ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Ad Position 21
No active advertisement
ਅਜੀਤ ਡੈਸਕ 07-06-2026

ਹਰਮਿੰਦਰ ਸਿੰਘ ਕੋਹਾਰਵਾਲਾ ਦੀਆਂ ਗ਼ਜ਼ਲਾਂ ਵਿਚ ਤੱਤੇ-ਤੱਤੇ ਗੁੜ ਦੀ ਮਹਿਕ, ਸਰ੍ਹੋਂ ਦੇ ਫੁੱਲਾਂ ਜਿਹੀ ਰੂਹਾਨੀਅਤ ਤੇ ਆਸਮਾਨ 'ਤੇ ਉੱਡ ਰਹੀਆਂ ਚਿੜੀਆਂ ਦਾ ਅਲਾਪ ਹੁੰਦਾ ਹੈ। ਉਸ ਦੇ ਸ਼ਿਅਰਾਂ ਵਿਚ ਵਡਾਰੂਆਂ ਦੀ ਦੇਸੀ ਪੰਜਾਬੀ ਬੋਲੀ ਮਹਿਸੂਸ ਕੀਤੀ ਜਾ ਸਕਦੀ ਹੈ। ਵਲ-ਫੇਰ ਪਾ ਕੇ ਗੱਲ ਕਰਨਾ ਉਸ ਦੀ ਤਬੀਅਤ ਵਿਚ ਸ਼ਾਮਿਲ ਨਹੀਂ ਹੈ। ਉਸ ਦੇ ਬਹੁਤੇ ਸ਼ਿਅਰ ਵਿਅੰਗ ਆਧਾਰਿਤ ਹੁੰਦੇ ਹਨ ਤੇ ਮੌਜੂਦਾ ਸਮਾਜਿਕ ਢਾਂਚੇ ਨੂੰ ਉਹ ਮਲੀਆਮੇਟ ਕਰਦਾ ਦਿਖਾਈ ਦਿੰਦਾ ਹੈ। ਕੋਹਾਰਵਾਲਾ ਅਧਿਆਪਕ ਨੇਤਾ ਰਿਹਾ ਹੈ ਤੇ ਉਸ ਦੇ ਖ਼ੂਨ ਵਿਚ ਸੰਘਰਸ਼ੀ ਤੱਤ ਹਨ। ਆਪਣੇ ਸੇਵਾ-ਕਾਲ ਦੌਰਾਨ ਉਸ ਨੇ ਕਈ ਘੋਲਾਂ ਵਿਚ ਆਪਣਾ ਯੋਗਦਾਨ ਪਾਇਆ ਤੇ ਨੁਕਸਾਨ ਵੀ ਉਠਾਏ। ਜੀਵਨ ਦੇ ਅੱਠ ਦਹਾਕੇ ਪਾਰ ਕਰ ਚੁੱਕਾ ਦੋਹੇ ਤੇ ਗ਼ਜ਼ਲਾਂ ਲਿਖਣ ਵਾਲਾ ਇਹ ਕਲਮਕਾਰ ਥੁੜੇ ਟੁੱਟੇ ਲੋਕਾਂ ਦੀ ਆਵਾਜ਼ ਹੈ। ਹੁਣ ਤੱਕ ਕੋਹਾਰਵਾਲਾ ਦੀਆਂ ਤਕਰੀਬਨ ਦਸ ਕਿਤਾਬਾਂ ਛਪ ਚੁੱਕੀਆਂ ਹਨ। ਅਜੇ ਵੀ ਉਸ ਦੀ ਕਲਮ ਜਵਾਨ ਹੈ ਤੇ ਉਹ ਬਿਨਾਂ ਨਾਗਾ ਲਿਖ ਰਿਹਾ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002


ਜ਼ੁਲਮ ਜਿਉਂ ਜਿਉਂ ਕੱਦ ਕੱਢਣ ਲੋਕ ਉੱਠਣ ਲੱਗ ਪਏ।
ਤੀਰ ਚੁੱਕਣਗੇ ਕਿਸੇ ਦਿਨ ਅੱਖ ਚੁੱਕਣ ਲੱਗ ਪਏ।

ਹੁਣ ਸ਼ਰਾਫ਼ਤ ਬਹੁਤ ਚਿਰ ਨਾ ਬਹਿ ਰਹੇਗੀ ਅੰਦਰੀਂ,
ਆ ਦਰਾਂ 'ਤੇ ਮਨਚਲੇ ਜਦ ਰੋਜ਼ ਬੁੱਕਣ ਲੱਗ ਪਏ।

ਤਿੰਨ ਪੱਤਣ ਛਾਣ ਮਾਰੇ, ਵੇਖੀਏ ਹੁਣ ਅੰਤ ਨਾ,
ਪਾਣੀਆਂ ਦੇ ਸੋਮਿਆਂ ਦੇ ਰੇਤ ਸੁੱਕਣ ਲੱਗ ਪਏ।

ਕਿਸ ਤਰ੍ਹਾਂ ਦੇ ਹਨ ਗੁਆਂਢੀ ਆਉਣ ਦਿੰਦੇ ਨਾ ਅੰਗੂਰ,
ਜ਼ਖਮ ਭੋਰਾ ਆਠਰੇ ਬਾਰੂਦ ਭੁੱਕਣ ਲੱਗ ਪਏ।

ਯਾਦ ਸ਼ਕਤੀ ਦਾ ਖ਼ਜ਼ਾਨਾ ਖਾ ਲਿਆ ਹੈ ਝੋਰਿਆਂ,
ਹੁਣ ਅਸਾਂ ਨੂੰ ਨਿਗਦਿਆਂ ਦੇ ਨਾਮ ਉੱਕਣ ਲੱਗ ਪਏ।

ਲੋਕ ਚੇਤਨ ਹੋ ਗਏ ਹਨ ਹੱਕ ਨੱਪਣ ਦੇਣ ਨਾ,
ਅਣਖ ਨਿੱਸਰੀ ਹੈ ਸਿਰਾਂ ਵਿਚ ਸਬਰ ਮੁੱਕਣ ਲੱਗ ਪਏ।
*


*
ਪਾਕਿ ਭੋਰਾ ਸੀ ਬਣਾਇਆ ਬੰਦਗ਼ੀ ਦੇ ਵਾਸਤੇ।
ਵਰਤਦੈ ਹੁਣ ਸਾਧ ਇਸ ਨੂੰ ਹਰ ਬਦੀ ਦੇ ਵਾਸਤੇ।

ਵੇਖ ਕੈਸੀ ਜੂਨ ਭੋਗੀ ਮੈਂ ਤੇ ਮੇਰੇ ਵਰਗਿਆਂ,
ਹੱਥ ਜੋੜੇ ਜਾਨ ਤੋੜੀ ਦਿਨਕਟੀ ਦੇ ਵਾਸਤੇ।

ਪੇਟ ਭਰਦੇ ਲੋਕ ਲੱਖਾਂ ਰੁੱਖੀ ਬੋਹੀ ਨਾਲ ਹੀ,
ਰਹਿਣ ਪਾਪੜ ਵੇਲਦੇ ਕੁਝ ਚੋਪੜੀ ਦੇ ਵਾਸਤੇ।

ਚਾਰ ਕਿੱਲੇ ਵਿੱਚ ਲਿਸ਼ਕੇ ਮਹਿਲ ਇਕ ਦਾ ਮਰਮਰੀ,
ਇੱਕ ਨੂੰ ਸਰ ਥਾਂ ਮਿਲੇ ਨਾ ਝੌਂਪੜੀ ਦੇ ਵਾਸਤੇ।

ਹੁਣ ਲੜੇਗਾ ਸੂਰਮਾ ਬਣ ਇਹ ਦੁਖੀ ਹਾਲਾਤ ਨਾਲ,
ਕੱਲ੍ਹ ਸੀ ਜਿਸ ਮਨ ਬਣਾਇਆ ਖ਼ੁਦਕੁਸ਼ੀ ਦੇ ਵਾਸਤੇ।

ਰਣ 'ਚ ਨੇਜ਼ਾ ਖੁੱਭ ਜਾਵੇ ਸੀ ਕਰੇ ਨਾ ਸੂਰਮਾ,
ਚੋਭ ਕੰਡੇ ਦੀ ਬਥੇਰੀ ਪਰ ਚਿੜੀ ਦੇ ਵਾਸਤੇ।

ਮਿਸ਼ਨ ਮਿਥ ਕੇ ਤੁਰ ਪਏ ਜੋ ਵਾਰ ਸਕਦੈ ਜਾਨ ਵੀ,
ਦੌਲਤਾਂ ਦਾ ਕੀ ਮਹੱਤਵ ਮਿਸ਼ਨਰੀ ਦੇ ਵਾਸਤੇ।

Ad Position 22
No active advertisement
ਪਿਛਲੀ ਖ਼ਬਰ ਮਿੰਨੀ ਵਿਅੰਗ ਐਵੇਂ ਪਾਸ ਅਗਲੀ ਖ਼ਬਰ ਜਗਨ ਨਾਥ 'ਆਜ਼ਾਦ' (5 ਦਸੰਬਰ, 1918- 24 ਜੁਲਾਈ, 2004)
Ad Position 24
No active advertisement