਰ ਅਦਾਰੇ ਖੋਲ੍ਹੇ ਹਨ ਤੇ ਅੱਜ ਦੀ ਪੀੜ੍ਹੀ, ਫਾਸਟ ਫੂਡਾਂ ਦੀ ਐਨੀ ਸ਼ੌਕੀਨ ਹੈ ਕਿ ਉਨ੍ਹਾਂ ਨੂੰ ਪੁਰਾਣਾ ਕੁਝ ਵੀ ਚੰਗਾ ਨਹੀਂ ਲਗਦਾ। ਸ਼ਹਿਰਾਂ ਵਿਚ ਦੇਸੀ ਤੇ ਪਰਦੇਸੀ ਫਰੂਟ ਦੇ ਰੈਸਟੋਰੈਂਟ ਨੁਮਾ ਅਦਾਰੇ ਨਵੇਂ ਸਵਾਦਾਂ ਦੇ ਕੇਂਦਰ ਬਣ ਗਏ ਹਨ। ਰੈਡੀਮੇਡ ਕੱਪੜਿਆਂ ਦੇ ਹੜ੍ਹ ਨੇ ਪਹਿਲਾਂ ਤਾਂ ਕੱਪੜੇ ਦੀਆਂ ਦੁਕਾਨਾਂ ਨੂੰ ਹੀ ਵੱਡੀ ਵੰਗਾਰ ਖੜ੍ਹੀ ਕਰ ਦਿੱਤੀ ਸੀ, ਪਰ ਬੁਟੀਕਾਂ ਦੇ ਹੜ੍ਹ ਨੇ ਇਨ੍ਹਾਂ ਕੱਪੜਿਆਂ ਦੇ ਸ਼ੋ-ਰੂਮਾਂ 'ਤੇ ਕੁਝ ਰੌਣਕ ਵਧਾਈ ਹੈ। ਸਭ ਤੋਂ ਵੱਧ ਖਿੱਚ ਸੋਨੇ ਦੇ ਗਹਿਣੇ ਤੇ ਹੀਰਿਆਂ ਆਦਿ ਦੇ ਸ਼ੋ-ਰੂਮਾਂ ਨੇ ਪੈਦਾ ਕੀਤੀ ਹੈ, ਪਰ ਸੋਨੇ ਦੀ ਕੀਮਤ ਨੇ ਮੁਦਰਾ ਬਾਜ਼ਾਰ ਤੇ ਸਟਾਕ ਐਕਸਚੇਂਜਾਂ ਨੂੰ ਮਾਤ ਪਾ ਦਿੱਤਾ ਹੈ। ਸੋਨੇ ਦੇ ਕਾਰੋਬਾਰ ਵਿਚ ਦੁਨੀਆਂ ਭਰ ਦੇ ਅਮੀਰ ਸਨਅਤਕਾਰਾਂ ਨੇ ਅਨੇਕਾਂ ਜੰਗਾਂ ਕਾਰਨ ਵਪਾਰ ਮੰਦਾ ਹੋਣ ਕਾਰਨ ਸੋਨੇ ਵਿਚ ਪੈਸਾ ਲਾਇਆ ਹੈ ਤੇ ਸੋਨੇ ਦੀ ਕੀਮਤ ਨੂੰ ਐਨੀ ਅੱਗ ਲਾਈ ਕਿ ਇਹ ਮੇਰੀ ਯਾਦ ਮੁਤਾਬਕ 1,84,000 ਰੁਪਏ ਪ੍ਰਤੀ 10 ਗ੍ਰਾਮ (ਤੋਲਾ) ਤੱਕ ਗਿਆ ਤੇ ਹੁਣ ਕੁਝ ਮੰਦੀ ਕਾਰਨ 1,52,000 ਰੁਪਏ ਤੋਲਾ ਹੈ। ਇਹ ਸਿਰਫ ਕਾਰੋਬਾਰੀ ਤਬਦੀਲੀ ਨਹੀਂ, ਇਸ ਸੋਨੇ ਦੀ ਮਹਿੰਗਾਈ ਨੇ ਕਰੋੜਾਂ ਮੱਧ ਵਰਗ ਦੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਕਿ ਉਹ ਧੀਆਂ ਦੇ ਵਿਆਹ 'ਤੇ ਐਨਾ ਮਹਿੰਗਾ ਸੋਨਾ ਕਿਵੇਂ ਖਰੀਦਣਗੇ? ਫਿਰ ਵੀ ਉਹ ਰੋਜ਼ ਭਾਅ ਪੁੱਛਣ ਦੀ ਜ਼ਹਿਮਤ ਕਰਦੇ ਰਹਿੰਦੇ ਹਨ। ਸੋਨੇ ਦੀ ਖਪਤ ਘਟਾਉਣ ਤੇ ਵਾਹਨਾਂ ਦੇ ਤੇਲ ਦਾ ਘੱਟ ਇਸਤੇਮਾਲ ਕਰਕੇ ਕੁਝ ਨਾ ਕੁਝ ਪ੍ਰਧਾਨ ਮੰਤਰੀ ਦਾ ਹੁਕਮ ਮੰਨਿਆ ਜਾ ਰਿਹਾ ਹੈ।
ਸਨਅਤੀ ਤੇ ਸਰਕਾਰੀ ਨੌਕਰੀਆਂ ਨਾ ਮਿਲਣ ਕਰਕੇ ਹਰੇਕ ਵਿਸ਼ੇਸ਼ ਕਰ ਲੜਕੀਆਂ ਬੇਕਰੀਆਂ, ਹਲਵਾਈਆਂ, ਦਵਾਈਆਂ, ਆਈਲਟਸ ਤੇ ਵੀਜ਼ਾ ਆਦਿ ਹਰ ਕਿਸਮ ਦੇ ਮਾਲਾਂ ਤੇ ਸ਼ੋਅ-ਰੂਮਾਂ ਵਿਚ ਕੰਮ ਕਰਦੀਆਂ ਹਨ। ਕੰਪਿਊਟਰ 'ਤੇ ਆਨਲਾਈਨ ਮੋਬਾਇਲ ਪੈਸਿਆਂ ਦੀ ਅਦਾਇਗੀ ਨਾਲ ਹਰ ਕਿਸਮ ਦੇ ਸੇਵਾ ਕੇਂਦਰ ਅਤੇ ਹੋਰ ਸਰਕਾਰੀ ਦਫ਼ਤਰ ਸਹੂਲਤਾਂ ਵਧਾ ਰਹੇ ਹਨ। ਅਦਾਲਤਾਂ ਢਿੱਲੀ ਰਫ਼ਤਾਰ ਨਾਲ ਚਲਦੀਆਂ ਹਨ, ਪਰ ਲੋਕ ਅਦਾਲਤਾਂ ਹਰਮਨ ਪਿਆਰੀਆਂ ਹੋ ਰਹੀਆਂ ਹਨ। ਸਭ ਛੋਟੇ-ਵੱਡੇ ਪ੍ਰੋਗਰਾਮ ਹੋਟਲਾਂ-ਪੈਲਸਾਂ ਵਿਚ ਹੋ ਰਹੇ ਹਨ। ਨਜ਼ਦੀਕ ਤੋਂ ਦੇਖਦੇ ਹਾਂ ਤਾਂ ਮਹਿੰਗਾਈ ਅੰਤਾਂ ਦੀ ਹੈ। ਇਸ ਦਾ ਵਿਖਿਆਨ ਕਰਨਾ ਵੀ ਮੁਸ਼ਕਿਲ ਹੈ। ਜਦੋਂ ਅੰਮ੍ਰਿਤਸਰ ਤੋਂ ਆਉਂਦਿਆਂ ਰਸਤੇ 'ਚ ਹਵੇਲੀ ਢਾਬੇ 'ਤੇ ਰੁਕੇ ਤਾਂ ਪਰੌਂਠਾ ਨੁਮਾ ਕੁਲਚਾ ਮੰਗਾਇਆ 253/- ਰੁਪਏ ਦਾ ਵਿਚ ਜੀ.ਐਸ.ਟੀ. ਵੀ ਸੀ।
ਅਜਿਹਾ ਵਾਤਾਵਰਨ ਪੈਦਾ ਹੋ ਰਿਹਾ ਹੈ ਕਿ ਉਸਾਰੀ ਬਹੁਤ ਮਹਿੰਗੀ ਹੈ। ਰਾਜ ਮਿਸਤਰੀ 1,000 ਰੁਪਏ ਤੇ ਮਜ਼ਦੂਰ 700 ਰੋਜ਼ਾਨਾ ਲੈਂਦਾ ਹੈ। ਇੱਟ-ਸੀਮਿੰਟ ਦਾ ਭਾਅ ਅਸਮਾਨੀ ਚੜ੍ਹਿਆ ਹੈ। ਪੱਥਰਾਂ ਤੇ ਟਾਇਲਾਂ ਦੇ ਭਾਅ ਬਾਰੇ ਨਾ ਪੁੱਛੋ, ਜ਼ਿੰਦਗੀ ਦੀ ਤਰਜ਼ ਹੀ ਬਦਲ ਗਈ ਹੈ। ਜਿਨ੍ਹਾਂ ਬਜ਼ੁਰਗਾਂ ਦੇ ਬੱਚੇ ਬਾਹਰ ਹਨ, ਕੁਝ ਸੈੱਟ ਵੀ ਹਨ, ਪੈਸੇ ਵੀ ਭੇਜਦੇ ਹਨ, ਪਰ ਬਜ਼ੁਰਗਾਂ ਨੂੰ ਕੌਣ ਸੰਭਾਲੇ? ਉਹ ਤਾਂ ਰਿਕਸ਼ੇ ਵਾਲੇ ਨੂੰ ਬੁਲਾਉਣ ਜੋਗੇ ਵੀ ਨਹੀਂ, ਹਸਪਤਾਲ ਕਿਵੇਂ ਜਾਣਗੇ ? ਸਭ ਕੁਝ ਹੈ ਪਰ ਸਿਹਤ? ਭਵਿੱਖ? ਇਕੱਲਤਾ? ਅਸਲ ਸਥਿਤੀ ਨੂੰ ਪਹਿਚਾਨਣਾ ਮੁਸ਼ਕਿਲ ਹੋ ਰਿਹਾ ਹੈ। ਅੱਜ ਕੱਲ ਦੀ ਅਖਬਾਰ ਵਿਚ ਸਭ ਵਾਹਨਾਂ ਦੇ ਨਿਰਮਾਣ ਦੀ ਸੂਚਨਾ ਸੀ ਕਿ 26 ਲੱਖ ਦੇ ਕਰੀਬ ਪਿਛਲੇ ਮਹੀਨੇ ਵਾਹਨ ਸੜਕਾਂ 'ਤੇ ਉਤਰੇ ਹਨ। ਚੌੜੀਆਂ ਕੀਤੀਆਂ ਸੜਕਾਂ 'ਤੇ ਬੈਂਕਾਂ ਤੇ ਹੋਰ ਅਦਾਰਿਆਂ ਦੇ ਬਾਹਰ ਵਾਹਨਾਂ ਨੇ ਸੜਕ ਦੇ ਕਾਫੀ ਹਿੱਸੇ ਘੇਰੇ ਹੋਏ ਹਨ। ਕੋਈ ਨਹੀਂ ਪੁੱਛਦਾ? ਪੁਰਾਣੀਆਂ ਉਸਾਰੀਆਂ ਵਾਲੇ ਨਵੇਂ ਭਾਰਤ ਵਿਚ ਪਾਰਕਿੰਗ ਕਿੱਥੇ ਬਣਾਉਣਗੇ? ਇਹ ਵੱਖਰੀ ਗੱਲ ਹੈ ਕਿ ਵਾਹਨਾਂ ਦੀ ਗਿਣਤੀ ਵਾਂਗ ਸੜਕ ਹਾਦਸੇ ਵੀ ਵਧ ਰਹੇ ਹਨ ਤੇ ਨਾਲ ਹੀ ਬੀਮਾ ਕੰਪਨੀਆਂ ਦੇ ਪ੍ਰੀਮੀਅਮ ਵੀ ਵਧ ਰਹੇ ਹਨ। ਹਾਦਸਿਆਂ 'ਚ ਜ਼ਖ਼ਮੀ ਤੇ ਹੋਰ ਬਿਮਾਰੀਆਂ ਨਾਲ ਦੁਖੀ ਲੋਕਾਂ ਨੂੰ ਰਾਹਤ ਅਜੇ ਸੁਪਨਾ ਬਣੀ ਹੋਈ ਹੈ, ਪਰ ਪ੍ਰਚਾਰ ਦਾ ਕੋਈ ਅੰਤ ਨਹੀਂ ਤੇ ਨਾ ਹੀ ਕਾਰ-ਸਕੂਟਰ ਚਲਾਉਂਦੇ ਚਾਲਕਾਂ ਦੇ ਕੰਨਾਂ ਨੂੰ ਲੱਗੇ ਮੋਬਾਈਲਾਂ 'ਚ ਕੋਈ ਕਮੀ ਆਈ ਹੈ।
ਇਨ੍ਹਾਂ ਸਾਲਾਂ ਵਿਚ ਨਸ਼ਿਆਂ ਨੇ ਕਿੰਨੀਆਂ ਹੀ ਜ਼ਿੰਦਗੀਆਂ ਤਬਾਹ ਕੀਤੀਆਂ ਹਨ। ਪੰਜਾਬ 'ਚ ਨਸ਼ਿਆਂ ਨਾਲ 107 ਲੋਕ ਤਾਂ ਇਸ ਸਾਲ ਹੀ ਪਰਮਾਤਮਾ ਪਾਸ ਪੁੱਜੇ ਹਨ। ਜਿਹੜਾ ਜੁਰਮ ਵਪਾਰ ਬਣ ਜਾਏ ਉਸ ਨੂੰ ਖ਼ਤਮ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ, ਸਰਕਾਰੀ ਗੱਲਾਂ ਵੋਟਾਂ ਲਈ ਹੁੰਦੀਆਂ ਹਨ, ਪਰ ਹੁਣ ਵੋਟ ਚੋਰੀ ਦੀਆਂ ਗੱਲਾਂ ਨੂੰ ਵੀ ਐੱਸ.ਆਈ.ਆਰ. ਨੇ ਇਕ ਵਿਸ਼ਾ ਬਣਾ ਦਿੱਤਾ ਹੈ। ਤਬਦੀਲੀਆਂ ਦਾ ਦੌਰ ਜਾਰੀ ਹੈ ਤੇ ਇਹ ਜਾਰੀ ਰਹੇਗਾ, ਬਾਜ਼ਾਰ ਦੇ ਰੰਗ-ਰੂਪ ਜ਼ਰੂਰ ਖੂਬਸੂਰਤ ਹੋ ਰਹੇ ਹਨ ਪਰ ਸਰਕਾਰ ਦੇ ਕੰਮਾਂ ਦੀ ਤਰਜ਼ ਉਹੀ ਹੈ। ਕੰਪਿਊਟਰ ਮੋਬਾਈਲ ਆਦਿ ਨੇ ਸਭ ਕੁਝ ਬਾਜ਼ਾਰਾਂ ਦਾ ਬਦਲ ਦਿੱਤਾ ਹੈ, ਹੁਣ ਸਾਈਕਲ ਵੀ ਘੱਟ ਹੀ ਨਜ਼ਰ ਆਉਂਦੇ ਹਨ। ਮਜ਼ਦੂਰ ਵੀ ਘਟਦੇ ਜਾ ਰਹੇ ਹਨ ਤੇ ਬੜੀ ਦੁਖਦਾਈ ਗੱਲ ਹੈ ਕਿ ਅਮਰੀਕਾ ਵਲੋਂ ਭਾਰਤੀਆਂ ਦੀ ਤੌਹੀਨ ਕਰਨ ਦੇ ਬਾਵਜੂਦ ਲੋਕ ਵਿਦੇਸ਼ਾਂ ਨੂੰ ਜਾਣ ਲਈ ਖ਼ਤਰੇ ਸਹੇੜਨੋਂ ਨਹੀਂ ਹਟਦੇ। ਸਰਕਾਰੀ ਗੱਪਾਂ ਦੇ ਸੱਚ ਬਣਨ ਨੂੰ ਅਜੇ ਸਮਾਂ ਲੱਗੇਗਾ। ਦੇਸ਼ ਦੀਆਂ ਸਰਕਾਰਾਂ ਚੋਣਾਂ ਵਿਚ ਮੁਫ਼ਤਖੋਰੀ ਨਾਲ ਵੋਟਾਂ ਲੈ ਲੈਂਦੀਆਂ ਹਨ।
-217, ਗੁਰੂ ਹਰਗੋਬਿੰਦ ਨਗਰ-ਫਗਵਾੜਾ (ਕਪੂਰਥਲਾ)
ਮੋਬਾਈਲ : 98776-70710