ਟੋਰਾਂਟੋ, 2 ਜੁਲਾਈ (ਹਰਜੀਤ ਸਿੰਘ ਬਾਜਵਾ)-ਕੈਨੇਡਾ ਦਾ 159ਵਾਂ ਅਜ਼ਾਦੀ ਦਿਹਾੜਾ ਕੈਨੇਡਾ ਭਰ ’ਚ ਵੱਸਦੇ ਲੋਕਾਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ, ਇਸ ਮੌਕੇ ਜਿੱਥੇ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਵੱਖ ਵੱਖ ਥਾਵਾਂ ਉੱਤੇ ਕੈਨੇਡਾ ਦਿਵਸ ਦੇ ਸਬੰਧ ਵਿੱਚ ਰੱਖੇ ਜ਼ਸ਼ਨਾਂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਿ: ਮਾਰਕ ਕਾਰਨੀ ਨੇ ਸ਼ਮੂਲੀਅਤ ਕੀਤੀ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਕੈਨੇਡਾ ਦੇ ਵੱਖ-ਵੱਖ ਸੂਬਿਆਂ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਕੈਨੇਡਾ ਦਿਵਸ ਸਬੰਧੀ ਸਮਾਗਮ ਕਰਵਾਏ ਗਏ, ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਉੱਤੇ ਮਹੀਨਾ ਭਰ ਚੱਲਣ ਵਾਲੇ ਜ਼ਸ਼ਨਾਂ ਵਿੱਚ ਹਰ ਦੇਸ਼ ਦੇ ਲੋਕਾਂ ਵੱਲੋਂ ਆਪੋ ਆਪਣੇ ਤਰੀਕੇ ਨਾਲ ਇਹ ਜ਼ਸ਼ਨ ਮਨਾਏ ਜਾ ਰਹੇ ਹਨ ਅਤੇ ਇਸੇ ਸਬੰਧ ਵਿੱਚ ਬਰੈਂਪਟਨ ਦੇ ਹਿੰਦੂ ਸਭਾ ਮੰਦਰ (ਗੋਰ ਰੋਡ ਬਰੈਂਪਟਨ) ਵਿਖੇ ਕਰਵਾਏ ਗਏ ਸਮਾਗਮ ਵਿੱਚ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ ਉੱਥੇ ਹੀ ਇਸ ਮੌਕੇ ਕੈਨੇਡਾ ਦੇ ਕੇਂਦਰੀ, ਸੁਬਾਈ ਅਤੇ ਮਿਉਂਸੀਪਲ ਪੱਧਰ ਦੇ ਨੁੰਮਾਇੰਦੇ ਅਤੇ ਆਗੂ ਵੀ ਪਹੁੰਚੇ ਹੋਏ ਸਨ ਜਿਹਨਾਂ ਨੇ ਇੱਥੇ ਸਭ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਮੰਦਰ ਮੈਨੇਜ਼ਮੈਂਟ ਕਮੇਟੀ ਦੇ ਸ੍ਰੀ ਮਧੂਸੂਦਨ ਲਾਮਾ, ਅਸ਼ਵਨੀ ਜੋਸ਼ੀ,ਰਾਕੇਸ਼ ਗੋਇਨਕਾ,ਕਸ਼ਮੀਰੀ ਲਾਲ,ਵਿਨੋਦ ਅਗਰਵਾਲ ਅਤੇ ਹੋਰਨਾਂ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਕੈਨੇਡਾ ਦਾ ਝੰਡਾ ਝੁਲਾਇਆ, ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਗਾਇਆ ਗਿਆ ਅਤੇ ਹਿੰਦੂ ਸਭਾ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਅਤੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲੁਆਈ,ਇਸ ਮੌਕੇ ਵਿਸ਼ੇਸ਼ ਤੌਰ ਤੇ’ ਨੌਜਵਾਨ ਗਾਇਕ ਬੌਬੀ ਪੰਧੇਰ ਵੱਲੋਂ ਕਈ ਗੀਤਾਂ ਨਾਲ ਆਪਣੀ ਹਾਜ਼ਰੀ ਲੁਆਈ ਜਦੋਂ ਕਿ ਸਟੇਜ ਦੀ ਜ਼ਿੰਮੇਵਾਰੀ ਨੌਜਵਾਨ ਆਗੂ ਸ੍ਰੀ ਮਨਨ ਗੁਪਤਾ ਵੱਲੋਂ ਨਿਭਾਈ ਗਈ।ਅੰਤ ਵਿੱਚ ਪ੍ਰਬੰਧਕਾਂ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।