ਸਿਆਟਲ, 30 ਜੂਨ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਵਿਖੇ ਸਿਆਟਲ ਦੇ ਧਨਾਢ ਕਾਰੋਬਾਰੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਉਸਮਾਨਪੁਰ ਦੇ ਸਵਰਗੀ ਪਿਤਾ ਮਹਿੰਦਰ ਸਿੰਘ ਉਸਮਾਨਪੁਰ ਦੀ ਪਹਿਲੀ ਬਰਸੀ ਮਨਾਈ ਗਈ। ਗੁਰਦੁਆਰਾ ਸਾਹਿਬ ਵਿਖੇ ਸਵੇਰੇ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ਵਿਚ ਭਾਈ ਰਵੇਲ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਪ੍ਰਸਿੱਧ ਪ੍ਰਚਾਰਕ ਇੰਦਰਜੀਤ ਸਿੰਘ ਬੱਲੋਵਾਲ ਨੇ ਸਿੱਖ ਇਤਿਹਾਸ ਅਤੇ ਮਹਿੰਦਰ ਸਿੰਘ ਉਸਮਾਨਪੁਰ ਦੇ ਜੀਵਨ ’ਤੇ ਚਾਨਣਾ ਪਾਇਆ। ਗੁਰੂ ਕੇ ਲੰਗਰਾਂ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ। ਬਲਬੀਰ ਸਿੰਘ ਉਸਮਾਨਪੁਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।