'ਪੁਸ਼ਪਾ-2 : ਦ ਰੂਲ' (2024) ਤੋਂ ਬਾਅਦ ਅੱਲੂ ਅਰਜੁਨ ਇਨ੍ਹੀਂ ਦਿਨੀਂ 700 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣ ਰਹੀ ਸਟਾਰ-ਸਟਡੇਡ ਕਾਸਟ ਵਾਲੀ ਅਗਲੀ ਫ਼ਿਲਮ 'ਰਾਕਾ' ਨੂੰ ਲੈ ਕੇ ਸੁਰਖੀਆਂ ਵਿਚ ਹੈ।
ਬਜਟ ਦਾ ਇਕ ਵੱਡਾ ਹਿੱਸਾ ਫ਼ਿਲਮ ਦੇ ਵਿਜ਼ੂਅਲ ਇਫੈਕਟਸ ਅਤੇ ਹਾਈ-ਆਕਟੇਨ ਐਕਸ਼ਨ ਦ੍ਰਿਸ਼ਾਂ 'ਤੇ ਖ਼ਰਚ ਕੀਤਾ ਜਾ ਰਿਹਾ ਹੈ। ਫ਼ਿਲਮ 'ਰਾਕਾ' ਦੀ ਸ਼ੂਟਿੰਗ ਤੇਜ਼ੀ ਨਾਲ ਚੱਲ ਰਹੀ ਹੈ। ਅੱਲੂ ਅਰਜੁਨ ਆਪਣੀ ਡਾਂਸਿੰਗ ਤੋਂ ਇਲਾਵਾ ਆਪਣੇ ਜ਼ਬਰਦਸਤ ਸਟਾਈਲ ਲਈ ਮਸ਼ਹੂਰ ਹੈ ਅਤੇ ਹਰ ਫ਼ਿਲਮ ਵਿਚ ਉਸ ਦਾ ਇਕ ਵੱਖਰਾ ਅੰਦਾਜ਼ ਨਜ਼ਰ ਆਉਂਦਾ ਹੈ। ਦਮਦਾਰ ਐਕਸ਼ਨ ਨਾਲ ਭਰੀਆਂ ਉਸ ਦੀਆਂ ਫ਼ਿਲਮਾਂ ਦਰਸ਼ਕਾਂ ਨੂੰ ਥੀਏਟਰ ਤੱਕ ਖਿੱਚ ਕੇ ਲਿਆਉਂਦੀਆਂ ਹਨ। ਹਮੇਸ਼ਾ ਦੀ ਤਰ੍ਹਾਂ ਫ਼ਿਲਮ 'ਰਾਕਾ' ਵਿਚ ਇਕ ਵਾਰ ਅੱਲੂ ਅਰਜੁਨ ਬਿਲਕੁਲ ਅਨੋਖੀ ਦਿੱਖ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਅੱਲੂ ਅਰਜੁਨ ਦੇ ਨਾਲ ਦੀਪਿਕਾ ਪਾਦੂਕੋਨ ਪਹਿਲੀ ਵਾਰ ਸਕਰੀਨ ਸਾਂਝੀ ਕਰਦੀ ਨਜ਼ਰ ਆਵੇਗੀ।
ਜੇਕਰ ਸੂਤਰਾਂ ਦੇ ਹਵਾਲੇ ਨਾਲ ਮਿਲੀ ਖ਼ਬਰ 'ਤੇ ਯਕੀਨ ਕੀਤਾ ਜਾਵੇ ਤਾਂ ਅੱਲੂ ਅਰਜੁਨ ਨੂੰ ਇਸ ਪ੍ਰਾਜੈਕਟ ਲਈ ਲਗਭਗ 175 ਕਰੋੜ ਰੁਪਏ ਫੀਸ ਮਿਲੀ ਹੈ ਜਦ ਕਿ ਦੀਪਿਕਾ ਪਾਦੂਕੋਨ ਨੂੰ ਫ਼ਿਲਮ ਲਈ ਕਰੀਬ 25 ਕਰੋੜ ਰੁਪਏ ਮਿਲਣ ਦੇ ਚਰਚੇ ਹਨ।
ਦੀਪਿਕਾ ਪਾਦੂਕੋਨ ਨੇ ਐਕਟਿੰਗ ਦੀ ਦੁਨੀਆ ਵਿਚ ਜਦੋਂ ਤੋਂ ਕਦਮ ਰੱਖਿਆ ਹੈ, ਉਦੋਂ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ। ਉਸ ਨੇ ਇਕ ਤੋਂ ਵਧ ਕੇ ਇਕ ਫ਼ਿਲਮਾਂ ਵਿਚ ਕੰਮ ਕੀਤਾ ਹੈ। ਉਸ ਦੀਆਂ ਕੁਝ ਫ਼ਿਲਮਾਂ ਨੇ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਪ੍ਰਸੰਸਕ ਆਪਣੀ ਪਸੰਦੀਦਾ ਅਦਾਕਾਰਾ ਦੀਪਿਕਾ ਦੀਆਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਹਾਲ ਹੀ ਵਿਚ ਇਸ ਤਰ੍ਹਾਂ ਦੇ ਚਰਚਿਆਂ ਨੇ ਜ਼ੋਰ ਫੜਿਆ ਹੈ ਕਿ ਫ਼ਿਲਮ 'ਰਾਕਾ' ਵਿਚ ਅੱਲੂ ਅਰਜੁਨ ਨੂੰ ਜ਼ਿਆਦਾ ਥਾਂ ਦੇਣ ਦੇ ਚੱਕਰ ਵਿਚ ਦੀਪਿਕਾ ਪਾਦੂਕੋਨ ਦਾ ਸਕ੍ਰੀਨ ਟਾਈਮ ਘੱਟ ਕਰ ਦਿੱਤਾ ਗਿਆ, ਪਰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਨਿਰਮਾਤਾ ਨੇ ਹਲਕੇ ਵਿਚ ਨਾ ਲੈ ਕੇ ਅਫ਼ਵਾਹਾਂ ਨੂੰ ਹੋਰ ਜ਼ਿਆਦਾ ਫੈਲਣ ਤੋਂ ਪਹਿਲਾਂ ਹੀ ਇਸ ਮਾਮਲੇ ਵਿਚ ਅਧਿਕਾਰਕ ਤੌਰ 'ਤੇ ਬਿਆਨ ਜਾਰੀ ਕਰਦੇ ਹੋਏ ਸਾਫ਼ ਕਹਿ ਦਿੱਤਾ ਕਿ ਫ਼ਿਲਮ ਵਿਚ ਦੀਪਿਕਾ ਦੀ ਭੂਮਿਕਾ ਨਾਲ ਕੋਈ ਛੇੜ-ਛਾੜ ਨਹੀਂ ਕੀਤੀ ਗਈ ਅਤੇ ਸਭ ਕੁਝ ਯੋਜਨਾ ਦੇ ਹਿਸਾਬ ਨਾਲ ਹੀ ਅੱਗੇ ਵਧ ਰਿਹਾ ਹੈ। ਅੱਲੂ ਅਰਜੁਨ ਦੀ ਤਰ੍ਹਾਂ ਦੀਪਿਕਾ ਪਾਦੂਕੋਨ ਵੀ ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਵੱਡੇ ਪੱਧਰ ਦੀਆਂ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਹੋ ਚੁੱਕੇ ਏਟਲੀ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਸਨ ਪਿਕਚਰ ਪ੍ਰੋਡਿਊਸ ਕਰ ਰਿਹਾ ਹੈ। ਫ਼ਿਲਮ 'ਤੇ ਪੂਰੀ ਤਰ੍ਹਾਂ ਧਿਆਨ ਦੇਣ ਦੇ ਇਰਾਦੇ ਨਾਲ ਅੱਲੂ ਅਰਜੁਨ ਨੇ ਵਾਰ-ਵਾਰ ਹੈਦਰਾਬਾਦ ਅਤੇ ਮੁੰਬਈ ਵਿਚਾਲੇ ਚੱਕਰ ਲਗਾਉਣ ਦੀ ਬਜਾਏ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੱਕ ਮੁੰਬਈ ਵਿਚ ਰਹਿਣ ਦੀ ਯੋਜਨਾ ਬਣਾ ਲਈ ਹੈ।
ਅੱਲੂ ਅਰਜੁਨ ਦੇ ਮੁੰਬਈ ਰਹਿਣ ਤੋਂ ਬਾਅਦ ਹੁਣ ਉਹ ਫ਼ਿਲਮ ਦੇ ਹਰ ਪਹਿਲੂ 'ਤੇ ਪੂਰੀ ਤਰ੍ਹਾਂ ਆਪਣਾ ਧਿਆਨ ਕੇਂਦਰਿਤ ਕਰ ਸਕਣਗੇ।
ਫ਼ਿਲਮ ਵਿਚ ਅੱਲੂ ਅਰਜੁਨ ਤਿੰਨ ਵੱਖ-ਵੱਖ ਕਿਰਦਾਰ ਨਿਭਾਉਂਦੇ ਦਿਸਣਗੇ। ਫ਼ਿਲਮ ਵਿਚ ਉਸ ਦਾ ਕਿਰਦਾਰ ਕਾਫ਼ੀ ਗ੍ਰਿਟੀ ਅਤੇ ਤਾਕਤਵਰ ਹੋਣ ਵਾਲਾ ਹੈ। ਰਸ਼ਮਿਕਾ ਮੰਦਾਨਾ ਅਤੇ ਜਾਹਨਵੀ ਕਪੂਰ ਵੀ ਫ਼ਿਲਮ ਦਾ ਹਿੱਸਾ ਹੋਣਗੀਆਂ। ਕਿਹਾ ਜਾ ਰਿਹਾ ਹੈ ਕਿ ਮ੍ਰਿਣਾਲ ਠਾਕੁਰ ਵੀ ਇਸ ਫ਼ਿਲਮ ਦੇ ਇਕ ਜ਼ਬਰਦਸਤ ਕੈਮੀਓ ਵਿਚ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਫ਼ਿਲਮ ਵਿਚ ਟਾਈਗਰ ਸ਼ਰਾਫ਼ ਦੀ ਵੀ ਇਕ ਖ਼ਾਸ ਅਪੀਅਰੈਂਸ ਨੂੰ ਲੈ ਕੇ ਚਰਚਾ ਹੈ ਹਾਲਾਂਕਿ ਨਿਰਮਾਤਾ ਵਲੋਂ ਇਸ ਬਾਰੇ ਹਾਲੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਅੰਦਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਜੇਲਰ-2' ਵਿਚ ਕੈਮੀਓ ਕਰਨ ਤੋਂ ਮਨ੍ਹਾਂ ਕਰਨ ਤੋਂ ਬਾਅਦ ਸ਼ਾਹਰੁਖ ਖਾਨ ਇਸ ਫ਼ਿਲਮ ਦੇ ਖ਼ਾਸ ਕੈਮੀਓ ਕਰਦੇ ਨਜ਼ਰ ਆ ਸਕਦੇ ਹਨ।
ਫ਼ਿਲਮ ਵਿਚ ਸ਼ਾਹਰੁਖ ਦੇ ਹੋਣ ਦੀ ਸੰਭਾਵਨਾ ਇਸ ਲਈ ਵੀ ਜ਼ਿਆਦਾ ਨਜ਼ਰ ਆਉਂਦੀ ਹੈ ਕਿਉਂਕਿ ਫ਼ਿਲਮ ਦੇ ਨਿਰਦੇਸ਼ਕ ਏਟਲੀ 'ਜਵਾਨ' ਤੋਂ ਬਾਅਦ ਤੋਂ ਹੀ ਸ਼ਾਹਰੁਖ ਖਾਨ ਦੇ ਖ਼ਾਸਮਖਾਸ ਬਣ ਚੁੱਕੇ ਹਨ। 'ਰਾਕਾ' ਵਿਚ ਸ਼ਾਹਰੁਖ ਦੇ ਕੈਮੀਓ ਹੋਣ ਦੀ ਖ਼ਬਰ ਤੋਂ ਉਨ੍ਹਾਂ ਦੇ ਪ੍ਰਸੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਫ਼ਿਲਮ 'ਰਾਕਾ' ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਹੁਣ ਤੱਕ ਇਸ ਦੀ ਰਿਲੀਜ਼ ਤਰੀਕ ਸਾਹਮਣੇ ਨਹੀਂ ਆਈ ਹੈ।
'ਰਾਕਾ' ਦੀ ਸ਼ੂਟਿੰਗ ਲਈ ਅੱਲੂ ਅਰਜੁਨ ਨੇ ਮੁੰਬਈ 'ਚ ਲਗਾਇਆ ਡੇਰਾ
ਅਜੀਤ ਡੈਸਕ
27-05-2026