ਜਗਨ ਨਾਥ 'ਆਜ਼ਾਦ' ਦਾ ਜਨਮ ਇਕ ਪ੍ਰਸਿੱਧ ਕਵੀ, ਉਰਦੂ-ਫ਼ਾਰਸੀ ਦੇ ਮਾਹਿਰ ਅਧਿਆਪਕ ਦੇ ਘਰ ਕਸਬਾ ਈਸਾ ਖੇਲ, ਜ਼ਿਲ੍ਹਾ ਮੀਆਂਵਾਲੀ, ਪੰਜਾਬ ਵਿਚ ਹੋਇਆ। ਉਸਦੇ ਘਰ ਵੱਡੇ ਕਵੀਆਂ, ਹਿੰਦੂ-ਮੁਸਲਿਮ ਵਿਦਵਾਨਾਂ ਤੇ ਭਾਸ਼ਾ ਵਿਗਿਆਨੀਆਂ ਦਾ ਆਉਣਾ ਜਾਣਾ ਆਮ ਸੀ। ਭਾਵ, ਉਹ ਇਕ ਖੁੱਲ੍ਹੇ ਡੁੱਲ੍ਹੇ, ਜਾਗ੍ਰਿਤ ਤੇ ਸੈਕੂਲਰ ਮਾਹੌਲ ਵਿਚ ਪਲਿਆ।
ਉਸਨੇ ਗੌਰਡਨ ਕਾਲਜ, ਰਾਵਲਪਿੰਡੀ ਤੋਂ ਐਮ.ਏ. ਤੇ ਫਿਰ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਐਮ.ਏ. ਫ਼ਾਰਸੀ ਤੇ ਐਮ.ਓ.ਐਲ. ਕੀਤੀ।
ਉਨ੍ਹੀ ਦਿਨੀਂ ਉਰਦੂ, ਫ਼ਾਰਸੀ ਭਾਸ਼ਾਵਾਂ ਨੌਜਵਾਨਾਂ ਦਾ ਕਲਚਰਲ ਭਾਵ ਸੱਭਿਆਚਾਰਕ ਆਧਾਰ ਸਨ। ਆਜ਼ਾਦੀ ਦੀ ਲਹਿਰ ਤੇ ਫ਼ਿਰਕਾਪ੍ਰਸਤੀ ਦਾ ਜ਼ਹਿਰ ਨਾਲੋ-ਨਾਲ ਉੱਭਰ ਰਹੇ ਸਨ। ਮੁਸਲਿਮ ਲੀਗ ਪਾਰਟੀ ਕੌਮਾਂ ਤੇ ਧਰਮਾਂ ਵਿਚ ਪਾੜ ਪਾ ਰਹੀ ਸੀ, ਪਰ 'ਆਜ਼ਾਦ', ਮਾਨਵੀ ਤੇ ਸੁਤੰਤਰਤਾ ਪ੍ਰੇਮੀ ਸੀ ਕਿਉਂਕਿ ਜਦੋਂ ਉਹ ਜਵਾਨ ਹੋਇਆ ਉਦੋਂ ਜਲ੍ਹਿਆਂਵਾਲੇ ਬਾਗ਼ ਦਾ ਕਾਂਡ ਵਾਪਰ ਚੁੱਕਾ ਸੀ ਤੇ ਸਰਦਾਰ ਭਗਤ ਸਿੰਘ ਵਰਗੇ ਸ਼ਹੀਦੀਆਂ ਪਾ ਚੁੱਕੇ ਸਨ।
ਉਦੋਂ ਦਾ ਪੰਜਾਬ ਇਕ ਬਹੁਤ ਤਕੜਾ ਸੂਬਾ ਸੀ ਜਿਸ ਦਾ ਪ੍ਰਧਾਨ ਮੰਤਰੀ (ਮੁੱਖ ਮੰਤਰੀ) 'ਸਰ' ਸਿਕੰਦਰ ਹਿਆਤ ਖ਼ਾਨ ਮੁਸਲਿਮ ਲੀਗ ਵਿਰੋਧੀ, ਯੂਨੀਅਨਨਿਸਟ ਪਾਰਟੀ, ਜੋ ਕਿਸਾਨਾਂ ਤੇ ਵਪਾਰੀਆਂ ਦੀ ਧਰਮ ਨਿਰਪੇਖ ਪਾਰਟੀ ਸੀ, ਦਾ ਨੇਤਾ ਸੀ। ਸਿਕੰਦਰ ਹਿਆਤ ਨੇ ਹਿੰਦੂ, ਸਿੱਖ, ਮੁਸਲਿਮ ਏਕੇ ਦੇ ਹੱਕ ਵਿਚ ਪ੍ਰਚਾਰ ਕੀਤਾ ਤੇ ਜਗਨ ਨਾਥ 'ਆਜ਼ਾਦ' ਉਸ ਲਹਿਰ ਦੀ ਮੁਢਲੀ ਕਤਾਰ ਵਿਚ ਸੀ।
ਉਹ ਇਕ ਵੱਡੇ ਕਵੀ ਦਾ ਪੁੱਤਰ ਤਾਂ ਸੀ ਹੀ ਪ੍ਰੰਤੂ 'ਜੋਸ਼' ਮਲਸਿਆਨੀ ਦੀ ਸ਼ਾਗਿਰਦੀ ਹੇਠ ਆਪਣੀ ਕਾਵਿ ਕਲਾ ਵਿਚ ਪਕਿਆਈ ਹਾਸਿਲ ਕਰ ਚੁੱਕਾ ਸੀ। 'ਜੋਸ਼' ਮਲੀਹਾਬਾਦੀ, 'ਕਤੀਲ' ਸ਼ਿਫ਼ਾਈ ਤੇ ਅਹਿਮਦ 'ਨਦੀਮ' ਕਾਸਮੀ ਉਸਦੇ ਮਿੱਤਰ ਸਨ।
ਜਗਨ ਨਾਥ ਆਜ਼ਾਦ ਨੇ ਕਵਿਤਾ ਸਮੇਤ ਹੋਰ ਵਿਸ਼ਿਆਂ 'ਤੇ 80 ਦੇ ਕਰੀਬ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚ ਡਾ. ਇਕਬਾਲ ਦੀ ਸ਼ਾਇਰੀ ਤੇ ਫ਼ਿਲਾਸਫੀ ਬਾਰੇ ਚਾਰ ਜਿਲਦਾਂ ਵਾਲਾ ਗ੍ਰੰਥ-ਰੂਦਾਦੇ-'ਇਕਬਾਲ'; ਸੀ ਤੇ ਉਹ 'ਇਕਬਾਲੀਆਤ' ਦਾ ਮਾਹਿਰ ਸਥਾਪਿਤ ਹੋਇਆ। ਦੇਸ਼ ਦੀ ਆਜ਼ਾਦੀ ਪਿੱਛੋਂ ਜੰਮੂ ਯੂਨੀਵਰਸਿਟੀ ਵਿਚ ਵੱਡੇ ਅਹੁਦੇ ਅਤੇ ਰੁਤਬੇ ਨੂੰ ਪੁੱਜਾ। ਪ੍ਰੰਤੂ ਆਜ਼ਾਦੀ ਨੇ ਉਸਦੇ ਪਿਆਰੇ ਪੰਜਾਬ ਨੂੰ ਵੰਡ ਦਿੱਤਾ, ਤੇ ਪੰਜਾਬੀਅਤ ਲੀਰੋ-ਲੀਰ ਹੋ ਗਈ। ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ ਲਾਸ਼ਾਂ ਤੇ ਜ਼ਖ਼ਮੀਆਂ ਦੇ ਢੇਰ ਲੱਗੇ ਤੇ ਲੱਖਾਂ ਲੋਕ ਆਪਣੇ ਵਤਨੋਂ ਬੇਵਤਨ ਹੋ ਗਏ। ਲਾਸ਼ਾਂ ਨਾਲ ਭਰੀਆਂ ਹੋਈਆਂ ਰੇਲ ਗੱਡੀਆਂ, ਬੱਸਾਂ, ਗੱਡਿਆਂ ਤੇ ਪੈਦਲ ਤੁਰਦੇ ਉਜੜੇ ਪੰਜਾਬੀਆਂ ਦੇ ਕਾਫ਼ਲੇ ਦਰਦਨਾਕ ਹਾਲਤ ਦਰਸਾ ਰਹੇ ਸਨ।
14-15 ਅਗਸਤ 1947 ਦੀ ਕੁਲੱਖਣੀ ਸ਼ਾਮ ਤੋਂ ਪਹਿਲਾਂ ਉਹ ਲਾਹੌਰ ਦਾ ਹਰਮਨ ਪਿਆਰਾ ਸ਼ਾਇਰ ਸੀ। ਆਪ ਹੈਰਾਨ ਹੋਵੋਗੇ ਕਿ ਆਜ਼ਾਦ ਹਿੰਦੁਸਤਾਨ ਨੇ ਮਹਾਂਕਵੀ ਟੈਗੋਰ ਦੇ ਗੀਤ 'ਜਨ ਗਣ ਮਨ' ਨੂੰ ਰਾਸ਼ਟਰੀ ਗਾਇਨ ਚੁਣਿਆ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੇ ਜਗਨ ਨਾਥ 'ਆਜ਼ਾਦ' ਤੋਂ ਪਾਕਿਸਤਾਨ ਦਾ 'ਕੌਮੀ ਤਰਾਨਾ' ਲਿਖਵਾਇਆ। ਇਸ ਕਾਰਨ ਦਰਿਆ ਰਾਵੀ ਤੋਂ ਸਿੰਧ ਤੱਕ ਵਾਵੇਲਾ ਮਚ ਗਿਆ ਕਿ 'ਇਕ ਹਿੰਦੂ, ਇਸਲਾਮਿਕ ਦੇਸ਼ ਪਾਕਿਸਤਾਨ ਦਾ ਕੌਮੀ ਤਰਾਨਾ ਕਿਵੇਂ ਲਿਖ ਸਕਦਾ ਹੈ'? ਫਿਰ ਇਹ ਕਾਰਜ 'ਹਫ਼ੀਜ਼ ਜਲੰਧਰੀ' ਦੀ ਕਲਮ ਨੇ ਪੂਰਾ ਕੀਤਾ।
ਸ਼ਾਇਰ 'ਆਜ਼ਾਦ' ਦੇ ਮਨ 'ਤੇ ਗਹਿਰੀ ਚੋਟ ਵੱਜੀ ਜੋ ਹੇਠ ਲਿਖੀ ਗ਼ਜ਼ਲ ਤੋਂ ਪ੍ਰਗਟ ਹੈ:
ਗ਼ਜ਼ਲ
ਮਿਰੀ ਚਸ਼ਮੇ-ਤਮਾਸ਼ਾ1 ਅਬ ਜਹਾਂ ਹੈ।
ਤਜੱਲੀ2 ਕਾਰਵਾਂ3-ਦਰ-ਕਾਰਵਾਂ ਹੈ।
ਯਕੀਂ ਹੈ ਆਖ਼ਿਰੀ ਮੰਜ਼ਿਲ ਗੁਮਾਂ ਕੀ,
ਯਕੀਂ ਕੀ ਆਖ਼ਿਰੀ ਮੰਜ਼ਿਲ ਗੁਮਾਂ ਹੈ।
ਵੋਹ ਮੁਝਸੇ ਦੂਰ ਤੋ ਇਤਨੇ ਨਹੀਂ ਹੈਂ,
ਫ਼ਕਤ4 ਇਕ ਬੇਯਕੀਨੀ5 ਦਰਮਿਆਂ6 ਹੈ।
ਯੇਹ ਰਾਜ਼ ਅਹਿਲੇ - ਫ਼ੁਗਾਂ ਪਰ ਫ਼ਾਸ਼7 ਕਰਦੋ,
ਖ਼ਾਮੋਸ਼ੀ ਭੀ ਇਕ ਅੰਦਾਜ਼ੇ-ਫ਼ੁਗਾਂ ਹੈ।
ਯੇਹ ਮੀਰੇ-ਕਾਰਵਾਂ ਸੇ ਕੋਈ ਕਹਿ ਦੇ,
ਕਿ ਮੈਂ ਹੂੰ ਔਰ ਤਲਾਸ਼ੇ - ਕਾਰਵਾਂ8 ਹੈ।
1. ਅੱਖਾਂ ਨੂੰ ਦਿਸਦੀ ਰੌਣਕ 2. ਰੌਸ਼ਨੀ 3. ਕਾਫ਼ਲਾ 4. ਕੇਵਲ, ਸਿਰਫ 5. ਬੇਭਰੋਸਗੀ, 6. ਵਿਚਕਾਰ 7. ਵਿਰਲਾਪ ਦਾ ਢਬ ਦੱਸ ਦਿਓ 8. ਕਾਰਵਾਂ ਦੀ ਭਾਲ ਵਿਚ
ਜਗਨ ਨਾਥ 'ਆਜ਼ਾਦ' ਦੇ ਸ਼ਾਇਰਾਨਾ ਕਲਾਮ ਵਿਚ ਮਾਨਵੀ ਪੀੜਾ, ਆਪਸੀ ਪਿਆਰ, ਡੂੰਘੇ ਵਿਚਾਰ ਤੇ ਸਾਫ਼ ਸੁਥਰੇ ਖ਼ਿਆਲ ਪ੍ਰਤੱਖ ਦਿਸਦੇ ਹਨ। ਉਸਦਾ ਲਹਿਜ਼ਾ ਸਾਫ਼, ਸਪੱਸ਼ਟ ਤੇ ਸ਼ਾਇਸਤਾ ਸੀ। ਆਓ ਇਹ ਗੁਣ, ਪ੍ਰੇਮ ਤੇ ਦਰਦ ਅਗਲੀਆਂ ਸਤਰਾਂ ਵਿਚ ਉਸਦੀਆਂ ਗ਼ਜ਼ਲਾਂ 'ਚੋਂ ਮਾਣੀਏ।
ਉਸ ਦੇ ਕਾਵਿ-ਜਗਤ ਦੇ ਦਰਸ਼ਨ ਕਰਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਭਾਵ-ਭਿੰਨੀ ਸ਼ਾਇਰੀ, ਅਦਬ-ਦੋਸਤੀ, ਸਮਾਲੋਚਨਾ, ਸਦਭਾਵਨਾ ਤੇ ਸਫ਼ਰਨਾਮੇ ਲਿਖਣ ਵਾਲਾ ਸਾਹਿਤਕਾਰ ਤਾਂ ਸੀ ਹੀ, ਪਰ ਇਸ ਸਭ ਕੁਝ ਦੇ ਨਾਲ-ਨਾਲ ਸੰਪਾਦਨਾ ਤੇ ਪੱਤਰਕਾਰੀ ਵਿਚ ਵੀ ਇਕ ਪ੍ਰੌੜ੍ਹ ਐਡੀਟਰ ਸੀ। ਉਹ ਰੋਜ਼ਾਨਾ 'ਮਿਲਾਪ' ਤੇ ਭਾਰਤ ਸਰਕਾਰ ਦੇ ਮੈਗਜ਼ੀਨ 'ਆਜ ਕੱਲ੍ਹ' ਦਾ ਸਬ-ਐਡੀਟਰ ਰਿਹਾ ਸੀ। ਜਿਸਦਾ ਮੁੱਖ ਸੰਪਾਦਕ 'ਜੋਸ਼' ਮਲੀਹਾਬਾਦੀ ਸੀ। ਉਸਦੀ ਘਾਲਣਾ ਤੇ ਵਡੱਪਣ ਇਸ ਗੱਲੋਂ ਵੀ ਪ੍ਰਗਟ ਹੈ ਕਿ ਜੰਮੂ ਯੂਨੀਵਰਸਿਟੀ ਨੇ ਉਸਨੂੰ ਰਿਟਾਇਰ ਹੋਣ ਤੋਂ ਬਾਅਦ, ਕਈ ਸਾਲ ਘਰ ਤੇ ਦਫ਼ਤਰ ਦਿੱਤੇ। ਜਿੱਥੇ ਉਸਦੀ ਕਲਮ 85 ਸਾਲ ਦੀ ਉਮਰ ਭਾਵ ਸਾਲ 2004 ਤੱਕ ਸਰਗਰਮ ਰਹੀ।
ਗ਼ਜ਼ਲ
ਜਬ ਅਪਨੇ ਨਗ਼ਮੇ ਨਾ ਅਪਨੀ ਜ਼ਬਾਂ ਤੱਕ ਆਏ।
ਤਿਰੇ ਹੁਜ਼ੂਰ ਹਮ ਆਕਰ ਬਹੁਤ ਹੀ ਪਛਤਾਏ।
ਖ਼ਿਆਲ ਬਨ ਨਾ ਸਕਾ ਨਗ਼ਮਾ, 'ਗਰਚੇ ਹਮ ਨੇ ਉਸੇ,
ਹਜ਼ਾਰ ਤਰ੍ਹਾ ਕੇ 'ਮਲਬੂਸੇ ਲਫ਼ਜ਼'1 ਪਹਿਨਾਏ।
ਯੇ ਹੁਸਨੋ-ਰੰਗ ਕਾ ਤੂਫਾਂ ਹੈ 'ਮਆਜ਼ ਅੱਲਾਹ',
ਨਿਗਾਹ ਜਮ ਨਾ ਸਕੇ ਔਰ ਥੱਕ ਕੇ ਰਹਿ ਜਾਏ।
ਜੋ ਦਰਦ ਉਠੇ ਭੀ ਤੋ ਇਜ਼ਹਾਰ2 ਉਸਕਾ ਹੋ ਕਿਉਂਕਰ
ਹੁਜ਼ੂਰੇ-ਹੁਸਨ3 ਅਗਰ ਆਵਾਜ਼ ਬੈਠ ਹੀ ਜਾਏ।
1. ਸ਼ਬਦਾਂ ਦੇ ਲਿਬਾਸ 2.ਪ੍ਰਗਟਾਅ 3. ਸੋਹਣਿਆਂ ਅੱਗੇ
ਗ਼ਜ਼ਲ
ਜੋ ਦਿਲ ਕਾ ਰਾਜ਼ ਬੇ-ਆਹੋ-ਫ਼ੁਗਾਂ ਕਹਿਨਾ ਹੀ ਪੜਤਾ ਹੈ,
ਤੋ ਫ਼ਿਰ ਅਪਨੇ ਕਫ਼ਸ1 ਕੋ ਆਸ਼ੀਆਂ2 ਕਹਿਨਾ ਹੀ ਪੜਤਾ ਹੈ।
ਤੁਝੇ ਐ ਤਾਇਰੇ-ਸ਼ਾਖੇ-ਨਸ਼ੇਮਨ3 ਕਿਆ ਖ਼ਬਰ ਇਸ ਕੀ,
ਕਭੀ ਸੱਯਾਦ ਕੋ ਭੀ ਬਾਗ਼ਬਾਂ ਕਹਿਨਾ ਹੀ ਪੜ੍ਹਤਾ ਹੈ।
ਯੇਹ ਦੁਨੀਆ ਹੈ ਯਹਾਂ ਪਰ ਕਾਮ ਚਲਤਾ ਹੈ ਸਲੀਕੇ ਸੇ
ਯਹਾਂ ਪੱਥਰ ਕੋ ਭੀ ਲਾਲੇ-ਗਿਰਾਂ ਕਹਿਨਾ ਹੀ ਪੜਤਾ ਹੈ।
ਬਾਫ਼ੈਜ਼ੇ-ਮਸਲਹਤ4 ਐਸਾ ਭੀ ਹੋਤਾ ਹੈ ਜ਼ਮਾਨੇ ਮੇਂ,
ਕਿ ਰਾਹਜ਼ਨ5 ਕੋ ਅਮੀਰੇ-ਕਾਰਵਾਂ6 ਕਹਿਨਾ ਹੀ ਪੜਤਾ ਹੈ।
ਮੁਰੱਵਤ7 ਕੀ ਕਸਮ ਤੇਰੀ ਖ਼ੁਸ਼ੀ ਕੇ ਵਾਸਤੇ,
ਸਰਾਬੇ-ਦਸ਼ਤ8 ਕੋ ਆਬੇ-ਰਵਾਂ9 ਕਹਿਨਾ ਹੀ ਪੜਤਾ ਹੈ।
ਜ਼ੁਬਾਨੋਂ ਪਰ ਦਿਲੋਂ ਕੀ ਬਾਤ ਜਬ ਹਮ ਲਾ ਨਹੀਂ ਸਕਤੇ,
ਜਫ਼ਾ10 ਕੋ ਫ਼ਿਰ ਵਫ਼ਾ ਕੀ ਦਾਸਤਾਂ ਕਹਿਨਾ ਹੀ ਪੜਤਾ ਹੈ।
ਨਾ ਪੂਛੋ ਕਿਆ ਗੁਜ਼ਰਤੀ ਹੈ ਦਿਲੇ-ਖ਼ੁੱਦਾਰ ਪਰ ਅਕਸਰ,
ਕਿਸੀ ਬੇਮਿਹਰ ਕੋ ਜਬ ਮਿਹਰਬਾਂ ਕਹਨਾ ਹੀ ਪੜਤਾ ਹੈ।
1. ਪਿੰਜਰਾ 2. ਆਲ੍ਹਣਾ 3. ਆਲ੍ਹਣਾ 4. ਨੇਕ ਗੱਲ ਕਹਿਣੀ 5. ਡਾਕੂ 6. ਕਾਫ਼ਲੇ ਦਾ ਸਰਦਾਰ, 7. ਭਲਾਈ, ਲਿਹਾਜ਼ ਨਾਲ 8. ਮਾਰੂਥਲ ਦੇ ਤ੍ਰਿਸ਼ਨਾ ਜਲ 9. ਵਗਦੀ ਨਦੀ 10. ਵਧੀਕੀ
ਗ਼ਜ਼ਲ
ਤਿਰਾ ਮਿਟਨਾ ਦਿਲੇ-ਨਾਸ਼ਾਦ ਬਹੁਤ ਯਾਦ ਆਇਆ।
ਯੇਹ ਸਮਾਂ ਰਾਤ ਬਹੁਤ ਯਾਦ, ਬਹੁਤ ਯਾਦ ਆਇਆ।
ਆਜ ਖ਼ੁਸ਼ਬੂਏ ਗੁਲਿਸਤਾਂ ਜੋ ਗੁਲਿਸਤਾਂ ਸੇ ਚਲੀ,
ਵੋਹ ਜੋ ਥਾ ਇਕ ਦਿਲੇ-ਬਰਬਾਦ ਬਹੁਤ ਯਾਦ ਆਇਆ।
ਦੇਖ ਕਰ ਆਜ ਹਸੀਨੋਂ ਕੀ ਇਨਾਯਤ ਕਾ ਰੰਗ,
ਮੁਝ ਕੋ ਅਪਣਾ ਸਿਤਮ-ਈਜਾਦ ਬਹੁਤ ਯਾਦ ਆਇਆ।
ਜ਼ਿੰਦਗੀ ਆਜ ਖ਼ੁਦਾ ਜਾਨੇ ਕਹਾਂ ਸੇ ਗੁਜ਼ਰੀ,
ਗ਼ਮ ਜੋ ਮੁੱਦਤ ਸੇ ਥਾ 'ਆਜ਼ਾਦ' ਬਹੁਤ ਯਾਦ ਆਇਆ।
ਜਗਨ ਨਾਥ 'ਆਜ਼ਾਦ' ਜੋ ਪਹਿਲਾਂ ਤਿਲੋਕ ਚੰਦ 'ਮਹਿਰੂਮ' ਦੇ ਬੇਟੇ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਅੱਜ ਉਸਦੇ ਨਾਉਂ ਨਾਲ ਤਿਲੋਕ ਚੰਦ 'ਮਹਿਰੂਮ' ਦਾ ਨਾਂਅ ਤਾਜ਼ਾ ਹੁੰਦਾ ਹੈ। ਕਿਸੇ ਨੇ ਕਿਹਾ ਹੈ, 'ਲਾਇਕ ਬਾਪ ਕਾ ਲਾਇਕ ਬੇਟਾ।
-ਮੋਬਾਈਲ : 070870-62685