ਪੁਰਾਣਾ ਇਕ ਛੋਟਾ ਜਿਹਾ ਸੂਆ (ਛੋਟੀ ਨਹਿਰ) ਜਿਸ ਦੀ ਡੰੂਘਾਈ ਕਾਫੀ ਸੀ | ਉਸ ਦੇ ਕਿਨਾਰਿਆਂ 'ਤੇ ਘਾਹ-ਬੂਟੀ ਤੇ ਪੁਰਾਣੀ ਕਾਹੀ ਦਾ ਇਕ ਬੂਝਾ ਸੀ | ਉਸ ਦੇ ਹੇਠਾਂ ਜ਼ਹਿਰੀਲੇ ਸੱਪ ਰਹਿੰਦੇ ਸਨ | ਉਸ ਕਾਹੀ ਦੇ ਬੂਝੇ ਦੇ ਇਕ ਹਿੱਸੇ ਉੱਪਰ ਇਕ ਬਿਜੜੇ ਨੇ ਖੂਬਸੂਰਤ ਆਲ੍ਹਣਾ ਪਾਇਆ ਹੋਇਆ ਸੀ | ਆਲ੍ਹਣਾ ਦੇਖ ਇੰਜ ਲਗਦਾ ਸੀ ਜਿਵੇਂ ਕਿਸੇ ਸਫਲ ਇੰਜੀਨੀਅਰ ਨੇ ਰੀਝ ਨਾਲ ਬਣਾਇਆ ਹੋਵੇ | ਉਸ ਆਲ੍ਹਣੇ ਵਿਚ ਬਿਜੜੇ ਦੇ ਛੋਟੇ-ਛੋਟੇ ਬੱਚੇ ਸਨ ਤੇ ਜਦ ਕਦੇ ਹਵਾ ਚਲਦੀ ਤਾਂ ਇਸ ਤਰ੍ਹਾਂ ਜਾਪਦਾ ਜਿਵੇਂ ਬਿਜੜੇ ਦੇ ਬੱਚੇ ਝੂਲਾ ਝੂਲ ਰਹੇ ਹੋਣ | ਜਦ ਵੀ ਕੋਈ ਖ਼ਤਰਾ ਮਹਿਸੂਸ ਹੁੰਦਾ ਤਾਂ ਬਿਜੜਾ ਉੱਚੀ-ਉੱਚੀ ਆਪਣੀ ਭਾਸ਼ਾ ਵਿਚ ਬੋਟਾਂ ਨੂੰ ਸਾਵਧਾਨ ਕਰ ਦਿੰਦਾ |
ਕੁਦਰਤ ਕਹਿਰਵਾਨ ਹੋਈ | ਭਾਰੀ ਮੀਂਹ, ਝੱਖੜ, ਤੇਜ਼ ਹਨੇਰੀ ਚੱਲੀ | ਇਸ ਤਰ੍ਹਾਂ ਲੱਗ ਰਿਹਾ ਸੀ ਕਿ ਰੱਬ ਨਾਰਾਜ਼ ਹੋ ਗਿਆ ਹੋਵੇ | ਇੰਜ ਲਗਦਾ ਜਿਵੇਂ ਉੱਚੀਆਂ-ਉੱਚੀਆਂ ਇਮਾਰਤਾਂ ਪਲਾਂ ਵਿਚ ਢਹਿ-ਢੇਰੀ ਹੋ ਜਾਣੀਆਂ ਨੇ | ਚਾਰੇ ਪਾਸੇ ਪਾਣੀ-ਪਾਣੀ ਹੋ ਗਿਆ | ਹਾਹਾਕਾਰ ਮਚ ਗਈ ਲੋਕ ਹੜ੍ਹਾਂ 'ਚ ਰੁੜ੍ਹਨ ਲੱਗੇ | ਫਸਲਾਂ ਬਰਬਾਦ ਹੋ ਗੀਆਂ, ਲੋਕ ਰੋਟੀ ਤੋਂ ਅਵਾਜ਼ਾਰ ਹੋਣ ਲੱਗੇ | ਕਾਫੀ ਸਮੇਂ ਬਾਅਦ ਸਰਕਾਰ ਜਾਗੀ ਤੇ ਲੋਕਾਂ ਨੂੰ ਰਾਹਤ ਦਾ ਭਰੋਸਾ ਦਿੱਤਾ | ਸਮਾਜਿਕ ਜਥੇਬੰਦੀਆਂ ਵੀ ਲੋਕਾਂ ਦੀ ਮਦਦ ਲਈ ਅੱਗੇ ਆਈਆਂ | ਲੋਕਾਂ ਨੂੰ ਰਾਸ਼ਨ ਤੇ ਹੋਰ ਚੀਜ਼ਾਂ ਵੰਡੀਆਂ ਜਾਣ ਲੱਗੀਆਂ ਪਰ ਬਿਜੜਾ ਵਿਚਾਰਾ ਆਪਣੇ ਆਲ੍ਹਣੇ ਵਿਚ ਬੈਠਾ ਸਭ ਕੁਝ ਦੇਖਦਾ ਰਿਹਾ, ਕਿਸੇ ਦਾ ਵੀ ਉਸਦੇ ਚੋਗੇ ਵੱਲ ਧਿਆਨ ਨਾ ਗਿਆ | ਬਿਜੜੇ ਨੂੰ ਅਚਾਨਕ ਭੁੰਜੇ ਡਿੱਗੇ ਚੋਲਾਂ ਦੇ ਦਾਣੇ ਦਿਖਾਈ ਦਿੱਤੇ | ਉਸ ਨੇ ਕੁਝ ਆਪ ਖਾ ਲਏ ਤੇ ਕੁਝ ਆਪਣੇ ਬੋਟਾਂ ਦੇ ਮੰੂਹ ਵਿਚ ਪਾ ਦਿੱਤੇ | ਫਿਰ ਰੱਬ ਵੱਲ ਵੇਖਣ ਲੱਗ ਗਿਆ | ਫਿਰ ਵੀ ਕੁਝ ਦਿਨਾਂ ਬਾਅਦ ਬਿਜੜੇ ਤੇ ਬੋਟਾਂ ਦੀ ਮੌਤ ਹੋ ਗਈ |
ਅਸਲ ਵਿਚ ਉਨ੍ਹਾਂ ਚੋਲਾਂ ਵਿਚ ਕੈਮੀਕਲ ਮਿਲਾਇਆ ਗਿਆ ਸੀ | ਕੈਸੇ ਰੱਬ ਦੇ ਰੰਗ ਜਿਸ ਨੂੰ ਕੁਦਰਤ ਨਾ ਮਾਰ ਸਕੀ, ਉਸ ਨੂੰ ਇਨਸਾਨ ਨੇ ਮਾਰ ਦਿੱਤਾ |
-ਮੋਬਾਈਲ : 97790-99315