16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਐਲੀ ਦੀ ਵਾਪਸੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਉੱਚ ਅਧਿਕਾਰੀ ਪੀ.ਕੇ. ਤਿਆਗੀ ਦੀ ਧੀ ਆਸ਼ਾ ਤਿਆਗੀ ਦੀ ਸ਼ਾਦੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਸਨ | ਉਨ੍ਹਾਂ ਨੇ ਇਕ ਮਧਰੇ ਕੱਦ ਦੀ ਚਿੱਟੀ ਕੁੱਤੀ ਜਿਸ ਨੂੰ ਉਹ ਐਲੀ ਕਹਿੰਦੇ ਸਨ, ਪਾਲੀ ਹੋਈ ਸੀ | ਵੈਸੇ ਤਾਂ ਸਾਰਾ ਪਰਿਵਾਰ ਹੀ ਉਸ ਨਾਲ ਪਿਆਰ ਕਰਦਾ ਸੀ ਪਰ ਆਸ਼ਾ ਕੁਝ ਜ਼ਿਆਦਾ ਹੀ ਉਸ ਨਾਲ ਘੁਲ-ਮਿਲ ਗਈ ਸੀ |
ਵਿਆਹ ਤੋਂ ਦੋ ਦਿਨ ਪਹਿਲਾਂ ਐਲੀ ਅਚਾਨਕ ਬਿਮਾਰ ਹੋ ਗਈ | ਤਿਆਗੀ ਸਾਹਿਬ ਨੇ ਆਪਣੇ ਦਫ਼ਤਰ ਦੇ ਦੋ ਕਰਮਚਾਰੀ ਗੰਡਾ ਸਿੰਘ ਅਤੇ ਘੁਮੰਡਾ ਸਿੰਘ ਨੂੰ ਸੱਦਿਆ ਤੇ ਕਿਹਾ ਕਿ ਤੁਸੀਂ ਐਲੀ ਨੂੰ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਚ ਚੈੱਕ-ਅੱਪ ਕਰਵਾ ਕੇ ਦਵਾਈ ਵਗੈਰਾ ਲੈ ਆਓ | ਘੁਮੰਡੇ ਨੇ ਐਲੀ ਨੂੰ ਆਪਣੀਆਂ ਬਾਹਵਾਂ ਵਿਚ ਜਕੜ ਲਿਆ ਤੇ ਸਕੂਟਰੀ ਦੇ ਪਿੱਛੇ ਬੈਠ ਗਿਆ ਅਤੇ ਗੰਡਾ ਸਕੂਟਰੀ ਚਲਾਉਣ ਲੱਗ ਪਿਆ | ਜਾਂਦੇ-ਜਾਂਦੇ ਉਹ ਤਿਆਗੀ ਜੀ ਦੀਆਂ ਚੁਗਲੀਆਂ ਕਰਕੇ ਉੱਚੀ-ਉੱਚੀ ਹੱਸ ਵੀ ਰਹੇ ਸਨ |
ਹਸਪਤਾਲ ਪਹੁੰਚ ਕੇ ਉਨ੍ਹਾਂ ਨੇ ਡਾਕਟਰ ਚਿਰੰਜੀ ਲਾਲ ਧਮੀਜਾ ਨੂੰ ਐਲੀ ਦਾ ਚੈੱਕ ਅੱਪ ਕਰਨ ਲਈ ਬੇਨਤੀ ਕੀਤੀ | ਡਾਕਟਰ ਧਮੀਜਾ ਜਦੋਂ ਥਰਮਾਮੀਟਰ ਨਾਲ ਐਲੀ ਦਾ ਤਾਪਮਾਨ ਚੈੱਕ ਕਰਨ ਲਈ ਉਸ ਦੀ ਪੂਛ ਨੂੰ ਹੱਥ ਪਾਉਣ ਹੀ ਲੱਗਾ ਸੀ ਕਿ ਐਲੀ ਡਰ ਗਈ ਅਤੇ ਉਹ ਮੇਜ਼ ਤੋਂ ਛੇ ਫੁੱਟ ਦੂਰ ਛਾਲ ਮਾਰ ਕੇ ਬਾਹਰ ਭੱਜ ਗਈ | ਗੰਡਾ ਅਤੇ ਘੁਮੰਡਾ ਵੀ ਉਸ ਦੇ ਮਗਰ ਦੌੜੇ ਪਰ ਉਹ ਯੂਨੀਵਰਸਿਟੀ ਦੇ ਖੇਤਾਂ ਵਿਚੋਂ ਹੁੰਦੀ ਹੋਈ ਪਤਾ ਨਹੀਂ ਕਿਧਰ ਅਲੋਪ ਹੋ ਗਈ |
ਗੰਡੇ ਅਤੇ ਘੁਮੰਡੇ ਦਾ ਬੁਰਾ ਹਾਲ ਹੋ ਸੀ | ਉਨ੍ਹਾਂ ਨੂੰ ਤਰੇਲੀਆਂ ਆਉਣ ਲੱਗ ਪਈਆਂ | ਥੱਕ ਹਾਰ ਕੇ ਉਹ ਇਕ ਨਿੰਮ ਥੱਲੇ ਬੈਠ ਗਏ | ਗੰਡਾ ਕਹਿਣ ਲੱਗਾ ਕਿ ਜੇਕਰ ਐਲੀ ਨਾ ਮਿਲੀ ਤਾਂ ਆਪਾਂ ਨੂੰ ਸਾਬ੍ਹ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਣਾ ਤੇ ਹੋ ਸਕਦਾ ਹੈ ਕਿ ਉਹ ਆਪਣੀ ਬਦਲੀ ਅਬੋਹਰ ਫਾਜ਼ਿਲਕਾ ਦੀ ਕਰ ਦੇਵੇ | ਉਥੇ ਤਾਂ ਆਪਣੀ ਕੋਈ ਰਿਸ਼ਤੇਦਾਰੀ ਅਤੇ ਜਾਣ ਪਹਿਚਾਣ ਵੀ ਨਹੀਂ ਹੈ |
ਦੋ ਘੰਟਿਆਂ ਬਾਅਦ ਆਖ਼ਰ ਜਦੋਂ ਉਹ ਸਾਬ੍ਹ ਦੀ ਕੋਠੀ ਪਹੁੰਚੇ ਤਾਂ ਉਨ੍ਹਾਂ ਸਾਰੀ ਗੱਲ ਤਿਆਗੀ ਜੀ ਨੂੰ ਦੱਸ ਦਿੱਤੀ | ਉਨ੍ਹਾਂ ਦਾ ਗੁੱਸਾ ਸੱਤ ਅਸਮਾਨੀਂ ਚੜ੍ਹ ਗਿਆ | ਸਾਰਾ ਟੱਬਰ ਇਕੱਠਾ ਹੋ ਗਿਆ | ਇੰਜ ਲਗਦਾ ਸੀ ਜਿਵੇਂ ਵਿਆਹ ਦੀ ਖੁਸ਼ੀ ਮਿੱਟੀ ਵਿਚ ਮਿਲ ਗਈ ਹੋਵੇ | ਆਸ਼ਾ ਵੀ ਪਾਪਾ ਨਾਲ ਲਿਪਟ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਪਾਪਾ ਜੇਕਰ ਐਲੀ ਨਾ ਮਿਲੀ ਤਾਂ ਉਸ ਨੇ ਵੀ ਡੋਲੀ ਵਿਚ ਨਹੀਂ ਬੈਠਣਾ | ਇਸ 'ਤੇ ਤਿਆਗੀ ਜੀ ਦਾ ਪਾਰਾ ਹੋਰ ਚੜ੍ਹ ਗਿਆ ਤੇ ਗੰਡੇ ਅਤੇ ਘੁਮੰਡੇ ਨੂੰ ਕਹਿਣ ਲੱਗੇ, 'ਨਾਲਾਇਕੋ ਯੂਨੀਵਰਸਿਟੀ ਕੋਲ ਵਗਦੀ ਨਹਿਰ 'ਤੇ ਜਾ ਕੇ ਵੇਖੋ, ਹੋ ਸਕਦਾ ਹੈ ਨਹਿਰ ਦੇ ਆਲੇ-ਦੁਆਲੇ ਦਰੱਖਤਾਂ ਵਿਚੋਂ ਉਹ ਮਿਲ ਜਾਵੇ |
ਗੰਡਾ ਸਕੂਟਰੀ ਸਟਾਰਟ ਕਰਨ ਹੀ ਲੱਗਾ ਸੀ ਕਿ ਘੁਮੰਡੇ ਦੀ ਨਿਗਾਹ ਸਾਹਮਣੇ ਆਉਂਦੀ ਐਲੀ 'ਤੇ ਾਜ ਪਈ ਤੇ ਉਹ ਉੱਚੀ-ਉੱਚੀ ਕਹਿਣ ਲੱਗਾ, 'ਸਾਹਿਬ ਜੀ, ਐਲੀ ਆ ਗਈ ਹੈ... ਐਲੀ ਆਪਣੇ-ਆਪ ਹੀ ਘਰ ਵਾਪਸ ਆ ਗਈ ਹੈ |' ਸਾਰਾ ਟੱਬਰ ਐਲੀ ਨੂੰ ਫੜਨ ਲਈ ਦੌੜਿਆ | ਆਸ਼ਾ ਐਲੀ ਨੂੰ ਗੋਦ ਵਿਚ ਬਿਠਾ ਕੇ ਰੋ-ਰੋ ਕੇ ਕਹਿ ਰਹੀ ਸੀ ਕਿ ਐਲੀ ਜੇ ਤੂੰ ਵਾਪਸ ਨਾ ਆਉਂਦੀ ਤਾਂ ਮੈਂ ਵੀ ਸ਼ਾਦੀ ਨਹੀਂ ਸੀ ਕਰਾਉਣੀ | ਫਿਰ ਉਸ ਦੀ ਨਿਗਾਹ ਇਕ ਪਾਸੇ ਖਲੋਤੇ ਗੰਡੇ ਅਤੇ ਘੁਮੰਡੇ 'ਤੇ ਪਈ ਤੇ ਉਨ੍ਹਾਂ ਨੂੰ ਕਹਿਣ ਲੱਗੀ, 'ਅੰਕਲ, ਤੁਸੀਂ ਅੰਦਰ ਆ ਜਾਵੋ | ਸਵੇਰ ਦੇ ਤੁਸੀਂ ਵੀ ਭੁੱਖੇ ਭਾਣੇ ਚਿੰਤਾ ਵਿਚ ਦੌੜਦੇ ਰਹੇ ਹੋ | ਆਜੋ ਕੁਝ ਖਾ ਪੀ ਲਵੋ |
ਇਸ 'ਤੇ ਗੰਡੇ ਨੇ ਘੁਮੰਡੇ ਦੇ ਕੰਨ ਵਿਚ ਕਿਹਾ ਕਿ ਫਾਜ਼ਿਲਕਾ, ਅਬੋਹਰ ਜਾਣ ਤੋਂ ਬਚ ਗਏ ਹਾਂ ਅਤੇ ਹੱਥ ਜੋੜ ਕੇ ਅਮਸਾਨ ਵੱਲ ਵੇਖਦੇ ਹੋੇ ਰੱਬ ਦਾ ਧੰਨਵਾਦ ਕੀਤਾ |

-ਮੋਬਾਈਲ : 98883-65000

Ad Position 22
No active advertisement
ਪਿਛਲੀ ਖ਼ਬਰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਬਹੁਤ ਕੁਝ ਲੱਗਾ ਹੈ ਦਾਅ 'ਤੇ ਅਗਲੀ ਖ਼ਬਰ ਮੂੰਹ ਮੁਲ੍ਹਾਜੇ <br/>
Ad Position 24