ਗੁਰਮੀਤ ਇਕ ਸਾਫ਼ਟਵੇਅਰ ਇੰਜੀਨੀਅਰ ਸੀ। ਸ਼ਹਿਰ ਵਿਚ ਨੌਕਰੀ ਕਰਨ ਕਰਕੇ ਉਹ ਸ਼ਹਿਰ ਵਿਚ ਹੀ ਕਿਰਾਏ ਦੀ ਕੋਠੀ ਵਿਚ ਇਕੱਲਾ ਹੀ ਰਹਿੰਦਾ ਸੀ। ਕੰਪਨੀ ਦੇ ਮਿੱਤਰ ਇੰਜੀਨੀਅਰ ਇਕੱਲੇਪਣ ਨੂੰ ਰੁਮਾਂਚਿਕ ਢੰਗ ਨਾਲ ਬਿਤਾਉਣ ਲਈ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਸੁਝਾਅ ਦਿੰਦੇ ਰਹਿੰਦੇ ਸਨ। ਦੋਸਤਾਂ ਦੇ ਵਾਰ-ਵਾਰ ਜ਼ੋਰ ਪਾਉਣ 'ਤੇ ਉਸ ਨੇ ਇਕ ਆਧੁਨਿਕ 'ਵਰਚੁਅਲ ਵਾਈਫ਼' ਜਾਣੀ ਕਿ ਇਕ 'ਆਭਾਸੀ ਪਤਨੀ', (ਏ. ਆਈ. ਹੋਲੋਗ੍ਰਾਮਸ ਸਿਸਟਮ) ਖਰੀਦ ਲਿਆ ਸੀ। ਉਸ ਨੇ ਇਸ 'ਊਂਈ ਮਿੱਚੀ ਦੀ ਪਤਨੀ' ਦਾ ਨਾਂਅ 'ਭਾਗਭਰੀ' ਰੱਖ ਲਿਆ ਸੀ। ਭਾਗਭਰੀ ਸਿਰਫ਼ ਇਕ ਮਸ਼ੀਨ ਹੀ ਨਹੀਂ ਸੀ, ਸਗੋਂ ਉਸ ਨੂੰ ਗੁਰਮੀਤ ਦੀ ਪਸੰਦ ਅਤੇ ਨਾ-ਪਸੰਦ ਬਾਰੇ ਪੂਰਾ ਇਲਮ ਸੀ। ਭਾਗਭਰੀ ਸਕਰੀਨ ਜ਼ਰੀਏ ਗੁਰਮੀਤ ਨਾਲ ਖੂਬ ਮਿੱਠੀਆਂ ਪਿਆਰੀਆਂ ਗੱਲਾਂ ਮਾਰਦੀ। ਹਾਸਾ ਠੱਠਾ ਕਰਦੀ। ਚੁਟਕਲੇ ਸੁਣਾਉਂਦੀ।
ਥੋੜ੍ਹੇ ਦਿਨ ਲੰਘੇ ਤਾਂ ਕੀ ਹੋਇਆ ਕਿ ਗੁਰਮੀਤ ਦੇ ਮਾਤਾ-ਪਿਤਾ ਉਸ ਨੂੰ ਮਿਲਣ ਲਈ ਸ਼ਹਿਰ ਆ ਗਏ। ਉਨ੍ਹਾਂ ਨੂੰ ਗੁਰਮੀਤ ਦੀ ਮਨਸੂਈ ਬੁੱਧ ਪਤਨੀ ਬਾਰੇ ਕੁਝ ਨਹੀਂ ਸੀ ਪਤਾ। ਗੁਰਮੀਤ ਨੇ ਜਦੋਂ ਉਨ੍ਹਾਂ ਦਾ ਭਾਗਭਰੀ ਨਾਲ ਤੁਆਰਫ ਕਰਾਇਆ ਤਾਂ ਉਹ ਤਾਂ ਬੌਖਲਾ ਗਏ। ਉਨ੍ਹਾਂ ਦੇਖ ਲਿਆ ਸੀ ਕਿ ਗੁਰਮੀਤ ਰਸੋਈ ਵਿਚ ਖੜ੍ਹਾ ਇਕ ਔਰਤ ਨਾਲ ਸਕਰੀਨ 'ਤੇ ਲਗਾਤਾਰ ਗੱਲਾਂ ਕਰ ਰਿਹਾ ਸੀ। ਗੁਰਮੀਤ ਨੇ ਬੜੇ ਉਤਸ਼ਾਹ ਨਾਲ ਮੰਮੀ ਨੂੰ ਕਿਹਾ, ਆਜੋ ਮੰਮੀ, ਤੁਹਾਨੂੰ ਆਪਣੀ ਮਸਨੂਈ ਬੁੱਧੀ ਵਾਲੀ ਪਤਨੀ 'ਭਾਗਭਰੀ' ਨਾਲ ਮਿਲਾਵਾਂ। ਮਾਂ ਸਕਰੀਨ ਮੂਹਰੇ ਚਲੀ ਗਈ। ਭਾਗਭਰੀ ਨੇ ਬੜੇ ਸਤਿਕਾਰ ਨਾਲ ਗੁਰਮੀਤ ਦੀ ਮਾਤਾ ਨੂੰ 'ਜੀ ਆਇਆਂ ਨੂੰ' ਕਿਹਾ। ਪਰ ਮਾਂ ਨੇ ਤਾਂ ਉਸ ਨੂੰ ਦੇਖ ਕੇ ਘੂਰੀ ਵੱਟ ਲਈ ਸੀ। ਦੁਆ-ਸਲਾਮ ਦਾ ਵੀ ਜਵਾਬ ਨਹੀਂ ਸੀ ਦਿੱਤਾ। ਮਾਂ ਮੂੰਹ ਵਿਚ ਬੁੜਬੁੜਾਈ, ਵੇ ਗੁਰਮੀਤ! ਤੂੰ ਇਹ ਕੀ ਲੋਹੜਾ ਮਾਰਿਆ, ਮਸ਼ੀਨ ਨੂੰ ਰੰਨ ਬਣਾਈ ਬੈਠਾਂ। ਗੁਰਮੀਤ ਨੂੰ ਮਾਂ ਦਾ ਇਹ ਵਰਤਾਓ ਚੰਗਾ ਨਹੀਂ ਸੀ ਲੱਗਿਆ। ਭਾਗਭਰੀ ਵੀ ਮਾਂ ਦੀ ਗੱਲ ਸੁਣ ਰਹੀ ਸੀ। ਮਾਂ ਤਾਂ ਗੁਰਮੀਤ ਵੱਲ ਵੀ ਅਜੀਬ ਤਰੀਕੇ ਨਾਲ ਦੇਖ ਰਹੀ ਸੀ। ਆਖ਼ਰ ਬੋਲ ਪਈ, ਮੈਂ ਤੇਰੇ ਲਈ ਇਕ ਕੁੜੀ ਦੇਖੀ ਆ। ਪਰ ਤੂੰ ਐਥੇ ਕੰਧਾਂ 'ਤੇ ਚਲਦੇ ਪਰਛਾਵਿਆਂ ਨਾਲ ਜ਼ਿੰਦਗੀ ਜੋੜੀ ਬੈਠਾਂ ਏਂ। ਇਸ ਤਰ੍ਹਾਂ ਕਿਤੇ ਜ਼ਿੰਦਗੀ ਲੰਘਦੀ ਹੈ।
ਭਾਗਭਰੀ ਵਿਚਾਲੇ ਹੀ ਬੋਲ ਪਈ, ਮਾਤਾ ਜੀ, ਮੈਂ ਗੁਰਮੀਤ ਦੀ ਸਿਹਤ ਅਤੇ ਖੁਸ਼ੀ ਦੀ ਪੂਰਾ ਧਿਆਨ ਰੱਖਦੀ ਹਾਂ। ਹੋ ਸਕਦਾ ਕੋਈ ਹੋਰ ਇਨਸਾਨ ਐਨਾ ਖਿਆਲ ਨਾ ਰੱਖ ਸਕੇ।
ਭਾਗਭਰੀ ਦੀ ਗੱਲ ਸੁਣ ਕੇ ਗੁਰਮੀਤ ਦਾ ਪਿਤਾ ਵੀ ਗੁੱਸਾ ਮੰਨ ਗਿਆ। ਬੋਲਿਆ, ਗੁਰਮੀਤ ਐਹਨੂੰ ਚੁੱਪ ਕਰਾ। ਮਸ਼ੀਨ ਸਾਨੂੰ ਦੱਸੂਗੀ ਬਈ ਪਰਿਵਾਰ ਕੀ ਹੁੰਦਾ? ਤੈਨੂੰ ਜਿਉਂਦੇ-ਜਾਗਦੇ ਰਿਸ਼ਤਿਆਂ ਅਤੇ ਕੰਪਿਊਟਰੀ ਰਿਸ਼ਤੇ ਵਿਚਾਲੇ ਫਰਕ ਨਹੀਂ ਸਮਝ ਆ ਰਿਹਾ? ਫਿਰ ਉਹ ਆਪੋ ਵਿਚੀਂ ਬਹਿਸਣ ਲੱਗੇ। ਮਾਂ ਵੀ ਬਹਿਸ ਵਿਚ ਸ਼ਾਮਿਲ ਹੋ ਗਈ। ਗੁਰਮੀਤ ਕੁਝ ਨਾ ਬੋਲਿਆ। ਪਰ ਭਾਗਭਰੀ ਨੇ ਪਿਤਾ ਦੀ ਗੱਲ ਦਾ ਤਰਕ ਨਾਲ ਜਵਾਬ ਦਿੱਤਾ, ਮੈਂ ਗੁਰਮੀਤ ਦੀਆਂ ਜ਼ਿਆਦਾਤਰ ਲੋੜਾਂ ਪੂਰੀਆਂ ਕਰ ਸਕਦੀ ਹਾਂ।
ਮਾਂ-ਬਾਪ ਬੋਲੇ, ਕੀ ਤੂੰ ਅਗਲੀ ਪੀੜ੍ਹੀ ਦਾ ਚਿਰਾਗ ਪੈਦਾ ਕਰ ਸਕਦੀ ਏਂ? ਗੁਰਮੀਤ ਦੋਵਾਂ ਰਿਸ਼ਤਿਆਂ ਵਿਚਾਲੇ ਫਸ ਗਿਆ ਸੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਭਾਗਭਰੀ ਉਸ ਨੂੰ ਥੋੜ੍ਹੇ ਚਿਰ ਲਈ ਤਾਂ ਸੁੱਖ ਦੇ ਸਕਦੀ ਸੀ, ਪਰ ਮਾਂ ਦੇ ਹੱਥਾਂ ਦੀ ਰੋਟੀ ਦੀ ਮਹਿਕ ਅਤੇ ਪਿਉ ਦੀ ਝਿੜਕੀ ਵਿਚ ਲੁਕਵੇਂ ਪਿਆਰ ਦੀ ਥਾਂ ਨਹੀਂ ਸੀ ਲੈ ਸਕਦੀ। ਮਾਂ-ਬਾਪ ਰੁੱਸ ਕੇ ਨਾਲ ਦੇ ਕਮਰੇ ਵਿਚ ਚਲੇ ਗਏ ਸਨ। ਉਹ ਹੌਲੀ-ਹੌਲੀ ਆਪਸ ਵਿਚ ਗੱਲਾਂ ਕਰ ਰਹੇ ਸਨ:
ਐਨਾਂ ਪੜ੍ਹਾ-ਲਿਖਾ ਕੇ ਇੰਜੀਨੀਅਰ ਪੁੱਤ ਤੋਂ ਮੈਨੂੰ ਤਾਂ ਇਹ ਉਮੀਦ ਨਹੀਂ ਸੀ।
ਮੈਂ ਕਿਹਾ, ਜੀ! ਅੱਜਕੱਲ੍ਹ ਹਵਾ ਹੀ ਐਸੀ ਵਗ ਰਹੀ ਐ। ਬਹਿਵਤਾਂ ਹਾਕਾਂ ਮਾਰ ਕੇ ਬੰਦੇ ਨੂੰ ਚਿੰਬੜਨ ਨੂੰ ਫਿਰਦੀਆਂ ਨੇ। ਦੋਸਤ ਵੀ ਤੁਹਾਨੂੰ ਪੁੱਠੀ ਸਲਾਹ ਦਿੰਦੇ ਨੇ। ਇਨ੍ਹਾਂ ਸੁਵਿਧਾਵਾਂ 'ਤੇ ਬਾਜ਼ਾਰ ਦੀ ਇਸ਼ਤਿਹਾਰਬਾਜ਼ੀ ਬਹੁਤ ਹੈ। ਪਿੰਡ ਦਾ ਨੌਜਵਾਨ ਬੱਚਾ ਕਿੱਥੇ ਇਨ੍ਹਾਂ ਤੋਂ ਬਚ ਕੇ ਨਿਕਲ ਸਕਦਾ।
ਮੈਨੂੰ ਤਾਂ ਡਰ ਜਿਹਾ ਆਉਂਦਾ, ਇਕੋ ਪੁੱਤ ਆ, ਉਹ ਵੀ...!
ਢੇਰੀ ਨਾਂ ਢਾਅ, ਮੇਰਾ ਗੁਰਮੀਤ ਐਹੋ ਜਿਹਾ ਨਹੀਂ।
ਮਾਂ-ਬਾਪ ਕੋਲ ਹੁੰਦੇ,ਉਸ ਨੂੰ ਵਰਜਦੇ ਰਹਿੰਦੇ । ਇਕੱਲ ਵਿਚ ਫੈਸਲੇ ਲੋਕ ਕਰਦੇ ਹਨ। ਇੱਥੇ ਤਾਂ ਸਾਡੇ ਦਿੱਤੇ ਸੰਸਕਾਰ ਵੀ ਫੇਲ੍ਹ ਹੁੰਦੇ ਜਾਪਦੇ ਹਨ।
ਗੁਰਮੀਤ ਨੇ ਮਾਂ ਬਾਪ ਦੀ ਗੱਲਬਾਤ ਸੁਣ ਲਈ ਸੀ। ਉਹ ਸਾਮ੍ਹਣੇ ਆ ਕੇ ਬੋਲਿਆ, ਮੈਂ ਊਂਈ ਮਿੱਚੀ ਦੀ ਪਤਨੀ ਵਾਲਾ ਸਿਸਟਮ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਮੈਨੂੰ ਹੁਣ ਇਸ ਦੀ ਕੇਈ ਬਹੁਤੀ ਲੋੜ ਨਹੀਂ। ਮਸ਼ੀਨਾਂ ਦੇ ਸਾਥ ਵਿਚ ਤੈਨੂੰ ਪਤਾ ਕਿ ਅਸਲ ਪਰਿਵਾਰਕ ਪਤਨੀ, ਬੱਚਿਆਂ ਪ੍ਰਤੀ ਭਾਵਨਾਵਾਂ ਅਜਾਈਂ ਗੁਆਚ ਜਾਂਦੀਆਂ ਹਨ।
ਹਾਂ, ਮਸ਼ੀਨਾਂ ਵਿਚ ਭਾਵਨਾਵਾਂ ਤੇ ਪਰਿਵਾਰਕ ਰਿਸ਼ਤਿਆਂ ਦੀ ਗਰਮਾਹਟ ਨਹੀਂ ਹੁੰਦੀ।
ਮਸ਼ੀਨੀ ਰਿਸ਼ਤੇ ਤੈਨੂੰ ਭਾਵਨਾਵਾਂ ਤੋਂ ਸੱਖਣਾ ਕਰ ਦਿੰਦੇ।
ਮੈਨੂੰ ਮੁਆਫ਼ ਕਰ ਦਿਓ ਪਿਤਾ ਜੀ, ਮੈਂ ਭਟਕ ਗਿਆ ਸਾਂ। ਮੈਂ ਇਸ ਨੂੰ ਹਾਸਾ-ਮਜ਼ਾਕ ਹੀ ਸਮਝਦਾ ਸਾਂ। ਹੁਣ ਮੈਨੂੰ ਸਮਝ ਆ ਗਈ ਹੈ। ਭਾਵੇਂ ਮੈਂ ਕੰਪਿਊਟਰਾਂ ਦਾ ਮਾਹਿਰ ਰਿਹਾਂ, ਪਰ ਤੁਸੀਂ ਮਨੁੱਖੀ ਸਮਝ ਦੇ ਇੰਜੀਨੀਅਰ ਹੋ। ਮੇਰੇ ਮਾਂ-ਬਾਪ ਹੋ। ਤੁਹਾਡੀ ਲੱਭੀ ਕੁੜੀ ਆਪਾਂ ਕੱਲ੍ਹ ਹੀ ਦੇਖਣ ਚੱਲਾਂਗੇ। ਮੈਂ ਹੁਣੇ ਦੋ ਦਿਨ ਦੀ ਛੁੱਟੀ ਦੀ ਮੇਲ ਪਾ ਦਿੰਨਾ। ਮਾਂ-ਬਾਪ ਦੇ ਚਿਹਰੇ 'ਤੇ ਖੁਸ਼ੀ ਝਲਕ ਪਈ। ਉਨ੍ਹਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਆਪਣੇ ਗੁਰਮੀਤ ਨੂੰ ਕਿਸੇ ਡੂੰਘੀ ਖੱਡ ਵਿਚੋਂ ਬਾਹਰ ਕੱਢ ਲਿਆਏ ਸਨ।
-ਮੋਬਾਈਲ : 97806-67686