08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

...ਨਾਲ ਗੈਸ ਸਿਲੰਡਰ ਮੁਫ਼ਤ

Ad Position 21
No active advertisement
ਅਜੀਤ ਡੈਸਕ 03-05-2026

ਕੁਝ ਦਿਨ ਪਹਿਲਾਂ ਸੁਖਵੀਰ ਸਿਹੁੰ ਉਰਫ਼ ਸੁੱਖੇ ਨੇ ਕਣਕ ਪਿਹਾਉਣ ਵਾਸਤੇ ਕਸ਼ਮੀਰ ਸਿਹੁੰ ਉਰਫ਼ ਸ਼ੀਰੇ ਦੀ ਚੱਕੀ 'ਤੇ ਪਹੁੰਚਾਈ ਸੀ। ਜਦੋਂ ਉਹ ਪੀਹੀ ਹੋਈ ਕਣਕ ਦਾ ਆਟਾ ਲੈਣ ਲਈ ਸ਼ੀਰੇ ਦੀ ਚੱਕੀ 'ਤੇ ਗਿਆ, ਤਾਂ ਉਨ੍ਹੇ ਵੇਖਿਆ ਕਿ ਸ਼ੀਰਾ ਖੁਦ ਹੀ ਛਾਣਨੇ ਨਾਲ ਗਾਹਕਾਂ ਦੀ ਕਣਕ ਦੀ ਸਫ਼ਾਈ ਕਰ ਰਿਹਾ ਹੈ। ਖ਼ੁਦ ਹੀ ਦਾਣੇ ਪੀਹ ਰਿਹਾ ਹੈ ਅਤੇ ਖ਼ੁਦ ਹੀ ਗਾਹਕਾਂ ਦੀ ਹੋਰ ਕਣਕ ਤੋਲ-ਤੋਲ ਕੇ, ਵਜ਼ਨ ਨੋਟ ਕਰ-ਕਰ ਕੇ, ਫਿਰ ਆਟਾ ਤੋਲ-ਤੋਲ, ਕਾਟ ਕੱਟ ਕੇ ਗਾਹਕਾਂ ਨੂੰ ਦੇ ਰਿਹਾ ਹੈ। ਖਿੱਝ ਨਾਲ ਸ਼ੀਰਾ ਮੂੰਹ ਵਿੱਚ ਕੁਝ ਬੁੜ-ਬੁੜ ਵੀ ਕਰੀ ਜਾ ਰਿਹਾ ਸੀ। ਕੱਪੜੇ ਨਾਲ ਉਨ੍ਹੇ ਆਪਣਾ ਨੱਕ-ਮੂੰਹ ਢੱਕ ਰੱਖਿਆ ਸੀ।
'ਹੋਰ ਸੁਣਾ, ਸ਼ੀਰਿਆ ਸ਼ੇਰਾ! ਕੀ ਹਾਲ ਏ ਤੇਰਾ? ਸਾਡੀ ਕਣਕ ਪੀਹ 'ਤੀ ਹੋਣੀ ਏਂ ? ਯਾਰ, ਤੂੰ 'ਕੱਲਾ ਈ ਚੱਕੀ ਦੇ ਸਾਰੇ ਕੰਮ ਕਰ ਰਿਹਾ ਏਂ। ਤੂੰ ਜਿਹੜੇ ਪਰਵਾਸੀ ਦੋ ਕਾਮੇ ਕੰਮ ਕਰਨ ਨੂੰ ਰੱਖੇ ਸੀ, ਉਹ ਕਿੱਥੇ ਗਏ?'
'ਢੱਠੇ ਖੂਹ 'ਚ ਗਏ।' ਸ਼ੀਰਾ ਖਿੱਝ ਕੇ ਬੋਲਿਆ, 'ਆਪੋ-ਆਪਣੇ ਪਿੰਡ ਨੂੰ ਚਲੇ ਗਏ। ਕਹਿੰਦੇ, ਹਮੇਂ ਪਗਾਰ (ਤਨਖਾਹ) ਕੇ ਇਲਾਵਾ ਸਾਥ ਮੇਂ ਗੈਸ ਸਿਲੰਡਰ ਮੁਫ਼ਤ ਦੇਂਗੇ, ਤਭੀ ਹਮ ਆਗੇ ਕਾਮ ਕਰੇਂਗੇ। ਗੈਸ ਬਹੁਤ ਮਹਿੰਗੀ ਹੋ ਗਈ ਹੈ ਔਰ ਹਮ ਪਰਵਾਸੀਓਂ ਕੋ ਅਬ ਮਿਲਤੀ ਭੀ ਬਹੁਤ ਮੁਸ਼ਕਿਲ ਸੇ ਹੈ।' '...ਤੇ ਤੂੰ ਫਿਰ ਕੀ ਕਿਹਾ ?' ਸੁੱਖੇ ਨੇ ਦਾਣਿਆਂ ਆਲੀ ਇਕ ਬੋਰੀ ਉੱਪਰ ਬੈਠਦਿਆਂ ਪੁੱਛਿਆ।
'ਮੈਂ ਕਿਹਾ ਕੰਮ ਕਰਨਾ, ਤਾਂ ਕਰੋ! ਨੲ੍ਹੀਂ ਤਾਂ ਜਾਓ ਜਿੱਥੇ ਮਰਜ਼ੀ। ਬੇਵਕੂਫ਼ੋ, ਏਥੇ ਸਾਨੂੰ ਇਕ-ਇਕ ਗੈਸ ਸਿਲੰਡਰ ਲੈਣ ਵਾਸਤੇ ਲੰਮੀਆਂ-ਲੰਮੀਆਂ ਲਾਈਨਾਂ 'ਚ ਖੜ੍ਹਨਾ ਪੈਂਦਾ। ਗੈਸ ਏਜੰਸੀ ਦੇ ਵਾਰ-ਵਾਰ ਗੇੜੇ ਮਾਰਨੇ ਪੈਂਦੇ ਨੇ। ਪਹਿਲਾਂ ਨਵਾਂ ਸਿਲੰਡਰ ਬੁਕ ਕਰਾਣਾ ਮੁਸ਼ਕਿਲ ਹੋਇਆ ਪਿਆ, ਫਿਰ ਕਦੋਂ ਭਰਿਆ ਸਿਲੰਡਰ ਮਿਲੂ, ਏਹਦਾ ਪਤਾ ਨ੍ਹੀਂ... ਤੇ ਤੁਸੀਂ ਪਗਾਰ ਕੇ ਸਾਥ ਗੈਸ ਸਿਲੰਡਰ ਮੁਫ਼ਤ ਭਾਲਦੇ ਓਂ ?'
ਉਹਦੀਆਂ ਗੱਲਾਂ ਸੁਣ ਕੇ ਸੁੱਖਾ ਕਪਾਹ ਦੀਆਂ ਫੁੱਟੀਆਂ ਵਾਂਗ ਖਿੜ-ਖਿੜਾ ਕੇ ਹੱਸ ਪਿਆ। ਉਹਦਾ ਹਾਸਾ ਸੁਣ ਕੇ ਸ਼ੀਰੇ ਦੀ ਖਿੱਝ ਦੂਰ ਹੋ ਗਈ ਤੇ ਚੱਕੀ 'ਤੇ ਆਏ ਖੜ੍ਹੇ ਛਿੰਦਾ, ਕੁਲਬੀਰਾ, ਗਿਆਨੀ ਆਦਿ ਹਲਕਾ-ਹਲਕਾ ਮੁਸਕਰਾ ਪਏ। ਫਿਰ ਗਿਆਨੀ ਨੇ ਗੱਲਾਂ ਦੀ ਲੜੀ ਜੋੜ ਲਈ, 'ਸਾਡਾ ਪਰਵਾਸੀ ਕਾਮਾ ਵੀ ਆਪਣੀ ਟੱਬਰੀ ਸਮੇਤ ਤਿੱਤਰ ਹੋ ਗਿਆ। ਉਨੇ ਵੀ ਤਨਖ਼ਾਹ ਦੇ ਨਾਲ ਗੈਸ ਸਿਲੰਡਰ ਮੁਫ਼ਤ ਦੇਣ ਦੀ ਜਾਂ ਆਪਣੀ ਸਿਲੰਡਰੀ (ਛੋਟਾ ਸਿਲੰਡਰ) ਮੁਫ਼ਤ ਭਰਵਾ ਕੇ ਦੇਣ ਦੀ ਸ਼ਰਤ ਰੱਖ 'ਤੀ। ਮੇਰੀ ਘਰਆਲੀ ਨੇ ਉਹਦੀ ਘਰਆਲੀ ਨੂੰ ਆਖਿਆ, ਕਿ ਮੈਂ ਮਿੱਟੀ ਆਲੇ ਚੁੱਲ੍ਹੇ 'ਤੇ ਲੱਕੜਾਂ, ਪਾਥੀਆਂ, ਛਿਟੀਆਂ ਵਗੈਰਾ ਦੀ ਅੱਗ ਬਾਲ ਕੇ ਸਾਰਾ ਰੋਟੀ-ਟੁੱਕ ਪਕਾ ਲੈਨੀ ਆਂ। ਤੂੰ ਵੀ ਇੰਝ ਈ ਭੋਜਨ ਪਕਾ-ਰਿੰਨ੍ਹ ਲਿਆ ਕਰ। ਤੈਨੂੰ ਮੌਤ ਪੈਂਦੀ ਏ ?'
'ਫਿਰ ਉਹਦੀ ਘਰਆਲੀ ਨੇ ਭਾਬੀ ਨੂੰ ਕੀ ਜੁਆਬ ਦਿੱਤਾ ?' ਸ਼ੀਰਾ ਇਕ ਗਾਹਕ ਦੇ ਬੋਰੇ ਦਾ ਆਟਾ ਤੋਲਦਾ ਹੋਇਆ ਬੋਲਿਆ, 'ਮੇਰੇ ਸਾ... 'ਕੱਲੇ ਟਰੰਪ ਨੇ ਸਾਰੀ ਦੁਨੀਆ ਨੂੰ ਯੱਭ 'ਚ ਪਾ ਛੱਡਿਆ ਈ। ਸਾਰੇ ਲੋਕ ਡਰੇ ਪਏ ਨੇ।'
'ਸਾਡੇ ਕਾਮੇ ਦੀ ਤੀਵੀਂ ਨੇ ਮੇਰੀ ਪਤਨੀ ਨੂੰ ਸੌ ਫ਼ੀਸਦ ਨਖ਼ਰੇ ਨਾਲ ਜੁਆਬ ਦਿੱਤਾ ਕਿ ਬੀਬੀ ਜੀ ਆਪਨੇ ਧੂੰਆਂ ਫਾਂਕਨਾ ਹੈ ਤੋਂ ਫਾਂਕੋ! ਮੁਝਸੇ ਨਹੀਂ ਧੂੰਆਂ ਫਾਂਕਾ ਜਾਤਾ। ਮੈਂ ਤੋ ਅਪਨੇ ਗਾਂਵ ਮੇਂ ਭੀ ਕਭੀ ਚੂਲਹਾ ਨਹੀਂ ਜਲਾਤੀ ਮਿੱਟੀ ਕਾ।' ਗਿਆਨੀ ਨੇ ਦੱਸਿਆ, 'ਮੇਰੀ ਪਤਨੀ ਉਸ ਤੀਵੀਂ ਦਾ ਜੁਆਬ ਸੁਣ ਕੇ ਸੁੰਨ ਜਿਹੀ ਹੋ ਗਈ।'
'ਸ਼ੀਰੇ, ਸਾਡੀ ਕਣਕ ਪੀਹ 'ਤੀ ?' ਛਿੰਦੇ ਨੇ ਐਕਟਿਵਾ ਦੀ ਚਾਬੀ ਦਾ ਛੱਲਾ ਹੱਥ ਦੀ ਇਕ ਉਂਗਲ 'ਚ ਪਾ ਕੇ ਘੁਮਾਂਦਿਆ ਪੁੱਛਿਆ।
'ਹਾਂ, ਛਿੰਦੇ ਵੀਰੇ! ਮੈਂ ਦਿੰਨਾ ਹੁਣੇ ਤੈਨੂੰ ਆਟਾ।' ਸ਼ੀਰੇ ਨੇ ਦਾਣਿਆਂ ਦਾ ਭਰਿਆ ਇਕ ਪੀਪਾ ਸਟੂਲ 'ਤੇ ਚੜ੍ਹ ਚੱਕੀ ਦੇ ਵੱਡੇ ਸਾਰੇ 'ਬੰਬੂਕਾਟ' 'ਚ ਪਾਂਦਿਆਂ ਕਿਹਾ। ਫਿਰ ਉਹ 'ਬੰਬੂਕਾਟ' 'ਚ ਹੱਥ ਫੇਰ ਕੇ ਸਟੂਲ ਤੋਂ ਹੇਠਾਂ ਉਤਰ ਆਇਆ ਤੇ ਇਕ ਛੋਟੇ ਡੰਡੇ ਨਾਲ ਚੱਕੀ ਦੇ ਢੋਲ ਨੂੰ ਖੜਕਾਅ-ਖੁੜਕੂ ਕੇ ਛਿੰਦੇ ਹੁਣਾਂ ਦਾ ਬੋਰਾ ਲੱਭ ਉਹਦੇ 'ਚ ਆਟਾ ਪਾ ਕੇ ਕੰਡੇ 'ਤੇ ਰੱਖ ਤੋਲਣ ਲੱਗ ਪਿਆ। ਅਚਾਨਕ ਕੁਝ ਚੇਤਾ ਆਉਣ 'ਤੇ ਉਹ ਸੁੱਖੇ ਨੂੰ ਮੁਖਾਤਿਬ ਹੋਇਆ, 'ਸੁੱਖ ਵੀਰੇ, ਤੂੰ ਸ਼ਾਮ ਨੂੰ ਪੰਜ ਵਜੇ ਆਪਣਾ ਨਗ ਭਾਵ ਤੋੜਾ ਆਟੇ ਆਲਾ ਲੈ ਜਾਈਂ। ਤੁਹਾਡੀ ਕਣਕ ਹਾਲੇ ਪੀਹਣ ਆਲੀ ਪਈ ਏ।'
'ਕੋਈ ਨ੍ਹੀਂ ਸ਼ੀਰਿਆ! ਮੈਂ ਸ਼ਾਮ ਨੂੰ ਆਪਣਾ ਆਟਾ ਲੈ ਜਾਊਂ। ਹਾਲੇ ਸਾਡੇ ਕੋਲ ਕੁਝ ਆਟਾ ਹੈਗਾ ਏ। ਉਹੀ ਪਕਾ ਲੈਨੇ ਆਂ। ਬੱਚਿਆਂ ਨੂੰ ਭੁੱਖੇ ਨ੍ਹੀਂ ਰੱਖਣਾ ਆਪਾਂ।' ਇਹ ਆਖ ਸੁੱਖਾ ਆਪਣੇ ਮੋਟਰਸਾਈਕਲ 'ਤੇ ਚੜ੍ਹ ਕੇ ਚਲਾ ਗਿਆ।
'ਕੁਲਬੀਰ ਸਿਹਾਂ, ਤੁਹਾਡੀ ਕਣਕ ਵੀ ਪੀਹ 'ਤੀ ਆ। ਤੂੰ ਵੀ ਆਪਣਾ ਬੋਰਾ ਲੈ ਜਾਈਂ।' ਸ਼ੀਰੇ ਨੇ ਕਾਟ ਕੱਟ ਕੇ ਅਤੇ ਛਿੰਦੇ ਕੋਲੋਂ ਪਿਹਾਈ ਦੇ ਪੈਸੇ ਲੈ ਝੱਗੇ ਦੇ ਬੋਝੇ 'ਚ ਪਾਂਦਿਆਂ ਆਖਿਆ।
'ਠੀਕ ਏ! ਦੇ-ਦੇ ਸਾਡਾ ਆਟਾ ਵੀ। ਮੈਂ ਹੋਰ ਕਈ ਕੰਮ ਕਰਨੇ ਘਰੇ ਜਾ ਕੇ।' ਕੁਲਬੀਰੇ ਨੇ ਠਰ੍ਹੰਮੇ-ਭਰੇ ਲਹਿਜ਼ੇ 'ਚ ਆਖਿਆ। ਇਸ ਦੌਰਾਨ ਛਿੰਦਾ ਵੀ ਆਪਣਾ ਬੋਰਾ ਆਟੇ ਵਾਲਾ ਲੈ ਕੇ ਚਲਾ ਗਿਆ।
'ਦੇਖ ਲੈ, ਜ਼ੈਲਦਾਰਾਂ ਦੇ ਦਿਲਾਵਰ ਨੇ ਆਪਣੇ ਤਿੰਨਾਂ ਕਾਮਿਆਂ ਨੂੰ ਤਨਖ਼ਾਹ ਦੇ ਨਾਲ ਮੁਫ਼ਤ ਗੈਸ ਸਿਲੰਡਰ ਦੇਣ ਦਾ ਵਾਅਦਾ ਨਿਭਾ ਕੇ ਕਿਤੇ ਨੲ੍ਹੀਂ ਜਾਣ ਦਿੱਤਾ। ਉਹਦਾ ਕਹਿਣਾ ਏ ਕਿ ਕਣਕ ਦੀ ਵਾਢੀ ਪੈਣ ਆਲੀ ਏ। ਕੰਮ ਦਾ ਬੜਾ ਜ਼ੋਰ ਪੈ ਜਾਣਾ ਏ। ਫਿਰ ਕਾਮੇ ਲੱਭਣੇ ਮੁਹਾਲ ਹੋ ਜਾਣੇ ਨੇ', ਸ਼ੀਰਾ ਕੁਲਬੀਰ ਹੁਣਾਂ ਦਾ ਆਟਾ ਕੰਡੇ 'ਤੇ ਰੱਖ ਤੋਲਦਿਆਂ ਬੋਲਿਆ।
'ਸ਼ੀਰੇ ਯਾਰ, ਜ਼ੈਲਦਾਰਾਂ ਦੀ ਪਹੁੰਚ ਬਹੁਤ ਉੱਤੇ ਤੱਕ ਏ। ਉਹ ਬਿਨਾਂ ਬੁਕਿੰਗ ਤੋਂ ਭਰਿਆ ਗੈਸ-ਸਿਲੰਡਰ ਲੈ ਸਕਦੇ ਨੇ।'
'ਜੇਕਰ ਜੰਗ ਲੰਮੀ ਹੋ ਗਈ, ਤਾਂ ਫਿਰ ਰਸੋਈ ਗੈਸ ਦੇ ਨਾਲ-ਨਾਲ ਡੀਜ਼ਲ-ਪੈਟਰੋਲ ਦੀ ਵੀ ਡਾਢੀ ਕਿੱਲਤ ਹੋ ਜਾਣੀ ਏਂ। ਸਭ ਸ਼ਿਫ਼ਾਰਸ਼ਾਂ ਨੁੱਕਰੇ ਲੱਗ ਜਾਣੀਆਂ ਨੇ।'

-ਬੀ. ਐਕਸ/925, ਮੁਹੱਲਾ ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਜਲੰਧਰ-144008.
ਫ਼ੋਨ : 9872254990

Ad Position 22
No active advertisement
ਪਿਛਲੀ ਖ਼ਬਰ ਬੰਗਾਲੀ ਲੋਕ ਕਥਾ ਪਰਮਾਤਮਾ ਹਰ ਥਾਂ ਹੈ ਅਗਲੀ ਖ਼ਬਰ ਕਰਜ਼ਾ 6 ਲੱਖ ਦਾ
Ad Position 24