22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਮਜ਼ਦੂਰਾਂ ਦੀ ਘਾਟ ਨੂੰ ਪੂਰਾ ਨਹੀਂ ਕਰ ਸਕੀ ਝੋਨਾ ਲਾਉਣ ਵਾਲੀ ਮਸ਼ੀਨ

Ad Position 21
No active advertisement
ਅਜੀਤ ਡੈਸਕ 22-06-2026

ਪੰਜਾਬ ਅੰਦਰ ਝੋਨੇ ਦੀ ਲਵਾਈ ਤਿੰਨ ਪੜਾਵਾਂ 'ਚ ਸ਼ੁਰੂ ਹੋ ਚੁੱਕੀ ਹੈ। ਝੋਨਾ ਲਾਉਣ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ। ਦੂਸਰੇ ਪਾਸੇ ਪੰਜਾਬ ਅੰਦਰ ਖੇਤੀ ਦੇ ਖੇਤਰ ਵਿਚ ਮਜ਼ਦੂਰਾਂ ਦੀ ਘਾਟ ਮਹਿਸੂਸ ਹੋਣੀ ਆਮ ਜਿਹੀ ਗੱਲ ਹੋ ਗਈ ਹੈ, ਕਿਉਂਕਿ ਕਿਸਾਨਾਂ ਦੇ ਆਪਣੇ ਬੱਚੇ ਜਾਂ ਤਾਂ ਵਿਦੇਸ਼ ਚਲੇ ਗਏ ਹਨ ਜਾਂ ਫਿਰ ਖੇਤੀ ਦਾ ਧੰਦਾ ਖ਼ੁਦ ਨਹੀਂ ਕਰਨਾ ਚਾਹੁੰਦੇ। ਕੁੱਝ ਕੁ ਕਿਸਾਨ ਪਰਿਵਾਰ ਅਜਿਹੇ ਵੀ ਵੇਖੇ ਜਾ ਸਕਦੇ ਹਨ, ਜਿਨ੍ਹਾਂ ਦੇ ਬੱਚੇ ਖੇਤੀ ਦਾ ਧੰਦਾ ਕਰਦੇ ਹਨ। ਉਹ ਆਰਥਿਕ ਪੱਖੋਂ ਵੀ ਪੂਰੀ ਤਰ੍ਹਾਂ ਖ਼ੁਸ਼ਹਾਲ ਹਨ। ਉਹ ਵਿਦੇਸ਼ਾਂ 'ਚ ਮਜ਼ਦੂਰੀ ਕਰਨ ਦੀ ਬਜਾਏ ਆਪਣੇ ਕਾਰੋਬਾਰ ਕਰ ਰਹੇ ਹਨ। ਸਾਲ 2026 ਦੇ ਇਸ ਸੀਜ਼ਨ ਦੌਰਾਨ ਬਿਹਾਰ ਤੇ ਯੂ.ਪੀ. ਤੋਂ ਸਭ ਤੋਂ ਵੱਧ ਮਜ਼ਦੂਰ ਝੋਨਾ ਲਾਉਣ ਲਈ ਪੰਜਾਬ ਵਿਚ ਆਏ ਹੋਏ ਹਨ, ਕਿਉਂਕਿ ਪੰਜਾਬ ਵਿਚ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਨਹੀਂ ਕਰ ਸਕੀਆਂ। 10 ਤੋਂ ਪਹਿਲੇ ਸਮਿਆਂ ਵਿਚ ਪੰਜਾਬ ਅੰਦਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਘਰ ਅਤੇ ਖੇਤਾਂ ਵਿਚ ਕੰਮ ਕਰਦੇ ਸਨ। ਬੱਚੇ ਤੇ ਬਜ਼ੁਰਗ ਖੇਤਾਂ 'ਚ ਮੱਝਾਂ ਚਰਾ ਕੇ ਲਿਆਉਂਦੇ ਸਨ ਤਾਂ ਬਾਕੀ ਦਾ ਪਰਿਵਾਰ ਰੋਟੀ-ਟੁੱਕ ਤੋਂ ਲੈ ਕੇ ਕਪਾਹ/ਨਰਮੇ ਦੀ ਚੁਗਾਈ, ਮਿਰਚਾਂ ਦੀ ਤੁੜਾਈ ਅਤੇ ਮੌਸਮ ਦੇ ਅਨੁਸਾਰ ਖੇਤ ਦਾ ਹਰ ਕੰਮ ਕਰਦਾ ਸੀ, ਜਿਸ ਕਰਕੇ ਖੇਤੀ ਲਾਹੇਵੰਦ ਧੰਦਾ ਸੀ। ਪਰ ਹੁਣ ਖੇਤੀ ਦੇ ਹਰ ਖੇਤਰ ਵਿਚ ਮਸ਼ੀਨਾਂ ਦਾ ਬੋਲਬਾਲਾ ਹੋ ਗਿਆ ਹੈ।
ਮੂੰਗਫਲੀ ਬੀਜਣਾ, ਮੂੰਗੀ ਬੀਜਣਾ, ਕਮਾਦ ਬੀਜਣਾ, ਝੋਨਾ ਲਗਾਉਣਾ, ਲਸਣ ਬੀਜਣਾ ਆਦਿ ਤੋਂ ਲੈ ਕੇ ਹਰ ਫ਼ਸਲ ਲਈ ਮਸ਼ੀਨਰੀ ਦੀ ਵਰਤੋਂ ਹੋਣ ਲੱਗ ਪਈ ਹੈ। ਹੁਣ ਪੰਜਾਬ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਮਜ਼ਦੂਰਾਂ ਦੀ ਘਾਟ ਰੜਕਦੀ ਰਹਿੰਦੀ ਹੈ। ਪੇਂਡੂ ਖੇਤਰਾਂ ਵਿਚ ਤਾਂ ਮਜ਼ਦੂਰ ਭਾਲਿਆਂ ਵੀ ਨਹੀਂ ਲੱਭਦਾ, ਕਿਉਂਕਿ ਨਵੇਂ ਮੁੰਡਿਆਂ ਲਈ ਸ਼ਹਿਰੀਕਰਨ ਵਿਚ ਮਕੈਨੀਕਲ ਕੰਮਾਂ ਦੀ ਕੋਈ ਘਾਟ ਨਹੀਂ ਹੈ, ਜਿਸ ਕਰਕੇ ਪੰਜਾਬ ਚ ਝੋਨਾ ਲਗਾਉਣ ਵਾਲੀ ਮਸ਼ੀਨ ਦੀ ਵਰਤੋਂ ਦਾ ਰੁਝਾਨ ਵਧਿਆ ਸੀ। ਪਰ ਝੋਨਾ ਲਾਉਣ ਵਾਲੀ ਮਸ਼ੀਨ ਨਾਲ ਜਿੰਨੀ ਉਮੀਦ ਸੀ, ਓਨਾ ਕੰਮ ਪੰਜਾਬ ਵਿਚ ਨਹੀਂ ਹੋਇਆ, ਜਿਸ ਕਰਕੇ ਹਰ ਸਾਲ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਜਾਂਦੀ ਹੈ। ਫਿਰ ਵੀ ਝੋਨਾ ਲਗਾਉਣਾ ਬਹੁਗਿਣਤੀ ਕਿਸਾਨਾਂ ਦੀ ਮਜਬੂਰੀ ਹੈ।
50 ਏਕੜ ਤੋਂ ਜ਼ਿਆਦਾ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਸਮੱਸਿਆ ਆ ਰਹੀ ਹੈ, ਜਿਸ ਕਰਕੇ ਉਨ੍ਹਾਂ ਲਈ ਝੋਨਾ ਲਾਉਣ ਵਾਲੀ ਮਸ਼ੀਨ ਲਾਹੇਵੰਦ ਸਿੱਧ ਹੋ ਸਕਦੀ ਸੀ। ਇਹ ਮਸ਼ੀਨ ਕੰਬਾਈਨ, ਜ਼ੀਰੋ ਡਰਿੱਲ ਅਤੇ ਹੋਰ ਖੇਤੀ ਮਸ਼ੀਨਰੀ ਨਾਲੋਂ ਕਿਤੇ ਵਧੀਆ ਸੀ, ਕਿਉਂਕਿ 50 ਏਕੜ ਅਤੇ ਇਸ ਤੋਂ ਵੱਧ ਝੋਨਾ ਲਾਉਣ ਵਾਲਾ ਕਿਸਾਨ ਇਸ ਮਸ਼ੀਨ ਨੂੰ ਖ਼ਰੀਦ ਵੀ ਸਕਦਾ ਹੈ।
ਖੇਤੀਬਾੜੀ ਵਿਭਾਗ ਵਲੋਂ ਇਸ ਮਸ਼ੀਨ 'ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਹੋਰਨਾਂ ਮਸ਼ੀਨਾਂ ਦੇ ਬਦਲੇ ਇਹ ਮਸ਼ੀਨ ਸਸਤੀ ਵੀ ਪੈਂਦੀ ਹੈ। ਬੇਸ਼ੱਕ ਪੰਜਾਬ ਵਿਚ ਹੱਥੀਂ ਕੰਮ ਕਰਾਉਣ ਲਈ ਮਜ਼ਦੂਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਪਰ ਮਜ਼ਦੂਰ ਬਹੁਤ ਘੱਟ ਮਿਲਦੇ ਹਨ। ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਕਿਸਾਨ ਆਪਣੇ ਖੇਤਾਂ ਵਿਚ ਮਸ਼ੀਨ ਨਾਲ ਝੋਨਾ ਲਾਉਣ ਦੇ ਨਾਲ ਹੀ ਹੋਰ ਕਿਸਾਨਾਂ ਦੇ ਖੇਤਾਂ ਵਿਚ ਮਸ਼ੀਨਾਂ ਨਾਲ ਝੋਨਾ ਲਾਉਂਦੇ ਹਨ ਜਾਂ ਫਿਰ ਇਹ ਕਹਿ ਲਈਏ ਕਿ ਝੋਨਾ ਲਾਉਣ ਵਾਲੀ ਮਸ਼ੀਨ ਨੂੰ ਸਹਾਇਕ ਧੰਦੇ ਵਜੋਂ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਸਰਦੀ ਦੇ ਮੌਸਮ 'ਚ ਕੁਝ ਕਿਸਾਨ ਖੁੰਬਾਂ ਦੀ ਕਾਸ਼ਤ ਕਰਦੇ ਹਨ ਅਤੇ ਕੁਝ ਕਿਸਾਨ ਗੰਨੇ ਪੀੜਨ ਲਈ ਘੁਲਾੜੀ ਚਲਾਉਂਦੇ ਹਨ। ਇਸੇ ਤਰ੍ਹਾਂ ਸਾਉਣੀ ਦੀ ਫ਼ਸਲ ਮੌਕੇ ਝੋਨਾ ਲਾਉਣ ਵਾਲੀ ਮਸ਼ੀਨ ਵੀ ਰੱਖੀ ਜਾ ਸਕਦੀ ਹੈ। ਪੰਜਾਬ 'ਚ ਅਜਿਹੇ ਕਿਸਾਨ ਵੀ ਹਨ, ਜਿਹੜੇ ਝੋਨਾ ਲਾਉਣ ਵਾਲੀ ਇਕ ਮਸ਼ੀਨ ਲੈ ਕੇ ਆਏ ਸੀ ਤੇ ਉਸ ਨਾਲ ਝੋਨੇ ਦੀ ਲਵਾਈ ਕਰਕੇ ਕਮਾਏ ਹੋਏ ਪੈਸਿਆਂ ਨਾਲ ਇਕ ਹੋਰ ਮਸ਼ੀਨ ਲੈ ਆਏ। ਹੁਣ ਉਨ੍ਹਾਂ ਕੋਲ ਝੋਨਾ ਲਾਉਣ ਵਾਲੀਆਂ ਕਈ-ਕਈ ਮਸ਼ੀਨਾਂ ਹਨ। ਇਕੋ ਵੇਲੇ ਕਿਸਾਨ ਦੇ ਖੇਤ ਵਿਚ 2-2 ਮਸ਼ੀਨਾਂ ਇਕੱਠੀਆਂ ਚਲਦੀਆਂ ਹਨ। ਇਕ ਦਿਨ 'ਚ ਇਕ ਮਸ਼ੀਨ ਤਕਰੀਬਨ 5 ਏਕੜ ਝੋਨਾ ਲਾ ਦਿੰਦੀ ਹੈ। ਝੋਨੇ ਵਾਲੀ ਮਸ਼ੀਨ ਦੇ ਮਾਲਕ ਆਪਣੀ ਪਨੀਰੀ ਸਮੇਤ ਪ੍ਰਤੀ ਏਕੜ ਦਾ ਸੌਦਾ ਕਰਦੇ ਹਨ। ਜੇ ਝੋਨਾ ਲਾਉਣ ਵਾਲੀਆਂ ਦੋ ਮਸ਼ੀਨਾਂ ਇਕੱਠੀਆਂ ਚਲਦੀਆਂ ਹੋਣ ਤਾਂ ਝੋਨੇ ਦਾ ਸੀਜ਼ਨ ਵਧੀਆ ਲਗਦਾ ਹੈ।
ਮਸ਼ੀਨ ਨਾਲ ਝੋਨਾ ਲਾਉਣ ਨਾਲ ਪ੍ਰਤੀ ਏਕੜ 3 ਕੁਇੰਟਲ ਝਾੜ ਵੀ ਵਧਦਾ ਹੈ ਅਤੇ ਇਕ ਏਕੜ ਦਾ ਝੋਨਾ ਲਾਉਣ ਲਈ ਮਸ਼ੀਨ 3-4 ਲਿਟਰ ਤੇਲ ਦੀ ਖ਼ਪਤ ਕਰਦੀ ਹੈ, ਜਿਸ ਕਰਕੇ ਝੋਨਾ ਲਾਉਣ ਵਾਲੀ ਮਸ਼ੀਨ ਤੋਂ ਘੱਟ ਖ਼ਰਚਾ ਕਿਸੇ ਵੀ ਢੰਗ ਨਾਲ ਨਹੀਂ ਆਉਂਦਾ। ਮਸ਼ੀਨ ਵਾਲੀ ਪਨੀਰੀ ਦੀ ਬਿਜਾਈ ਕਰਨ 'ਤੇ ਮਿਹਨਤ ਥੋੜ੍ਹੀ ਵੱਧ ਕਰਨੀ ਪੈਂਦੀ ਹੈ, ਕਿਉਂਕਿ ਮਿੱਟੀ ਦੇ ਬੈਡ ਬਣਾ ਕੇ ਪਲਾਸਟਿਕ ਦੀ ਸ਼ੀਟ 'ਤੇ ਝੋਨੇ ਦੀ ਪਨੀਰੀ ਬੀਜਣੀ ਪੈਂਦੀ ਹੈ, ਜਿਸ ਕਰਕੇ ਪਨੀਰੀ ਬੀਜਣ 'ਤੇ ਮਿਹਨਤ ਜ਼ਿਆਦਾ ਆਉਂਦੀ ਹੈ। ਬੈੱਡਾਂ 'ਤੇ ਬੀਜੀ ਹੋਈ ਪਨੀਰੀ ਹੀ ਮਸ਼ੀਨ 'ਚ ਰੱਖ ਕੇ ਲਵਾਈ ਸ਼ੁਰੂ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਝੋਨਾ ਲਾਉਣ ਵਾਲੀ ਮਸ਼ੀਨ ਦੀ ਵਰਤੋਂ ਕਰਨ ਦਾ ਰੁਝਾਨ ਵਧਣਾ ਚਾਹੀਦਾ ਸੀ ਪਰ ਝੋਨਾ ਲਾਉਣ ਵਾਲੀ ਮਸ਼ੀਨ ਦਾ ਕਾਰੋਬਾਰ ਸਿਮਟ ਕੇ ਰਹਿ ਗਿਆ ਅਤੇ ਇਹ ਮਸ਼ੀਨ ਪੰਜਾਬ ਵਿਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਨਾ ਕਰ ਸਕੀ।

-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲਾ ਪਟਿਆਲਾ।
ਮੋਬਾਈਲ : 98761-01698

Ad Position 22
No active advertisement
ਪਿਛਲੀ ਖ਼ਬਰ ਜਾਅਲੀ ਡਿਗਰੀਆਂ ਦਾ ਮਾਮਲਾ-ਕਾਰੋਬਾਰ ਬਣ ਕੇ ਰਹਿ ਗਈ ਹੈ ਸਿੱਖਿਆ ਵਿਵਸਥਾ ਅਗਲੀ ਖ਼ਬਰ ਭਾਰਤ ਵਿਚ ਤੇਲ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਨਹੀਂ
Ad Position 24