ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦੁਆਵਾਂ ਚੁਗਣ ਵਾਲੀ

Ad Position 21
No active advertisement
ਅਜੀਤ ਡੈਸਕ 10-05-2026

ਕਹਾਣੀ
ਡੀ. ਜੇ. ਵਾਲਿਆਂ ਨੇ ਬੜਾ ਖੌਰੂ ਪਾਇਆ |
ਕੁੜੀਆਂ ਨੱਚੀਆਂ, ਮੁੰਡੇ ਨੱਚੇ, ਜੱਫੀਆਂ ਪਾਈਆਂ, ਇਕ-ਦੂਜੇ ਦੇ ਨੇੜੇ ਹੋਏ | ਲੱਕ ਟਵੰਟੀ ਏਟ ਮਿਣਿਆ ਗਿਆ | ਬਲਗਰ ਗਾਣੇ ਸੁਣੇ ਗਏ |
ਹੇਠਾਂ ਬਰਾਤੀ ਨੱਚੇ | ਕੁੜੀਆਂ ਦੇ ਘਰ ਦੇ ਨੱਚੇ, ਵਿਆਹ ਵਾਲਾ ਮੁੰਡਾ ਤੇ ਕੁੜੀ ਨੱਚੇ | ਡੀ.ਜੇ. ਦੀ ਉੱਚੀ ਆਵਾਜ਼ ਸੁਣ ਬਿਰਧ ਅਵਸਥਾ ਅਤੇ ਦਿਲ ਦੇ ਮਰੀਜ਼ ਉਠ-ਉਠ ਬਾਹਰ ਜਾਣ ਲੱਗੇ | 'ਰੋਟੀ', 'ਰੋਟੀ', 'ਰੋਟੀ! ਲੱਗ ਗਈ ਰੋਟੀ' ਪਲੇਟਾਂ ਖੜਕਣ ਲੱਗ ਪਈਆਂ | ਵਿਆਹ 'ਚ ਸ਼ਾਮਿਲ ਬਰਾਤੀ ਤੇ ਹੋਰ ਮਹਿਮਾਨ ਦੌੜ ਕੇ 'ਰੋਟੀ' ਵੱਲ ਹੋ ਗਏ |
ਬੱਸ ਨੱਚਣ ਵਾਲਿਆਂ 'ਚ ਵਿਆਹ ਵਾਲਾ ਲਾੜਾ ਤੇ ਲਾੜੀ ਦੋਵੇਂ ਹੀ ਬਚੇ, ਉਹ ਸੰਗਦੇ ਸੰਗਦੇ ਇਕ-ਦੂਜੇ ਵੱਲ ਵੇਖਦੇ | ਪੈਰ ਅੱਗੇ ਪਿਛੇ ਕਰਦੇ ਰਹੇ | ਡੀ.ਜੇ. ਵੱਜਦਾ ਰਿਹਾ |
ਡੀ.ਜੇ. ਵਾਲਿਆਂ ਦੀ ਸੁਰ ਮੱਧਮ ਪੈ ਗਈ | ਮੱਧਮ ਸੁਰ ਵਿਚ ਗੀਤ ਵੱਜਣ ਲੱਗਾ, 'ਚਿੱਟੇ ਚੌਲ ਜਿਨ੍ਹਾਂ ਨੇ ਪੰੁਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ', 'ਬਈ ਚਿੱਟੇ ਚੌਲ ਜਿਨ੍ਹਾਂ ਨੇ ਪੰੁਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ...' ਸੁਰ ਉਦਾਸ ਹੋਣ ਲੱਗੀ |
'ਕਿਆ ਜੋੜੀ ਹੈ, ਦੂਹਲਾ ਸਾਹਿਬ-ਅਮਰੀਕਾ ਤੋਂ ਆਏ ਹਨ, 'ਦੁਲਹਨ' ਵੀ ਅਮਰੀਕਾ ਚਲੀ ਜਾਵੇਗੀ, ਇਹ ਚਿੱਟੇ ਚੌਲਾਂ ਦਾ ਕਮਾਲ ਹੈ', ਡੀ. ਜੇ. ਵਾਲਾ ਭੂਮਿਕਾ ਬੰਨ੍ਹਣ ਲੱਗਿਆ | ਬਚੇ ਹੋਏ ਮਹਿਮਾਨ ਜੋੜੀ ਨੂੰ ਦੇਖਣ ਲਈ ਅੱਗੇ ਵੱਲ ਹੋਏ | ਰੁਪਈਏ ਵਾਰੇ ਗਏ | ਰੁਪਈਆਂ ਦੀ ਬਰਸਾਤ ਹੋਈ, ਚਿੱਟੇ ਚੌਲਾਂ ਦਾ ਗੀਤ ਵੱਜਦਾ ਰਿਹਾ |
ਗੀਤ ਦੀ ਧੁਨ ਵੱਜਦੀ ਰਹੀ | ਜੋੜੀ ਸੋਹਣੀ ਸੀ | ਚਿੱਟੇ ਚੌਲਾਂ ਦਾ ਕਮਾਲ ਸੀ, ਚਿੱਟੇ ਚੌਲ ਜਿਨ੍ਹਾਂ ਨੇ ਪੰੁਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ |
ਉਧਰ ਰੋਟੀ ਵਾਲੇ ਪਾਸੇ ਰੋਟੀਆਂ ਠੰਢੀਆਂ ਸਨ | ਖਾਣ ਵਾਲੇ ਰੋਟੀ ਨੂੰ ਚੁੱਕਣ, ਹੱਥ ਵਿਚ ਘੁੱਟਣ ਤੇ ਠੰਢੀ ਦੇਖ ਕੇ ਵਾਪਸ ਰੱਖ ਦੇਣ | ਹਾਂ, ਚਿੱਟੇ ਚੌਲਾਂ 'ਚੋਂ ਬਾਸਮਤੀ ਦੀ ਮਹਿਕ ਕਮਾਲ ਦੀ ਸੀ | ਚਿੱਟੇ ਚੌਲਾਂ ਦਾ ਪੰੁਨ ਅਤੇ ਬਾਸਮਤੀ ਦੀ ਮਹਿਕ ਨੇ ਰਲ ਕੇ ਚੌਲਾਂ ਦਾ ਸੁਆਦ ਹੋਰ ਵੀ ਅੱਛਾ ਕਰ ਦਿੱਤਾ | ਪਰ ਪਤਾ ਨਹੀਂ ਫਿਰ ਵੀ ਕਿਉਂ ਅੱਧ-ਪਚੱਧੇ ਚੌਲ ਖਾ ਕੇ ਖਾਣ ਵਾਲੇ ਚੌਲ ਪਲੇਟਾਂ ਵਿਚ ਉਵੇਂ ਹੀ ਛੱਡੀ ਜਾਂਦੇ |
ਫਿਰ ਅਚਾਨਕ ਡੀ.ਜੇ. ਵੱਜਣਾ ਬੰਦ ਹੋ ਗਿਆ | ਆਏ ਮਹਿਮਾਨ ਘੜੀਆਂ ਦੇਖਣ ਲੱਗੇ | ਲੇਟ ਹੋ ਗਏ, ਲੋਕਾਂ ਨੇ ਵਾਪਸ ਵੀ ਜਾਣਾ ਸੀ | ਵਿਆਹ ਵਾਲੀ ਜੋੜੀ ਅਤੇ ਉਨ੍ਹਾਂ ਦੇ ਨਜ਼ਦੀਕੀ ਵੀ ਕਿਤੇ ਕੋਨੇ ਵਿਚ ਬੈਠ ਰੋਟੀ ਖਾਣ ਲੱਗੇ | ਮਹਿਮਾਨਾਂ ਨੇ ਰੋਟੀ ਘੱਟ ਖਾਧੀ, ਚੌਲ ਜ਼ਿਆਦਾ ਖਾਧੇ | ਡੀ.ਜੇ. ਵਾਲਿਆਂ ਨੇ ਚੌਲਾਂ ਦੇ ਗੀਤ ਹੀ ਗਾਏ | ਗੁਰਦਾਸ ਮਾਨ ਦੀ 'ਰੋਟੀ' ਨਾ ਗਾਈ |
ਵਿਆਹ ਵਾਲਾ ਪੈਲੇਸ ਬੜਾ ਸਜਾਇਆ ਗਿਆ ਸੀ, ਜੀ.ਟੀ. ਰੋਡ 'ਤੇ ਬਣਿਆ ਪੈਲੇਸ ਏ.ਸੀ. ਸਾਫ਼-ਸੁਥਰਾ, ਮਹਿੰਗਾ ਵੀ ਸੀ | ਆਲੇ-ਦੁਆਲੇ ਖੇਤ ਸਾਫ਼ ਸੁਥਰੀ ਹਵਾ ਪ੍ਰਦੂਸ਼ਣ ਤੋਂ ਦੂਰ | ਖੇਤਾਂ ਵਿਚੋਂ ਝੋਨਾ ਵੱਢਿਆ ਜਾ ਰਿਹਾ ਸੀ, ਝੋਨੇ ਦੀ ਪਿੜ ਸੀ |
ਕੁੜੀ ਵਾਲਿਆਂ ਦਾ ਘਰ ਪੈਲੇਸ ਤੋਂ ਦਸ ਕਿਲੋਮੀਟਰ 'ਤੇ ਹੋਵੇਗਾ | ਪਹਿਲਾਂ ਤੈਅ ਹੋਇਆ ਡੋਲੀ ਪਿੰਡ ਤੋਂ ਤੋਰੀ ਜਾਵੇਗੀ, ਨਹੀਂ ਨਹੀਂ ਲੇਟ ਬਹੁਤ ਹੋਣਾ, ਏਥੋਂ ਡੋਲੀ ਪੈਲੇਸ ਵਿਚੋਂ ਹੀ ਵਿਦਾ ਕਰੋ | ਏਵੇਂ ਹੀ ਤੈਅ ਹੋਇਆ | ਡੋਲੀ ਵਾਲੀ ਫੁੱਲਾਂ ਲੱਦੀ ਕਾਰ ਬਿਲਕੁਲ ਬਰਾਂਡੇ ਕੋਲ ਲਾ ਦਿੱਤੀ |
'ਚਲੋ ਬਈ ਚਲੋ' ਆਵਾਜ਼ਾਂ ਆਉਣ ਲੱਗੀਆਂ | ਮਾਵਾਂ-ਧੀਆਂ ਗਲੇ ਮਿਲੀਆਂ | ਅੱਖਾਂ 'ਚੋਂ ਹੰਝੂ ਕਿਰੇ | ਚਾਚੀਆਂ-ਤਾਈਆਂ, ਸਹੇਲੀਆਂ ਮਿਲੀਆਂ | ਦੁਲਹਨ ਹੌਲੀ-ਹੌਲੀ ਕਾਰ ਵੱਲ ਨੂੰ ਤੁਰੀ | ਵਾਜੇ ਵਾਲਿਆਂ ਨੇ ਬਾਬਲ ਵਲੋਂ ਦੁਆ ਕੀਤੀ 'ਬਾਬੁਲ ਕੀ ਦੁਆਏਾ ਲੇਤੀ ਜਾ, ਜਾਹ ਤੁਝਕੋ ਸੁਖੀ ਸੰਸਾਰ ਮਿਲੇ', ਅੱਗੇ-ਅੱਗੇ ਲਾੜਾ ਪਿੱਛੇ-ਪਿੱਛੇ ਲਾੜੀ ਤੇ ਲਾੜੀ ਦੇ ਨਾਲ ਸਖੀਆਂ ਸਹੇਲੀਆਂ ਤੇ ਹੋਰ ਰਿਸ਼ਤੇਦਾਰ, ਸਭ ਡੋਲੀ ਵਾਲੀ ਕਾਰ ਕੋਲ ਪਹੁੰਚ ਗਏ | ਬਸ ਕੁਝ ਪਲ ਬਾਕੀ ਸਨ, ਕਾਰ ਦੀ ਖਿੜਕੀ ਲਾੜੀ ਦੇ ਬੈਠਣ ਲਈ ਖੁੱਲ੍ਹੀ ਸੀ, 'ਕਾਫਲਾ ਰੁਕਿਆ ਖੜ੍ਹਾ ਸੀ...'ਚੌਲ' ਕਿਸੇ ਸਿਆਣੀ ਦੀ ਆਵਾਜ਼ ਸੀ |
'ਚੌਲ, ਆ ਗਏ, ਚਲ ਬਈ ਰਾਣੀ ਅੱਗੇ ਆ ਚੌਲ ਲੈ ਕੇ , ਮੋਹਰੇ ਕਰ ਕੁੜੀ ਦੇ ਇਹ ਚੌਲਾਂ ਦੀ ਰਸਮ ਹੋਵੇ, ਖ਼ੈਰ ਸੁੱਖ ਮੰਗ ਆਪਣੇ ਬਾਬਲ ਦੇ ਵਿਹੜੇ ਦੀ ਜਿਹਨੇ ਤੈਨੂੰ ਜੰਮਿਆ, ਜਾਇਆ, ਪਾਲਿਆ, ਵੱਡੀ ਕੀਤਾ, ਵਰ ਟੋਲਿਆ, ਪਿੱਛੇ ਇਹ ਘਰ ਵਸਦਾ ਰਹੇ |' ਆਹ ਕੁੜੀਏ ਚੌਲਾਂ ਦਾ ਬੁੱਕ ਭਰ-ਭਰ ਪਿੱਛੇ ਨੂੰ ਖਲਾਰਨਾ ਦੂਰ ਤੱਕ ਛਿੱਟਾ ਦੇਣਾ |
ਲਾੜੀ ਨੇ ਚੌਲਾਂ ਦੀ ਪਰਾਤ ਵਿਚੋਂ ਚੌਲਾਂ ਦੀ ਬੁੱਕ ਭਰਿਆ, ਪਿਛੇ ਵੱਲ ਸੁੱਟਿਆ, ਚੌਲ ਨੰਗੇ ਸਿਰ ਵਾਲੀਆਂ ਦੇ ਵਾਲਾਂ 'ਚ ਫਸ ਗਏ | ਕੁਝ ਇਕ ਦੀਆਂ ਚੁੰਨੀਆਂ ਤੋਂ ਹੋ ਕੇ ਹੇਠਾਂ ਡਿੱਗ ਪਏ | ਚੌਲ ਪੈਰਾਂ ਹੇਠ ਆ ਕੇ ਮਿੱਧੇ ਗਏ | ਚਿੱਟੇ ਚੌਲ ਮਿੱਟੀ ਰੰਗੇ ਹੋ ਗਏ |
'ਸੱਤ ਵਾਰੀ ਸੁੱਟ ਧੀਏ |'
'ਏਵੇਂ ਹੀ ਹੋਇਆ, ਇਕ ਦੋ ਤਿੰਨ ਚਾਰ ਪੰਜ ਛੇ ਸੱਤ' ਸੱਤ ਹੋ ਗਏ |
'ਚੌਲ ਸੁੱਟੇ ਗਏ... ਘਰ ਦੀ ਸੁੱਖ ਮੰਗੀ ਗਈ ਪਰ ਚੌਲ ਤਾਂ ਪੈਲੇਸ ਵਿਚ ਹੀ ਰਹਿ ਗਏ, ਘਰ ਤਾਂ ਇਕ ਦਾਣਾ ਵੀ ਨਾ ਪੁੱਜਾ |'
'ਕੋਈ ਨਾ ਇਹ ਤਾਂ ਸ਼ਗਨ ਹੁੰਦਾ | ਰਸਮ... |'
'ਸ਼ਗਨ ਕਿੱਦਾਂ, ਜੇ ਚੌਲ ਘਰ ਜਾਂਦੇ ਤਾਂ ਕੁੜੀ ਦੀਆਂ ਦੁਆਵਾਂ ਵੀ ਘਰ ਜਾਂਦੀਆਂ |' ਕੁਝ ਪਾਸੇ 'ਤੇ ਖੜ੍ਹੀਆਂ ਅਧਖੜ ਜਿਹੀ ਉਮਰ ਦੀਆਂ ਬੀਬੀਆਂ ਵਿਚਾਰਾਂ ਕਰਨ ਲੱਗੀਆਂ |
ਉਹ ਜ਼ਮੀਨ 'ਤੇ ਖਿੱਲਰੇ ਚੌਲਾਂ ਵੱਲ ਦੇਖਣ ਲੱਗੀਆਂ | ਚੌਲ ਜਦੋਂ ਖਿਲਾਰੇ ਗਏ, ਚਿੱਟੇ ਸਨ, ਪਲ ਭਰ ਵਿਚ ਹੀ ਚੌਲ ਪੈਰਾਂ ਹੇਠ ਆ ਕੇ ਮਿੱਧੇ ਗਏ | ਚੌਲਾਂ ਦਾ ਰੰਗ ਮਿੱਟੀ ਰੰਗਾ ਹੋ ਗਿਆ | ਚੌਲ ਚੰਗੀ ਪੁਰਾਣੀ ਬਾਸਮਤੀ ਦੇ ਸਨ, ਕਹਿੰਦੇ ਨੇ ਪੁਰਾਣੇ ਚੌਲ ਚੰਗੇ ਹੁੰਦੇ ਹਨ | ਕਿਲੋ-ਦੋ ਕਿਲੋ ਤਾਂ ਹੋਣਗੇ ਹੀ ਜਿਹੜੇ ਚੌਲਾਂ ਦਾ ਛਿੱਟਾ ਦਿੱਤਾ ਗਿਆ ਸੀ |
ਡੋਲੀ ਵਿਦਾ ਹੋ ਗਈ | ਡੌਲੀ ਨੂੰ ਵਿਦਾ ਕਰਨ ਆਈਆਂ ਬੀਬੀਆਂ ਜ਼ਮੀਨ 'ਤੇ ਸੁੱਟੇ ਚੌਲਾਂ ਨੂੰ ਮਿਧ-ਮਿਧ ਕੇ ਜਾਣ ਲੱਗੀਆਂ | ਜ਼ਮੀਨ 'ਤੇ ਖਿੱਲਰੇ ਚੌਲਾਂ ਵਿਚ ਉਹ ਦੁਆਵਾਂ ਵੀ ਸਨ ਜਿਹੜੀਆਂ ਬਾਪ ਨੇ ਆਪਣੀ ਧੀ ਨੂੰ ਜਾਣ ਵੇਲੇ ਦਿੱਤੀਆਂ ਸਨ |
'ਨਹੀਂ ਨਹੀਂ ਉਲਟਾ ਸੀ ਇਹ | ਉਹ ਦੁਆਵਾਂ ਸਨ ਜਿਹੜੀਆਂ-ਜਿਹੜੀਆਂ ਜਾਂਦੀ ਹੋਈ ਧੀ ਆਪਣੇ ਬਾਪ ਨੂੰ ਦੇ ਕੇ ਗਈ ਸੀ |'
'ਚਲੋ ਦੁਆਵਾਂ ਤਾਂ ਕੋਈ ਵੀ ਹੋਣ ਦੁਆਵਾਂ ਤਾਂ ਦੁਆਵਾਂ ਸੀ ਜਿਹੜੀਆਂ ਪੈਰਾਂ ਹੇਠ ਆ ਕੇ ਮਿੱਧੀਆਂ ਗਈਆਂ | ਪਿੰਡ ਬਾਪ ਦੇ ਘਰ ਤਾਂ ਪੁੱਜੀਆਂ ਨਹੀਂ | ਬਾਪ ਦਾ ਘਰ ਕੀ ਵਧਣਾ-ਫੁਲਣਾ, ਦੁਆਵਾਂ ਏਥੇ ਹੀ ਰਹਿ ਗਈਆਂ, ਪੈਲੇਸ ਵਿਚ |
'ਹਾਹੋ, ਦੁਆਵਾਂ ਸਾਰੀਆਂ ਪੈਲੇਸਾਂ ਨੂੰ ਲੱਗੀ ਜਾਂਦੀਆਂ | ਕੁਝ ਵੀ ਨਹੀਂ ਸੀ ਜਦ ਬਣਿਆ ਪੈਲੇਸ! ਹੁਣ ਦੁਆਵਾਂ ਨਾਲ ਦੂਜੀ ਮੰਜ਼ਿਲ ਬਣ ਗਈ, ਏ.ਸੀ. ਵੀ ਲੱਗ ਗਏ |'
'ਪੈਲੇਸਾਂ ਨੂੰ ਕੁੜੀਆਂ ਦੁਆਵਾਂ ਦਈ ਜਾਂਦੀਆਂ, ਕੁੜੀਆਂ ਦੇ ਮਾਂ-ਬਾਪ ਕਮਾਈ ਦੇਈ ਜਾਂਦੇ |'
'ਲੈ ਹਾਅ ਚੌਲਾਂ 'ਚ ਮਿਲਾਈਆਂ ਦੁਆਵਾਂ ਕਿਹੜੀਆਂ ਇਥੇ ਪਈਆਂ ਰਹਿਣੀਆਂ, ਹੁਣ ਜਾਨਵਰਾਂ ਨੇ ਆ ਕੇ ਚੁਗ ਕੇ ਲੈ ਜਾਣੀਆਂ ਜਾਂ ਮੰਗਣ ਵਾਲੀਆਂ ਨੇ ਆ ਕੇ 'ਕੱਠੀਆਂ ਕਰਕੇ ਲੈ ਜਾਣੀਆਂ |'
'ਲੈ ਮੰਗਣ ਵਾਲੀਆਂ ਕਿਹੜਾ ਦੁਆਵਾਂ ਮੰਗਦੀਆਂ ਉਹ ਤਾਂ ਰੋਟੀ ਮੰਗਦੀਆਂ, ਰੋਟੀ |'
'ਲੈ ਰੋਟੀ ਹੋਰ ਗੱਲ ਹੈ, ਦੁਆਵਾਂ ਹੋਰ ਗੱਲ ਹੈ, ਨਾਲੇ ਗੱਲ ਦੁਆਵਾਂ ਦੀ ਚਲਦੀ ਹੈ, ਰੋਟੀ ਦੀ ਨਹੀਂ, ਰੋਟੀ ਤਾਂ ਪੈਲੇਸ ਦੇ ਅੰਦਰ ਹੈ | ਦੇਖ ਲੈ ਜਾ ਕੇ ਕਿੱਦਾਂ ਚੌਲਾਂ ਦੀ ਭਰੀਆਂ ਪਲੇਟਾਂ ਛੱਡੀ ਜਾਂਦੇ?'
ਜ਼ਰਾ ਕੁ ਡੋਲੀ ਵਾਲੀ ਜਗ੍ਹਾ ਖਾਲੀ ਹੋਈ ਤਾਂ ਪਤਾ ਨਹੀਂ ਕਿਥੋਂ ਇਕ ਕੂੜਾ ਚੁਗਣ ਵਾਲੀ ਆ ਗਈ | ਉਹ ਆਪਣੀ ਮੈਲੀ-ਕੁਚੈਲੀ ਸਾੜੀ ਦੇ ਪੱਲੂ ਨਾਲ ਖਿੱਲਰੇ ਚੌਲ ਇਕੱਠੇ ਕਰਨ ਲੱਗੀ, ਉਸ ਦੀ ਨਜ਼ਰ ਕੰਮ ਕਰਦੀ ਸੀ, ਉਸ ਨੂੰ ਮਿੱਟੀ ਰੰਗੇ ਚੌਲ ਵੀ ਦਿਸ ਰਹੇ ਸਨ |
ਉਹ ਆਪਣੇ ਕੰਮ ਲੱਗੀ ਰਹੀ | ਮਹਿਮਾਨ ਜਾ ਚੁੱਕੇ ਸਨ | ਨਿੱਕ-ਸੁੱਕ 'ਕੱਠਾ ਕਰਨ ਵਾਲੇ ਸਨ ਜਾਂ ਉਹ ਦੁਆਵਾਂ ਚੁਗਣ ਵਾਲੀ.... |
ਦੁਆਵਾਂ ਚੁਗਣ ਵਾਲੀ ਨੇ ਦੁਆਵਾਂ ਚੁਗ-ਚੁਗ ਘਸਮੈਲੇ ਚੌਲਾਂ ਦੀ ਇਕ ਨਿੱਕੀ ਜਿਹੀ ਢੇਰੀ ਬਣਾ ਲਈ ਸੀ |

-ਮੋਬਾਈਲ : 98884-05888

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਅਗਲੀ ਖ਼ਬਰ ਗ਼ਜ਼ਲ
Ad Position 24
No active advertisement