ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਮੇਂ ਦੀ ਗਰਦ ਹੇਠ ਦੱਬ ਕੇ ਰਹਿ ਗਿਆ ਸ਼ਾਨਾਂਮੱਤਾ ਸ਼ਬਦ ਭੱਠੀ

Ad Position 21
No active advertisement
ਅਜੀਤ ਡੈਸਕ 08-03-2026

ਪਿੰਡਾਂ ਦੀਆਂ ਸੱਥਾਂ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਭੱਠੀ ਦੇ ਨਿੱਧ 'ਚ ਪਲਦੇ ਸਨ ਰਿਸ਼ਤੇ
ਭੱਠੀ ਉੱਤੇ ਦਾਣੇ ਮੈਂ ਭਨਾਉਣ ਚੱਲੀ ਆਂ
ਦਾਣਿਆਂ ਬਹਾਨੇ ਮਿਲਣ ਯਾਰ ਚੱਲੀ ਆਂ
ਭੱਠੀ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਭੱਠੀ ਸਿਰਫ਼ ਇਕ ਸ਼ਬਦ ਨਹੀਂ, ਇਸ ਨੇ ਪੂਰੇ ਇਤਿਹਾਸ ਨੂੰ ਕਲਾਵੇ ਵਿਚ ਲਿਆ ਹੋਇਆ ਹੈ। ਪੰਜਾਬੀ ਰਹਿਤਲ ਵਿਚ ਭੱਠੀ ਸਿਰਫ਼ ਮਿੱਟੀ ਦਾ ਇਕ ਚੁੱਲ੍ਹਾ ਨਹੀਂ ਸੀ, ਸਗੋਂ ਇਹ ਮੋਹ ਮੁਹੱਬਤਾਂ ਦਾ ਉਹ ਸੇਕ ਸੀ, ਉਹ ਨਿੱਘ ਸੀ, ਜਿਸ ਵਿਚ ਸਾਡੇ ਰਿਸ਼ਤੇ ਪਲਦੇ ਸਨ। ਇਸ ਨੇ ਪੀੜ੍ਹੀ ਦਰ ਪੀੜ੍ਹੀ ਸਾਨੂੰ ਜੋੜੀ ਰੱਖਿਆ। ਭੱਠੀ ਸ਼ਬਦ ਦੀ ਜੜ੍ਹ ਬਹੁਤ ਡੂੰਘੀ ਅਤੇ ਪ੍ਰਾਚੀਨ ਹੈ। ਭਾਸ਼ਾ ਵਿਗਿਆਨੀਆਂ ਮੁਤਾਬਿਕ ਇਹ ਸੰਸਕ੍ਰਿਤ ਦੇ ਸ਼ਬਦ ਭ੍ਰਿਸ਼ਟਰ ਤੋਂ ਵਿਕਸਿਤ ਹੋ ਕੇ ਭੱਠ ਅਤੇ ਫਿਰ ਭੱਠੀ ਸ਼ਬਦ ਹੋਂਦ ਵਿਚ ਆਇਆ ਹੈ। ਇਸ ਦਾ ਮੂਲ ਅਰਥ ਹੈ ਤਪਾਇਆ ਹੋਇਆ ਜਾਂ ਅਗਨੀ ਦਾ ਕੁੰਡ। ਇਤਿਹਾਸਕ ਪੱਖੋਂ ਭੱਠੀ ਸ਼ਬਦ ਦੀ ਵਰਤੋਂ ਉਸ ਵੇਲੇ ਤੋਂ ਹੋ ਰਹੀ ਹੈ ਜਦੋਂ ਤੋਂ ਮਨੁੱਖ ਨੇ ਵਸਤੂਆਂ ਨੂੰ ਪਕਾ ਕੇ ਖਾਣਾ ਸਿਖਿਆ। ਸਿੰਧੂ ਘਾਟੀ ਦੀ ਸੱਭਿਅਤਾ ਦੀਆਂ ਖ਼ੁਦਾਈਆਂ ਵਿਚੋਂ ਵੀ ਅਜਿਹੇ ਸਬੂਤ ਮਿਲੇ ਹਨ, ਜੋ ਸਿੱਧ ਕਰਦੇ ਹਨ ਕਿ ਹਜ਼ਾਰਾਂ ਸਾਲ ਪਹਿਲਾਂ ਵੀ ਅਨਾਜ ਪਕਾਉਣ ਲਈ ਵਿਸ਼ੇਸ਼ ਭੱਠੀਆਂ ਵਰਤੀਆਂ ਜਾਂਦੀਆਂ ਸਨ। ਭੱਠੀ ਮਿੱਟੀ ਅਤੇ ਇੱਟਾਂ ਨਾਲ ਬਣਾਇਆ ਇਕ ਅਜਿਹਾ ਢਾਂਚਾ ਹੈ, ਜਿਸ ਵਿਚ ਹੇਠਾਂ ਅੱਗ ਬਾਲੀ ਜਾਂਦੀ ਹੈ ਅਤੇ ਉੱਪਰਲੇ ਹਿੱਸੇ ਵਿਚ ਲੋਹੇ ਦੀ ਕੜਾਹੀ ਵਿਚ ਰੇਤ ਗਰਮ ਕਰਕੇ ਚੀਜ਼ਾਂ ਭੁੰਨੀਆਂ ਜਾਂਦੀਆਂ ਹਨ। ਸਰਦੀਆਂ ਦੇ ਦਿਨਾਂ ਵਿਚ ਭੱਠੀ ਦੇ ਭੁੰਨੇ ਦਾਣਿਆਂ ਦਾ ਆਪਣਾ ਹੀ ਸੁਆਦ ਹੁੰਦਾ ਸੀ। ਇਹ ਅਮੀਰ ਤੇ ਗ਼ਰੀਬ ਲਈ ਇਕ ਪੌਸ਼ਟਿਕ ਆਹਾਰ ਸਨ। ਸ਼ਾਮ ਸਮੇਂ ਪਿੰਡ ਦੀਆਂ ਕੁੜੀਆਂ-ਬੁੜੀਆਂ ਭੱਠੀ ਦੇ ਦਾਣੇ ਭਨਾਉਣ ਲਈ ਆ ਜਾਂਦੀਆਂ ਸਨ ਅਤੇ ਭੱਠੀ ਵਾਲੀ ਆਮ ਕਰਕੇ ਮਾਈ ਹੀ ਹੁੰਦੀ ਸੀ ਉਹ ਦਾਣਿਆਂ ਵਿਚੋਂ ਥੋੜ੍ਹੇ ਜਿਹੇ ਦਾਣੇ ਆਪਣਾ ਮਿਹਨਤਾਨਾ, ਜਿਸ ਨੂੰ ਦਾਣਿਆਂ ਦੀ ਮੁੱਠੀ ਕਿਹਾ ਜਾਂਦਾ ਸੀ ਉਹ ਕੱਢ ਲੈਂਦੀ ਸੀ ਅਤੇ ਦਾਣੇ ਭੁੰਨ ਕੇ ਦੇ ਦਿੰਦੀ ਸੀ। ਭੱਠੀ ਤੇ ਸਿਰਫ਼ ਦਾਣੇ ਹੀ ਨਹੀਂ, ਸਗੋਂ ਕਈਆਂ ਦੀਆਂ ਪੀੜਾਂ ਦੇ ਪਰਾਗੇ ਵੀ ਭੁੰਨੇ ਜਾਂਦੇ ਸਨ-
ਪੀੜਾਂ ਦਾ ਪਰਾਗਾ ਭੁੰਨ ਦੇ ਨੀ ਭੱਠੀ ਵਾਲੀਏ
ਭੱਠੀ ਵਾਲੀਏ ਚੰਬੇ ਦੀਏ ਡਾਲੀਏ।
ਪਰ ਅੱਜ ਦੇ ਸਮੇਂ ਵਿਚ ਭੱਠੀ ਸ਼ਬਦ ਸਾਡੀ ਅਜੋਕੀ ਪੀੜ੍ਹੀ ਦੀ ਡਿਕਸ਼ਨਰੀ ਵਿਚੋਂ ਗ਼ਾਇਬ ਹੀ ਹੋ ਗਿਆ ਹੈ। ਸ਼ਾਇਦ ਹੀ ਅਜੋਕੀ ਪੀੜ੍ਹੀ ਨੂੰ ਭੱਠੀ ਬਾਬਤ ਪਤਾ ਹੋਵੇ। ਭਾਵੇਂ ਭੱਠੀ ਦੇ ਭੁੰਨੇ ਦਾਣਿਆਂ ਦੀ ਥਾਂ ਪੋਪਕਾਰਨ ਅਤੇ ਬੰਦ ਲਿਫਾਏ ਖਾਣਿਆਂ ਨੇ ਲੈ ਲਈ ਹੈ ਪਰ ਜੋ ਸੁਆਦ ਭੱਠੀ ਦੇ ਦਾਣਿਆਂ ਦਾ ਸੀ ਉਸ ਦਾ ਕੋਈ ਜਵਾਬ ਨਹੀਂ ਹੈ। ਪੁਰਾਣੇ ਸਮੇਂ ਵਿਚ ਲੋਕਾਂ ਕੋਲ ਮਨੋਰੰਜਨ ਦੇ ਸਾਧਨ ਘੱਟ ਸਨ। ਸ਼ਾਮ ਸਮੇਂ ਭੱਠੀ 'ਤੇ ਪਿੰਡ ਵਾਸੀ ਆਪਣੇ ਦੁੱਖ ਸੁੱਖ ਫੋਲ ਲੈਂਦੇ ਸਨ। ਭੱਠੀਆਂ ਪਿੰਡਾਂ ਦਾ ਸੋਸ਼ਲ ਮੀਡੀਆ ਹੁੰਦੀਆਂ ਸਨ।
ਭੱਠੀ ਸ਼ਬਦ ਸਾਡੀ ਯਾਦਾਂ ਦੀ ਪਟਾਰੀ ਵਿਚੋਂ ਐ ਕਿਰ ਗਿਆ ਹੈ ਜਿਵੇਂ ਮੁੱਠੀ ਵਿਚੋਂ ਰੇਤ ਕਿਰ ਜਾਂਦੀ ਹੈ, ਜਿਸ ਤਰ੍ਹਾਂ ਅਜੋਕੇ ਸਮੇਂ ਵਿਚ ਸੀ.ਸੀ.ਟੀ.ਵੀ. ਕੈਮਰੇ ਕੰਮ ਕਰਦੇ ਹਨ, ਇਸੇ ਤਰ੍ਹਾਂ ਦਾ ਕੰਮ ਕਦੇ ਪਿੰਡਾਂ ਵਿਚ ਭੱਠੀਆਂ ਕਰਦੀਆਂ ਸਨ। ਭੱਠੀ ਸਿਰਫ਼ ਤੇ ਸਿਰਫ਼ ਦਾਣੇ ਭੁੰਨਣ ਵਾਲੀ ਜਗ੍ਹਾ ਦਾ ਨਾਂਅ ਨਹੀਂ ਸੀ, ਕਦੇ ਇਸ ਥਾਂ 'ਤੇ ਬਹੁਤ ਰੌਣਕਾਂ ਹੁੰਦੀਆਂ ਸਨ। ਪਿੰਡ ਵਾਸੀ ਭੱਠੀ ਦੇ ਦੁਆਲੇ ਬੈਠ ਕੇ ਪੂਰੀ ਰਾਤ ਬਾਤਾਂ ਪਾਉਂਦੇ ਰਹਿੰਦੇ ਸਨ। ਭੱਠੀ ਪੂਰੇ ਪਿੰਡ ਦਾ ਸੂਚਨਾ ਕੇਂਦਰ ਹੁੰਦੀਆਂ ਸਨ। ਭੱਠੀ ਸ਼ਬਦ ਦਾ ਜ਼ਿਕਰ ਸਾਡੀਆਂ ਲੋਕ ਬੋਲੀਆਂ ਵਿਚ ਟੱਪਿਆ ਮਾਹੀਏ ਵਿਚ ਸਹਿਜ ਸੁਭਾਅ ਹੀ ਮਿਲ ਜਾਂਦਾ ਹੈ। ਭੱਠੀ ਸ਼ਬਦ ਸਾਡੇ ਸੱਭਿਆਚਾਰ ਨਾਲ ਇਸ ਤਰ੍ਹਾਂ ਦਾ ਸੰਬੰਧ ਹੈ, ਜਿਸ ਤਰ੍ਹਾਂ ਲਹਿਰਾਂ ਦਾ ਸਮੁੰਦਰ ਨਾਲ ਹੁੰਦਾ ਹੈ। ਸਮੁੰਦਰ ਤੋਂ ਬਿਨਾਂ ਲਹਿਰਾਂ ਦਾ ਕੋਈ ਮਾਅਨਾ ਨਹੀਂ ਰਹਿ ਜਾਂਦਾ ਠੀਕ ਇਸੇ ਤਰ੍ਹਾਂ ਪੁਰਾਣੇ ਸਮੇਂ ਵਿਚ ਭੱਠੀਆਂ ਲੋਕਾਂ ਦੇ ਮੇਲ ਮਿਲਾਪ ਦਾ ਸਾਧਨ ਹੁੰਦੀਆਂ ਸਨ। ਇਸ ਲੋਕ ਸੱਥ ਦਾ ਕੰਮ ਕਰਦੀਆਂ ਸਨ। ਇੱਥੇ ਹੀ ਬੈਠ ਕੇ ਪੂਰੇ ਪਿੰਡ ਦੀਆਂ ਗੱਲਾਂ ਨੂੰ ਰਿੜਕਿਆਂ ਜਾਂਦਾ ਸੀ ਅਤੇ ਇੱਥੇ ਬੈਠ ਕੇ ਕਹਾਣੀਆਂ, ਲੋਕ ਗੀਤ, ਲੋਕ ਸਾਜ਼, ਗਾਣੇ ਵਜਾਏ ਜਾਂਦੇ ਸਨ। ਭੱਠੀ 'ਤੇ ਪਿੰਡ ਦੀਆਂ ਕੁੜੀਆਂ ਚਿੜੀਆਂ ਇਕੱਠੀਆਂ ਹੁੰਦੀਆਂ ਸਨ। ਇੱਥੇ ਹੀ ਵਡੇਰੀ ਉਮਰ ਦੇ ਬਜ਼ੁਰਗ ਅਤੇ ਪਿੰਡ ਦੇ ਗੱਭਰੂ ਬੈਠਦੇ ਸਨ। ਪਿੰਡ ਵਿਚ ਕੌਣ ਆਇਆ ਕੌਣ ਗਿਐ, ਕਿਸ ਦੇ ਘਰ ਪ੍ਰਾਹੁਣਾ ਆਇਆ, ਪਿੰਡ ਦੇ ਕੀ ਹਾਲਾਤ ਹਨ ਇਨ੍ਹਾਂ ਸਾਰੀਆਂ ਗੱਲਾਂ ਦਾ ਹਾਲ ਭੱਠੀ 'ਤੇ ਸਹਿਜ ਸੁਭਾਅ ਹੀ ਮਿਲ ਜਾਂਦਾ ਸੀ। ਇਹ ਸਾਂਝ ਕਿਸੇ ਵੀ ਤਕਨੀਕ ਦੀ ਮੁਹਤਾਜ਼ ਨਹੀਂ ਸੀ, ਸਗੋਂ ਸਹਿਜ ਸੁਭਾਅ ਹੀ ਇਸ ਥਾਂ 'ਤੇ ਲੋਕ ਇਕੱਠੇ ਹੋ ਕੇ ਬੈਠਦੇ ਸਨ। ਭਾਵੇਂ ਕਿ ਅੱਜਕਲ੍ਹ ਸਮਾਂ ਬਦਲ ਗਿਆ ਹੈ ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਭੱਠੀ ਵਰਗੇ ਸ਼ਬਦਾਂ ਤੋਂ ਅਜੋਕੀ ਪੀੜ੍ਹੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਜਾਣੂ ਕਰਵਾਇਆ ਜਾਵੇ। ਭਾਵੇਂ ਕਿ ਲੋਹੜੀ ਦੇ ਸੀਜ਼ਨ ਵਿਚ ਸ਼ਹਿਰਾਂ ਵਿਚ ਭੱਠੀਆਂ ਦੇ ਮੂੰਗਫਲੀ ਅਤੇ ਮੱਕੀ ਦੇ ਦਾਣੇ ਭੁੰਨਦੇ ਵਿਖਾਈ ਪੈਂਦੇ ਹਨ ਪਰ ਇਨ੍ਹਾਂ ਭੱਠੀਆਂ ਦਾ ਸਾਡੇ ਸਭਿਆਚਾਰ ਵਾਲੀ ਭੱਠੀ ਸ਼ਬਦ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੈ।
ਭੱਠੀ ਦੇ ਦਾਣੇ ਖਿੜ ਗਏ
ਜਿਵੇਂ ਖਿੜਿਆ ਫ਼ੁੱਲ ਗੁਲਾਬ
ਵੱਸਦਾ ਰਹੇ ਨੀ ਅੜੀਓ
ਮੇਰਾ ਰੰਗਲਾ ਪੰਜਾਬ

-ਪੱਤਰਕਾਰ, ਰਾਜਪੁਰਾ (ਪਟਿਆਲਾ )
ਮੋਬਾਈਲ : 93177-41641

Ad Position 22
No active advertisement
ਪਿਛਲੀ ਖ਼ਬਰ ਮੂੰਹ ਆਈ ਗੱਲ-ਅਹਿਮੀਅਤ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ
Ad Position 24
No active advertisement