ਜਲੰਧਰ, 30 ਜੂਨ (ਸ਼ਿਵ)- ਸ਼ਹਿਰ ਵਿਚ ਗਰਮੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਕਾਰਨ ਲੋਕਾਂ ਦਾ ਹਾਲ ਬੇਹਾਲ ਹੈ ਸਗੋਂ ਦੂਜੇ ਪਾਸੇ ਕਈ ਥਾਵਾਂ ’ਤੇ ਮੋਟਰਾਂ ਦੇ ਖ਼ਰਾਬ ਹੋਣ ਨਾਲ ਲੋਕਾਂ ਨੂੰ ਪਾਣੀ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਵਾਰਡ ਨੰਬਰ 39 ਦੇ ਰੈੱਡ ਰੋਜ਼ ਕਾਲੋਨੀ ਵਿਚ ਕੁੱਝ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਟਿਊਬਵੈੱਲ ਦੀ ਮੋਟਰ ਖ਼ਰਾਬ ਹੈ ਤੇ ਇਸ ਨੂੰ ਠੀਕ ਕਰਨ ਨੂੰ ਕੁੱਝ ਦਿਨ ਲੱਗ ਸਕਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਮੋਟਰ ਖ਼ਰਾਬ ਹੋ ਜਾਂਦੀ ਹੈ ਤਾਂ ਨਿਗਮ ਨੂੰ ਟਿਊਬਵੈੱਲਾਂ ’ਤੇ ਵਾਧੂ ਮੋਟਰਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਪਾਣੀ ਦੀ ਮੰਗ ਵਧ ਜਾਂਦੀ ਹੈ ਤਾਂ ਇਸ ਲਈ ਟਿਊਬਵੈੱਲਾਂ ’ਤੇ ਮੋਟਰ ਵਾਧੂ ਰੱਖਣ ਨਾਲ ਪਾਣੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਪਾਣੀ ਦੀ ਕਮੀ ਕਾਰਨ ਲੋਕਾਂ ਨੂੰ ਮਜਬੂਰੀ ਵਿਚ ਕਾਫੀ ਦੂਰ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਵਾਰਡ ਨੰਬਰ 39 ਦੇ ਕੌਂਸਲਰ ਮਨਜੀਤ ਕੌਰ ਦਾਦਰਾ ਦੇ ਪਤੀ ਲੱਕੀ ਦਾਦਰਾ ਨੇ ਦੱਸਿਆ ਕਿ ਉਨਾਂ ਦੇ ਵਾਰਡ ਵਿਚ ਖੁਰਲਾ ਕਿੰਗਰਾ ਟਾਵਰ ਟਾਊਨ ਰੈੱਡ ਰੋਜ਼ ਕਲੋਨੀ ਵਿਚ ਮੋਟਰ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨਾਂ ਦੱਸਿਆ ਕਿ ਪਾਣੀ ਨਹੀਂ ਆ ਰਿਹਾ । ਉਨਾਂ ਨੇ ਨਗਰ ਨਿਗਮ ਵੱਲੋਂ ਦੋ ਟੈਂਕਰ ਭੇਜੇ ਹਨ। ਪਾਣੀ ਦੀ ਸਪਲਾਈ ਵਾਸਤੇ ਹੋਰ ਇੱਕ ਟੈਂਕਰ ਖ਼ੁਦ ਆਪਣੀ ਜੇਬ ਵਿਚੋਂ ਪੈਸੇ ਦੇ ਕੇ ਪ੍ਰਾਈਵੇਟ ਟੈਂਕਰ ਪਹੁੰਚਾਇਆ ਹੈ ਤਾਂ ਜੋ ਲੋਕਾਂ ਨੂੰ ਪਾਣੀ ਸਪਲਾਈ ਹੋ ਸਕੇ। ਉਨਾਂ ਦੱਸਿਆ ਕਿ ਨਗਰ ਨਿਗਮ ਦੀ ਟੀਮ ਮੋਟਰਾਂ ਨੂੰ ਠੀਕ ਕਰਨ ਦੇ ਕੰਮ ਵਿਚ ਲੱਗੀ ਹੋਈ ਹੈ। ਪਾਣੀ ਦੀ ਮੋਟਰ ਦੇ ਠੀਕ ਹੋਣ ਨਾਲ ਜਲਦੀ ਹੀ ਲੋਕਾਂ ਨੂੰ ਪਾਣੀ ਸਪਲਾਈ ਬਹਾਲ ਹੋ ਜਾਵੇਗੀ। ਅੱਤ ਦੀ ਗਰਮੀ ਕਾਰਨ ਮੋਟਰਾਂ ਸੜ ਜਾ ਰਹੀਆਂ ਹਨ ਅਤੇ ਲੋੜ ਜ਼ਿਆਦਾ ਹੋਣ ਕਾਰਨ ਵੀ ਸਮੱਸਿਆ ਆ ਰਹੀ ਹੈ। ਸ੍ਰੀ ਦਾਦਰਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਦੋ ਪਾਣੀ ਟੈਂਕਰ ਵੱਲੋਂ ਭੇਜੇ ਗਏ ਹਨ। ਉਧਰ ਅੱਜ ਵੀ ਕਈ ਇਲਾਕਿਆਂ ਵਿਚ ਬਿਜਲੀ ਕੱਟ ਲੱਗਣ ਕਾਰਨ ਲੋਕ ਪੇ੍ਰਸ਼ਾਨ ਰਹੇ। ਇਸ ਅੱਤ ਦੀ ਗਰਮੀ ਵਿਚ ਕਈ ਜਗਾ ਬਿਜਲੀ ਲਾਈਨਾਂ ਵਿਚ ਨੁਕਸ ਪੈ ਰਹੇ ਹਨ। ਜਲੰਧਰ ਵਿਚ ਪਿਛਲੇ 24 ਘੰਟੇ ਵਿਚ ਅਲੱਗ-ਅਲੱਗ ਇਲਾਕਿਆਂ ਵਿਚ 2000 ਦੇ ਕਰੀਬ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਸ ਤਰਾਂ ਨਾਲ ਗਦਈਪੁਰ ਵਿਚ ਰਾਤ 10 ਵਜੇ ਬਿਜਲੀ ਦਾ ਨੁਕਸ ਪਿਆ ਸੀ ਤੇ ਸਵੇਰੇ 12 ਵਜੇ ਦੇ ਕਰੀਬ ਬਿਜਲੀ ਸਪਲਾਈ ਚਾਲੂ ਹੋਈ। ਵੀਨਸ ਵਾਲੀ ਗਲੀ ਵਿਚ ਰਾਤ 10 ਵਜੇ ਬਿਜਲੀ ਗਈ ਤੇ ਇਹ ਵੀ ਰਾਤ 12 ਵਜੇ ਜਾ ਕੇ ਚਾਲੂ ਹੋਈ। ਉਦਯੋਗ ਨਗਰ ਫੀਡਰ ਵਿਚ ਦੁਪਹਿਰ 3 ਵਜੇ ਤੋਂ 45 ਮਿੰਟ ਤੱਕ ਬਿਜਲੀ ਸਪਲਾਈ ਬੰਦ ਰਹੀ। ਬੀਤੀ ਰਾਤ ਪੱਛਮੀ ਵਿਹਾਰ ਵਿਚ ਰਾਤ 10:30 ਵਜੇ ਬਿਜਲੀ ਖ਼ਰਾਬੀ ਹੋਈ ਤਾਂ ਰਾਤ 1:30 ਵਜੇ ਬਿਜਲੀ ਸਪਲਾਈ ਚਾਲੂ ਹੋ ਸਕੀ। ਚੇਤੇ ਰਹੇ ਕਹਿਰ ਦੀ ਗਰਮੀ ਵਿਚ ਆਮ ਲੋਕਾਂ ਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਲਈ ਇੰਡਸਟਰੀ ’ਤੇ ਵੀ ਰਾਤ ਦਾ ਕੱਟ ਲਗਾਇਆ ਗਿਆ ਹੈ। ਪਾਵਰਕਾਮ ਵਲੋਂ ਚਾਹੇ ਬਿਜਲੀ ਸਪਲਾਈ ਦੇ ਪ੍ਰਬੰਧ ਕੀਤੇ ਗਏ ਸਨ ਪਰ ਰਿਕਾਰਡ ਤੋੜ ਗਰਮੀ ਅਤੇ ਅਜੇ ਤੱਕ ਮੀਂਹ ਨਾ ਪੈਣ ਕਰਕੇ ਪਾਵਰਕਾਮ ਦੇ ਪਸੀਨੇ ਕਢਾ ਦਿੱਤੇ ਹਨ।