ਅਮਰੀਕਾ ਤੇ ਈਰਾਨ ਵਿਚਕਾਰ ਸਮਝੌਤਾ ਹੋਣ ਨਾਲ ਸਭ ਨੂੰ ਉਮੀਦ ਹੈ ਕਿ ਹੋਰਮੁਜ਼ ਜਲਡਮਰੂ ਖੁੱਲ੍ਹਣ 'ਤੇ ਕੱਚਾ ਤੇਲ ਆਸਾਨੀ ਨਾਲ ਆਉਣ ਕਰਕੇ ਤੇਲ ਦੀਆਂ ਕੀਮਤਾਂ ਘਟਣਗੀਆਂ, ਪਰ ਅਜਿਹਾ ਨਹੀਂ ਹੋਵੇਗਾ। ਇਸ ਦੇ ਦੋ ਕਾਰਨ ਹਨ, ਪਹਿਲਾ ਭਾਰਤ ਸਰਕਾਰ, ਤੇਲ ਕੰਪਨੀਆਂ ਤੇ ਸਰਕਾਰ ਪੱਖੀ ਮੀਡੀਆ ਨੇ ਇਹ ਗੱਲ ਸਥਾਪਿਤ ਕਰ ਦਿੱਤੀ ਹੈ ਕਿ ਜੰਗ ਦੇ 3 ਮਹੀਨਿਆਂ ਦੌਰਾਨ ਤੇਲ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਕੰਪਨੀਆਂ ਨੂੰ ਆਪਣੇ ਨੁਕਸਾਨ ਦੀ ਭਰਪਾਈ ਕਰਨ 'ਚ ਬਹੁਤ ਸਮਾਂ ਲੱਗੇਗਾ। ਦੂਜਾ ਵਜ੍ਹਾ ਇਹ ਹੈ ਕਿ ਭਾਰਤ ਦੇ ਲੋਕ ਹੁਣ ਵਧੀਆਂ ਤੇਲ ਕੀਮਤਾਂ ਦੇ ਆਦੀ ਹੋ ਜਾਣ ਕਰਕੇ ਕੀਮਤਾਂ 'ਚ ਕਟੌਤੀ ਲਈ ਵਿਰੋਧ ਨਹੀਂ ਕਰਨਗੇ; ਉਹ ਇਸੇ 'ਚ ਖੁਸ਼ ਹੋਣਗੇ ਕਿ ਸ਼ਾਇਦ ਕੀਮਤਾਂ ਹੋਰ ਨਹੀਂ ਵਧਣਗੀਆਂ। ਈਰਾਨ ਯੁੱਧ ਕਾਰਨ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਆਯਾਤ ਡਿਊਟੀਆਂ ਘਟਾਉਣ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਨੁਕਸਾਨ ਹੋਇਆ ਹੈ। ਇਸ ਲਈ ਤੇਲ ਦੀਆਂ ਕੀਮਤਾਂ ਘਟਣ ਤੇ ਤੇਲ ਦੀ ਆਵਾਜਾਈ ਸੁਚਾਰੂ ਹੋਣ 'ਤੇ ਸਰਕਾਰ ਪਹਿਲਾਂ ਆਪਣੇ ਖਜ਼ਾਨਾ ਭਰੇਗੀ। ਦਰਅਸਲ ਮੋਦੀ ਸਰਕਾਰ ਲਈ ਹਰ ਸੰਕਟ ਇਕ ਮੌਕੇ ਵਾਂਗ ਰਿਹਾ ਹੈ, ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਐਕਸਾਈਜ਼ ਡਿਊਟੀ ਵਧਾ ਕੇ ਪੈਸਾ ਕਮਾਇਆ ਤੇ ਘੱਟ ਤੇਲ ਕੀਮਤਾਂ ਦੇ ਲਾਭ ਕਦੇ ਵੀ ਲੋਕਾਂ ਤੱਕ ਨਹੀਂ ਪਹੁੰਚਾਏ।
ਕੇਜਰੀਵਾਲ ਅਜ਼ਮਾਉਣਗੇ ਦਾਅ
ਅਰਵਿੰਦ ਕੇਜਰੀਵਾਲ ਹੈਰਾਨੀਜਨਕ ਫ਼ੈਸਲਾ ਲੈ ਕੇ ਪੰਜਾਬ ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾ ਸਕਦੇ ਹਨ। ਪੰਜਾਬ ਦੀਆਂ ਚੋਣਾਂ ਅਗਲੇ ਸਾਲ ਮਾਰਚ ਵਿਚ ਹੋਣੀਆਂ ਹਨ, ਪਰ ਕੇਜਰੀਵਾਲ ਚੋਣਾਂ ਨਵੰਬਰ 'ਚ ਕਰਵਾਉਣਾ ਚਾਹੁੰਦੇ ਹਨ। ਸ਼ਾਇਦ ਇਸੇ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਗਲੀਆਂ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ। ਇਸ ਨਾਲ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਹੁਣ ਭਗਵੰਤ ਮਾਨ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕਰ ਸਕਦੇ ਹਨ। ਜੇਕਰ ਵਿਧਾਨ ਸਭਾ ਭੰਗ ਹੋ ਜਾਂਦੀ ਹੈ ਤਾਂ ਚੋਣਾਂ 6 ਮਹੀਨਿਆਂ ਦੇ ਅੰਦਰ ਭਾਵ ਨਵੰਬਰ ਜਾਂ ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਅਜਿਹਾ ਲਗਦਾ ਹੈ ਕਿ ਕੇਜਰੀਵਾਲ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦਾ ਦਾਅ ਅਜ਼ਮਾਉਣਾ ਚਾਹੁੰਦੇ ਹਨ। ਚੰਦਰਸ਼ੇਖਰ ਰਾਓ ਪਹਿਲੀ ਵਾਰ ਮਈ 2014 ਵਿਚ ਮੁੱਖ ਮੰਤਰੀ ਬਣੇ ਤਾਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਮਈ 2019 ਵਿਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਹੋਣੀਆਂ ਸਨ, ਪਰ ਉਨ੍ਹਾਂ ਨੇ 2018 ਦੇ ਅੱਧ 'ਚ ਵਿਧਾਨ ਸਭਾ ਭੰਗ ਕਰਵਾ ਕੇ ਅਕਤੂਬਰ 'ਚ ਚੋਣਾਂ ਕਰਵਾ ਕੇ ਜਿੱਤ ਲਈਆਂ ਸਨ। ਸ਼ਾਇਦ ਕੇਜਰੀਵਾਲ ਸੋਚਦੇ ਹਨ ਕਿ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਨਾਲ ਪੰਜਾਬ ਚੋਣਾਂ ਹੋਣ ਦਾ ਪੰਜਾਬ 'ਤੇ ਪ੍ਰਭਾਵ ਪੈ ਸਕਦਾ ਹੈ। ਇਸੇ ਲਈ ਉਹ ਇਸੇ ਸਾਲ ਵੱਖਰੀਆਂ ਚੋਣਾਂ ਕਰਵਾਉਣ 'ਤੇ ਵਿਚਾਰ ਕਰ ਰਹੇ ਹਨ।
ਓਵੈਸੀ ਯੂ.ਪੀ. 'ਚ ਕੰਮ 'ਤੇ ਲੱਗੇ
ਅਸਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐਮ. ਆਈ. ਐਮ.) ਨੇ ਉੱਤਰ ਪ੍ਰਦੇਸ਼ ਵਿਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਭਾਵੇਂ ਉਨ੍ਹਾਂ ਦੀ ਪਾਰਟੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਕੁਝ ਖਾਸ ਨਹੀਂ ਕਰ ਸਕੀ ਹੈ, ਜਿੱਥੇ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਭਾਈਵਾਲ ਪਾਰਟੀ ਦੇ ਹੁਮਾਯੂੰ ਕਬੀਰ ਦਾ ਇਕ ਸਟਿੰਗ ਵੀਡੀਓ ਵਾਇਰਲ ਹੋ ਗਿਆ ਸੀ, ਜਿਸ 'ਚ ਉਸ ਨੇ ਭਾਜਪਾ ਨਾਲ ਸੌਦਾ ਹੋਣ ਕਰਕੇ ਉਨ੍ਹਾਂ ਦੇ ਇਸ਼ਾਰੇ 'ਤੇ ਵੋਟਾਂ ਕੱਟਣ ਦਾ ਦਾਅਵਾ ਕਰਦਿਆਂ ਕਈ ਸੌ ਕਰੋੜ ਰੁਪਏ ਦਾ ਸੌਦਾ ਹੋਣ ਬਾਰੇ ਕਿਹਾ ਸੀ। ਇਸ ਦੇ ਬਾਵਜੂਦ ਈਡੀ ਨੇ ਹੰਮਾਯੂ ਕਬੀਰ ਦੀ ਜਾਂਚ ਨਹੀਂ ਕੀਤੀ ਸੀ, ਹਾਲਾਂਕਿ ਸਟਿੰਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਓਵੈਸੀ ਨੇ ਉਸ ਨਾਲ ਆਪਣਾ ਗੱਠਜੋੜ ਖਤਮ ਕਰ ਦਿੱਤਾ ਸੀ। ਹੁਣ ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਓਵੈਸੀ ਦੀ ਪਾਰਟੀ ਨੇ ਬਹਿਰਾਈਚ ਵਿਚ ਆਪਣੀ ਮੁਹਿੰਮ ਸ਼ੁਰੂ ਕਰਦਿਆਂ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ। ਓਵੈਸੀ ਦੀ ਪਾਰਟੀ ਦੇ ਸੂਬਾ ਪ੍ਰਧਾਨ ਸ਼ੌਕਤ ਅਲੀ ਦਾ ਕਹਿਣਾ ਹੈ ਕਿ ਸੁਹੇਲਦੇਵ ਕੋਈ ਰਾਜਾ ਨਹੀਂ ਸੀ; ਜੇਕਰ ਉਹ ਰਾਜਾ ਹੁੰਦਾ ਤਾਂ ਇੱਥੇ ਕੋਈ ਕਿਲ੍ਹਾ ਹੁੰਦਾ ਤੇ ਸੁਹੇਲਦੇਵ ਦੀ ਪੂਰੀ ਕਹਾਣੀ ਕਾਲਪਨਿਕ ਹੈ। ਬਹਿਰਾਈਚ 'ਚ ਸੱਯਦ ਸਾਲਾਰ ਮਸੂਦ ਗਾਜੀ ਦੀ ਦਰਗਾਹ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ, ਜਿੱਥੇ ਅਨਿਲ ਰਾਜਭਰ ਨੇ ਗਾਜ਼ੀ ਦੀ ਦਰਗਾਹ ਸੂਰਿਆ ਕੁੰਡ ਹੋਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਦਰਗਾਹ ਨੂੰ ਢਾਹ ਦੇਣਾ ਚਾਹੀਦਾ ਹੈ। ਸ਼ੌਕਤ ਅਲੀ ਤੇ ਰਾਜਭਰ ਦੇ ਵਿਵਾਦ ਕਾਰਨ ਹੋਣ ਵਾਲੇ ਧਰੁਵੀਕਰਨ ਦਾ ਫਾਇਦਾ ਭਾਜਪਾ ਨੂੰ ਹੋਵੇਗਾ, ਜੋ ਅਖਿਲੇਸ਼ ਯਾਦਵ ਦੀ ਪੀਡੀਏ ਰਣਨੀਤੀ ਨੂੰ ਵਿਗਾੜੇਗਾ।
ਸਪਾ ਸੰਸਦ ਮੈਂਬਰਾਂ ਬਾਰੇ ਸ਼ੱਕ ਵਧਿਆ
ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰਾਂ ਬਾਰੇ ਸ਼ੱਕ ਵਧਿਆ ਹੈ, ਸਿਰਫ਼ ਇਸ ਲਈ ਨਹੀਂ ਕਿਉਂਕਿ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਆਗੂ ਓਮ ਪ੍ਰਕਾਸ਼ ਰਾਜਭਰ ਨੇ ਪਾਰਟੀ ਅੰਦਰ ਸੰਭਾਵਿਤ ਫੁੱਟ ਦਾ ਦੋਸ਼ ਲਗਾਉਂਦਿਆਂ ਬਿਆਨ ਜਾਰੀ ਕੀਤਾ ਹੈ ਕਿ ਰਾਮ ਗੋਪਾਲ ਯਾਦਵ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਸ਼ਿਵਪਾਲ ਯਾਦਵ ਨੇ ਇਸ ਦਾਅਵੇ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਸੈਫਾਈ ਪਰਿਵਾਰ ਇਕਜੁੱਟ ਹੈ। ਹੋ ਸਕਦਾ ਹੈ ਕਿ ਸੈਫਾਈ ਪਰਿਵਾਰ ਇਕਜੁੱਟ ਹੋਵੇ, ਪਰ ਪੂਰੀ ਸਪਾ ਸੈਫਾਈ ਪਰਿਵਾਰ ਨਹੀਂ ਹੈ। ਦਰਅਸਲ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਬਹੁਤੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੇਤਾ ਸ਼ੱਕ ਦੇ ਦਾਇਰੇ ਵਿਚ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਭਾਜਪਾ ਦੇ ਹੱਕ 'ਚ ਧਰੁਵੀਕਰਨ ਅਗਲੀਆਂ ਚੋਣਾਂ ਨੂੰ ਮੁਸ਼ਕਿਲ ਬਣਾ ਦੇਵੇਗਾ। ਕਈ ਸਪਾ ਸੰਸਦ ਮੈਂਬਰ ਖ਼ੁਦ ਵਿਧਾਨ ਸਭਾ ਚੋਣਾਂ ਲੜਨ ਜਾਂ ਆਪਣੇ ਪਰਿਵਾਰ 'ਚੋਂ ਕਿਸੇ ਲਈ ਟਿਕਟ ਲੈਣਾ ਚਾਹੁੰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਕੋਲ ਜਿੱਤਣ ਦਾ ਬਿਹਤਰ ਮੌਕਾ ਹੈ। ਹਾਲਾਂਕਿ ਅਖਿਲੇਸ਼ ਯਾਦਵ ਨੇ ਵੀ ਪਛੜੇ, ਦਲਿਤ ਤੇ ਘੱਟ ਗਿਣਤੀ ਰਾਜਨੀਤੀ ਦਾ ਮਾਹੌਲ ਬਣਾਇਆ ਹੈ। ਰਾਮ ਮੰਦਰ 'ਚ ਚੜ੍ਹਾਵੇ ਦੀ ਚੋਰੀ ਦੇ ਮਾਮਲੇ ਕਾਰਨ ਭਾਜਪਾ ਨੂੰ ਝਟਕਾ ਲੱਗਾ ਹੈ। ਜੇਕਰ ਸਮਾਜਵਾਦੀ ਪਾਰਟੀ ਨਹੀਂ ਟੁੱਟਦੀ ਤਾਂ ਭਾਜਪਾ ਦੀ ਹੱਦਬੰਦੀ ਬਿੱਲ ਨੂੰ ਲੈ ਕੇ ਮੌਨਸੂਨ ਸੈਸ਼ਨ ਦੌਰਾਨ ਕੁਝ ਸਪਾ ਸੰਸਦ ਮੈਂਬਰਾਂ ਨੂੰ ਗੈਰਹਾਜ਼ਰ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਪਿਛਲੀ ਵਾਰ ਵੱਖ-ਵੱਖ ਪਾਰਟੀਆਂ ਦੇ ਇਕ ਦਰਜਨ ਸੰਸਦ ਮੈਂਬਰ ਗੈਰਹਾਜ਼ਰ ਰਹੇ ਸਨ। ਇਸ ਵਾਰ ਵੀ 20 ਸੰਸਦ ਮੈਂਬਰਾਂ ਨੂੰ ਗੈਰਹਾਜ਼ਰ ਕਰਵਾਉਣ ਲਈ 'ਇੰਡੀਆ' ਗੱਠਜੋੜ ਦੀਆਂ ਪਾਰਟੀਆਂ: ਸਪਾ, ਆਰ.ਜੇ.ਡੀ. ਅਤੇ ਜੇ.ਐਮ.ਐਮ. ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸ਼ਰਦ ਪਵਾਰ ਦੀ ਪਾਰਟੀ ਵੀ ਸੰਕਟ 'ਚ
ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਨੂੰ ਤੋੜਨ ਤੋਂ ਬਾਅਦ ਹੁਣ ਸ਼ਰਦ ਪਵਾਰ ਦੀ ਪਾਰਟੀ ਭਾਜਪਾ ਦੇ ਨਿਸ਼ਾਨੇ 'ਤੇ ਹੈ, ਜਿਸ ਕਾਰਨ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਭ ਤੋਂ ਵੱਡੇ ਮਰਾਠਾ ਆਗੂ ਸ਼ਰਦ ਪਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਊਧਵ ਠਾਕਰੇ ਦੇ 9 ਸੰਸਦ ਮੈਂਬਰਾਂ 'ਚੋਂ 6 ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ 'ਚ ਸ਼ਾਮਿਲ ਹੋ ਰਹੇ ਹਨ। ਸ਼ਰਦ ਪਵਾਰ ਦੀ ਐਨ.ਸੀ.ਪੀ. ਦੇ 8 ਸੰਸਦ ਮੈਂਬਰਾਂ 'ਚ ਫੁੱਟ ਪੈਣ ਦੀ ਚਰਚਾ ਹੈ ਤੇ ਉਹ ਆਗੂ ਸ਼ਰਦ ਪਵਾਰ 'ਤੇ ਸੁਨੇਤਰਾ ਪਵਾਰ ਦੀ ਐਨ.ਸੀ.ਪੀ. 'ਚ ਰਲੇਵਾ ਕਰਨ ਲਈ ਦਬਾਅ ਪਾ ਰਹੇ ਹਨ। ਜੇਕਰ ਅਜਿਹਾ ਨਾ ਹੋਇਆ ਤਾਂ ਪਾਰਟੀ ਦੇ ਕਈ ਸੰਸਦ ਮੈਂਬਰ ਤੇ ਵਿਧਾਇਕ ਪਾਸਾ ਬਦਲ ਸਕਦੇ ਹਨ। ਐਨ.ਸੀ.ਪੀ.ਦੇ ਸੰਸਦ ਮੈਂਬਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ ਤੇ ਰਲੇਵਾਂ ਹੋਣ 'ਤੇ ਸ਼ਰਦ ਪਵਾਰ ਗੁੱਟ ਦੇ ਕੁਝ ਮੈਂਬਰਾਂ ਨੂੰ ਵੀ ਮਹਾਰਾਸ਼ਟਰ ਸਰਕਾਰ 'ਚ ਜਗ੍ਹਾ ਮਿਲਣ ਸਮੇਤ ਉਨ੍ਹਾਂ ਦੀ ਧੀ ਸੁਪ੍ਰਿਆ ਸੁਲੇ ਨੂੰ ਕੇਂਦਰ ਦੀ ਮੋਦੀ ਸਰਕਾਰ 'ਚ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਸੁਨੇਤਰਾ ਪਵਾਰ ਮਹਾਰਾਸ਼ਟਰ ਵਿਚ ਤੇ ਸੁਪ੍ਰਿਆ ਦਿੱਲੀ 'ਚ ਰਾਜਨੀਤੀ ਕਰੇਗੀ। ਸੁਨੇਤਰਾ ਪਵਾਰ ਦੀਆਂ ਆਪਣੇ ਪੁੱਤਰ ਪਾਰਥ ਪਵਾਰ ਲਈ ਵੱਡੀਆਂ ਯੋਜਨਾਵਾਂ ਹਨ, ਜਿਸ ਲਈ ਪਰਿਵਾਰਕ ਏਕਤਾ ਹੋਣੀ ਜ਼ਰੂਰੀ ਹੈ। ਜੋ ਵੀ ਹੋਵੇ, ਪਰ ਸ਼ਰਦ ਪਵਾਰ ਦੀ ਪਾਰਟੀ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।
ਭਾਰਤ ਵਿਚ ਤੇਲ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਨਹੀਂ
ਅਜੀਤ ਡੈਸਕ
22-06-2026