08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੰਗਾਲੀ ਲੋਕ ਕਥਾ ਪਰਮਾਤਮਾ ਹਰ ਥਾਂ ਹੈ

Ad Position 21
No active advertisement
ਅਜੀਤ ਡੈਸਕ 03-05-2026

ਇਕ ਤਪੱਸਵੀ ਆਪਣੇ ਚੇਲਿਆਂ ਨੂੰ ਇਹ ਗੱਲ ਵਾਰ-ਵਾਰ ਸਮਝਾ ਰਿਹਾ ਸੀ ਕਿ ਪਰਮਾਤਮਾ ਕਣ-ਕਣ ਵਿਚ ਸਮਾਇਆ ਹੋਇਆ ਹੈ। ਅਜਿਹੀ ਕੋਈ ਚੀਜ਼ ਜਾਂ ਜੀਵ ਨਹੀਂ ਹੈ, ਜਿਸ ਵਿਚ ਪਰਮਾਤਮਾ ਦਾ ਨਿਵਾਸ ਨਾ ਹੋਵੇ। ਇਸ ਲਈ ਹਰ ਜੀਵ ਦਾ ਆਦਰ ਕਰਨਾ ਚਾਹੀਦਾ ਹੈ। ਇਕ ਦਿਨ ਤਪੱਸਵੀ ਦਾ ਇਕ ਚੇਲਾ ਬਾਜ਼ਾਰੋਂ ਕੁਝ ਲੈਣ ਜਾ ਰਿਹਾ ਸੀ ਕਿ ਉਸ ਨੇ ਸਾਹਮਣੇ ਤੋਂ ਇਕ ਹਾਥੀ ਦੌੜਦਾ ਆਉਂਦਾ ਦੇਖਿਆ। ਮਹਾਵਤ ਰੌਲੀ ਪਾ ਰਿਹਾ ਸੀ ਕਿ 'ਪਿਛੇ ਹੱਟ ਜਾਓ, ਪਿਛੇ ਹਟ ਜਾਓ, ਹਾਥੀ ਪਾਗਲ ਹੋ ਗਿਆ ਹੈ', ਚੇਲੇ ਨੂੰ ਆਪਣੇ ਗੁਰੂ ਦਾ ਕਿਹਾ ਬਚਨ ਯਾਦ ਆ ਗਿਆ ਕਿ 'ਮੇਰੀ ਤਰ੍ਹਾਂ ਹਾਥੀ ਵਿਚ ਵੀ ਪਰਮਾਤਮਾ ਦਾ ਵਾਸ ਹੈ ਫਿਰ ਪਰਮਾਤਮਾ ਨੂੰ ਪਰਮਾਤਮਾ ਤੋਂ ਕਿਸ ਗੱਲ ਦਾ ਡਰ?' ਤੇ ਉਹ ਉਥੇ ਹੀ ਪੂਰੀ ਭਗਤੀ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਖੜ੍ਹਾ ਰਿਹਾ।
ਮਹਾਵਤ, ਚੇਲੇ ਨੂੰ ਇਸ ਤਰ੍ਹਾਂ ਖੜ੍ਹੇ ਦੇਖ ਗੁੱਸੇ ਵਿਚ ਚੀਕਿਆ, 'ਪਿਛੇ ਹੱਟ ਜਾ, ਕਿਉਂ ਬੇ-ਮੌਤ ਮਰਨ 'ਤੇ ਤੁਲਿਆ ਹੋਇਆਂ।' ਪਰ ਭਗਤ ਨੇ ਕੁਝ ਨਾ ਸੁਣਿਆ। ਪਾਗਲ ਹਾਥੀ ਨੇ ਉਸ ਨੂੰ ਆਪਣੀ ਸੁੰਢ ਵਿਚ ਲਪੇਟਿਆ ਤੇ ਚੁੱਕ ਕੇ ਪਰ੍ਹਾਂ ਸੁੱਟ ਦਿੱਤਾ। ਵਿਚਾਰਾ ਚੇਲਾ ਉਥੇ ਪਿਆ ਕੁਰਾਲੋਣ ਲੱਗਾ। ਉਸ ਨੂੰ ਆਪਣੀਆਂ ਸੱਟਾਂ ਦਾ ਏਨਾ ਦੁੱਖ ਨਹੀਂ ਸੀ, ਜਿੰਨਾ ਦੁੱਖ ਇਸ ਗੱਲ ਦਾ ਸੀ ਕਿ ਪਰਮਾਤਮਾ ਨੇ ਪਰਮਾਤਮਾ ਨੂੰ ਹੀ ਫੱਟੜ ਕਰ ਦਿੱਤਾ। ਉਸ ਦੇ ਸਾਥੀ ਚੇਲੇ ਉਸ ਨੂੰ ਚੁੱਕ ਕੇ ਆਸ਼ਰਮ ਲੈ ਗਏ। ਉਸ ਨੇ ਆਪਣੇ ਗੁਰੂ ਕੋਲ ਸ਼ਿਕਾਇਤ ਕੀਤੀ, 'ਤੁਸੀਂ ਤਾਂ ਕਹਿੰਦੇ ਸੀ ਕਿ ਹਰ ਜੀਵ ਵਿਚ ਪਰਮਾਤਮਾ ਹੈ ਤੇ ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ। ਦੇਖੋ ਹਾਥੀ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ, ਕੀ ਉਸ ਵਿਚ ਪਰਮਾਤਮਾ ਨਹੀਂ ਸੀ?'
'ਇਹ ਬਿਲਕੁਲ ਸੱਚ ਹੈ ਕਿ ਹਰ ਜੀਵ ਵਿਚ ਪਰਮਾਤਮਾ ਹੈ, ਇਸ ਲਈ ਹਾਥੀ ਵਿਚ ਵੀ ਹੈ। ਹਾਥੀ ਉਤੇ ਬੈਠੇ ਮਹਾਵਤ ਵਿਚ ਵੀ ਤਾਂ ਪਰਮਾਤਮਾ ਸੀ, ਉਹ ਤੈਨੂੰ ਪਿੱਛੇ ਹੱਟ ਜਾਣ ਲਈ ਕਹਿ ਰਿਹਾ ਸੀ, ਤੂੰ ਉਸ ਦਾ ਕਿਹਾ ਕਿਉਂ ਨਹੀਂ ਮੰਨਿਆ? ਇਹ ਉਸ ਦੀ ਗੱਲ ਨਾ ਮੰਨਣ ਦਾ ਹੀ ਨਤੀਜਾ ਹੈ।'

-ਮੋਬਾਈਲ : 62842-40676

Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਪਤਨੀ ਅਗਲੀ ਖ਼ਬਰ ...ਨਾਲ ਗੈਸ ਸਿਲੰਡਰ ਮੁਫ਼ਤ
Ad Position 24