ਜਲੰਧਰ, 24 ਜੁਲਾਈ (ਐੱਮ.ਐੱਸ. ਲੋਹੀਆ) - ‘ਜਵਾਹਰ ਲਾਲ ਨਹਿਰੂ ਯੂਨੀਵਰਸਿਟੀ’ ਨਵੀਂ ਦਿੱਲੀ ਦੀ ਵਿਦਿਆਰਥੀ ਯੂਨੀਅਨ (ਜੇ.ਐੱਨ.ਯੂ.ਐਸ.ਯੂ.) ਦੀ ਚੁਣੀ ਹੋਈ ਪ੍ਰਧਾਨ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਕੌਮੀ ਆਗੂ ਆਦਿਤੀ, ਭਲਕੇ 25 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਖੱਬੀਆਂ ਪਾਰਟੀਆਂ ਵਲੋਂ ਕੀਤੇ ਜਾ ਰਹੇ ਧਰਨਾ-ਪ੍ਰਦਰਸ਼ਨ ਨੂੰ ਸੰਬੋਧਨ ਕਰਨ ਲਈ ਉਚੇਚੀ ਪੁੱਜ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਨਿਰੰਤਰ 23 ਦਿਨ ਭੁੱਖ ਹੜਤਾਲ ਕਰਨ ਵਾਲੇ ਆਮੀਨ ਅਮਿਤੋਜ ਵੀ ਹੋਣਗੇ। ਜਾਣਕਾਰੀ ਦਿੰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਮੈਂਬਰ ਮਹੀਪਾਲ ਨੇ ਕਿਹਾ ਕਿ ਪੁਲਿਸ ਤੇ ਸੰਘ ਪਰਿਵਾਰ ਵਲੋਂ ਨਵੀਂ ਦਿੱਲੀ ਵਿਖੇ ਨੌਜਵਾਨਾਂ ਅਤੇ ਵਿਦਿਆਰਥੀਆਂ ‘ਤੇ ਢਾਹੇ ਗਏ ਅਣਮਨੁੱਖੀ ਜਬਰ ਖਿਲਾਫ ਕੀਤੇ ਜਾ ਰਹੇ ਉਕਤ ਧਰਨਾ-ਪ੍ਰਦਰਸ਼ਨ ਨੂੰ ਖੱਬੀਆਂ ਪਾਰਟੀਆਂ ਦੇ ਸਿਰਮੌਰ ਆਗੂ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ, ਪਰਗਟ ਸਿੰਘ ਜਾਮਾਰਾਏ, ਸੁਖਦਰਸ਼ਨ ਨੱਤ, ਕਿਰਨਜੀਤ ਸਿੰਘ ਸੇਖੋਂ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਉਕਤ ਰੋਸ ਪ੍ਰਦਰਸ਼ਨ ’ਚ ਨਾਮਵਰ ਬੁਧੀਜੀਵੀ ਤੇ ਲੇਖਕ, ਉੱਘੀਆਂ ਸਮਾਜਕ ਹਸਤੀਆਂ ਤੇ ਜਨ ਸੰਗਠਨਾਂ ਦੇ ਸਿਰਮੌਰ ਆਗੂ ਵੀ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਧਰਨਾ ਸਵੇਰੇ ਠੀਕ 11 ਵਜੇ ਸ਼ੁਰੂ ਹੋਵੇਗਾ ਅਤੇ ਸਮਾਪਤੀ ‘ਤੇ ਡੀ.ਸੀ. ਦਫ਼ਤਰ ਵੱਲ ਰੋਸ ਜਲੂਸ ਵੀ ਕੱਢਿਆ ਜਾਵੇਗਾ।