ਅਦਾਕਾਰਾ ਅਦਿੱਤਿਆ ਰਾਏ ਕਪੂਰ 'ਕਾਲਿਨ ਡੀ' ਕੁਨਹਾ ਵਲੋਂ ਨਿਰਦੇਸ਼ਤ ਕੀਤੀ ਜਾ ਰਹੀ ਡਰਾਉਣੀ, ਮਜ਼ਾਹੀਆ ਅਤੇ ਡਾਰਕ ਹਿਊਮਰ 'ਤੇ ਆਧਾਰਿਤ ਬਿਨਾਂ ਟਾਈਟਲ ਵਾਲੀ ਕਾਮੇਡੀ ਫ਼ਿਲਮ ਵਿਚ ਨਜ਼ਰ ਆਉਣ ਵਾਲੇ ਹਨ। ਨਿਰਮਾਤਾ ਦਾ ਦਾਅਵਾ ਹੈ ਕਿ ਰਿਵਾਇਤੀ ਡਰਾਉਣੀ ਸ਼ੈਲੀ 'ਤੇ ਆਧਾਰਿਤ ਇਸ ਫ਼ਿਲਮ ਨੂੰ ਇਕ ਨਵੇਂ ਅਤੇ ਮਜ਼ੇਦਾਰ ਅੰਦਾਜ਼ ਵਿਚ ਪੇਸ਼ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਦੀ ਸ਼ੂਟਿੰਗ ਮਈ 2026 ਵਿਚ ਸ਼ੁਰੂ ਹੋ ਸਕਦੀ ਹੈ।
ਫ਼ਿਲਮ ਲਈ ਫਿਲਹਾਲ ਆਦਿੱਤਿਆ ਰਾਏ ਕਪੂਰ ਦੇ ਨਾਂਅ ਦਾ ਅਧਿਕਾਰਕ ਐਲਾਨ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਫ਼ਿਲਮ ਲਈ ਫਾਈਨਲ ਕੀਤਾ ਜਾ ਚੁੱਕਾ ਹੈ। ਜਿਵੇਂ ਹੀ ਹੋਰ ਕਲਾਕਾਰਾਂ ਦੀ ਚੋਣ ਪੂਰੀ ਹੋਵੇਗੀ, ਇਕੱਠਿਆਂ ਫ਼ਿਲਮ ਦੀ ਸਟਾਰ ਕਾਸਟ ਦਾ ਐਲਾਨ ਕੀਤਾ ਜਾਵੇਗਾ। ਫਲਾਪ ਫ਼ਿਲਮਾਂ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਿੱਤਿਆ ਰਾਏ ਕਪੂਰ ਨੂੰ ਸਿਰਫ਼ ਇਕ ਫ਼ਿਲਮ ਨੇ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਪਿਛਲੇ ਇਕ ਦਹਾਕੇ ਵਿਚ ਉਸ ਨੇ ਇਕ ਵੀ ਹਿਟ ਫ਼ਿਲਮ ਨਹੀਂ ਦਿੱਤੀ ਪਰ ਉਸ ਦੀ ਸ਼ੋਹਰਤ ਫਿਰ ਵੀ ਬਰਕਰਾਰ ਹੈ।
16 ਨਵੰਬਰ, 1985 ਨੂੰ ਪੈਦਾ ਹੋਏ ਆਦਿੱਤਿਆ ਰਾਏ ਕਪੂਰ, ਕੁਮੁਦ ਰਾਏ ਕਪੂਰ ਅਤੇ ਯਹੂਦੀ ਮਾਂ ਸੈਲੋਮ ਐਰੋਨ ਦੇ ਬੇਟੇ ਹਨ। ਉਸ ਦੇ ਦਾਦਾ, ਰਘੂਪਤ ਰਾਏ ਕਪੂਰ, 1940 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਕ ਫ਼ਿਲਮ ਨਿਰਮਾਤਾ ਸੀ। ਉਸ ਦੇ ਸਭ ਤੋਂ ਵੱਡੇ ਭਰਾ ਸਿਧਾਰਥ ਰਾਏ ਕਪੂਰ ਇਕ ਹਰਮਨਪਿਆਰੇ ਫ਼ਿਲਮ ਨਿਰਮਾਤਾ ਹਨ ਜਦ ਕਿ ਭਰਾ ਕੁਣਾਲ ਰਾਏ ਕਪੂਰ ਆਦਿੱਤਿਆ ਰਾਏ ਦੀ ਤਰ੍ਹਾਂ ਕਲਾਕਾਰ ਹੈ। ਆਦੱਤਿਆ ਤਿੰਨੇ ਭਰਾਵਾਂ ਤੋਂ ਸਭ ਤੋਂ ਛੋਟਾ ਹੈ।
ਆਦਿੱਤਿਆ ਰਾਏ ਕਪੂਰ ਨੇ ਮੁੰਬਈ ਦੇ ਸੇਂਟ ਜੇਵੀਅਰ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਾਫ਼ੀ ਸਮੇਂ ਤੱਕ ਚੈਨਲ 'ਵੀ ਇੰਡੀਆ' ਵਿਚ ਵੀ.ਜੇ. ਦੇ ਰੂਪ ਵਿਚ ਕੰਮ ਕੀਤਾ। ਉਸ ਨੇ ਇਸੇ ਟੀ.ਵੀ. ਚੈਨਲ ਲਈ 'ਪਕਾਓ' ਸ਼ੋਅ ਕੀਤਾ। ਉਸ ਤੋਂ ਬਾਅਦ 2008 ਵਿਚ ਬਰੂਨਾ ਅਬਦੁੱਲਾ ਨਾਲ ਬੇਹੱਦ ਹਰਮਨਪਿਆਰਾ ਸ਼ੋਅ 'ਇੰਡੀਆ ਹਾਟੈਸਟ' ਦੀ ਮੇਜ਼ਬਾਨੀ ਕੀਤੀ।
ਉਦੋਂ ਕਿਤੇ ਜਾ ਕੇ ਉਸ ਨੂੰ ਬਾਲੀਵੁੱਡ ਫ਼ਿਲਮ 'ਲੰਦਨ ਡ੍ਰੀਮਜ਼' ਵਿਚ ਸਪੋਰਟਿੰਗ ਐਕਟਰ ਦੇ ਰੂਪ ਵਿਚ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਆਦਿੱਤਿਆ ਫ਼ਿਲਮ 'ਐਕਸ਼ਨ ਰਿਪਲੇ' ਵਿਚ ਨਜ਼ਰ ਆਏ। ਉਸ ਦੀ ਅਗਲੀ ਫ਼ਿਲਮ ਰਿਤਿਕ ਰੌਸ਼ਨ ਅਤੇ ਐਸ਼ਵਰਿਆ ਸਟਾਰਰ 'ਗੁਜ਼ਾਰਿਸ਼' ਸੀ।
ਸ਼ੁਰੂਆਤ ਫਲਾਪਸ ਤੋਂ ਬਾਅਦ ਬਾਅਦ ਆਦਿੱਤਿਆ ਰਾਏ ਕਪੂਰ ਦੇ ਕਰੀਅਰ ਵਿਚ ਉਸ ਸਮੇਂ ਮੋੜ ਆਇਆ ਜਦੋਂ ਉਸ ਨੂੰ 'ਆਸ਼ਿਕੀ-2' ਵਿਚ ਸ਼ਰਧਾ ਕਪੂਰ ਦੇ ਨਾਲ ਮੁੱਖ ਭੂਮਿਕਾ ਕਰਨ ਦਾ ਮੌਕਾ ਮਿਲਿਆ। ਇਹ ਫ਼ਿਲਮ ਟਿਕਟ ਖਿੜਕੀ 'ਤੇ ਬਲਾਕਬੱਸਟਰ ਸਾਬਤ ਹੋਈ।
ਉਸ ਤੋਂ ਬਾਅਦ ਆਦਿੱਤਿਆ ਰਾਏ ਕਪੂਰ ਨੇ ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਨ ਦੇ ਨਾਲ ਫ਼ਿਲਮ 'ਯੇ ਜਵਾਨੀ ਹੈ ਦੀਵਾਨੀ' ਕੀਤੀ। ਇਹ ਉਸ ਦੇ ਕਰੀਅਰ ਦੀ ਲਗਾਤਾਰ ਦੂਜੀ ਬਲਾਕਬੱਸਟਰ ਫ਼ਿਲਮ ਸਾਬਤ ਹੋਈ।
ਇਸ ਤੋਂ ਬਾਅਦ ਆਦਿੱਤਿਆ ਨੇ 'ਦਾਵਤ-ਏ-ਇਸ਼ਕ', 'ਫਿਤੂਰ', 'ਓਕੇ ਜਾਨੂ', 'ਕਲੰਕ', 'ਸੜਕ-2', 'ਲੁਡੂ', 'ਗੁੰਮਰਾਹ' ਅਤੇ 'ਮੈਟਰੋ... ਇਨ ਦਿਨੋ' ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਇਨ੍ਹਾਂ ਵਿਚੋਂ ਕੋਈ ਵੀ ਟਿਕਟ ਖਿੜਕੀ 'ਤੇ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ।
ਮੋਹਿਤ ਸੂਰੀ ਦੇ ਨਿਰਦੇਸ਼ਨ ਵਿਚ ਬਣੀ 'ਮਲੰਗ' ਨੇ ਜ਼ਰੂਰ ਟਿਕਟ ਖਿੜਕੀ 'ਤੇ ਠੀਕ-ਠਾਕ ਕਾਰੋਬਾਰ ਕੀਤਾ ਸੀ। ਇਸ ਫ਼ਿਲਮ ਵਿਚ ਉਹ ਖ਼ੂਬਸੂਰਤ ਨਾਇਕਾ ਦਿਸ਼ਾ ਪਟਾਨੀ ਦੇ ਨਾਲ ਸੀ।
ਓ.ਟੀ.ਟੀ. ਲਈ ਆਦਿੱਤਿਆ ਨੇ ਵੈੱਬ ਸੀਰੀਜ਼ 'ਸਾਈਡ ਹੀਰੋ' ਤੋਂ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਉਸ ਦੀ ਅਗਲੀ ਵੈੱਬ ਸੀਰੀਜ਼ 'ਦ ਨਾਈਟ ਮੈਨੇਜਰ' ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਸੀ। ਇਸ ਸਮੇਂ ਆਦਿੱਤਿਆ ਇਕ ਵੈੱਬ ਸੀਰੀਜ਼ 'ਰਕਤ ਬ੍ਰਹਿਮਾਂਡ : ਦ ਬਾਡੀ ਕਿੰਗਡਮ' ਦੀ ਸ਼ੂਟਿੰਗ ਵਿਚ ਰੁੱਝਾ ਹੋਇਆ ਹੈ।
ਅਦਿੱਤਿਆ ਰਾਏ ਕਪੂਰ : ਫਲਾਪ ਫ਼ਿਲਮਾਂ ਦੇ ਬਾਵਜੂਦ ਸ਼ੋਹਰਤ ਬਰਕਰਾਰ
ਅਜੀਤ ਡੈਸਕ
08-04-2026