ਜਲੰਧਰ, 24 ਜੂਨ (ਸ਼ਿਵ)- ਕੇਂਦਰੀ ਰੇਲਵੇ ਅਤੇ ਖ਼ੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਨੂੰ ਜਲੰਧਰ ਦੇ ਗੁਰੂ ਨਾਨਕ ਪੁਰਾ ਅਤੇ ਗੜਾ ਰੋਡ ਵਿਖੇ ਦੋ 112 ਕਰੋੜ ਦੀ ਲਾਗਤ ਨਾਲ ਬਣਨ ਵਾਲੇ 2 ਮਹੱਤਵਪੂਰਨ ਰੋਡ ਓਵਰ ਬ੍ਰਿਜ (ਆਰ.ਓ.ਬੀ.) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਸੁਚਾਰੂ ਆਵਾਜਾਈ ਸਹੂਲਤ ਪ੍ਰਦਾਨ ਕਰਨਾ ਹੈ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਅਵਿਨਾਸ਼ ਚੰਦਰ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸ਼ੀਤਲ ਅੰਗੁਰਾਲ, ਕਰਮਜੀਤ ਕੌਰ ਚੌਧਰੀ, ਅਸ਼ੋਕ ਸਰੀਨ ਹਿੱਕੀ, ਕੰਵਰ ਸਰਤਾਜ ਸਿੰਘ, ਡੀ. ਆਰ. ਐੱਮ. ਸੰਜੀਵ ਕੁਮਾਰ, ਰੋਡ ਸੇਫ਼ਟੀ ਪ੍ਰਾਜੈਕਟ ਉੱਤਰੀ ਰੇਲਵੇ ਸੰਜੀਵ ਕੁਮਾਰ ਸ੍ਰੀ ਵਾਸਤਵ ਸਮੇਤ ਕਈ ਹੋਰ ਰੇਲ ਅਧਿਕਾਰੀ ਤੇ ਸਿਆਸੀ ਆਗੂ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਰੇਲ ਰਾਜ-ਮੰਤਰੀ ਸ. ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਵਿਚ ਰੇਲਵੇ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਪ੍ਰੋਜੈਕਟਾਂ ਵਿਚ ਬੇਮਿਸਾਲ ਨਿਵੇਸ਼ ਹੋ ਰਿਹਾ ਹੈ। ਜਲੰਧਰ ਸਿਟੀ–ਜਲੰਧਰ ਕੈਂਟ ਸੈਕਸ਼ਨ ਉੱਤੇ ਲੈਵਲ ਕਰਾਸਿੰਗ ਨੰਬਰ ਬੀ-67ਏ ਦੇ ਬਦਲੇ ਬਣਾਇਆ ਜਾਣ ਵਾਲਾ ਗੁਰੂ ਨਾਨਕ ਪੁਰਾ ਆਰ.ਓ.ਬੀ. ਟ੍ਰੈਫਿਕ ਜਾਮ ਨੂੰ ਘੱਟ ਕਰੇਗਾ ਅਤੇ ਰੇਲਵੇ ਫਾਟਕ ਦੇ ਵਾਰ-ਵਾਰ ਬੰਦ ਹੋਣ ਕਾਰਨ ਹੋਣ ਵਾਲੀ ਦੇਰੀ ਨੂੰ ਖ਼ਤਮ ਕਰੇਗਾ। ਸਾਹਨੇਵਾਲ–ਅੰਮ੍ਰਿਤਸਰ ਰੂਟ ’ਤੇ ਸਥਿਤ ਇਸ ਫਾਟਕ ’ਤੇ 4.66 ਲੱਖ ਤੋਂ ਵੱਧ ਟ੍ਰੈਫਿਕ ਵਹੀਕਲ ਯੂਨਿਟ (ਟੀ.ਵੀ.ਯੂ.) ਦਰਜ ਕੀਤਾ ਗਿਆ ਹੈ। ਪਹਿਲਾਂ ਸਾਂਝੀ ਲਾਗਤ ਦੇ ਆਧਾਰ ’ਤੇ ਮਨਜ਼ੂਰ ਕੀਤੇ ਗਏ ਇਸ ਪ੍ਰੋਜੈਕਟ ਨੂੰ ਹੁਣ ਪੂਰੀ ਤਰ੍ਹਾਂ ਰੇਲਵੇ ਵਲੋਂ ਲਗਪਗ 48.95 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਰਵਨੀਤ ਸਿੰਘ ਨੇ ਜਲੰਧਰ ਸਿਟੀ–ਨਕੋਦਰ ਸੈਕਸ਼ਨ ’ਤੇ ਲੈਵਲ ਕਰਾਸਿੰਗ ਨੰਬਰ ਐੱਸ-4 ਦੇ ਬਦਲੇ ਗੜਾ ਰੋਡ ਵਿਖੇ ਦੋ-ਲੇਨ ਆਰ. ਓ.ਬੀ. ਦਾ ਨੀਂਹ ਪੱਥਰ ਵੀ ਰੱਖਿਆ। ਇਸ ਫਾਟਕ ’ਤੇ 2.13 ਲੱਖ ਤੋਂ ਵੱਧ ਟੀ.ਵੀ.ਯੂ. ਦੇ ਨਾਲ ਭਾਰੀ ਆਵਾਜਾਈ ਹੁੰਦੀ ਹੈ। ਇਸ ਪ੍ਰੋਜੈਕਟ ਨੂੰ ਵੀ ਸਮੇਂ ਸਿਰ ਮੁਕੰਮਲ ਕਰਨ ਲਈ 100 ਫ਼ਸਦੀ ਰੇਲਵੇ ਫੰਡਿੰਗ ਵਾਲੇ ਪ੍ਰੋਜੈਕਟ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਪਗ 63.98 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਗੜਾ ਰੋਡ ਆਰ.ਓ.ਬੀ. ਜਲੰਧਰ ਸਿਟੀ, ਜਮਸ਼ੇਰ ਖ਼ਾਸ, ਨਕੋਦਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚਕਾਰ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਏਗਾ। ਇਸ ਨਾਲ ਸੁਰੱਖਿਆ ਵਿਚ ਵਾਧਾ ਹੋਵੇਗਾ ਅਤੇ ਟ੍ਰੈਫਿਕ ਭੀੜ ਵਿਚ ਵੀ ਕਮੀ ਆਵੇਗੀ। ਇਕੱਠ ਨੂੰ ਸੰਬੋਧਨ ਕਰਦਿਆਂ ਰਵਨੀਤ ਸਿੰਘ ਨੇ ਕਿਹਾ ਕਿ ਅੱਜ ਰੱਖੇ ਗਏ ਇਹ ਨੀਂਹ ਪੱਥਰ ਜਲੰਧਰ ਦੇ ਹਜ਼ਾਰਾਂ ਵਸਨੀਕਾਂ ਲਈ ਸੁਰੱਖਿਅਤ ਸੜਕਾਂ, ਤੇਜ਼ ਆਵਾਜਾਈ ਤੇ ਬਿਹਤਰ ਸੰਪਰਕ ਦਾ ਰਾਹ ਪੱਧਰਾ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਹਰ ਨਾਗਰਿਕ ਤੱਕ ਇਸ ਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਮੰਤਰੀ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਰੇਲਵੇ ਅਧਿਕਾਰੀਆਂ, ਇੰਜੀਨੀਅਰਾਂ, ਸਥਾਨਕ ਪ੍ਰਸ਼ਾਸਨ ਤੇ ਹੋਰ ਸਾਰੇ ਹਿੱਸੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਦੋਵੇਂ ਆਰ.ਓ.ਬੀ. ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਰਮਨ ਪੱਬੀ, ਰਾਕੇਸ਼ ਰਾਠੌਰ, ਅਮਰਜੀਤ ਸਿੰਘ ਗੋਲਡੀ, ਰਾਜੇਸ਼ ਕਪੂਰ, ਸੰਨ੍ਹੀ ਸ਼ਰਮਾ, ਵਨੀਤ ਸ਼ਰਮਾ, ਅਰੁਣ ਬਜਾਜ, ਅਨਿਲ ਸੱਚਰ, ਅਜੇ ਜੋਸ਼ੀ, ਸੁਭਾਸ਼ ਸੂਦ, ਮਨੋਜ ਅਗਰਵਾਲ, ਦਿਨੇਸ਼ ਖੰਨਾ, ਸੁਰੇਸ਼ ਮਰਵਾਹਾ, ਪੁਨੀਤ ਸ਼ੁਕਲਾ, ਦੀਵਾਨ ਅਮਿੱਤ ਅਰੋੜਾ, ਰਵੀ ਮਹਿੰਦਰੂ, ਹਨੀ ਕੰਬੋਜ, ਇੰਜ. ਪਰਮਜੀਤ ਸਿੰਘ, ਰਾਕੇਸ਼ ਸ਼ਰਮਾ, ਰਣਜੀਤ ਸਿੰਘ, ਗੁਰਪਾਲ ਸਿੰਘ, ਸੁਖਵਿੰਦਰ ਸਿੰਘ, ਜਸਬੀਰ ਸਿੰਘ ਵਾਲੀਆ, ਗੁਰਦੀਪ ਸਿੰਘ ਸਹੋਤਾ, ਜੇ. ਕੇ. ਹਾਂਡਾ, ਜੁਗਾੜ ਸਿੰਘ, ਕਿਰਪਾਲ ਸਿੰਘ, ਸੁਰਜੀਤ ਸਿੰਘ, ਜੋਗਿੰਦਰ ਸਿੰਘ, ਲਲਿਤ ਬੱਬੂ ਤੇ ਹੋਰ ਹਾਜ਼ਰ ਸਨ।