ਮਕਸੂਦਾਂ, 28 ਮਈ (ਸੌਰਵ ਮਹਿਤਾ) - ਮਕਸੂਦਾਂ ਫਲਾਈਓਵਰ ਨੇੜੇ ਸਵੇਰੇ ਦੇ ਸਮੇਂ ਦਹਿਸ਼ਤ ਫੈਲਾਉਂਦੇ ਹੋਏ ਦੋ ਲੋਕਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁੱਟਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਥਾਣਾ ਇੱਕ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ¢ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਜਦਕਿ ਉਸ ਦਾ ਸਾਥੀ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਚੁੱਕਾ ਹੈ | ਜਾਣਕਾਰੀ ਮੁਤਾਬਕ ਅਪ੍ਰੈਲ ਮਹੀਨੇ ਦÏਰਾਨ ਤੜਕੇ ਦੇ ਸਮੇਂ ਬਾਈਕ 'ਤੇ ਆਏ ਦੋ ਨੌਜਵਾਨਾਂ ਨੇ ਨਾਗਰਾ ਇਲਾਕੇ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਸੈਰ ਕਰਨ ਲਈ ਘਰ ਤੋਂ ਨਿਕਲੇ ਹੋਏ ਸਨ | ਦੋਸ਼ੀਆਂ ਨੇ ਉਨ੍ਹਾਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਮੋਬਾਈਲ ਫੋਨ ਤੇ ਨਕਦੀ ਖੋਹ ਕੇ ਫਰਾਰ ਹੋ ਗਏ | ਇਸ ਤੋਂ ਕੁਝ ਸਮੇਂ ਬਾਅਦ ਹੀ ਇਨ੍ਹਾਂ ਹੀ ਲੁਟੇਰਿਆਂ ਨੇ ਸਬਜ਼ੀ ਵਿਕਰੇਤਾ ਦਿਲੀਪ ਕੁਮਾਰ ਨੂੰ ਵੀ ਰੋਕ ਕੇ ਉਸ ਨਾਲ ਲੁੱਟਖੋਹ ਕੀਤੀ | ਘਟਨਾ ਤੋਂ ਬਾਅਦ ਥਾਣਾ ਇੱਕ ਦੀ ਪੁਲਿਸ ਵੱਲੋਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ | ਜਾਂਚ ਦÏਰਾਨ ਦੋਵੇਂ ਨੌਜਵਾਨ ਫੁਟੇਜ 'ਚ ਸਪਸ਼ਟ ਨਜ਼ਰ ਆਏ ਜਿਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਵੀ ਦਿਖਾਈ ਦਿੱਤੇ | ਫੁਟੇਜ ਤੇ ਹੋਰ ਤਕਨੀਕੀ ਜਾਂਚ ਦੇ ਆਧਾਰ 'ਤੇ ਪੁਲਿਸ ਨੇ ਦੋਵੇਂ ਮੁਲਜ਼ਮਾਂ ਦੀ ਪਹਿਚਾਣ ਯੁਵਰਾਜ ਉਰਫ਼ ਯੂਵੀ ਵਾਸੀ ਨੈਸ਼ਨਲ ਪਾਰਕ ਤੇ ਦਿਵਿਆਂਸ਼ੂ ਵਾਸੀ ਨਿਊ ਅਮਨ ਨਗਰ ਵਜੋਂ ਕੀਤੀ | ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ ਪਰ ਦੋਵੇਂ ਆਪਣੇ ਟਿਕਾਣਿਆਂ ਤੋਂ ਗਾਇਬ ਮਿਲੇ | ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦਿਵਿਆਂਸ਼ੂ ਸ਼ਹਿਰ ਵਿੱਚ ਹੀ ਲੁਕਿਆ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ | ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ | ਪੁਲਿਸ ਅਧਿਕਾਰੀਆਂ ਮੁਤਾਬਕ ਦੂਜੇ ਮੁਲਜ਼ਮ ਯੁਵਰਾਜ ਨੇ ਪਹਿਲਾਂ ਹੀ ਜ਼ਮਾਨਤ ਹਾਸਲ ਕਰ ਲਈ ਸੀ ਤੇ ਉਸ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ | ਉੱਧਰ, ਹਮਲੇ ਦÏਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪਰਮਜੀਤ ਸਿੰਘ ਨੂੰ ਲੰਬੇ ਸਮੇਂ ਤੱਕ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਰਹਿਣਾ ਪਿਆ ਸੀ¢ ਹਮਲੇ ਕਾਰਨ ਉਨ੍ਹਾਂ ਦੀ ਨੱਕ ਦੀ ਹੱਡੀ ਟੁੱਟ ਗਈ ਸੀ ਤੇ ਦੰਦ ਵੀ ਨੁਕਸਾਨੀਏ ਹੋ ਗਏ ਸਨ, ਇਸ ਵਾਰਦਾਤ ਨੇ ਉਸ ਸਮੇਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ |