ਜਲੰਧਰ, 27 ਜੁਲਾਈ (ਸ਼ਿਵ)- ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਰਹੇ 600 ਕਰੋੜ ਦੇ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਨੂੰ ਅੱਜ ਮਾਡਲ ਟਾਊਨ ਮੇਅਰ ਹਾਊਸ ਵਿਚ ਹੋਈ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਮਨਜੂਰੀ ਨਹੀਂ ਮਿਲ ਸਕੀ ਹੈ ਕਿਉਂਕਿ ਇਕ ਤਾਂ ਨਗਰ ਨਿਗਮ ਦੀਆਂ ਯੂਨੀਅਨਾਂ ਵਲੋਂ ਪਹਿਲਾਂ ਹੀ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਦੂਜੇ ਪਾਸੇ ਬਰਨਾਲਾ ਲਾਠੀਚਾਰਜ ਵਾਲਮੀਕਿ ਭਾਈਚਾਰਾ ਪਹਿਲਾਂ ਹੀ ਨਾਰਾਜ਼ ਸੀ ਤੇ ਇਸ ਕਰਕੇ ਅੱਜ ਹੋਈ ਇਸ ਮੀਟਿੰਗ ਵਿਚ ਇਸ ਪ੍ਰਾਜੈਕਟ ’ਤੇ ਕਿਸੇ ਤਰਾਂ ਦੀ ਕੋਈ ਵਿਚਾਰ ਨਹੀਂ ਕੀਤੀ ਗਈ ਤੇ ਇਸ ਪ੍ਰਾਜੈਕਟ ਨੂੰ ਲੰਬਿਤ ਕਰ ਦਿੱਤਾ ਗਿਆ ਹੈ। ਜਦਕਿ ਕੁੱਲ 690 ਕਰੋੜ ਦੇ ਪ੍ਰਾਜੈਕਟਾਂ ਵਿਚੋਂ ਸਿਰਫ਼ 60 ਕਰੋੜ ਦੇ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ। ਮੀਟਿੰਗ ਵਿਚ ਕਮਿਸ਼ਨਰ ਨਿਕਾਸ ਕੁਮਾਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਮੈਂਬਰਾਂ ਵਿਚ ਹਿਤੇਸ਼ ਗਰੇਵਾਲ, ਕਵਿਤਾ ਸੇਠ ਤੇ ਹੋਰ ਨਿਗਮ ਅਫ਼ਸਰ ਮੌਜੂਦ ਸਨ। ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਵਲੋਂ ਇਸ ਪ੍ਰਾਜੈਕਟ ਲਈ ਪਹਿਲਾਂ ਹੀ ਕਾਫੀ ਟੈਂਡਰ ਪ੍ਰਕਿਰਿਆ ਪੂਰੀ ਕਰ ਲਈ ਗਈ ਸੀ, ਪਰ ਯੂਨੀਅਨਾਂ ਵਲੋਂ ਇਸ ਪ੍ਰਾਜੈਕਟ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਦੀ ਥਾਂ ’ਤੇ ਨਵੀਂ ਭਰਤੀ ਕਰੇ। ਇਸ ਤੋਂ ਇਲਾਵਾ ਹੋਰ ਜਿਨਾਂ ਪ੍ਰਾਜੈਕਟਾਂ ਨੂੰ ਲੰਬਿਤ ਕੀਤਾ ਗਿਆ ਹੈ। ਉਨਾਂ ਵਿਚ ਐੱਚ. ਪੀ. ਐਲ. ਕੰਪਨੀ ਨੂੰ ਸ਼ਹਿਰ ਵਿਚ 30 ਹਜ਼ਾਰ ਹੋਰ ਸਟਰੀਟ ਲਾਈਟਾਂ ਦੀ ਸੰਭਾਲ ਦਾ ਕੰਮ ਦਿੱਤਾ ਜਾਣਾ ਸੀ ਪਰ ਉਨਾਂ ਨੇ ਆਪਣੇ ਇਸ ਕੰਮ ਲਈ ਕਾਫੀ ਘੱਟ ਛੋਟ ਦਿੱਤੀ ਸੀ। ਸ਼ਹਿਰ ਵਿਚ ਅਲੱਗ-ਅਲੱਗ ਫ਼ੰਡਾਂ ਤੋਂ ਇਹ ਲਾਈਟਾਂ ਲਗਵਾਈਆਂ ਗਈਆਂ ਸੀ ਪਰ ਇਨ੍ਹਾਂ ਦੀ ਸੰਭਾਲ ਨਹੀਂ ਹੋ ਰਹੀ ਹੈ ਤੇ ਕਰੀਬ 2500 ਲਾਈਟਾਂ ਬੰਦ ਪਈਆਂ ਹਨ। ਨਿਗਮ ਵਲੋਂ ਇਨ੍ਹਾਂ ਲਾਈਟਾਂ ਦੀ ਸੰਭਾਲ ਦਾ ਕੰਮ ਐਲ. ਈ. ਡੀ. ਕੰਪਨੀ ਐਚ. ਪੀ. ਐਲ. ਨੂੰ ਦਿੱਤਾ ਜਾਣਾ ਹੈ। ਵਿੱਤ ਤੇ ਠੇਕਾ ਕਮੇਟੀ ਨੇ ਚੌਹਕਾਂ ਤੋਂ ਲੈ ਕੇ ਹੁਸ਼ਿਆਰਪੁਰ ਰੋਡ ਤੱਕ ਬਣਾਈ ਜਾਣ ਵਾਲੀ ਸੜਕ ਦਾ ਕੰਮ ਅਤੇ 2.50 ਕਰੋੜ ਦੀ ਲਾਗਤ ਨਾਲ ਸ਼ਹਿਰ ਵਿਚ ਕੀਤੇ ਜਾਣ ਵਾਲੇ ਸਾਈਨ ਬੋਰਡ ਦੇ ਕੰਮ ਨੂੰ ਵੀ ਲੰਬਿਤ ਕਰ ਦਿੱਤਾ ਹੈ। ਨਵੀਂ ਸਟਰੀਟ ਲਾਈਟਾਂ ਅਤੇ ਹਾਈਮਾਸਕ ਲਾਈਟਾਂ ਦੇ 9 ਟੈਂਡਰਾਂ ਦੇ ਕਰੀਬ 10 ਕਰੋੜ ਦੇ ਕੰਮ ਨੂੰ ਇਸ ਕਰਕੇ ਲੰਬਿਤ ਕੀਤਾ ਗਿਆ ਸੀ, ਕਿਉਂਕਿ ਕੁੱਝ ਦਿਨਾਂ ਤੋਂ ਇਨ੍ਹਾਂ ਟੈਂਡਰਾਂ ਬਾਰੇ ਕਾਫ਼ੀ ਚਰਚਾ ਚੱਲ ਰਹੀ ਸੀ ਕਿ ਇਨ੍ਹਾਂ ਵਿਚ ਠੇਕੇਦਾਰਾਂ ਵਲੋਂ ਕਾਫ਼ੀ ਘੱਟ ਛੋਟ ਦਿੱਤੀ ਗਈ ਹੈ ਤੇ ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਨਿਗਮ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾ ਛੋਟ ਆਉਣ ’ਤੇ ਹੀ ਕੰਮ ਦੇਣ ਬਾਰੇ ਵਿਚਾਰਾਂ ਹੋਣਗੀਆਂ। ਇਸ ਤੋਂ ਇਲਾਵਾ ਕਮੇਟੀ ਵਲੋਂ ਢਨ ਮੁਹੱਲਾ, ਟਰਾਂਸਪੋਰਟ ਨਗਰ, ਬਸਤੀ ਸ਼ੇਖ਼ ਬਾਬਾ ਬਨਖੰਡੀ ਆਸ਼ਰਮ ਦੇ ਕੋਲ, ਇੰਡਸਟਰੀਅਲ ਜ਼ੋਨ ਨੰਬਰ-2 ਦੇ ਇਲਾਕੇ ਵਿਚ ਬਣਨ ਵਾਲੇ ਡਿਸਪੋਜਲਾਂ ਦੀ ਸੰਭਾਲ ਦਾ ਕੰਮ ਵੀ ਇਸ ਕਰਕੇ ਲੰਬਿਤ ਕੀਤਾ ਗਿਆ ਹੈ, ਕਿਉਂਕਿ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਪਹਿਲਾਂ ਇਸ ਡਿਸਪੋਜਲਾਂ ’ਤੇ ਰੱਖੇ ਜਾਣ ਵਾਲੇ ਸਟਾਫ਼ ਬਾਰੇ ਸਾਰੀ ਜਾਣਕਾਰੀ ਤਲਬ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮੇਟੀ ਦੀ ਮੀਟਿੰਗ ਵਿਚ ਸ਼ਹਿਰ ਵਿਚ ਬਣਦੀਆਂ ਸੜਕਾਂ, ਗਲੀਆਂ ਤੇ ਹੋਰ ਵਿਕਾਸ ਕੰਮਾਂ ਦੀ ਜਾਂਚ ਲਈ ਥਰਡ ਪਾਰਟੀ ਨੂੰ ਮਨਜੂਰੀ ਦੇ ਦਿੱਤੀ ਹੈ ਤੇ ਇਸ ਤੋਂ ਇਲਾਵਾ 450 ਦੇ ਕਰੀਬ ਨਿਗਮ ਕਰਮਚਾਰੀਆਂ ਦੇ ਬਾਈਓਮੀਟ੍ਰਿਕ ਹਾਜ਼ਰੀ ਲਗਾਉਣ ਦੀ ਮਨਜੂਰੀ ਦੇ ਦਿੱਤੀ ਹੈ। ਨਗਰ ਨਿਗਮ ਨੇ ਸ਼ਹਿਰ ਦੇ ਉਸ ਪ੍ਰਾਜੈਕਟ ਨੂੰ ਮਨਜੂਰੀ ਦੇ ਦਿੱਤੀ ਹੈ ਜਿਨਾਂ ਵਿਚ ਸ਼ਹਿਰ ਵਿਚ ਮੌਜੂਦਾ ਟ੍ਰੈਫਿਕ ਲਾਈਟਾਂ ਦੀ ਥਾਂ ’ਤੇ ਆਧੁਨਿਕ ਤਕਨੀਕ ਵਾਲੀਆਂ ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ। ਇਸ ਨਾਲ ਟ੍ਰੈਫਿਕ ਬਿਹਤਰ ਤਰੀਕੇ ਨਾਲ ਕੰਟਰੋਲ ਹੋ ਸਕੇਗਾ।