16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗਤੀਸ਼ੀਲਤਾ ਦੀ ਉਦਾਹਰਨ

Ad Position 21
repet_subhas-goyals [Copy P29]
ਅਜੀਤ ਡੈਸਕ 19-07-2026

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਇਕ ਦਿਨ ਦੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ਦੀ ਵੱਡੀ ਚਰਚਾ ਰਹੀ ਹੈ। ਸ੍ਰੀ ਮੋਦੀ ਨੇ ਅਨੇਕਾਂ ਖੇਤਰਾਂ ਵਿਚ ਸ਼ੁਰੂ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਦੇ ਨੀਂਹ ਪੱਥਰ ਰੱਖੇ ਹਨ ਅਤੇ ਇਹ ਪ੍ਰਭਾਵ ਦਿੱਤਾ ਹੈ ਕਿ ਉਹ ਇਸੇ ਗਤੀ ਨਾਲ ਭਾਰਤ ਦੇ ਮੁਢਲੇ ਢਾਂਚੇ ਨੂੰ ਵੱਡੇ ਅਤੇ ਇਤਿਹਾਸਕ ਕਦਮਾਂ ਨਾਲ ਮਜ਼ਬੂਤ ਬਣਾਉਣ ਲਈ ਤੇਜ਼ੀ ਨਾਲ ਕਦਮ ਵਧਾਉਣ ਲਈ ਯਤਨਸ਼ੀਲ ਰਹਿਣਗੇ। ਇਨ੍ਹਾਂ ਯੋਜਨਾਵਾਂ ਵਿਚ ਵੱਡੀ ਚਰਚਾ ਜੀਂਦ-ਸੋਨੀਪਤ ਵਿਚ ਪਹਿਲੀ ਹਾਈਡ੍ਰੋਜਨ ਰੇਲ ਗੱਡੀ (ਟ੍ਰੇਨ) ਨੂੰ ਹਰੀ ਝੰਡੀ ਦੇਣ ਦੀ ਵੀ ਹੋ ਰਹੀ ਹੈ। ਪਿਛਲੇ ਦਹਾਕਿਆਂ ਵਿਚ ਦੇਸ਼ ਵਿਚ ਨਵੀਆਂ, ਤੇਜ਼ ਅਤੇ ਸਹੂਲਤਾਂ ਵਾਲੀਆਂ ਗੱਡੀਆਂ ਚਲਾਉਣ ਦਾ ਸਿਲਸਿਲਾ ਚਲਦਾ ਰਿਹਾ ਹੈ। ਪਹਿਲਾਂ ਸ਼ਤਾਬਦੀ ਅਤੇ ਹੁਣ ਵੰਦੇ ਭਾਰਤ ਗੱਡੀਆਂ ਦੀ ਅਤੇ ਇਨ੍ਹਾਂ ਦੀ ਰਫ਼ਤਾਰ ਦੀ ਵੀ ਵੱਡੀ ਚਰਚਾ ਹੁੰਦੀ ਰਹੀ ਹੈ। ਪਰ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਸਫ਼ਰ ਦੇ ਇਸ ਖੇਤਰ ਵਿਚ ਇਕ ਨਵਾਂ ਤਜਰਬਾ ਹੈ।
ਇਸ ਦੀ ਵੱਡੀ ਪ੍ਰਾਪਤੀ ਇਹ ਕਹੀ ਜਾ ਸਕਦੀ ਹੈ ਕਿ ਇਹ ਸਾਰੀ ਹੀ ਗੱਡੀ ਦੇਸ਼ ਵਿਚ ਹੀ ਬਣ ਕੇ ਤਿਆਰ ਹੋਈ ਹੈ। ਇਸ ਨਾਲ ਭਾਰਤ ਦੇ ਆਤਮ-ਨਿਰਭਰ ਹੋਣ ਵੱਲ ਇਕ ਹੋਰ ਲੰਮੀ ਪੁਲਾਂਘ ਪੁੱਟੀ ਗਈ ਹੈ। ਚਾਹੇ ਸ਼ੁਰੂ ਵਿਚ ਇਹ ਰੇਲ ਗੱਡੀ ਮੁਕਾਬਲਤਨ ਮਹਿੰਗੀ ਜ਼ਰੂਰ ਹੈ ਪਰ ਇਸ ਦੀ ਸਫ਼ਲਤਾ ਊਰਜਾ ਦੇ ਖੇਤਰ ਵਿਚ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਸ ਨੂੰ ਗ਼ੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਇਕ ਨਿਵੇਕਲੀ ਪ੍ਰਾਪਤੀ ਵੀ ਕਿਹਾ ਜਾ ਸਕਦਾ ਹੈ। ਇਸ ਨਾਲ ਤਾਂ ਰੇਲ ਗੱਡੀਆਂ ਚਲਾਉਣ ਲਈ ਹੋ ਰਹੀ ਬਿਜਲੀ ਦੀ ਖਪਤ ਵੀ ਘਟ ਸਕਦੀ ਹੈ। ਪਹਿਲਾਂ ਜਰਮਨ, ਫਰਾਂਸ, ਇਟਲੀ, ਚੀਨ ਅਤੇ ਜਪਾਨ ਨੇ ਹਾਈਡ੍ਰੋਜਨ ਗੱਡੀਆਂ ਚਲਾਉਣ ਦੇ ਤਜਰਬੇ ਜ਼ਰੂਰ ਕੀਤੇ ਹਨ ਪਰ ਉਨ੍ਹਾਂ ਦੇ ਮੁਕਾਬਲੇ ਵਿਚ ਹੁਣ ਭਾਰਤ ਨੇ ਇਸ ਗੱਡੀ ਨਾਲ ਬਹੁਤੇ ਡੱਬੇ ਜੋੜ ਕੇ ਹੋਰ ਵਧੇਰੇ ਸਫ਼ਲਤਾ ਹਾਸਿਲ ਕੀਤੀ ਹੈ। ਇਨ੍ਹਾਂ ਦੇਸ਼ਾਂ ਵਿਚ ਦੋ ਜਾਂ ਤਿੰਨ ਡੱਬਿਆਂ ਵਾਲੀਆਂ ਅਜਿਹੀਆਂ ਗੱਡੀਆਂ ਚਲਦੀਆਂ ਹਨ ਪਰ ਜੀਂਦ-ਸੋਨੀਪਤ ਦਰਮਿਆਨ ਸ਼ੁਰੂ ਕੀਤੀ ਗਈ ਇਸ ਗੱਡੀ ਦੇ 10 ਡੱਬੇ ਹਨ ਅਤੇ ਇਸ ਵਿਚ ਇਕੋ ਵਾਰ 2600 ਯਾਤਰੀ ਸਫ਼ਰ ਕਰ ਸਕਦੇ ਹਨ। ਇਹ ਗੱਡੀ ਹਾਈਡ੍ਰੋਜਨ ਫਿਊਲ ਸੇਵ ਤਕਨੀਕ ਨਾਲ ਚਲਦੀ ਹੈ, ਜਿਸ ਨਾਲ ਹਾਈਡ੍ਰੋਜਨ ਬਿਜਲੀ ਵਿਚ ਬਦਲ ਜਾਂਦੀ ਹੈ। ਇਹ ਇਸ ਲਈ ਧੂੰਆਂ ਰਹਿਤ ਹੈ, ਕਿਉਂਕਿ ਇਸ 'ਚੋਂ ਸਿਰਫ਼ ਭਾਫ਼ ਹੀ ਨਿਕਲਦੀ ਹੈ। ਇਸ ਨਾਲ ਕਾਰਬਨ ਪੈਦਾ ਨਹੀਂ ਹੁੰਦੀ। ਚਾਹੇ ਇਸ ਖੇਤਰ ਵਿਚ ਭਾਰਤ ਨੇ ਡੀਜ਼ਲ ਦੀ ਥਾਂ 'ਤੇ ਬਿਜਲਈ ਗੱਡੀਆਂ ਚਲਾ ਦਿੱਤੀਆਂ ਹਨ ਪਰ ਹਾਈਡ੍ਰੋਜਨ ਦੀਆਂ ਗੱਡੀਆਂ ਉਨ੍ਹਾਂ ਥਾਵਾਂ 'ਤੇ ਵੀ ਚਲਾਈਆਂ ਜਾ ਸਕਣਗੀਆਂ, ਜਿੱਥੇ ਬਿਜਲੀ ਦੀਆਂ ਲਾਈਨਾਂ ਨੂੰ ਵਿਛਾ ਸਕਣਾ, ਜਾਂ ਤਕਨੀਕ ਦੇ ਪੱਖ ਤੋਂ ਅਜਿਹਾ ਕਰ ਸਕਣਾ ਮੁਸ਼ਕਿਲ ਹੁੰਦਾ ਹੈ।
ਜੇਕਰ ਭਾਰਤ ਆਪਣੇ ਸਰੋਤਾਂ ਰਾਹੀਂ ਦੇਸ਼ ਵਿਚ ਵੱਡੀ ਮਾਤਰਾ ਵਿਚ ਹਾਈਡ੍ਰੋਜਨ ਤਿਆਰ ਕਰਨ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਇਸ ਦੀ ਤੇਲ ਦੀ ਦਰਾਮਦ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਬਣ ਸਕਦੀ ਹੈ। ਅਜਿਹੇ ਸਫ਼ਲ ਯਤਨ ਨਾਲ ਦੇਸ਼ ਵਿਚ ਤਕਨੀਕ ਦੇ ਖੇਤਰ ਵਿਚ ਨਵੇਂ ਤਜਰਬੇ ਕਰਨ ਪ੍ਰਤੀ ਹੌਸਲਾ ਅਤੇ ਹਿੰਮਤ ਵੀ ਵਧੇਗੀ। 'ਇਸਰੋ' ਨੇ ਪੁਲਾੜ ਦੇ ਖੇਤਰ ਵਿਚ ਨਵੇਂ ਤੋਂ ਨਵੇਂ ਮੀਲ ਪੱਥਰ ਗੱਡ ਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਆਵਾਜਾਈ ਦੇ ਖੇਤਰ ਵਿਚ ਨਵੀਆਂ ਈਜਾਦਾਂ ਦੇ ਹੋਰ ਵੀ ਬੇਹੱਦ ਲਾਭਕਾਰੀ ਹੋਣ ਦੀ ਸੰਭਾਵਨਾ ਉਜਾਗਰ ਹੋਣੀ ਸ਼ੁਰੂ ਹੋ ਗਈ ਹੈ। ਇਸ ਲਈ ਹਾਈਡ੍ਰੋਜਨ ਰੇਲ ਨੂੰ ਇਸ ਗਤੀਸ਼ੀਲਤਾ ਦੀ ਇਕ ਚੰਗੀ ਉਦਾਹਰਨ ਕਿਹਾ ਜਾ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਸਵੈਨਿਰਭਰ ਬਣਾਉਣ ਦੀ ਲੋੜ ਅਗਲੀ ਖ਼ਬਰ ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ
Ad Position 24