ਜਲੰਧਰ, 29 ਮਈ (ਸ਼ਿਵ)-ਮੇਅਰ ਵਨੀਤ ਧੀਰ ਨੇ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਕਰੋੜਾਂ ਦੇ ਵਿਕਾਸ ਦੇ ਕੰਮਾਂ ਨੂੰ ਮਨਜੂਰੀ ਦੇਣ ਲਈ 1 ਜੂਨ ਨੂੰ ਸਵੇਰੇ 11 ਵਜੇ ਮੀਟਿੰਗ ਸੱਦ ਲਈ ਹੈ | ਇਸ ਮੀਟਿੰਗ ਵਿਚ ਜਿੱਥੇ ਵਿਕਾਸ ਦੇ ਕੰਮ ਨਾ ਕਰਨ ਵਾਲੇ ਠੇਕੇਦਾਰ ਦੀ ਜ਼ਮਾਨਤੀ ਰਕਮ ਵਾਪਸ ਨਾ ਕਰਨ ਵਾਲੇ ਫ਼ੈਸਲੇ ਦੇ ਮਤੇ ਨੂੰ ਮਨਜੂਰੀ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਕਰੀਬ 34 ਕਰੋੜ ਦੀ ਰਕਮ ਨਾਲ ਸੜਕਾਂ ਬਣਾਉਣ, ਸਟਰੀਟ ਲਾਈਟਾਂ ਲਗਾਉਣ ਅਤੇ ਪਾਰਕਾਂ ਦਾ ਸੁੰਦਰੀਕਰਨ ਦੇ ਕੰਮਾਂ ਨੂੰ ਮਨਜੂਰੀ ਦਿੱਤੀ ਜਾਵੇਗੀ | ਮੁੱਖ ਸੜਕਾਂ ਦੀ ਹਾਲਤ ਸੁਧਾਰਨ ਲਈ ਵਾਰਡ ਨੰਬਰ 18, 37 ਅਤੇ 38 ਦੀਆਂ ਵੱਖ-ਵੱਖ ਕਲੋਨੀਆਂ ਵਿਚ ਸੜਕਾਂ ਦੇ ਸੁਧਾਰ ਲਈ 5.26 ਕਰੋੜ ਰੁਪਏ ਦੇ ਕੰਮ ਨੂੰ ਮਨਜ਼ੂਰੀ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਸੰਵਿਧਾਨ ਚੌਂਕ ਫਲਾਈਓਵਰ ਦੇ ਸੁਧਾਰ ਦੇ ਕੰਮ 'ਤੇ 1.23 ਕਰੋੜ ਰੁਪਏ ਅਤੇ ਬੱਸ ਸਟੈਂਡ ਫਲਾਈਓਵਰ ਦੇ ਸੁਧਾਰ 'ਤੇ 1.11 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਜੇ.ਪੀ. ਨਗਰ, ਮਾਡਲ ਹਾਊਸ ਰੋਡ (ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਮਾਡਲ ਹਾਊਸ ਤੱਕ) ਲਈ 83.86 ਲੱਖ, ਅਤੇ ਕਪੂਰਥਲਾ ਰੋਡ ਤੋਂ ਜਲੰਧਰ ਕੁੰਜ ਤੱਕ ਸੈਂਟਰਲ ਵਰਜ 'ਤੇ ਗਿੱ੍ਰਲਾਂ ਲਗਾਉਣ ਲਈ 73.28 ਲੱਖ ਰੁਪਏ ਦੇ ਮਤੇ ਪਾਸ ਕੀਤੇ ਜਾਣਗੇ | ਸਾਫ਼ ਪਾਣੀ ਅਤੇ ਸੀਵਰੇਜ ਦੀ ਬਿਹਤਰ ਸਹੂਲਤ ਦੇਣ ਲਈ 5.13 ਕਰੋੜ ਰੁਪਏ ਦੇ ਕੰਮਾਂ ਨੂੰ ਹਰੀ ਝੰਡੀ ਮਿਲੇਗੀ | ਇਸ ਤਹਿਤ 120 ਫੁੱਟ ਰੋਡ 'ਤੇ ਸੀਵਰੇਜ ਡਿਸਪੋਜ਼ਲ ਬਿਲਡਿੰਗ ਦੇ ਨਿਰਮਾਣ ਲਈ 46.13 ਲੱਖ ਰੁਪਏ, ਦੀਪ ਨਗਰ ਵਿਚ ਵਾਟਰ ਸਪਲਾਈ ਲਾਈਨ ਲਈ 45.50 ਲੱਖ ਰੁਪਏ, ਅਤੇ ਵਾਰਡ ਨੰਬਰ 51 ਤੇ 49 ਦੇ ਵੱਖ-ਵੱਖ ਖੇਤਰਾਂ ਵਿਚ ਸੀਵਰ ਤੇ ਪਾਣੀ ਵਾਲੀਆਂ ਪਾਈਪਾਂ ਵਿਛਾਉਣ ਲਈ ਕ੍ਰਮਵਾਰ 41.30 ਲੱਖ ਅਤੇ 31.94 ਲੱਖ ਰੁਪਏ ਖ਼ਰਚੇ ਜਾਣਗੇ | ਪਾਰਕਾਂ ਅਤੇ ਸਟਰੀਟ ਲਾਈਟਾਂ 'ਤੇ ਲਗਭਗ 2.97 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਪਠਾਨਕੋਟ ਚੌਂਕ ਤੋਂ ਕਾਹਨ ਪੁਰ ਆਬਾਦੀ ਤੱਕ 93.10 ਲੱਖ ਰੁਪਏ ਦੀ ਲਾਗਤ ਨਾਲ 100 ਵਾਟ ਦੀਆਂ ਨਵੀਆਂ ਲਾਈਟਾਂ ਲਗਾਈਆਂ ਜਾਣਗੀਆਂ | ਸ਼ਹਿਰ ਦੇ ਪ੍ਰਮੁੱਖ ਪਾਰਕਾਂ ਜਿਵੇਂ ਬੜਿੰਗ ਪਾਰਕ (51.67 ਲੱਖ), ਅਗਰਸੈਨ ਪਾਰਕ (45.18 ਲੱਖ), ਮਨਮੋਹਨ ਕਾਲੀਆ ਪਾਰਕ (42.31 ਲੱਖ) ਅਤੇ ਸੂਰਿਆ ਐਨਕਲੇਵ ਪਾਰਕ (26.64 ਲੱਖ) ਵਿਚ ਆਧੁਨਿਕ ਈ.ਪੀ.ਡੀ.ਐਮ. ਸਪੋਰਟਸ ਟਰੈਕ ਵਿਛਾਏ ਜਾਣਗੇ | ਗਊਸ਼ਾਲਾ ਦਿਆਲਪੁਰ ਵਿਚ ਬਿਮਾਰ ਗਾਵਾਂ ਲਈ ਸ਼ੈੱਡ ਬਣਾਉਣ ਵਾਸਤੇ 82.80 ਲੱਖ ਰੁਪਏ ਅਤੇ ਮਿੱਠਾਪੁਰ ਦੇ ਕੇ.ਪੀ. ਸਟੇਡੀਅਮ ਦੇ ਬਾਕੀ ਰਹਿੰਦੇ ਕੰਮਾਂ ਲਈ 48.83 ਲੱਖ ਰੁਪਏ ਮਨਜ਼ੂਰ ਕੀਤੇ ਜਾਣਗੇ |