'ਚਰਪਟ ਦਾਸ, ਮੈਨੂੰ ਵੀਹ ਵਰ੍ਹੇ ਹੋ ਗਏ ਗ਼ਜ਼ਲਾਂ ਲਿਖਦੇ ਨੂੰ | ਛੇ ਮੇਰੀਆਂ ਕਿਤਾਬਾਂ ਛਪ ਗੀਆਂ | ਪਰ ਮੈਨੂੰ ਇਕ ਗੱਲ ਦੀ ਸਮਝ ਨੀਂ ਪਈ ਕਿ ਮੈਂ ਜਦ ਵੀ ਆਪਣੀ ਨਵੀਂ ਲਿਖੀ ਗ਼ਜ਼ਲ ਸੋਸ਼ਲ ਮੀਡੀਆ 'ਤੇ ਪਾਉਨਾ ਤਾਂ ਗਿਣਤੀ ਦੇ ਅੱਠ ਦਸ ਲਾਈਕ ਹੁੰਦੇ ਐ | ਬੱਸ ਤਿੰਨ ਚਾਰ ਕੁਮੈਂਟ ਹੁੰਦੇ ਐ |' ਘੁਮੰਡ ਸਿੰਘ ਨੇ ਆਪਣੇ ਬਚਪਨ ਦੇ ਯਾਰ ਅੱਗੇ ਸੀਨੇ ਧੁਖਦੀ ਅੱਗ ਫਰੋਲੀ |
'ਬਾਈ ਘੁਮੰਡ ਸਿਆਂ! ਤੂੰ ਤਾਂ ਜਮ੍ਹਾਂ ਈ ਭੋਲੈਂ | ਹੁਣ ਲਾਈਕ ਜਾਂ ਟਿੱਪਣੀਆਂ ਕਿਸੇ ਦੀ ਰਚਨਾ ਦੇਖ ਕੇ ਥੋੜ੍ਹਾ ਕੀਤੀਆਂ ਜਾਂਦੀਐਂ | ਇਹ ਤਾਂ ਮੂੰਹ ਮੁਲ੍ਹਾਜੇ ਦੇਖ ਕੇ ਕੀਤੀਆਂ ਜਾਂਦੀਐਂ | ਜਾਂ ਫ਼ੇਰ ਸੋਹਣੀ ਸੁਨੱਖੀ ਕੱਤਰੀ ਦਾ ਰੰਗ ਰੂਪ ਦੇਖ ਕੇ ਕੀਤੀਆਂ ਜਾਂਦੀਐਂ |' ਚਰਪਟ ਦਾਸ ਨੇ ਸਿਰੇ ਦੀ ਸੁਣਾ ਦਿੱਤੀ |
'ਯਾਰਾ! ਗੱਲ ਤਾਂ ਤੇਰੀ ਠੀਕ ਐ | ਆਹ ਆਪਣੇ ਲਾਲੀ ਲੰਬੜਦਾਰ ਦੀ ਕਾਲਜ ਪੜ੍ਹਦੀ ਪੋਤੀ ਨੇ ਗ਼ਜ਼ਲ ਦਾ ਅਜੇ ਊੜਾ ਆੜਾ ਨੀਂ ਸਿੱਖਿਆ | ਉਹ ਚਾਰ ਅੱਖਰਾਂ ਦੀ ਤੁਕਬੰਦੀ ਕਰਦੀ ਐ ਬੱਸ | ਝੱਟ ਸੋਸ਼ਲ ਮੀਡੀਆ 'ਤੇ ਸੁੱਟ ਦਿੰਦੀ ਐ | ਕਹਿੰਦੇ ਕਹਾਉਂਦੇ ਬੜੇ-ਬੜੇ ਮਹਾਂਰਥੀ ਵੀ ਉਹਦੀ ਤਾਰੀਫ਼ ਕਰਦੇ ਨੀਂ ਥੱਕਦੇ |' ਘੁਮੰਡ ਸਿਉਂ ਨੇ ਨਿੰਮ ਵਰਗੀ ਕੌੜੀ ਗੱਲ ਆਖ ਦਿੱਤੀ |
'ਬਾਈ ਘੁਮੰਡ ਸਿਆਂ! ਤਦੇ ਤਾਂ ਸਿਆਣਿਆਂ ਨੇ ਸੱਚ ਆਖਿਐ- ਅਖੇ ਬੰਦਾ ਮੰਗੇ ਆਟਾ, ਉਹਨੂੰ ਆਟੇ ਦਾ ਵੀ ਘਾਟਾ | ਤੀਮੀਂ ਮੰਗੇ ਪੇੜੇ, ਉਹਨੂੰ ਦੇਣ ਆਲ਼ੇ ਬਥੇਰੇ |' ਚਰਪਟ ਦਾਸ ਆਖ ਕੇ ਮੁਸਕੜੀਏ ਹੱਸਣ ਲੱਗ ਪਿਆ |
ਮੂੰਹ ਮੁਲ੍ਹਾਜੇ <br/>
ਅਜੀਤ ਡੈਸਕ
05-04-2026