1 ਮਈ ਨੂੰ ਰਿਲੀਜ਼ ਹੋਈ ਆਮਿਰ ਖਾਨ ਪ੍ਰੋਡਕਸ਼ਨ ਦੀ ਫ਼ਿਲਮ 'ਏਕ ਦਿਨ' ਵਿਚ ਦੱਖਣ ਭਾਰਤ ਦੀ ਕੁਦਰਤੀ ਸੁੰਦਰਤਾ ਦੀ ਮਲਿਕਾ ਕਹੀ ਜਾਣ ਵਾਲੀ ਅਦਾਕਾਰਾ ਸਾਈ ਪੱਲਵੀ ਅਤੇ ਜੁਨੈਦ ਖਾਨ ਦੀ ਜੋੜੀ ਮੁੱਖ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਆਮਿਰ ਖਾਨ, ਮੰਸੂਰ ਖਾਨ ਅਤੇ ਅਪਰਣਾ ਪੁਰੋਹਿਤ ਵਲੋਂ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਸੁਨੀਲ ਪਾਂਡੇ ਨੇ ਕੀਤਾ ਹੈ।
ਫ਼ਿਲਮ 'ਏਕ ਦਿਨ' (2026) ਨੂੰ ਪਿਛਲੇ ਸਾਲ 'ਮੇਰੇ ਰਹੋ' ਟਾਈਟਲ ਨਾਲ ਰਿਲੀਜ਼ ਕੀਤਾ ਜਾਣਾ ਸੀ ਪਰ ਉਦੋਂ ਕਿਸੇ ਵਜ੍ਹਾ ਕਰਕੇ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ।
ਫ਼ਿਲਮ 'ਏਕ ਦਿਨ' ਵਿਚ ਜੁਨੈਦ ਖਾਨ ਨੇ ਇਕ ਇਸ ਤਰ੍ਹਾਂ ਦੇ ਸ਼ਰਮੀਲੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਆਪਣੇ ਦਫ਼ਤਰ ਵਿਚ ਇਕੱਠੇ ਕੰਮ ਕਰਨ ਵਾਲੀ ਖੁਸ਼ਮਿਜ਼ਾਜ ਅਤੇ ਜ਼ਿੰਦਾਦਿਲ ਕੁੜੀ ਸਾਈ ਪੱਲਵੀ ਨਾਲ ਪਿਆਰ ਹੋ ਜਾਂਦਾ ਹੈ, ਪਰ ਉਹ ਆਪਣੇ ਸ਼ਰਮੀਲੇ ਸੁਭਾਅ ਦੇ ਚਲਦਿਆਂ ਉਸ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕਰ ਪਾਉਂਦਾ।
ਫ਼ਿਲਮ ਦੀ ਕਹਾਣੀ ਵਿਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਸਾਈ ਇਕ ਐਕਸੀਡੈਂਟ ਤੋਂ ਬਾਅਦ 'ਟ੍ਰਾਂਜਇਏਂਟ ਗਲੋਬਲ ਅਮਨੇਸ਼ੀਆ' ਦੀ ਸ਼ਿਕਾਰ ਹੋ ਜਾਂਦੀ ਹੈ। ਇਸ ਬਿਮਾਰੀ ਦੇ ਚਲਦਿਆਂ ਉਸ ਨੂੰ ਸਿਰਫ਼ ਏਨਾ ਹੀ ਯਾਦ ਰਹਿੰਦਾ ਹੈ ਕਿ ਜੁਨੈਦ ਨੇ ਉਸ ਦੀ ਜਾਨ ਬਚਾਈ ਸੀ। ਇਸ ਤੋਂ ਬਾਅਦ ਉਹ ਪ੍ਰੇਮ ਕਹਾਣੀ ਜਿਸ ਅੰਦਾਜ਼ ਨਾਲ ਅੱਗੇ ਵਧਦੀ ਹੈ, ਉਸ ਵਿਚ ਲੇਖਕ ਨੇ ਆਪਣੀ ਸ਼ਾਨਦਾਰ ਸੋਚ ਦਾ ਸਹਾਰਾ ਲਿਆ ਹੈ।
ਸਾਈ ਪੱਲਵੀ ਕੁਦਰਤੀ ਸੁੰਦਰਤਾ ਵਾਲੀ ਖ਼ੂਬੀ ਦੀ ਵਜ੍ਹਾ ਕਰਕੇ ਦਰਸ਼ਕਾਂ ਵਿਚ ਬਹੁਤ ਹਰਮਨਪਿਆਰੀ ਹੈ ਅਤੇ ਦਰਸ਼ਕ ਨਾ ਸਿਰਫ਼ ਉਸ ਦੀ ਖ਼ੂਬਸੂਰਤੀ 'ਤੇ ਦਿਲੋ-ਜਾਨ ਨਾਲ ਫ਼ਿਦਾ ਹਨ ਸਗੋਂ ਉਸ ਦੀਆਂ ਫ਼ਿਲਮਾਂ ਨੂੰ ਵੀ ਬਹੁਤ ਪਸੰਦ ਕਰਦੇ ਹਨ। ਸਾਈ ਪੱਲਵੀ ਇਕ ਫ਼ਿਲਮ ਲਈ ਢਾਈ ਤੋਂ ਤਿੰਨ ਕਰੋੜ ਰੁਪਏ ਫੀਸ ਲੈਂਦੀ ਹੈ।
-0-