02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗੁਰਦੀਪ ਸਿੰਘ ਪੰਧੇਰ ਨੂੰ ਮਿਲਿਆ ‘ਗਵਰਨਰ ਜਨਰਲ ਮੈਰੀਟੋਰੀਅਸ ਸਰਵਿਸ ਮੈਡਲ’

Ad Position 21
No active advertisement
ਅਜੀਤ ਡੈਸਕ 03-07-2026
ਐਬਟਸਫੋਰਡ, 2 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਗਵਰਨਰ ਜਨਰਲ ਲੂਸੀ ਅਰਬਰ ਨੇ ਉੱਘੇ ਕੈਨੇਡੀਅਨ ਪੰਜਾਬੀ ਭੰਗੜਾ ਕਲਾਕਾਰ ਗੁਰਦੀਪ ਸਿੰਘ ਪੰਧੇਰ ਦਾ ਗਵਰਨਰ ਜਨਰਲ ਮੈਰੀਟੋਰੀਅਸ ਸਰਵਿਸ ਮੈਡਲ ਨਾਲ ਸਨਮਾਨ ਕੀਤਾ ਹੈ ਗੁਰਦੀਪ ਸਿੰਘ ਪੰਧੇਰ ਨੂੰ ਇਹ ਵਕਾਰੀ ਸਨਮਾਨ ਸੱਭਿਆਚਾਰ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ ਗੁਰਦੀਪ ਸਿੰਘ ਪੰਧੇਰ ਇੱਕ ਸਿੱਖ-ਕੈਨੇਡੀਅਨ ਲੇਖਕ, ਅਧਿਆਪਕ ਅਤੇ ਕਲਾਕਾਰ ਹਨ, ਜੋ ਯੂਕੋਨ ਵਿੱਚ ਰਹਿੰਦੇ ਹਨ ਅਤੇ ਪੰਜਾਬੀ ਭੰਗੜੇ ਦੀਆਂ ਵੀਡੀਓਜ਼ ਬਣਾਉਣ ਲਈ ਪ੍ਰਸਿੱਧ ਹਨ। ਗੁਰਦੀਪ ਸਿੰਘ ਪੰਧੇਰ ਦਾ ਜਨਮ ਜ਼ਿਲਾ ਲੁਧਿਆਣਾ ਦੇ ਪਿੰਡ ਸਿਆੜ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹ 2006 ਵਿੱਚ ਕੈਨੇਡਾ ਆ ਗਏ ਅਤੇ 2011 ਵਿੱਚ ਕੈਨੇਡਾ ਦੇ ਨਾਗਰਿਕ ਬਣੇ। ਕੈਨੇਡਾ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ ਹਰ ਹਿੱਸੇ ਨੂੰ ਵੇਖਣ ਅਤੇ ਇਸ ਨੂੰ ਹੋਰ ਡੂੰਘਾਈ ਨਾਲ ਸਮਝਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਨੇ ਕੈਨੇਡਾ ਦੇ ਕਈ ਸੂਬਿਆਂ ਅਤੇ ਛੋਟੇ-ਛੋਟੇ ਪਿੰਡਾਂ ਵਿੱਚ ਰਹਿ ਕੇ ਜੀਵਨ ਬਿਤਾਇਆ, ਪਰ ਆਖ਼ਰਕਾਰ ਯੂਕਨ ਦੇ ਇੱਕ ਜੰਗਲੀ ਇਲਾਕੇ ਵਿੱਚ ਸਥਿਤ ਲੱਕੜ ਦੇ ਕੈਬਿਨ ਨੂੰ ਆਪਣਾ ਸਥਾਈ ਘਰ ਬਣਾਇਆ। ਗੁਰਦੀਪ ਪੰਧੇਰ ਕੈਨੇਡਾ ਭਰ ਵਿੱਚ ਵੱਖ-ਵੱਖ ਭਾਈਚਾਰਿਆਂ ਅਤੇ ਸਮੂਹਾਂ ਨੂੰ ਸਿਖਲਾਈ ਦਿੰਦੇ ਹਨ। ਉਹ ਵੱਖ-ਵੱਖ ਸਭਿਆਚਾਰਾਂ ਵਿਚਕਾਰ ਪੁਲ ਬਣਾਉਣ, ਆਪਸੀ ਸਵੀਕਾਰਤਾ, ਸਮਾਵੇਸ਼ ਅਤੇ ਨਸਲੀ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੇ ਹਨ। ਕੈਨੇਡਾ ਵਿੱਚ ਅੰਤਰ-ਸੱਭਿਆਚਾਰਕ ਸਮਝ ਨੂੰ ਵਧਾਉਣ ਦੇ ਉਦੇਸ਼ ਨਾਲ ਉਨ੍ਹਾਂ ਨੇ ਭੰਗੜੇ ਨੂੰ ਦੇਸ਼ ਦੀਆਂ ਹੋਰ ਕਈ ਸੱਭਿਆਚਾਰਕ ਨਾਚ ਸ਼ੈਲੀਆਂ ਨਾਲ ਜੋੜ ਕੇ ਨਵੇਂ ਪ੍ਰਯੋਗ ਕੀਤੇ ਹਨ। ਯੂਕਨ ਵਿੱਚ ਬਣਾਈਆਂ ਗਈਆਂ ਉਨ੍ਹਾਂ ਦੀਆਂ ਭੰਗੜਾ ਵੀਡੀਓਜ਼ ਨੇ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੇ ਕੰਮ ਨੂੰ ਕਿਊਬਕ ਦੇ ਫਰਾਂਸੀਸੀ-ਕੈਨੇਡੀਅਨ ਮੀਡੀਆ ਵਿੱਚ ਵੀ ਖ਼ਾਸ ਤੌਰ ‘ਤੇ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ, ਉਹ ਆਈ ਟੀ ਵੀ ਦੇ ਟੈਲੀਵਿਜ਼ਨ ਪ੍ਰੋਗਰਾਮ ਵਿੱਚ, ਜਿਸ ਦੀ ਮੇਜ਼ਬਾਨੀ ਲੇਰੀਨ ਕੈਲੀ ਕਰਦੀ ਹੈ, ਮਹਿਮਾਨ ਵਜੋਂ ਵੀ ਸ਼ਾਮਲ ਹੋਏ। ਉਹ ਸੀ ਟੀਵੀ ਦੇ ਮਨੋਰੰਜਨ ਪ੍ਰੋਗਰਾਮ ਈ ਟਾਕ ਵਿੱਚ ਵੀ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੇ ਹਨ। ਗੁਰਦੀਪ ਪੰਧੇਰ ਨੂੰ ਖ਼ਾਸ ਤੌਰ ‘ਤੇ ਕੋਵਿਡ 19 ਮਹਾਂਮਾਰੀ ਦੌਰਾਨ ਯੂਕਨ ਤੋਂ ਲੈ ਕੇ ਕੈਨੇਡਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੋਕਾਂ ਵਿੱਚ ਉਮੀਦ, ਹੌਸਲਾ ਅਤੇ ਸਕਾਰਾਤਮਕ ਸੋਚ ਫੈਲਾਉਣ ਲਈ ਜਾਣਿਆ ਜਾਂਦਾ ਹੈ। ਕੋਵਿਡ-19 ਟੀਕਾਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਉਨ੍ਹਾਂ ਨੇ ਯੂਕਨ ਦੀ ਇੱਕ ਜੰਮੀ ਹੋਈ ਝੀਲ ਉੱਤੇ ਭੰਗੜਾ ਕਰਦੇ ਹੋਏ ਇੱਕ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ। ਉਹ ਨਾਚ ਨੂੰ ਇੱਕ ਅਜਿਹਾ ਸਾਧਨ ਵੀ ਮੰਨਦੇ ਹਨ ਜਿਸ ਰਾਹੀਂ ਉਹ ਉਹਨਾਂ ਰੁਕਾਵਟਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਦਾ ਸਾਹਮਣਾ ਕਾਲੇ, ਆਦਿਵਾਸੀ ਅਤੇ ਹੋਰ ਨਸਲੀ ਭਾਈਚਾਰਿਆਂ ਦੇ ਲੋਕਾਂ ਨੂੰ ਕਰਨਾ ਪੈਂਦਾ ਹੈ ਕੈਨੇਡਾ ਦੇ ਪ੍ਰਮੁੱਖ ਮੀਡੀਆ ਅਦਾਰੇ ਸੀਬੀਸੀ ਦੇ ਅਨੁਸਾਰ, “ਗੁਰਦੀਪ ਪੰਧੇਰ ਨੂੰ ਯੂਕੋਨ ਦਾ ਸੋਸ਼ਲ ਮੀਡੀਆ ‘ਤੇ ਸਭ ਤੋਂ ਮਸ਼ਹੂਰ ਵਿਅਕਤੀ ਮੰਨਿਆ ਜਾ ਸਕਦਾ ਹੈ।”
Ad Position 22
No active advertisement
ਪਿਛਲੀ ਖ਼ਬਰ ਹਿੰਦੂ ਸਭਾ ਮੰਦਰ ਵਿਖੇ ਮਨਾਏ ਕੈਨੇਡਾ ਦਿਵਸ ਦੇ ਜ਼ਸ਼ਨ ਮਨਾਏ ਅਗਲੀ ਖ਼ਬਰ ਪਲੈਂਟੀ ਵੈਲੀ ਐਫ.ਐਮ. ਰੇਡੀਓ ’ਤੇ ਰੂਬਰੂ ਹੋਏ ਧਰਵਿੰਦਰ ਔਲਖ
Ad Position 24
No active advertisement